ਪਿਤਾਪੁਰਖੀ ਸਿਆਸਤ : ਸਭ ਕੁਝ ਪਰਿਵਾਰ ਦੇ ਲਈ
Wednesday, Jun 25, 2025 - 05:30 PM (IST)

ਸਾਡੀ ਸਿਆਸੀ ਸਰਕਸ ’ਚ ਸਿਆਸੀ ਪਰਿਵਾਰਾਂ ਦੇ ਬੱਚੇ ਖੂਬ ਚਮਕ ਰਹੇ ਹਨ, ਜੋ ਆਪਣੀ ਪਿਤਾਪੁਰਖੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ ਅਤੇ ਇਥੇ ਸਿਆਸੀ ਪਾਰਟੀਆਂ ਸਿਆਸੀ ਲਾਭ ਹਾਸਲ ਕਰਨ ਲਈ ਇਨ੍ਹਾਂ ਸਿਆਸੀ ਪਰਿਵਾਰਾਂ ਦੇ ਬੱਚਿਆਂ ਨੂੰ ਰੱਬ ਵਾਂਗ ਮੰਨ ਰਹੀਆਂ ਹਨ। ਇਹ ਭਾਰਤ ਦੀ ਸਿਆਸਤ ਨੂੰ ਨਿਘਾਰ ਵੱਲ ਲਿਜਾਣ ਦਾ ਇਕ ਨਿਸ਼ਚਿਤ ਮਾਰਗ ਹੈ। ਕਾਂਗਰਸ ਇਸ ਮਾਮਲੇ ’ਚ ਮੋਹਰੀ ਹੈ, ਜਿਸ ਨੇ ਨਹਿਰੂ-ਗਾਂਧੀ ਪਰਿਵਾਰ ਤੋਂ 3 ਪ੍ਰਧਾਨ ਮੰਤਰੀ ਦਿੱਤੇ ਹਨ ਅਤੇ ਹੁਣ ਨੂੰਹ ਰਾਣੀ ਅਤੇ ਭਰਾ-ਭੈਣ ਜੈਨ ਨੈਕਸਟ ਦੇ ਉਮੀਦਵਾਰ ਹਨ, ਜਦਕਿ ਭਾਜਪਾ ਨਮੋ ਜਾਪ ਨਾਲ ਭਰਾਵਾਂ ਨੂੰ ਅੱਗੇ ਵਧਾ ਰਹੀ ਹੈ। ਜੇਕਰ ਉਹ ਅਜਿਹਾ ਕਰ ਸਕਦੇ ਹਨ ਤਾਂ ਕੀ ਸਾਡੇ ਇਲਾਕਾਈ ਆਗੂ ਉਨ੍ਹਾਂ ਤੋਂ ਪਿੱਛੇ ਰਹਿ ਸਕਦੇ ਹਨ? ਰਾਕਾਂਪਾ ਦੇ ਪਵਾਰ, ਲਾਲੂ ਦੀ ਰਾਜਦ, ਅਖਿਲੇਸ਼ ਦੀ ਸਮਾਜਵਾਦੀ ਪਾਰਟੀ, ਦ੍ਰਮੁਕ ਦੇ ਕਰੁਣਾਨਿਧੀ, ਤੇਦੇਪਾ ਦੇ ਨਾਇਡੂ, ਬੀ. ਆਰ. ਐੱਸ. ਦੇ ਰਾਓ, ਸ਼ਿਵ ਸੈਨਾ ਦੇ ਠਾਕਰੇ, ਚੌਟਾਲਾ ਦੇ ਆਈ. ਐੱਨ. ਐੱਲ. ਡੀ., ਬਾਦਲ ਦਾ ਅਕਾਲੀ ਦਲ, ਮਹਿਬੂਬਾ ਦੀ ਪੀ. ਡੀ. ਪੀ., ਪਾਸਵਾਨ ਦੀ ਲੋਜਪਾ, ਸੋਰੇਨ ਦੀ ਝਾਮੁਮੋ, ਇਹ ਸਭ ਪਿਤਾਪੁਰਖੀ ਦੀ ਸਿਆਸਤ ’ਚ ਯਕੀਨ ਰੱਖਦੇ ਹਨ।
ਪਰ ਅੱਜ ਇਹ ਪਰਿਵਾਰਕ ਲਾਭ ਤੋਂ ਵੀ ਅੱਗੇ ਵਧ ਗਏ ਹਨ। ਹੁਣ ਜਦੋਂ ਬਿਹਾਰ ’ਚ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਤਾਂ ਜਵਾਈ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਰਹੀ ਹੈ, ਜਿੱਥੇ ਜਵਾਈ ਸਿਆਸਤ ਦੇ ਕੇਂਦਰ ’ਚ ਆ ਗਏ ਅਤੇ ਇਨ੍ਹਾਂ ਸਭ ਦੀ ਸ਼ੁਰੂਆਤ ਲੋਜਪਾ ਦੇ ਚਿਰਾਗ ਪਾਸਵਾਨ ਦੇ ਜੀਜੇ ਅਤੇ ਸਵਰਗੀ ਰਾਮਵਿਲਾਸ ਪਾਸਵਾਨ ਦੇ ਜਵਾਈ ਨੂੰ ਬਿਹਾਰ ਦੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਮੁਖੀ ਬਣਨ ਦੇ ਨਾਲ ਸ਼ੁਰੂ ਹੋਈ। ਉਸ ਦੇ ਬਾਅਦ ਹਿੰਦੋਸਤਾਨ ਆਵਾਮ ਮੋਰਚਾ ਦੇ ਨੇਤਾ ਮਾਂਝੀ ਦੇ ਜਵਾਈ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਫਿਰ ਜਦ (ਯੂ) ਦੇ ਮੰਤਰੀ ਚੌਧਰੀ ਦੇ ਜਵਾਈ ਨੂੰ ਸੂਬਾ ਧਾਰਮਿਕ ਟਰੱਸਟ ਬੋਰਡ ’ਚ ਨਿਯੁਕਤ ਕੀਤਾ ਗਿਆ। ਧੀ ਲੋਜਪਾ ਦੀ ਸੰਸਦ ਮੈਂਬਰ ਹੈ, ਜਿਸ ਕਾਰਨ ਲਾਲੂ ਦੇ ਉੱਤਰਾਧਿਕਾਰੀ ਪੁੱਤਰ ਤੇਜਸਵੀ ਨੇ ਐੱਨ. ਡੀ. ਏ. ਨੂੰ ਨੈਸ਼ਨਲ ਦਾਮਾਦ ਕਮਿਸ਼ਨ ਕਹਿ ਦਿੱਤਾ ਅਤੇ ਇਸ ਦਾ ਢੁੱਕਵਾਂ ਜਵਾਬ ਜਦ (ਯੂ) ਨੇ ਇਹ ਕਹਿ ਕਿ ਦਿੱਤਾ ਕਿ ਸਥਿਤੀ ਇਸ ਦੇ ਉਲਟ ਹੈ ਅਤੇ ਉਨ੍ਹਾਂ ਨੇ ਰਾਜਦ ਨੂੰ ਲਾਲੂ-ਰਾਬੜੀ ਫੌਜ ਦਾ ਨਾਂ ਦਿੱਤਾ ਜਿੱਥੇ ਲਾਡਲੀ ਮੀਸ਼ਾ ਸੰਸਦ ਮੈਂਬਰ ਹੈ। ਪਾਰਟੀ ’ਚੋਂ ਕੱਢੇ ਗਏ ਤੇਜ ਪ੍ਰਤਾਪ ਆਪਣੀ ਲੜਾਈ ਲੜ ਰਹੇ ਹਨ ਅਤੇ ਭੈਣ ਰੋਹਿਨੀ ਚੋਣਾਂ ਦੀ ਤਿਆਰੀ ਕਰ ਰਹੀ ਹੈ। ਵਰਨਣਯੋਗ ਹੈ ਕਿ ਮੋਦੀ ਵਲੋਂ ਪਰਿਵਾਰਵਾਦ ਦੀ ਆਲੋਚਨਾ ਕਰਨ ਅਤੇ ‘ਕਾਮਗਾਰ ਬਨਾਮ ਨਾਮਦਾਰ’ ਦਾ ਮੁੱਦਾ ਉਠਾਉਣ ਦੇ ਬਾਵਜੂਦ ਅਜਿਹਾ ਹੋ ਰਿਹਾ ਹੈ। ਭਾਜਪਾ ’ਚ ਵੀ ਕਾਂਗਰਸ ਵਾਂਗ ਕਈ ਵੰਸ਼ਵਾਦੀ ਆਗੂ ਹਨ। ਕੈਬਨਿਟ ਮੰਤਰੀ ਪਿਊਸ਼ ਗੋਇਲ ਦੇ ਪਿਤਾ ਪਾਰਟੀ ਦੇ ਖਜ਼ਾਨਚੀ ਸਨ ਅਤੇ ਮਾਂ 3 ਵਾਰ ਦੀ ਵਿਧਾਇਕਾ ਰਹਿ ਚੁੱਕੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੁੱਤਰ ਉੱਤਰ ਪ੍ਰਦੇਸ਼ ਨਾਲ ਜੁੜਿਆ ਹੈ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਧੂਮਲ ਦੇ ਪੁੱਤਰ ਸੰਸਦ ਮੈਂਬਰ ਹਨ। ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਬੇਟਾ ਵੀ ਸੰਸਦ ਮੈਂਬਰ ਹੈ ਅਤੇ ਸਵ. ਸਾਹਿਬ ਸਿੰਘ ਦਾ ਲਾਡਲਾ ਵੀ ਦਿੱਲੀ ਦੀ ਸਿਆਸਤ ’ਚ ਸਰਗਰਮ ਹੈ। ਸਵ. ਸੁਸ਼ਮਾ ਸਵਰਾਜ, ਪ੍ਰਮੋਦ ਮਹਾਜਨ, ਗੋਪੀਨਾਥ ਮੁੰਡੇ ਦੀਆਂ ਧੀਆਂ ਵੀ ਸੰਸਦ ਮੈਂਬਰ ਹਨ।
ਗੋਆ ’ਚ ਸਾਬਕਾ ਕਾਂਗਰਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਰਾਣੇ ਦਾ ਪੁੱਤਰ ਵਿਸ਼ਵਜੀਤ ਮੰਤਰੀ ਹੈ। ਪੂਰਾ ਸਿੰਧੀਆ ਖਾਨਦਾਨ ਰਾਜਸ਼ਾਹੀ ਤੋਂ ਸਿਆਸਤ ਵੱਲ ਵਧਿਆ ਹੈ। ਕਾਂਗਰਸ ਦੇ ਸਵ. ਮਾਧਵਰਾਵ ਸਿੰਧੀਆ ਦੇ ਪੁੱਤਰ ਜਿਓਤਿਰਾਦਿਤਿਆ ਸਿੰਧੀਆ ਮੋਦੀ ਸਰਕਾਰ ’ਚ ਮੰਤਰੀ ਹਨ ਅਤੇ ਉਨ੍ਹਾਂ ਦੀ ਭੈਣ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਰਹੀ ਹੈ। ਵਸੁੰਧਰਾ ਦਾ ਲਾਡਲਾ ਸੰਸਦ ਮੈਂਬਰ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾਵਾਂ ’ਚ ਭਾਜਪਾ ਦੇ 75 ਨਵੇਂ ਚਿਹਰਿਆਂ ’ਚੋਂ 33 ਉਨ੍ਹਾਂ ਨੇਤਾਵਾਂ ਦੇ ਪੁੱਤਰ-ਧੀਆਂ ਹਨ ਜੋ 75 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਹਨ। ਅੰਕੜਿਆਂ ਤੋਂ ਦੇਖੀਏ ਤਾਂ ਭਾਜਪਾ ਵੀ ਪਿਤਾਪੁਰਖੀ ਹੈ। ਉਹ ਪਿਤਾਪੁਰਖੀ ਵਿਰੋਧੀ ਪੱਤਾ ਇਸ ਲਈ ਖੇਡਦੀ ਹੈ ਕਿਉਂਕਿ ਉਸ ਦੇ ਪਿਤਾਪੁਰਖੀ ਨੇਤਾ ਘੱਟ ਦਿਖਾਈ ਦਿੰਦੇ ਹਨ ਅਤੇ ਉਹ ਪਾਰਟੀ ’ਚ ਚੋਟੀ ਦੀ ਲੀਡਰਸ਼ਿਪ ’ਚ ਨਹੀਂ ਹਨ। ਤ੍ਰਾਸਦੀ ਦੇਖੋ ਕਿ ਜਦੋਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਕਾਂਗਰਸ ਦਾ ਲੋਕਤੰਤਰੀਕਰਨ ਕਰਨ ਦੀ ਗੱਲ ਕਹਿੰਦੇ ਹਨ ਤਾਂ ਉੱਥੇ ਵੀ ਪੁੱਤਰਵਾਦ ਅਤੇ ਪਰਿਵਾਰਕ ਸੰਬੰਧਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਭੈਣ ਪ੍ਰਿਯੰਕਾ ਵੀ ਸੰਸਦ ਮੈਂਬਰ ਹੈ ਅਤੇ ਪਾਰਟੀ ਦੀ ਜਨਰਲ ਸਕੱਤਰ ਹੈ। ਸੀਨੀਅਰ ਨੇਤਾ ਚਿਦਾਂਬਰਮ, ਆਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਪੁੱਤਰ ਵੀ ਸੰਸਦ ਮੈਂਬਰ ਹਨ। ਸਵ. ਰਾਜੇਸ਼ ਪਾਇਲਟ ਦਾ ਲਾਡਲਾ ਰਾਜਸਥਾਨ ਦਾ ਨੇਤਾ ਹੈ।
ਇਹ ਅੰਤਹੀਣ ਵਿਰਾਸਤ ਹੈ ਜਿੱਥੇ ਚੋਣਾਂ ਤੇ ਪਾਰਟੀਆਂ ਸਭ ਇਕ ਹਨ। ਇਹ ਦੱਸਦਾ ਹੈ ਕਿ ਨਾ ਿਸਰਫ ਸਾਡਾ ਸਿਆਸੀ ਤੰਤਰ ਕਮਜ਼ੋਰ ਹੈ ਸਗੋਂ ਇਸ ’ਤੇ ਇਕ ਤਰ੍ਹਾਂ ਰਾਜਸ਼ਾਹੀ ਦਾ ਗਲਬਾ ਹੈ। ਸਾਰੇ ਇਸ ਗੱਲ ਦਾ ਵਰਨਣ ਕਰਦੇ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਨੇ ਦੇਸ਼ ਲਈ ਬਲੀਦਾਨ ਦਿੱਤਾ ਅਤੇ ਦੇਸ਼ ਭਗਤੀ ਨਾਲ ਕੰਮ ਕੀਤਾ। ਇਹ ਸਿਆਸੀ ਪਾਰਟੀਆਂ ਇਹ ਆਸ ਕਰਦੀਆਂ ਹਨ ਕਿ ਦੇਸ਼ ਦੇ 140 ਕਰੋੜ ਤੋਂ ਵੱਧ ਲੋਕ ਇਨ੍ਹਾਂ ਪਿਤਾਪੁਰਖੀ ਬੱਚਿਆਂ ਪ੍ਰਤੀ ਆਕਰਸ਼ਿਤ ਹੋਣਗੇ ਅਤੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦੇਣਗੇ, ਮਹੱਤਵਪੂਰਨ ਇਹ ਨਹੀਂ ਹੈ ਕਿ ਉਮੀਦਵਾਰ ਯੋਗ ਹੈ। ਸਿਆਸੀ ਵੰਸ਼ਾਂ ’ਚ ਅਜਿਹਾ ਕੀ ਹੈ ਕਿ ਲੋਕ ਉਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਦਾ ਪਹਿਲਾ ਕਾਰਨ ਹੈ ਕਿ ਸਾਡੇ ਜ਼ਿਆਦਾਤਰ ਵੋਟਰ ਅੰਗੂਠਾਛਾਪ ਹਨ, ਇਸ ਲਈ ਲੋਕ ਪਾਰਟੀ ਤੋਂ ਵੱਧ ਖੁਦ ਨੰੂ ਨੇਤਾ ਨਾਲ ਜੋੜਦੇ ਹਨ। ਦੂਜਾ ਪਰਿਵਾਰ ਦੇ ਬ੍ਰਾਂਡ ਨੂੰ ਭੁਗਤਾਉਣ ਅਤੇ ਵਿਰਾਸਤ ਨੂੰ ਜਾਰੀ ਰੱਖਣ ਲਈ ਔਲਾਦ ਨੂੰ ਮੈਦਾਨ ’ਚ ਉਤਾਰਨ ’ਚ ਕੀ ਬੁਰਾਈ ਹੈ। ਜੇਕਰ ਕਿਸੇ ਮੰਤਰੀ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਥਾਂ ’ਤੇ ਉਸ ਦੀ ਪਤਨੀ, ਪੁੱਤਰ ਜਾਂ ਧੀ ਨੂੰ ਟਿਕਟ ਦਿੱਤੀ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ’ਚ 157 ਸੰਸਦ ਮੈਂਬਰ ਭਾਵ 30 ਫੀਸਦੀ ਸੰਸਦ ਮੈਂਬਰ ਸਿਆਸੀ ਪਰਿਵਾਰਾਂ ’ਚੋਂ ਹਨ। ਜ਼ਰਾ ਸੋਚੋ, 28 ਪੁੱਤ-ਧੀ ਸਿਆਸੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਪਰਿਵਾਰਕ ਵਿਰਾਸਤ ਨੂੰ ਅੱਗੇ ਵਧਾਉਣਾ ਉਨ੍ਹਾਂ ਦਾ ਜਮਾਂਦਰੂ ਹੱਕ ਹੈ, ਉਹ ਜੰਮੂ-ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਅਤੇ ਨਾਗਾਲੈਂਡ ਤੋਂ ਲੈ ਕੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਚਕਾਰਲੇ ਹਿੱਸੇ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਹਨ।
ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਜੇਕਰ ਇਕ ਡਾਕਟਰ ਦਾ ਪੁੱਤਰ ਡਾਕਟਰ ਬਣ ਸਕਦਾ ਹੈ, ਵਕੀਲ ਦਾ ਪੁੱਤ ਵਕੀਲ ਬਣ ਸਕਦਾ ਹੈ ਤਾਂ ਫਿਰ ਸਿਆਸੀ ਆਗੂਆਂ ਦੇ ਪਰਿਵਾਰਾਂ ਨੂੰ ਅਜਿਹਾ ਮਾਰਗ ਅਪਣਾਉਣ ’ਚ ਕੀ ਬੁਰਾਈ ਹੈ। ਸਿਆਸੀ ਆਗੂ ਮਾਤਾ-ਪਿਤਾ ਦੇ ਬੱਚੇ ਸਿਆਸਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਕ ਅਜਿਹੇ ਵਾਤਾਵਰਣ ’ਚ, ਜਿੱਥੇ ਸਿਆਸਤ ਕਾਰੋਬਾਰ ਬਣ ਗਈ ਹੈ ਅਤੇ ਇਕ ਸਿਆਸੀ ਪਰਿਵਾਰ ਇਕ ਕਾਰੋਬਾਰੀ ਘਰਾਣੇ ਜਿਹਾ ਬਣ ਗਿਆ ਹੈ, ਜਿੱਥੇ ਉਹ ਆਪਣੀਆਂ ਜਾਇਦਾਦਾਂ ਨੂੰ ਵਧਾਉਂਦਾ ਹੈ, ਜਿੱਥੇ ਯੋਗ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਸਾਰੀਆਂ ਪਾਰਟੀਆਂ ’ਚ ਪਿਤਾਪੁਰਖੀ ਆਗੂ ਹਨ। ਨਤੀਜੇ ਵਜੋਂ ਪੁੱਤਰ-ਧੀਆਂ ਅਤੇ ਜਵਾਈ ਸੂਬਾ ਤੰਤਰ ਦੇ ਅਨਿੱਖੜਵੇਂ ਅੰਗ ਬਣ ਰਹੇ ਹਨ। ਨਤੀਜੇ ਵਜੋਂ ਨਵੇਂ ਨਿਯਮ ਅਤੇ ਦਿਸ਼ਾ-ਨਿਰਦੇਸ਼ ਸੱਤਾ ਦੇ ਨਵੇਂ ਸੰਵਿਧਾਨ ਦੇ ਕੇਂਦਰ ਬਣਦੇ ਜਾ ਰਹੇ ਹਨ। ਫਿਰ ਇਸ ਸਮੱਸਿਆ ਦਾ ਹੱਲ ਕੀ ਹੈ। ਇਸ ਦੇ ਲਈ ਪਾਰਟੀਆਂ ਨੂੰ ਸਮਝਣਾ ਹੋਵੇਗਾ ਕਿ ਵੰਸ਼ਵਾਦ ਇਕ ਦੋਧਾਰੀ ਤਲਵਾਰ ਹੈ। ਬਸਤੀਵਾਦੀ ਕਾਰਕ ਅੱਜ ਜਾਇਦਾਦ ਦੀ ਬਜਾਏ ਇਕ ਜ਼ਿੰਮੇਵਾਰੀ ਬਣਦਾ ਜਾ ਰਿਹਾ ਹੈ। ਲੋਕਾਂ ’ਚ ਆਪਣੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਹੋਣ ਦੇ ਨਾਲ ਜ਼ਰੂਰੀ ਹੈ ਕਿ ਪਿਤਾਪੁਰਖੀ ਸਿਆਸਤ ਦੀ ਬਜਾਏ ਲੋਕਤੰਤਰ ਨੂੰ ਵੱਧ ਪਹਿਲ ਦਿੱਤੀ ਜਾਵੇ। ਲੰਬੇ ਸਮੇਂ ’ਚ ਥੋੜ੍ਹੇ ਸਮੇਂ ਦੇ ਵੰਸ਼ਵਾਦੀ ਲਾਭ ਭਾਰਤੀ ਸਿਆਸਤ ਨੂੰ ਮੌਤ ਦੀ ਅਰਥੀ ਵੱਲ ਲਿਜਾਣਗੇ। ਇਸ ਲਈ ਸਮਾਂ ਆ ਗਿਆ ਹੈ ਕਿ ਸੱਚੇ ਲੋਕਤੰਤਰ ਦੀ ਸਥਾਪਨਾ ਕੀਤੀ ਜਾਵੇ, ਨਹੀਂ ਤਾਂ ਅਸੀਂ ਉਸ ਸਿਆਸੀ ਨਿਘਾਰ ’ਚ ਚਲੇ ਜਾਵਾਂਗੇ, ਜਿੱਥੇ ਸਿਰਫ ਪਰਿਵਾਰਾਂ, ਨਵੇਂ ਰਾਜਿਆਂ, ਰਾਣੀਆਂ ਅਤੇ ਬਸਤੀਵਾਦੀ ਭਾਰਤ ਦਾ ਉਦੈ ਹੋਵੇਗਾ।
ਪੂਨਮ ਆਈ. ਕੌਸ਼ਿਸ਼