ਕਵਿਤਾ ਬੋਲ ਰਹੀ ਹੈ ਸਾਡੇ ਸਮੇਂ ਦਾ ਸੱਚ

Wednesday, Jan 21, 2026 - 04:56 PM (IST)

ਕਵਿਤਾ ਬੋਲ ਰਹੀ ਹੈ ਸਾਡੇ ਸਮੇਂ ਦਾ ਸੱਚ

ਮੈਂ ਕੋਈ ਕਵੀ ਨਹੀਂ ਹਾਂ। ਕਵੀ ਸੰਮੇਲਨਾਂ ਦਾ ਸਰੋਤਾ ਵੀ ਨਹੀਂ। ਕਾਵਿ ਦੀ ਸਾਹਿਤਕ ਆਲੋਚਨਾ ਨਾਲ ਮੇਰਾ ਦੂਰ-ਦੁਰਾਡੇ ਦਾ ਵੀ ਰਿਸ਼ਤਾ ਨਹੀਂ ਹੈ। ਬਸ ਇਕ ਪਾਠਕ ਹਾਂ ਅਤੇ ਉਹ ਵੀ ਕਦੇ-ਕਦਾਈਂ। ਸੱਚ ਕਹਾਂ ਤਾਂ ਕਵੀਆਂ ਦੇ ਘੇਰੇ ਤੋਂ ਥੋੜ੍ਹਾ ਦੂਰ ਰਹਿੰਦਾ ਆਇਆ ਹਾਂ। ਕਵਿਤਾ ਅਤੇ ਸਿਆਸਤ ਦੇ ਰਿਸ਼ਤੇ ਨੂੰ ਮੰਨਦਾ ਹਾਂ ਪਰ ਨਾਅਰੇ ਵਾਲੀ ਹਥੌੜਾ ਛਾਪ ਕਵਿਤਾ ਤੋਂ ਪ੍ਰਹੇਜ਼ ਕਰਦਾ ਰਿਹਾ ਹਾਂ। ਸਿਆਸਤ ਨੂੰ ਸਮਝਣ ਲਈ ਸਮਾਜ ਸ਼ਾਸਤਰ ਜਾਂ ਵਿਚਾਰਧਾਰਾਵਾਂ ਦੀ ਭਾਸ਼ਾ ਦਾ ਸਹਾਰਾ ਲੈਂਦਾ ਹਾਂ, ਕਵਿਤਾ ਦਾ ਨਹੀਂ।

ਪਰ ਪਿਛਲੇ ਕੁਝ ਸਾਲਾਂ ਤੋਂ ਅਜਿਹਾ ਲੱਗਣ ਲੱਗਾ ਹੈ ਕਿ ਸਾਡੇ ਅੱਜ ਦੇ ਸੱਚ ਨੂੰ ਸਮਝਣ ਲਈ ਕਵਿਤਾ ਇਕ ਜ਼ਰੂਰੀ ਵਸੀਲਾ ਹੈ। ਸੋਸ਼ਲ ਮੀਡੀਆ ’ਤੇ ਕਦੇ-ਕਦਾਈਂ ਸੱਚ ਦਾ ਟੁਕੜਾ ਤਰਦਾ ਦਿਖਾਈ ਦੇ ਜਾਂਦਾ ਹੈ ਪਰ ਉਸ ਨੂੰ ਵੀ ਆਪਣੀ ਹਾਜ਼ਰੀ ਦਰਜ ਕਰਨ ਲਈ ਰੌਲਾ ਪਾਉਣਾ ਪੈਂਦਾ ਹੈ। ਸਹਿਜ ਸੁਭਾਅ ਨਾਲ ਪੂਰਾ ਸੱਚ ਬੋਲਣਾ ਉਸ ਦੇ ਵੀ ਵੱਸ ਦਾ ਨਹੀਂ ਹੈ। ਸਮਾਜ ਸ਼ਾਸਤਰ ਦੀ ਭਾਸ਼ਾ ਪੁਰਾਣੀ ਹੈ, ਦੁਨੀਆ ਬਦਲਦੀ ਜਾ ਰਹੀ ਹੈ।

ਹੁਣ ਟਰੰਪ ਜੋ ਦੁਨੀਆ ਦੇ ਨਾਲ ਕਰ ਰਿਹਾ ਹੈ, ਉਸ ਨੂੰ ਸਿਰਫ ਧੌਂਸਬਾਜ਼ੀ, ਗੁੰਡਾਗਰਦੀ ਜਾਂ ਨਵਸਮਰਾਜਵਾਦ ਕਹਿਣਾ ਠੀਕ ਨਹੀਂ। ਗਾਜ਼ਾ ’ਚ ਜੋ ਹੋਇਆ ਉਸ ਨੂੰ ਸਿਰਫ ਕਤਲੇਆਮ ਕਹਿਣਾ ਸਟੀਕ ਨਹੀਂ। ਸਾਡੇ ਦੇਸ਼ ’ਚ ਜੋ ਹੋ ਰਿਹਾ ਹੈ, ਉਸ ਨੂੰ ਲੋਕਤੰਤਰ ਦਾ ਪਤਨ ਜਾਂ ਸੰਵਿਧਾਨ ਨੂੰ ਚੁਣੌਤੀ ਕਹਿਣਾ ਕਾਫੀ ਨਹੀਂ। ਇਸ ਸੱਚਾਈ ਲਈ ਨਵੇਂ ਸ਼ਬਦ ਘੜਨ ’ਚ ਸ਼ਾਸਤਰਾਂ ਨੂੰ ਅਜੇ ਸਮਾਂ ਲੱਗੇਗਾ ਪਰ ਕਵਿਤਾ ਸ਼ਾਸਤਰਾਂ ਦੇ ਅਨੁਸ਼ਾਸਨ ਦੀ ਗੁਲਾਮ ਨਹੀਂ ਹੈ। ਉਹ ਸਮੇਂ ਦੇ ਨਾਲ ਵਹਿ ਸਕਦੀ ਹੈ।

ਇਸ ਲਈ ਵਿਸ਼ਵ ਪੁਸਤਕ ਮੇਲੇ ’ਚ ਘੁੰਮਦੇ ਹੋਏ ਕਵਿਤਾਵਾਂ ਦੀਆਂ ਕਿਤਾਬਾਂ ’ਤੇ ਵਾਰ-ਵਾਰ ਨਜ਼ਰ ਟਿਕੀ। ਪੁਰਾਣੇ ਕਵੀਆਂ ਦੀਆਂ ਕਾਲਜਈ ਕਵਿਤਾਵਾਂ, ਜੋ ਅੱਜ ਵੀ ਤਾਜ਼ਾ ਲੱਗਦੀਆਂ ਹਨ। ਆਜ਼ਾਦੀ ਦੇ ਬਾਅਦ ਦੀ ਹਿੰਦੀ ਕਵਿਤਾ ਨੇ ਸਿਆਸਤ ਤੋਂ ਪ੍ਰਹੇਜ਼ ਨਹੀਂ ਕੀਤਾ। ਕਵਿਤਾ ਅਤੇ ਜਨਤੰਤਰ ਦੇ ਇਸ ਅਨਿੱਖੜਵੇਂ ਰਿਸ਼ਤੇ ਦੀ ਯਾਦ ਦਿਵਾਉਂਦੀ ਹੈ ਅਪੂਰਵਾਨੰਦ ਦੀ ਕਿਤਾਬ ‘ਕਵਿਤਾ ਮੇਂ ਜਨਤੰਤਰ’ (ਰਾਜਕਮਲ ਪ੍ਰਕਾਸ਼ਨ), ਜੋ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਇਕ ਲੇਖ ਲੜੀ ’ਤੇ ਆਧਾਰਿਤ ਹੈ।

ਇਸ ’ਚ ਹਿੰਦੀ ਕਵਿਤਾ ਦੇ ਵਧੇਰੇ ਹਸਤਾਖਰ ਹਨ–ਰਘੂਵੀਰ ਸਹਾਏ, ਵਿਜੇਦੇਵ ਨਾਰਾਇਣ ਸਾਹੀ, ਕੁੰਵਰ ਨਾਰਾਇਣ, ਸ਼੍ਰੀਕਾਂਤ ਵਰਮਾ, ਮੁਕਤੀਬੋਧ, ਧੂਮਿਲ, ਨਾਗਾਰਜੁਨ, ਕੇਦਾਰਨਾਥ ਸਿੰਘ, ਸ਼ਮਸ਼ੇਰ ਬਹਾਦੁਰ ਸਿੰਘ, ਓਮ ਪ੍ਰਕਾਸ਼ ਬਾਲਮੀਕਿ, ਅਸ਼ੋਕ ਵਾਜਪਾਈ, ਅਨਾਮਿਕਾ ਆਦਿ। ਸਾਹਿਤਕ ਆਲੋਚਨਾ ਦੀ ਬੋਝਲ ਭਾਸ਼ਾ ਤੋਂ ਹਟ ਕੇ ਅਪੂਰਵਾਨੰਦ ਹਰ ਕਵਿਤਾ ਦੇ ਬਹਾਨੇ ਇਤਿਹਾਸ ਦੇ ਕੁਝ ਪੰਨੇ ਖੋਲ੍ਹਦੇ ਹਨ। ਇਸ ਸੰਗ੍ਰਹਿ ’ਚ ਅਦਨਾਨ ਕਫੀਲ ਦਰਵੇਸ਼, ਜਸਿੰਤਾ ਕੇਰਕੇਟਾ ਅਤੇ ਅਨੁਜ ਲੁਗੁਨ ਵਰਗੇ ਨੌਜਵਾਨ ਕਵੀਆਂ ਦੀ ਹਾਜ਼ਰੀ ਸਾਡੇ ਸਮੇਂ ਦੀ ਆਵਾਜ਼ ਨੂੰ ਦਰਜ ਕਰਦੀ ਹੈ।

ਪੁਸਤਕ ਮੇਲੇ ’ਚ ਮੈਨੂੰ ਅਜਿਹੇ ਕਈ ਬੋਲ ਸੁਣਾਈ ਦਿੱਤੇ, ਜੋ ਸਾਡੇ ਸਮੇਂ ਦੇ ਸੱਚ ਨੂੰ ਉਸ ਸੰਪੂਰਨਤਾ ’ਚ ਦਰਜ ਕਰ ਰਹੇ ਹਨ ਜੋ ਦੁਰਲੱਭ ਹੈ। ਉਨ੍ਹਾਂ ਦੀ ਕਵਿਤਾ ਇਸ ਸੱਚ ਤੋਂ ਜਾਣੂ ਹੈ ਕਿ ਅਸੀਂ ਇਤਿਹਾਸ ਦੇ ਇਕ ਨਵੇਂ ਦੌਰ ’ਚ ਦਾਖਲ ਹੋ ਰਹੇ ਹਾਂ। ਵਿਹਾਗ ਵੈਭਵ ਐਲਾਨ ਕਰਦੇ ਹਨ, ‘ਇਹ ਇਸ ਸਦੀ ਅਤੇ ਸੱਭਿਅਤਾ ਦਾ ਆਖਰੀ ਮੋੜ ਹੈ, ਇਸ ਮੋੜ ਤੋਂ ਜੋ ਵਾਪਸ ਪਰਤਣਾ ਚਾਹੁੰਦੇ ਹਨ, ਪਰਤ ਜਾਣ’ (ਮੋਰਚੇ ’ਤੇ ਵਿਦਾਗੀਤ, ਰਾਜਕਮਲ)। ਇਥੋਂ ਅੱਗੇ ਕੀ ਕੁਝ ਹੋਣ ਵਾਲਾ ਹੈ, ਉਸ ਦਾ ਚਿੱਤਰ ਖਿੱਚਦੇ ਵਿਹਾਗ ਦੀ ਕਵਿਤਾ ਇਸ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਲਈ ਸੱਦਾ ਦਿੰਦੀ ਹੈ, ਇਹ ਯਾਦ ਦਿਵਾਉਂਦੀ ਹੈ ਕਿ ‘ਸੱਭਿਅਤਾ ਦੀ ਅਦਾਲਤ ’ਚ ਸਟੀਕਤਾ ਇਕ ਅਪਰਾਧ ਹੈ।’

ਅਜਿਹੇ ’ਚ ਕਵਿਤਾ ਕੀ ਕਰੇ? ਇਸ ਦੀ ਜ਼ਿੰਮੇਵਾਰੀ ਕਵੀ ਆਪਣੀ ਤਰ੍ਹਾਂ ਕਬੂਲਦੇ ਹਨ। ਅਦਨਾਨ ਕਫੀਲ ਦਰਵੇਸ਼ ਵਰਗੇ ਤਾਂ ਨੌਜਵਾਨ ਕਵੀ ਅਖਵਾਉਣਗੇ ਪਰ ਉਨ੍ਹਾਂ ਦਾ ਤੀਜਾ ਸੰਗ੍ਰਹਿ ‘ਲਾਨਤ ਕਾ ਪਿਆਲਾ’ (ਰਾਜਕਮਲ) ਉਨ੍ਹਾਂ ਨੂੰ ਸਾਡੇ ਸਮੇਂ ਦੀ ਪ੍ਰਮੁੱਖ ਆਵਾਜ਼ ਵਜੋਂ ਸਥਾਪਿਤ ਕਰਦਾ ਹੈ। ‘ਚੰਗੀ ਕਵਿਤਾ ਚੰਗੇ ਦਿਨਾਂ ’ਚ ਨਹੀਂ ਲਿਖੀ ਜਾਵੇਗੀ...ਉਹ ਆਏਗੀ, ਇਕ ਚਮਕੀਲੇ ਫੁੱਲ ਵਾਂਗ, ਸੁਪਨੇ ’ਚ ਉੱਗਦੀ ਹੋਈ, ਯਥਾਰਥ ਦਾ ਬੂਟ ਪਾਈ, ਕਿਸੇ ਹੋਰ ਸਮੇਂ, ਚੁੱਪ ਕਰ ਕੇ ਦਾਖਲ ਹੋ ਜਾਵੇਗੀ।’ ਇਸ ਸੰਗ੍ਰਹਿ ’ਚ ਉਨ੍ਹਾਂ ਦੀ ਕਵਿਤਾ ‘ਮੁਸਲਮਾਨ’ ਇਤਿਹਾਸ ਦੇ ਇਸ ਦੌਰ ਦਾ ਇਕ ਦਸਤਾਵੇਜ਼ ਹੈ–‘ਇਹ ਕਿਹੋ ਜਿਹੀ ਇਬਾਦਤ ਹੈ ਮੁਸਲਮਾਨਾਂ ਦੀ, ਜੋ ਕਦੇ ਖਤਮ ਹੀ ਨਹੀਂ ਹੁੰਦੀ! ਹਮਲਾਵਰ ਬਾਹਾਂ, ਪੈਰ, ਗੋਲੀਆਂ, ਟਕੋਰਾਂ, ਗਾਲ੍ਹਾਂ ਵਰ੍ਹਾਉਂਦੇ ਰਹੇ ਅਤੇ ਮੁਸਲਮਾਨ ਸਿਜਦੇ ’ਚ ਹੀ ਰਹੇ... ਉਹ ਧੋਖੇ ਨਾਲ ਨਹੀਂ ਭਰੋਸੇ ’ਚ ਮਾਰੇ ਜਾਣ ਵਾਲੇ ਲੋਕ ਸਨ ... ਉਹ ਇੰਨੇ ਕੰਬਖਤ ਸਨ ਕਿ ਆਸ ਨਾ ਛੱਡਣ ’ਤੇ ਬਜ਼ਿਦ ਸਨ।’

ਆਮਿਰ ਅਜ਼ੀਜ਼ ਦੀ ਕਵਿਤਾ ‘ਸਬ ਯਾਦ ਰਖਾ ਜਾਏਗਾ’ ਵਾਂਗ ਇਹ ਕਵਿਤਾ ਸਮਕਾਲੀਨ ਭਾਰਤ ਦੇ ਉਸ ਸੱਚ ਨੂੰ ਪੂਰੀ ਈਮਾਨਦਾਰੀ ਨਾਲ ਪ੍ਰਗਟਾਉਂਦੀ ਹੈ, ਜਿਸ ਬਾਰੇ ਚੁੱਪ ਪੱਸਰੀ ਹੋਈ ਹੈ। ‘ਸਲੀਬ ਪਰ ਨਾਗਰਿਕਤਾ’ (ਸੇਤੂ ਪ੍ਰਕਾਸ਼ਨ) ਸੰਗ੍ਰਹਿ ’ਚ ਇਸੇ ਸੱਚ ਨੂੰ ਜਾਵੇਦ ਆਲਮ ਖਾਨ ਗਲਾ ਖੋਲ੍ਹ ਕੇ ਕਹਿਣ ਦਾ ਜੋਖਮ ਉਠਾਉਂਦੇ ਹਨ। ‘ਮੇਰਾ ਦੇਸ਼ ਕਿਤਾਬਾਂ ’ਚ ਕੈਦ ਕੋਈ ਦੇਵਤਾ ਨਹੀਂ ਹੈ... ਦੇਸ਼ ਉਦੋਂ ਹਾਰਦਾ ਹੈ ਜਦੋਂ ਉਸ ਨੂੰ ਝੰਡੇ ’ਚ ਲੁਕੋਇਆ ਜਾਂਦਾ ਹੈ, ਜਦੋਂ ਅਗਵਾ ਰੰਗ ਮਜ਼੍ਹਬੀ ਪਛਾਣ ’ਚ ਬਦਲ ਜਾਂਦੇ ਹਨ, ਜਦੋਂ ਆਪਣੇ ਹੀ ਨਾਗਰਿਕ ਜ਼ਬਰਦਸਤੀ ਦੁਸ਼ਮਣ ਦੇ ਖੇਮੇ ’ਚ ਖੜ੍ਹੇ ਕੀਤੇ ਜਾਂਦੇ ਹਨ, ਦੇਸ਼ ਰੋਂਦਾ ਹੈ, ਜਨਤਾ ਦੇ ਭੀੜ ’ਚ ਬਦਲ ਜਾਣ ’ਤੇ, ਆਦਮੀ ਨੂੰ ਕੱਪੜਿਆਂ ਤੋਂ ਪਛਾਣੇ ਜਾਣ ’ਤੇ।’

ਰਾਜਿੰਦਰ ਰਾਜਨ ਦੇ ਨਵੇਂ ਸੰਗ੍ਰਹਿ ‘ਯਹ ਕੌਨ ਸੀ ਜਗਹ ਹੈ’ (ਸੇਤੂ ਪ੍ਰਕਾਸ਼ਨ) ’ਚ ‘ਛੀਂਕ ਪਰ ਏਕ ਬਹਿਸ’ ਅਤੇ ‘ਬੇਰੋਜ਼ਗਾਰੀ ਪਰ ਏਕ ਬਹਿਸ’ ਸਾਡੇ ਸਮੇਂ ’ਚ ਮੀਡੀਆ ਦਾ ਚਰਿੱਤਰ-ਚਿਤਰਣ ਕਰਦੀ ਹੈ। ਨਿਆਂ ਵਿਵਸਥਾ ’ਤੇ ਦੋ ਸਤਰਾਂ ਹੀ ਕਾਫੀ ਹਨ – ਭੇੜੀਏ ਦੀ ਸ਼ਿਕਾਇਤ ’ਤੇ ਮੇਮਨੇ ਦੇ ਵਿਰੁੱਧ ਦਰਜ ਕਰ ਲਈ ਗਈ ਹੈ ਐੱਫ. ਆਈ. ਆਰ... ਫੈਸਲਾ ਆਉਣਾ ਬਾਕੀ ਹੈ, ਮੇਮਨਾ ਕੰਬ ਰਿਹਾ ਹੈ, ਭੇੜੀਆ ਮੁਸਕਰਾ ਰਿਹਾ ਹੈ।’

ਅੱਜ ਦੇ ਸਮੇਂ ਦੀ ਕਵਿਤਾ ਸਾਨੂੰ ਸਿਰਫ ਪ੍ਰੇਸ਼ਾਨ ਅਤੇ ਨਿਰਾਸ਼ ਨਹੀਂ ਛੱਡਦੀ। ਪਰਾਗ ਪਾਵਨ ਇਕ ਨਾਗਰਿਕ ਦੀ ਯਾਦ ਦਿਵਾਉਂਦੇ ਹਨ - ‘ਦੇਸ਼ ਪ੍ਰੇਮ ਦੀ ਕਵਿਤਾ ਉਸ ਕਵੀ ਤੋਂ ਨਾ ਸੁਣੋ, ਜੋ ਕਾਲ ਦੇ ਕਪਾਲ ’ਤੇ ਲਿਖਦਾ ਮਿਟਾਉਂਦਾ ਹੈ, ਪਰ ਆਪਣੀ ਬਰੌਨੀ ’ਤੇ ਬੈਠੇ ਕਾਤਲ ਨੂੰ ਦੇਖ ਨਹੀਂ ਸਕਦਾ ਹੈ’ (ਜਦੋਂ ਹਰ ਹਾਸਾ ਸ਼ੱਕੀ ਸੀ, ਰਾਜਕਮਲ)। ਉਨ੍ਹਾਂ ਦਾ ਇਹ ਸੱਦਾ ਸਾਨੂੰ ਕੁਝ ਕਰਨ ਲਈ ਪ੍ਰੇਰਿਤ ਕਰਦਾ ਹੈ - ‘ਅਸੀਂ ਦੁਨੀਆ ਨੂੰ ਇੰਨੇ ਖਤਰਨਾਕ ਹੱਥਾਂ ’ਚ ਨਹੀਂ ਛੱਡ ਸਕਦੇ। ਸਾਨੂੰ ਆਪਣੀਆਂ-ਆਪਣੀਆਂ ਖੁਦਕੁਸ਼ੀਆਂ ਮੁਲਤਵੀ ਕਰ ਦੇਣੀਆਂ ਚਾਹੀਦੀਆਂ ਹਨ।’

ਅੱਜ ਦੀ ਇਹ ਕਵਿਤਾ ਸਾਨੂੰ ਆਸ ਵੀ ਦਿੰਦੀ ਹੈ-‘ਇਕ ਦਿਨ/ਤੁਹਾਡੇ ਹੰਝੂਆਂ ’ਚੋਂ ਪੁੰਗਰੇਗੀ ਫਿਰ ਇਹ ਧਰਤੀ, ਮਚੀ ਭਾਜੜ ਦੇ ਦਰਮਿਆਨ ਇਕ ਫੁੱਲ ਲਈ ਤਰਸਦੀ, ਤੁਹਾਡੀ ਗੋਦ ’ਚ ਇਹ ਜੋ ਬੱਚੀ ਹੈ, ਅਖੀਰ ਬਚਾਏਗੀ ਉਹੀ, ‘ਆਸਾਂ ਦੇ ਪ੍ਰਾਣ’ (ਅਲੋਕ ਕੁਮਾਰ ਮਿਸ਼ਰਾ, ‘ਪੋਟਲੀ ਕੇ ਦਾਨੇ’, ਸੇਤੂ ਪ੍ਰਕਾਸ਼ਨ)। ਨਾਲ ਹੀ ਇਹ ਸਮਝ ਵੀ ਦਿੰਦੀ ਹੈ ਕਿ ਆਸ ਉਸ ਕੋਨੇ ਤੋਂ ਆਵੇਗੀ ਜਿਸ ਵੱਲ ਅਸੀਂ ਨਹੀਂ ਦੇਖਦੇ। ਫਿਰ ਅਦਨਾਨ ਕਫੀਲ ਦਰਵੇਸ਼ ਦੇ ਸ਼ਬਦਾਂ ’ਚ-‘ਅਤੇ ਉਦੋਂ ਰੱਖਣਾ ਭਰੋਸਾ, ਸਿਰਫ ਆਪਣੀ ਹਕਲਾਹਟ ਅਤੇ ਲੜਖੜਾਹਟ ’ਤੇ, ਕਿਉਂਕਿ ਸਭ ਤੋਂ ਕਮਜ਼ੋਰ ਜਾਪਣ ਵਾਲੇ ਲੋਕਾਂ ਨੇ ਹੀ ਹਮੇਸ਼ਾ ਬਚਾਈ ਹੈ ਲੋਅ, ਇਕ ਬਿਹਤਰ ਦੁਨੀਆ ਲਈ’।

ਇਸ ਲਈ ਅੱਜਕਲ ਮੈਂ ਕਵਿਤਾ ਪੜ੍ਹਨ ਲੱਗਾ ਹਾਂ।

ਯੋਗੇਂਦਰ ਯਾਦਵ


author

Rakesh

Content Editor

Related News