ਚਪੜਾਸੀ ਤੋਂ ਪੇਪਰ ਚੈੱਕ ਕਰਵਾਏ ਗਏ! ਪ੍ਰਿੰਸੀਪਲ ਅਤੇ ਪ੍ਰੋਫੈਸਰ ਮੁਅੱਤਲ
Thursday, Apr 10, 2025 - 06:47 AM (IST)

ਦੇਸ਼ ਦੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਲਈ ਉਨ੍ਹਾਂ ਦਾ ਇਮਤਿਹਾਨ ਬਹੁਤ ਅਹਿਮ ਹੁੰਦਾ ਹੈ ਅਤੇ ਇਮਤਿਹਾਨਾਂ ਵਿਚ ਮਿਲੇ ਅੰਕਾਂ ਦੇ ਆਧਾਰ ’ਤੇ ਹੀ ਉਨ੍ਹਾਂ ਦੇ ਕਰੀਅਰ ਅਤੇ ਭਵਿੱਖ ਦਾ ਨਿਰਧਾਰਨ ਹੁੰਦਾ ਹੈ।
ਪਰ ਮੱਧ ਪ੍ਰਦੇਸ਼ ਵਿਚ ਨਰਮਦਾਪੁਰ ਦੇ ਪਿਪਰੀਆ ਸਥਿਤ ਭਗਤ ਸਿੰਘ ਸਰਕਾਰੀ ਕਾਲਜ ਵਿਚ ਵਿਦਿਆਰਥੀਆਂ ਦੇ ਪੇਪਰ ਇਕ ਚਪੜਾਸੀ ਵੱਲੋਂ ਚੈੱਕ ਕੀਤੇ ਗਏ। ਇਸ ਮਾਮਲੇ ਵਿਚ ਜਾਂਚ ਰਿਪੋਰਟ ਆਉਣ ਪਿੱਛੋਂ ਕਾਲਜ ਦੇ ਪ੍ਰਿੰਸੀਪਲ ‘ਰਾਕੇਸ਼ ਵਰਮਾ’ ਅਤੇ ਪ੍ਰੋਫੈਸਰ ‘ਰਾਮ ਗੁਲਾਮ ਪਟੇਲ’ ਨੂੰ 4 ਅਪ੍ਰੈਲ ਨੂੰ ਮੁਅੱਤਲ ਕਰ ਦਿੱਤਾ ਗਿਆ, ਜਦੋਂ ਕਿ ਚਪੜਾਸੀ ‘ਪੰਨਾ ਲਾਲ ਪਠਾਰੀਆ’ ਅਤੇ ਇਕ ਅਧਿਆਪਕ ‘ਖੁਸ਼ਬੂ ਪਗਾਰੇ’ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਹੈ।
ਚਪੜਾਸੀ ਵੱਲੋਂ ਪੇਪਰ ਚੈੱਕ ਕਰਨ ਦਾ ਇਹ ਮਾਮਲਾ ਜਨਵਰੀ ਮਹੀਨੇ ਵਿਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਸਾਹਮਣੇ ਆਇਆ ਸੀ। ਵਿਦਿਆਰਥੀਆਂ ਨੇ ਇਸ ਮਾਮਲੇ ਵਿਚ ਸਥਾਨਕ ਵਿਧਾਇਕ ਠਾਕੁਰ ਦਾਸ ਨਾਗਵੰਸ਼ੀ ਨਾਲ ਸੰਪਰਕ ਕੀਤਾ, ਜੋ ਇਸ ਮਾਮਲੇ ਨੂੰ ਸਿੱਖਿਆ ਵਿਭਾਗ ਦੇ ਧਿਆਨ ਵਿਚ ਲੈ ਕੇ ਆਏ ਅਤੇ ਇਸ ਪਿੱਛੋਂ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ।
ਜਾਂਚ ਵਿਚ ਪਤਾ ਲੱਗਾ ਕਿ ਪੇਪਰ ਚੈੱਕ ਕਰਨ ਦਾ ਕੰਮ ਇਕ ਗੈਸਟ ਟੀਚਰ ‘ਖੁਸ਼ਬੂ ਪਗਾਰੇ’ ਨੂੰ ਸੌਂਪਿਆ ਗਿਆ ਅਤੇ ਉਸ ਨੇ ਇਹ ਕੰਮ ਕਾਲਜ ਦੇ ਬੁੱਕ ਲਿਫਟਰ ‘ਰਾਕੇਸ਼ ਮੇਹਰ’ ਨੂੰ ਸੌਂਪ ਦਿੱਤਾ ਅਤੇ ਇਸ ਦੇ ਬਦਲੇ ਉਸ ਨੂੰ 7,000 ਰੁਪਏ ਦਿੱਤੇ। ਰਾਕੇਸ਼ ਨੇ ਅੱਗੇ ਇਹ ਕੰਮ ਚਪੜਾਸੀ ‘ਪੰਨਾ ਲਾਲ ਪਠਾਰੀਆ’ ਨੂੰ ਸੌਂਪ ਦਿੱਤਾ ਅਤੇ ਉਸ ਨੂੰ 5,000 ਰੁਪਏ ਦੇ ਦਿੱਤੇ।
ਜਾਂਚ ਦੌਰਾਨ ‘ਖੁਸ਼ਬੂ ਪਗਾਰੇ’ ਨੇ ਆਪਣੀ ਸਫਾਈ ਵਿਚ ਕਿਹਾ ਕਿ ਉਸ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੇ ਇਹ ਕੰਮ ‘ਰਾਕੇਸ਼ ਮੇਹਰ’ ਨੂੰ ਦਿੱਤਾ ਸੀ ਪਰ ਉਸ ਨੇ ਇਹ ਕੰਮ ਚਪੜਾਸੀ ਨੂੰ ਸੌਂਪ ਦਿੱਤਾ।
ਇਸ ਮਾਮਲੇ ਤੋਂ ਸਬਕ ਲੈ ਕੇ ਸਾਰੇ ਸੂਬਿਆਂ ਦੇ ਸਿੱਖਿਆ ਵਿਭਾਗਾਂ ਵਿਚ ਪੇਪਰ ਚੈੱਕ ਕਰਨ ਦੀ ਵਿਵਸਥਾ ਵਧੇਰੇ ਪਾਰਦਰਸ਼ੀ ਬਣਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆਉਣ ਅਤੇ ਸਿੱਖਿਆ ਵਿਭਾਗ ਦੀ ਬਦਨਾਮੀ ਨਾ ਹੋਵੇ।
-ਵਿਜੇ ਕੁਮਾਰ