ਮੋਦੀ ਅਤੇ ਕਾਰਨੀ : ਇਕ ਨਵੇਂ ਗਲੋਬਲ ਆਰਡਰ ਦੇ ਰਚੇਤਾ

Sunday, Feb 08, 2026 - 11:30 AM (IST)

ਮੋਦੀ ਅਤੇ ਕਾਰਨੀ : ਇਕ ਨਵੇਂ ਗਲੋਬਲ ਆਰਡਰ ਦੇ ਰਚੇਤਾ

ਆਰਥਿਕ ਰਾਸ਼ਟਰਵਾਦ ਦੀ ਮੁੜ ਵਾਪਸੀ ਨੇ ਵਿਸ਼ਵ ਰਾਜਨੀਤੀ ਵਿਚ ਪੁਰਾਣੇ ਸਮਝੌਤਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ’ਤੇ ਭਰੋਸੇ ਨੂੰ ਝਟਕਾ ਦਿੱਤਾ ਹੈ। ਇਸ ਦਾ ਸਭ ਤੋਂ ਸਪੱਸ਼ਟ ਪ੍ਰਗਟਾਵਾ ਡੋਨਾਲਡ ਟਰੰਪ ਦੀ ਟੈਰਿਫ ਜੰਗ ਦੌਰਾਨ ਵੇਖਣ ਨੂੰ ਮਿਲਿਆ, ਜਿਸ ਵਿਚ ਨਾ ਸਿਰਫ਼ ਵਿਰੋਧੀ ਦੇਸ਼, ਸਗੋਂ ਮਿੱਤਰ ਦੇਸ਼ ਵੀ ਨਿਸ਼ਾਨੇ ’ਤੇ ਰਹੇ। ਭਾਰਤ-ਜੋ ਕਦੇ ਅਮਰੀਕਾ ਦੀ ਇੰਡੋ-ਪੈਸਿਫਿਕ ਨੀਤੀ ਵਿਚ ਇਕ ਪਸੰਦੀਦਾ ਸਾਥੀ ਸੀ ਅਤੇ ਕੈਨੇਡਾ, ਜੋ ਇਕ ਚੰਗਾ ਗੁਆਂਢੀ ਅਤੇ ਸਮੇਂ ਦੀ ਕਸੌਟੀ ’ਤੇ ਖਰਾ ਉਤਰਿਆ ਮਿੱਤਰ ਹੈ, ਦੋਵੇਂ ਹੀ ਟੈਰਿਫ ਦਾ ਸ਼ਿਕਾਰ ਬਣੇ। ਸੰਦੇਸ਼ ਸਾਫ਼ ਸੀ : ਸਵਾਰਥੀ ਸੋਚ ਨਾਲ ਚੱਲ ਰਹੀ ਦੁਨੀਆ ਵਿਚ ਹੁਣ ਭਰੋਸੇਮੰਦ ਸਾਥੀ ਵੀ ਸਥਿਰਤਾ ਨੂੰ ਯਕੀਨੀ ਨਹੀਂ ਮੰਨ ਸਕਦੇ।

ਇਸ ਤੋੜ-ਫੋੜ ਦੇ ਦੌਰ ਨੇ ਦਰਮਿਆਨੇ ਅਤੇ ਉਭਰਦੇ ਦੇਸ਼ਾਂ ਨੂੰ ਗਲੋਬਲ ਪ੍ਰਣਾਲੀ ਵਿਚ ਆਪਣੇ ਸਥਾਨ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਮਾਰਕ ਕਾਰਨੀ ਵੱਲੋਂ ਪ੍ਰਗਟ ਕੀਤੇ ਵਿਚਾਰ ਖ਼ਾਸ ਅਹਿਮੀਅਤ ਹਾਸਲ ਕਰਦੇ ਹਨ। ਦੋਵੇਂ ਮਿਲ ਕੇ ਆਪਣੇ ਪੂਰਨਿਆਂ ਰਾਹੀਂ ਅਤੇ ਵਿਚਾਰਾਂ ਰਾਹੀਂ ਇਕ ਅਜਿਹੇ ਸੰਤੁਲਿਤ ਗਲੋਬਲ ਆਰਡਰ ਵੱਲ ਇਸ਼ਾਰਾ ਕਰਦੇ ਹਨ ਜੋ ਸਹਿਯੋਗ ਅਤੇ ਨਿਯਮਾਂ ਦੇ ਆਦਰ ’ਤੇ ਆਧਾਰਿਤ ਹੈ।

ਦਾਵੋਸ ਵਿਚ ਵਿਸ਼ਵ ਆਰਥਿਕ ਮੰਚ ’ਤੇ ਆਪਣੇ ਭਾਸ਼ਣ ਦੌਰਾਨ ਕਾਰਨੀ ਨੇ ਇਕ ਅਜਿਹੇ ਵਰਗ ਦੀ ਆਵਾਜ਼ ਬਣ ਕੇ ਗੱਲ ਕੀਤੀ ਜੋ ਅਕਸਰ ਨਜ਼ਰਅੰਦਾਜ਼ ਰਹਿ ਜਾਂਦਾ ਹੈ-ਵਿਕਸਿਤ ਅਤੇ ਵਿਕਾਸਸ਼ੀਲ ਦੁਨੀਆ ਦੀ ‘ਮਿਡਲ ਪਾਵਰਜ਼’। ਉਨ੍ਹਾਂ ਦੇ ਭਾਸ਼ਣ ਨੇ ਮਹਾਸ਼ਕਤੀਆਂ ਦੇ ਸੰਘਰਸ਼ ਅਤੇ ਆਰਥਿਕ ਸੰਕਟਾਂ ਵਿਚ ਫਸੇ ਦੇਸ਼ਾਂ ਦੀ ਬੇਚੈਨੀ ਨੂੰ ਸਾਫ਼ ਤੌਰ ’ਤੇ ਦਰਸਾਇਆ। ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਸੀ ਕਿ ਉਨ੍ਹਾਂ ਨੇ ਦੁਨੀਆ ਨੂੰ ਇਕ ਨਵੀਂ ਸ਼ਬਦਾਵਲੀ ਦਿੱਤੀ-ਜਿਸ ਨਾਲ ਵਧ ਰਹੀਆਂ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਲੀਆਂ ਖਾਈਆਂ ਨੂੰ ਘਟਾਉਣ ਅਤੇ ਸਾਂਝੇ ਭਵਿੱਖ ਦੀ ਰੱਖਿਆ ਲਈ ਸਾਂਝੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ ਗਿਆ। ਕਾਰਨੀ ਦਾ ਸੰਦੇਸ਼ ਸਪੱਸ਼ਟ ਸੀ : ਨਿਯਮ-ਆਧਾਰਿਤ ਵਿਵਸਥਾ ਦਬਾਅ ਹੇਠ ਹੈ ਪਰ ਨਾ ਤਾਂ ਇਹ ਪੁਰਾਣੀ ਹੋ ਚੁੱਕੀ ਹੈ ਅਤੇ ਨਾ ਹੀ ਇਸ ਦੀ ਕੋਈ ਥਾਂ-ਪੂਰਤੀ ਹੋ ਸਕਦੀ ਹੈ। ਇਸ ਨੂੰ ਛੱਡਣ ਦੀ ਨਹੀਂ, ਸਗੋਂ ਨਵੀਂ ਤਾਜ਼ਗੀ ਦੇਣ ਦੀ ਲੋੜ ਹੈ।

ਉਸੇ ਗਲੋਬਲ ਅਸਥਿਰਤਾ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਪਹੁੰਚ ਘੱਟ ਸ਼ੋਰ ਵਾਲੀ ਪਰ ਓਨੀ ਹੀ ਪ੍ਰਭਾਵਸ਼ਾਲੀ ਰਹੀ ਹੈ। ਬਿਆਨਾਂ ਦੀ ਬਜਾਏ, ਭਾਰਤ ਨੇ ਰਣਨੀਤਿਕ ਆਰਥਿਕ ਰਾਜਨੀਤੀ ’ਤੇ ਧਿਆਨ ਦਿੱਤਾ ਹੈ। ਵਪਾਰ ਜੰਗ ਦੇ ਦੌਰ ਤੋਂ ਬਾਅਦ, ਨਵੀਂ ਦਿੱਲੀ ਨੇ ਨਿਊਜ਼ੀਲੈਂਡ, ਯੂਨਾਈਟਿਡ ਕਿੰਗਡਮ ਅਤੇ ਯੂਰਪੀ ਯੂਨੀਅਨ ਵਰਗੇ ਸਾਥੀਆਂ ਨਾਲ ਉੱਚ-ਗੁਣਵੱਤਾ ਵਾਲੇ ਮੁਕਤ ਵਪਾਰ ਸਮਝੌਤੇ ਤੇਜ਼ੀ ਨਾਲ ਅੱਗੇ ਵਧਾਏ ਹਨ। ਇਹ ਸਮਝੌਤੇ ਅੰਤਰਰਾਸ਼ਟਰੀ ਵਪਾਰ ਵਿਚ ਲੋੜੀਂਦੀ ਸਥਿਰਤਾ ਪ੍ਰਦਾਨ ਕਰਦੇ ਹਨ, ਭਾਰਤ ਦੀ ਖੁੱਲ੍ਹੇਪਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਅਤੇ ਇਸ ਨੂੰ ਗਲੋਬਲ ਪੂੰਜੀ ਲਈ ਇਕ ਪਸੰਦੀਦਾ ਮਾਰਕੀਟ ਅਤੇ ਮੰਜ਼ਿਲ ਬਣਾਉਂਦੇ ਹਨ। ਸਪਲਾਈ ਚੇਨ ਵਿਚ ਰੁਕਾਵਟਾਂ ਅਤੇ ਪੂੰਜੀ ਦੇ ਅਸਥਿਰ ਵਹਾਅ ਦੇ ਸਮੇਂ ਵਿਚ, ਭਾਰਤ ਸਥਿਰਤਾ ਦਾ ਇਕ ਮਜ਼ਬੂਤ ਥੰਮ੍ਹ ਬਣ ਕੇ ਉਭਰਿਆ ਹੈ।

ਇਨ੍ਹਾਂ ਦੋ ਪਹੁੰਚਾਂ ਕਾਰਨੀ ਦੀ ਵਿਚਾਰਧਾਰਕ ਦਿਸ਼ਾ ਅਤੇ ਮੋਦੀ ਦੀ ਹਕੀਕਤੀ ਕਾਰਗੁਜ਼ਾਰੀ ਦਾ ਮਿਲਾਪ ਇਕ ਮਜ਼ਬੂਤ ਭਾਈਚਾਰੇ ਲਈ ਧਰਤੀ ਤਿਆਰ ਕਰਦਾ ਹੈ। ਮਾਰਚ ਵਿਚ ਕਾਰਨੀ ਦੀ ਭਾਰਤ ਯਾਤਰਾ, ਜਿਸ ਦੌਰਾਨ ਇਕ ਵੱਡੇ ਊਰਜਾ ਸਮਝੌਤੇ ਦੀ ਸੰਭਾਵਨਾ ਹੈ ਅਤੇ ਸਮੱਗਰ ਆਰਥਿਕ ਭਾਈਚਾਰਕ ਸਮਝੌਤੇ ’ਤੇ ਗੱਲਬਾਤ ਜਾਰੀ ਹੈ, ਇਸ ਮਿਲਾਪ ਨੂੰ ਦਰਸਾਉਂਦੀ ਹੈ। ਇਕ ਢਾਂਚਾਬੱਧ ਭਾਰਤ ਕੈਨੇਡਾ ਮੁਕਤ ਵਪਾਰ ਸਮਝੌਤਾ ਦੋਵੇਂ ਦੇਸ਼ਾਂ ਲਈ ਲਾਭਦਾਇਕ ਹੋਵੇਗਾ, ਊਰਜਾ ਸਹਿਯੋਗ ਨੂੰ ਮਜ਼ਬੂਤ ਕਰੇਗਾ, ਸਪਲਾਈ ਚੇਨਾਂ ਨੂੰ ਵਿਭਿੰਨ ਬਣਾਏਗਾ ਅਤੇ ਨਿਵੇਸ਼ ਦੇ ਵਹਾਅ ਨੂੰ ਵਧਾਏਗਾ।

ਵੱਡੇ ਪੱਧਰ ’ਤੇ ਵੇਖਿਆ ਜਾਵੇ ਤਾਂ ਭਾਰਤ ਅਤੇ ਕੈਨੇਡਾ ਦੁਨੀਆ ਵਿਚ ਸਥਿਰਤਾ ਦੇ ਕੇਂਦਰ ਬਣ ਸਕਦੇ ਹਨ। ਦੋਵੇਂ ਬਹੁਵਾਦੀ ਲੋਕਤੰਤਰ ਹਨ, ਗਲੋਬਲਾਈਜ਼ੇਸ਼ਨ ਦੇ ਲਾਭਪਾਤਰੀ ਹਨ ਪਰ ਇਸ ਦੀਆਂ ਅਸਮਾਨਤਾਵਾਂ ਤੋਂ ਵੀ ਭਲੀਭਾਂਤੀ ਵਾਕਿਫ਼ ਹਨ। ਆਰਥਿਕ, ਕੂਟਨੀਤਿਕ ਅਤੇ ਨੈਤਿਕ ਤੌਰ ’ਤੇ ਇਕੱਠੇ ਅੱਗੇ ਵਧ ਕੇ, ਇਹ ਦੋਵੇਂ ਦੇਸ਼ ਨਿਯਮ-ਆਧਾਰਿਤ ਵਿਵਸਥਾ ’ਤੇ ਭਰੋਸੇ ਨੂੰ ਜਿਊਂਦਾ ਰੱਖ ਸਕਦੇ ਹਨ—ਇਕ ਅਜਿਹੀ ਵਿਵਸਥਾ ਜੋ ਸਿਰਫ਼ ਤਾਕਤਵਰਾਂ ਦੀ ਨਹੀਂ, ਸਗੋਂ ਸਭ ਦੀ ਸੇਵਾ ਕਰੇ।

ਅਨਿਸ਼ਚਿਤ ਸਮਿਆਂ ਵਿਚ, ਗਲੋਬਲ ਅਗਵਾਈ ਹੁਣ ਸਿਰਫ਼ ਦਬਦਬੇ ਨਾਲ ਪਰਿਭਾਸ਼ਿਤ ਨਹੀਂ ਹੁੰਦੀ। ਇਹ ਪੁਲ ਬਣਾਉਣ, ਭਰੋਸਾ ਮੁੜ ਕਾਇਮ ਕਰਨ ਅਤੇ ਉਸ ਵੇਲੇ ਸਥਿਰਤਾ ਪ੍ਰਦਾਨ ਕਰਨ ਨਾਲ ਪਰਿਭਾਸ਼ਿਤ ਹੁੰਦੀ ਹੈ ਜਦੋਂ ਹੋਰ ਦੇਸ਼ ਜ਼ੀਰੋ-ਸਮ ਸੋਚ ਵੱਲ ਮੁੜ ਜਾਂਦੇ ਹਨ। ਵੱਖ-ਵੱਖ ਢੰਗਾਂ ਨਾਲ, ਮੋਦੀ ਅਤੇ ਕਾਰਨੀ ਇਹੀ ਕੰਮ ਕਰ ਰਹੇ ਹਨ-ਚੁੱਪਚਾਪ ਨਵੇਂ ਗਲੋਬਲ ਆਰਡਰ ਦੇ ਖਾਕੇ ਨੂੰ ਰੂਪ ਦੇ ਰਹੇ ਹਨ।

-ਲਵਲੀਨ ਗਿੱਲ

ਬੈਰਿਸਟਰ ਅਤੇ ਸਾਲਿਸਿਟਰ

Surrey, Canada


author

rajwinder kaur

Content Editor

Related News