ਰਾਜਨੀਤੀ ਤੋਂ ਪਰ੍ਹੇ : ਮੰਦਰ ਯਾਤਰਾਵਾਂ ਦਾ ਨੌਜਵਾਨਾਂ ਦੇ ਮੰਨ ’ਤੇ ਪ੍ਰਭਾਵ
Monday, Jan 19, 2026 - 04:45 PM (IST)
ਹਾਲੀਆ ਸਾਲਾਂ ’ਚ, ਪ੍ਰਧਾਨ ਮੰਤਰੀ ਦੀਆਂ ਭਾਰਤ ਅਤੇ ਵਿਦੇਸ਼ਾਂ ’ਚ ਮੰਦਰਾਂ ਦੀਆਂ ਯਾਤਰਾਵਾਂ ਨੇ ਜਨਤਾ ਦਾ ਵਿਆਪਕ ਧਿਆਨ ਆਕਰਸ਼ਿਤ ਕੀਤਾ ਹੈ। ਕੁਝ ਲੋਕ ਇਨ੍ਹਾਂ ਯਾਤਰਾਵਾਂ ਨੂੰ ਰਾਜਨੀਤਿਕ, ਕੁਝ ਪ੍ਰਤੀਕਾਤਮਿਕ ਅਤੇ ਹੋਰ ਡੂੰਘੀਆਂ ਸੰਸਕ੍ਰਿਤਿਕ ਮੰਨਦੇ ਹਨ ਪਰ ਬਹਿਸਾਂ ਅਤੇ ਸੁਰਖੀਆਂ ਤੋਂ ਪਰ੍ਹੇ ਇਸ ਦਾ ਇਕ ਵਿਆਪਕ ਅਤੇ ਸ਼ਾਂਤ ਪ੍ਰਭਾਵ ਹੈ-ਵਿਸ਼ੇਸ਼ ਤੌਰ ’ਤੇ ਦੇਸ਼ ਦੇ ਨੌਜਵਾਨਾਂ ’ਤੇ।
ਇਨ੍ਹਾਂ ਯਾਤਰਾਵਾਂ ਨੇ ਮੰਦਰਾਂ, ਪਰੰਪਰਾਵਾਂ ਅਤੇ ਸਦੀਆਂ ਪੁਰਾਣੀਆਂ ਮਾਨਤਾਵਾਂ ਨੂੰ ਰੋਜ਼ਾਨਾ ਦੀ ਗੱਲਬਾਤ ’ਚ ਵਾਪਸ ਲਿਆ ਦਿੱਤਾ ਹੈ, ਜਿਸ ਨੇ ਨੌਜਵਾਨ ਭਾਰਤੀਆਂ ਨੂੰ ਆਪਣੀ ਜੜ੍ਹਾਂ, ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੀ ਯਾਦ ਦੁਆਈ ਹੈ। ਨਰਿੰਦਰ ਮੋਦੀ ਦੇ ਕਾਰਜਕਾਲ ’ਚ ਵਿਦੇਸ਼ਾਂ ’ਚ, ਮੁਸਲਿਮ ਦੇਸ਼ਾਂ ਸਮੇਤ ਕਈ ਦੇਸ਼ਾਂ ’ਚ ਮੰਦਰਾਂ ਦਾ ਨਿਰਮਾਣ ਹੋਇਆ ਹੈ। ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਨੇ ਇਸ ਦੀ ਬਹੁਤ ਸ਼ਲਾਘਾ ਕੀਤਾ ਹੈ, ਕਿਉਂਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਰਹੇ ਹਨ ਅਤੇ ਉਨ੍ਹਾਂ ਕੋਲ ਸਿਰਫ ਮੰਦਰਾਂ ਦੇ ਦਰਸ਼ਨ ਲਈ ਭਾਰਤ ਆਉਣ ਦੀ ਬਜਾਏ ਵੱਖ-ਵੱਖ ਦੇਸ਼ਾਂ ’ਚ ਪੂਜਾ ਸਥਾਨ ਹਨ। ਇਸ ਨਾਲ ਪ੍ਰਵਾਸੀ ਭਾਰਤੀ ਭਾਈਚਾਰੇ ’ਤੇ ਡੂੰਘਾ ਪ੍ਰਭਾਵ ਪਿਆ ਹੈ ਅਤੇ ਵਿਦੇਸ਼ਾਂ ’ਚ ਮੋਦੀ ਦੀ ਖੂਬ ਸ਼ਲਾਘਾ ਹੋਈ ਹੈ।
ਭਾਰਤ ਸਿਰਫ ਇਕ ਰਾਸ਼ਟਰ ਨਹੀਂ ਹੈ; ਇਹ ਇਕ ਅਜਿਹੀ ਸੱਭਿਅਤਾ ਹੈ ਜੋ ਆਸਥਾ, ਦਰਸ਼ਨ ਅਤੇ ਅਧਿਆਤਮਿਕਤਾ ਦੇ ਆਲੇ-ਦੁਆਲੇ ਵਿਕਸਿਤ ਹੋਈ ਹੈ। ਮੰਦਰ ਕਦੇ ਵੀ ਸਿਰਫ ਪ੍ਰਾਰਥਨਾ ਸਥਾਨ ਨਹੀਂ ਸਨ। ਸਦੀਆਂ ਤੋਂ ਇਹ ਗਿਆਨ, ਕਲਾ, ਸੰਗੀਤ, ਿਵਗਿਆਨ ਅਤੇ ਸਮਾਜਿਕ ਜੀਵਨ ਦੇ ਕੇਂਦਰ ਰਹੇ ਹਨ। ਪੁਰਾਣਾਂ, ਵੇਦਾਂ ਅਤੇ ਮਹਾਕਾਵਾਂ ’ਚ ਵਰਣਿਤ ਦੇਵੀ-ਦੇਵਤਿਆਂ ਦੀਆਂ ਕਹਾਣੀਆਂ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ, ਹਿੰਮਤ, ਦਇਆ ਅਤੇ ਫਰਜ਼ ਦੀ ਸਿੱਖਿਆ ਦੇਣ ਦਾ ਮਾਧਿਅਮ ਸਨ। ਸਮੇਂ ਦੇ ਨਾਲ ਜਿਵੇਂ-ਜਿਵੇਂ ਜੀਵਨ ਅੱਗੇ ਵਧਦਾ ਿਗਆ ਅਤੇ ਭੌਤਿਕਵਾਦੀ ਹੁੰਦਾ ਿਗਆ, ਕਈ ਨੌਜਵਾਨ ਇਨ੍ਹਾਂ ਸਥਾਨਾਂ ਤੋਂ ਦੂਰ ਹੁੰਦੇ ਚਲੇ ਗਏ, ਕਿਉਂਕਿ ਇਹ ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਦਾ ਜਾਂ ਗੈਰ-ਪ੍ਰਾਸੰਗਿਕ ਸਮਝਣ ਲੱਗੇ।
ਜਦੋਂ ਪ੍ਰਧਾਨ ਮੰਤਰੀ ਮੰਦਰਾਂ ਦਾ ਦੌਰਾ ਕਰਦੇ ਹਨ-ਭਾਵੇਂ ਉਹ ਕਾਸ਼ੀ ਵਿਸ਼ਵਨਾਥ, ਕੇਦਾਰਨਾਥ, ਅਯੁੱਧਿਆ ਦਾ ਰਾਮ ਮੰਦਰ, ਸੋਮਨਾਥ, ਉੱਜੈਨ ਦਾ ਮਹਾਕਾਲ ਮੰਦਰ ਹੋਵੇ ਜਾਂ ਦੱਖਣ ਅਤੇ ਉੱਤਰ-ਪੂਰਬ ਦੇ ਮੰਦਰ-ਤਾਂ ਇਸ ਨਾਲ ਇਕ ਠੋਸ ਸੰਦੇਸ਼ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਆਸਥਾ ਅਤੇ ਆਧੁਨਿਕ ਲੀਡਰਸ਼ਿਪ ਇਕ-ਦੂਜੇ ਦੇ ਵਿਰੋਧੀ ਨਹੀਂ ਹਨ। ਇਕ ਵਿਅਕਤੀ ਆਧੁਨਿਕ ਰਾਸ਼ਟਰ ਦਾ ਸੰਚਾਲਨ ਕਰਦੇ ਹੋਏ ਵੀ ਸਦੀਆਂ ਪੁਰਾਣੀਆਂ ਪਰੰਪਰਾਵਾਂ ਦਾ ਸਨਮਾਨ ਕਰ ਸਕਦਾ ਹੈ।
ਨੌਜਵਾਨਾਂ ਲਈ, ਇਹ ਉਸ ਪੁਰਾਣੀ ਧਾਰਨਾ ਨੂੰ ਤੋੜਦਾ ਹੈ ਕਿ ਸਫਲਤਾ ਦਾ ਅਰਥ ਸੰਸਕ੍ਰਿਤੀ ਤੋਂ ਵੱਖਰਾ ਹੋਣਾ ਹੈ।
ਅੱਜ ਦੇ ਭਾਰਤੀ ਨੌਜਵਾਨ ਵਿਸ਼ਵ ਪੱਧਰੀ ਵਿਚਾਰਾਂ, ਸੋਸ਼ਲ ਮੀਡੀਆ ਦੇ ਰੁਝਾਨਾਂ ਅਤੇ ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਦੇ ਸੰਪਰਕ ’ਚ ਹਨ। ਇਹ ਸੰਪਰਕ ਮਹੱਤਵਪੂਰਨ ਤਾਂ ਹੈ, ਪਰ ਅਕਸਰ ਇਸ ਨਾਲ ਆਤਮਚਿੰਤਨ, ਕਦਰਾਂ-ਕੀਮਤਾਂ ਅਤੇ ਅੰਦਰੂਨੀ ਸੰਤੁਲਨ ਲਈ ਬਹੁਤ ਘੱਟ ਗੁੰਜਾਇਸ਼ ਬਚਦੀ ਹੈ। ਪ੍ਰਧਾਨ ਮੰਤਰੀ ਦੀਆਂ ਮੰਦਰ ਯਾਤਰਾਵਾਂ ਜਿਨ੍ਹਾਂ ਨੂੰ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮ ’ਚ ਵਿਆਪਕ ਤੌਰ ’ਤੇ ਸਾਂਝਾ ਕੀਤਾ ਿਗਆ, ਨੌਜਵਾਨਾਂ ਨੂੰ ਤੁਰੰਤ ਸਫਲਤਾ ਤੋਂ ਕਿਤੇ ਵੱਧ ਡੂੰਘੇ ਮਹੱਤਵ ਦੀ ਯਾਦ ਦਿਵਾਉਂਦੀਆਂ ਹਨ-ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ’ਚ ਖੁਦ ਨੂੰ ਸਥਾਪਤ ਕਰਨ ਦਾ ਵਿਚਾਰ।
ਸੰਸਕਾਰ ਕਿਸੇ ’ਤੇ ਵਿਸ਼ਵਾਸ ਥੋਪਣ ਦੇ ਬਾਰੇ ’ਚ ਨਹੀਂ ਹਨ। ਉਹ ਚਰਿੱਤਰ ਨਿਰਮਾਣ ਦੇ ਬਾਰੇ ’ਚ ਹਨ। ਵੱਡਿਆਂ ਦਾ ਆਦਰ, ਈਮਾਨਦਾਰੀ, ਹਿੰਮਤ, ਸੇਵਾ, ਆਤਮ-ਸੰਜਮ ਅਜਿਹੀਆਂ ਕਦਰਾਂ-ਕੀਮਤਾਂ ਹਨ ਜੋ ਸੰਸਕ੍ਰਿਤਿਕ ਜੜ੍ਹਾਂ ਨੂੰ ਸਮਝਣ ’ਤੇ ਸੁਭਾਵਿਕ ਤੌਰ ’ਤੇ ਵਿਕਸਿਤ ਹੁੰਦੀਆਂ ਹਨ। ਮੰਦਰ ਅਨੁਸ਼ਠਾਨਾਂ, ਕਹਾਣੀਆਂ ਅਤੇ ਮੌਨ ਰਾਹੀਂ ਬਿਨਾਂ ਉਪਦੇਸ਼ ਦਿੱਤੇ, ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਿਖਾਉਂਦੇ ਹਨ। ਜਦੋਂ ਨੌਜਵਾਨ ਲੋਕ ਰਾਸ਼ਟਰੀ ਨੇਤਾਵਾਂ ਨੂੰ ਅਨੁਸ਼ਠਾਨਾਂ ’ਚ ਹਿੱਸਾ ਲੈਂਦੇ, ਮੰਤਰ ਉਚਾਰਦੇ ਸੁਣਦੇ ਅਤੇ ਨਿਮਰਤਾ ਪ੍ਰਦਰਸ਼ਿਤ ਕਰਦੇ ਹੋਏ ਦੇਖਦੇ ਹਨ ਤਾਂ ਇਹ ਆਸਥਾ ਨੂੰ ਆਮ ਬਣਾਉਂਦਾ ਹੈ ਨਾ ਕਿ ਇਸ ਨੂੰ ਲੁਕਾਉਣ ਜਾਂ ਸ਼ਰਮਿੰਦਗੀ ਮਹਿਸੂਸ ਕਰਨ ਵਾਲੀ ਚੀਜ਼ ਬਣਾਉਂਦਾ ਹੈ।
ਇਨ੍ਹਾਂ ਯਾਤਰਾਵਾਂ ਨੇ ਮੰਦਰਾਂ ਨੂੰ ਸਿਰਫ ਸੈਰ-ਸਪਾਟਾ ਸਥਲ ਨਹੀਂ ਸਗੋਂ ਪਵਿੱਤਰ ਅਤੇ ਜੀਵੰਤ ਸਥਾਨ ਦੇ ਰੂਪ ’ਚ ਫਿਰ ਤੋਂ ਸਥਾਪਤ ਕਰਨ ’ਚ ਮਦਦ ਕੀਤੀ ਹੈ। ਮੰਦਰ ਦੇ ਗਲਿਆਰਿਆਂ ਅਤੇ ਆਸ-ਪਾਸ ਦੇ ਖੇਤਰਾਂ ਦੇ ਨਵੀਨੀਕਰਨ ਅਤੇ ਪੁਨਰ ਨਿਰਮਾਣ ਨਾਲ ਉਹ ਜ਼ਿਆਦਾ ਸਵੱਛ, ਸੁਰੱਖਿਅਤ ਅਤੇ ਸੁਲੱਭ ਹੋ ਗਏ ਹਨ। ਇਸ ਨਾਲ ਪਰਿਵਾਰਾਂ ਨੂੰ ਮਿਲ ਕੇ ਦਰਸ਼ਨ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜਿਸ ਨਾਲ ਬੱਚੇ ਸਵਾਲ ਪੁੱਛ ਸਕਦੇ ਹਨ, ਪਰੰਪਰਾਵਾਂ ਨੂੰ ਦੇਖ ਸਕਦੇ ਹਨ ਅਤੇ ਆਪਣੀ ਵਿਰਾਸਤ ਨਾਲ ਜੁੜ ਸਕਦੇ ਹਨ। ਕਈ ਨੌਜਵਾਨਾਂ ਲਈ ਜਿਨ੍ਹਾਂ ਨੇ ਸਿਰਫ ਆਪਣੇ ਦਾਦਾ-ਦਾਦੀ ਤੋਂ ਮੰਦਰਾਂ ਦੀਆਂ ਕਹਾਣੀਆਂ ਸੁਣੀਆਂ ਹਨ, ਹੁਣ ਇਹ ਸਥਾਨ ਅਸਲ ਅਤੇ ਪ੍ਰਾਸੰਗਿਕ ਲੱਗਦੇ ਹਨ।
ਐਤਵਾਰ ਦੀ ਸਵੇਰੇ ਟੀ. ਵੀ. ਦੇ ਸਾਹਮਣੇ ਬੈਠੇ ਬੱਚਿਆਂ ’ਤੇ ਮਹਾਭਾਰਤ ਅਤੇ ਰਾਮਾਇਣ ਦੇਖਣ ਵਾਲਿਆਂ ਦਾ ਡੂੰਘਾ ਪ੍ਰਭਾਵ ਪਿਆ। ਇਨ੍ਹਾਂ ਸਭ ’ਚ ਮੀਡੀਆ ਦੀ ਵੱਡੀ ਭੂਮਿਕਾ ਹੈ। ਇਹ ਇਕ ਤਰ੍ਹਾਂ ਦੀ ਪਿਕਨਿਕ ਦਾ ਸਮਾਂ ਹੈ, ਇਕ ਅਧਿਆਤਮਿਕ ਹਿੰਮਤੀ ਯਾਤਰਾ ਦਾ ਸਮਾਂ ਵੀ ਹੈ। ਮੇਰਾ ਆਪਣਾ ਤਿੰਨ ਸਾਲ ਦਾ ਪੋਤਾ ਹਨੂੰਮਾਨ ਚਾਲੀਸਾ ਦਾ ਪਾਠ ਪੂਰੀ ਤਰ੍ਹਾਂ ਨਾਲ ਕਰ ਸਕਦਾ ਹੈ ਅਤੇ ਇਨ੍ਹਾਂ ਸਭ ਤੋਂ ਪ੍ਰੇਰਿਤ ਹੋ ਕੇ ਕਈ ਮੰਤਰਾਂ ਦਾ ਪਾਠ ਬਿਨਾਂ ਦੇਖੇ ਕਰ ਸਕਦਾ ਹੈ। ਇਹ ਸਾਡੀ ਸ਼ਿਲਪ ਕੌਸ਼ਲ ਨੂੰ ਵੀ ਇਕ ਸ਼ਰਧਾਂਜਲੀ ਹੈ।
ਭਾਰਤ ’ਚ ਦੇਵੀ-ਦੇਵਤਿਆਂ ਦੀ ਭਿੰਨਤਾ ਨੌਜਵਾਨਾਂ ਲਈ ਇਕ ਹਰ ਮਹੱਤਵਪੂਰਨ ਸਿੱਖਿਆ ਹੈ। ਸ਼ਿਵ ਅਤੇ ਵਿਸ਼ਨੂੰ ਤੋਂ ਲੈ ਕੇ ਦੇਵੀ, ਹਨੂੰਮਾਨ, ਗਣੇਸ਼, ਮੁਰੂਗਨ, ਜਗਨਨਾਥ ਅਤੇ ਅਣਗਿਣਤ ਸਥਾਨਕ ਦੇਵੀ-ਦੇਵਤਿਆਂ ਤੱਕ, ਹਰੇਕ ਜੀਵਨ ਦੇ ਇਕ ਵੱਖਰੇ ਮੁੱਲ ਜਾਂ ਪਹਿਲੂ ਦੀ ਪ੍ਰਤੀਨਿਧਤਾ ਕਰਦੇ ਹਨ। ਸ਼ਕਤੀ, ਗਿਆਨ, ਸੁਰੱਖਿਆ, ਵਿੱਦਿਆ, ਸੰਤੁਲਨ ਅਤੇ ਦਿਆ, ਇਹ ਸਭ ਇਨ੍ਹਾਂ ਰੂਪਾਂ ’ਚ ਜ਼ਾਹਿਰ ਹੁੰਦੇ ਹਨ। ਇਸ ਭਿੰਨਤਾ ਨਾਲ ਪਰਿਚੈ ਸਾਨੂੰ ਸਵੀਕ੍ਰਿਤੀ ਅਤੇ ਸਨਮਾਨ ਸਿਖਾਉਂਦਾ ਹੈ, ਇਹ ਦਰਸਾਉਂਦਾ ਹੈ ਕਿ ਭਾਰਤੀ ਧਰਮ ਨੇ ਹਮੇਸ਼ਾ ਹੋਰ ਰਸਤਿਆਂ, ਵਿਚਾਰਾਂ ਅਤੇ ਪ੍ਰਗਟਾਵਿਆਂ ਦੀ ਇਜਾਜ਼ਤ ਦਿੱਤੀ ਹੈ।
ਅਜਿਹੇ ਸਮੇਂ ’ਚ ਜਦੋਂ ਕਈ ਨੌਜਵਾਨ ਮਨ ਗੁਆਚਿਆ ਹੋਇਆ, ਤਣਾਅਗ੍ਰਸਤ ਅਤੇ ਭ੍ਰਮਿਤ ਮਹਿਸੂਸ ਕਰਦੇ ਹਨ, ਆਸਥਾ ਸ਼ਾਂਤੀ ਤੇ ਮਾਗਰਦਰਸ਼ਨ ਪ੍ਰਦਾਨ ਕਰ ਸਕਦੀ ਹੈ। ਇਸ ਦਾ ਅਰਥ ਅੰਧਵਿਸ਼ਵਾਸ ਨਹੀਂ ਹੈ। ਇਸ ਦਾ ਅਰਥ ਹੈ ਇਕ ਅਜਿਹਾ ਸਥਾਨ ਜਿੱਥੇ ਰੁਕ ਕੇ ਚਿੰਤਨ ਕੀਤਾ ਜਾ ਸਕੇ ਅਤੇ ਖੁਦ ਤੋਂ ਪਰ੍ਹੇ ਕਿਸੇ ਸ਼ਕਤੀ ਨਾਲ ਜੁੜਾਅ ਮਹਿਸੂਸ ਕੀਤਾ ਜਾ ਸਕੇ।
ਮੰਦਰ ਉਹ ਸਥਾਨ ਪ੍ਰਦਾਨ ਕਰਦੇ ਹਨ। ਇਨ੍ਹਾਂ ਸਥਾਨਾਂ ਪ੍ਰਤੀ ਪ੍ਰਧਾਨ ਮੰਤਰੀ ਦਾ ਸਪੱਸ਼ਟ ਸਨਮਾਨ ਨੌਜਵਾਨਾਂ ਨੂੰ ਇਨ੍ਹਾਂ ਨੂੰ ਸਿਰਫ ਧਾਰਮਿਕ ਸਥਾਨਾਂ ਦੇ ਰੂਪ ’ਚ ਹੀ ਨਹੀਂ, ਸਗੋਂ ਸ਼ਾਂਤੀ ਅਤੇ ਆਤਮ-ਬੋਧ ਦੇ ਸਥਾਨਾਂ ਦੇ ਰੂਪ ’ਚ ਵੀ ਦੇਖਣ ਲਈ ਉਤਸ਼ਾਹਿਤ ਕਰਦਾ ਹੈ।
ਆਲੋਚਕ ਬੇਸ਼ੱਕ ਇਹ ਤਰਕ ਦੇਣ ਕਿ ਧਰਮ ਨਿੱਜੀ ਮਾਮਲਾ ਹੋਣਾ ਚਾਹੀਦਾ ਹੈ, ਪਰ ਸੰਸਕ੍ਰਿਤੀ ਨੂੰ ਜਨਤਕ ਜੀਵਨ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਜਦੋਂ ਆਸਥਾ ਦੀ ਸਨਮਾਨਪੂਰਵਕ ਪਾਲਣਾ ਕੀਤੀ ਜਾਂਦੀ ਹੈ, ਤਾਂ ਉਹ ਵੰਡਕਾਰੀ ਨਹੀਂ ਸਗੋਂ ਏਕਤਾ ਦੀ ਸ਼ਕਤੀ ਬਣ ਜਾਂਦੀ ਹੈ। ਭਾਰਤ ਦੇ ਮੰਦਰ ਉਸ ਦੇ ਇਤਿਹਾਸ, ਕਲਾ, ਵਾਸਤੂਕਲਾ ਅਤੇ ਦਰਸ਼ਨ ਦਾ ਅਟੁੱਟ ਅੰਗ ਹਨ। ਨੌਜਵਾਨਾਂ ਨੂੰ ਇਨ੍ਹਾਂ ਸਥਲਾਂ ਨਾਲ ਮੁੜ ਜਾਣੂ ਕਰਵਾਉਣਾ ਸੰਸਾਰਕ ਜਗਤ ’ਚ ਸੰਸਕ੍ਰਿਤਿਕ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦੌਰੇ ਨੌਜਵਾਨ ਭਾਰਤੀਆਂ ਨੂੰ ਯਾਦ ਦਿਵਾਉਂਦੇ ਹਨ ਕਿ ਤਰੱਕੀ ਦਾ ਮਤਲਬ ਆਪਣੀ ਪਛਾਣ ਨੂੰ ਭੁੱਲਣਾ ਨਹੀਂ ਹੈ। ਟੈਕਨਾਲੋਜੀ, ਸਿੱਖਿਆ ਅਤੇ ਆਰਥਿਕ ਵਿਕਾਸ ਜ਼ਰੂਰੀ ਹਨ, ਪਰ ਕਦਰਾਂ-ਕੀਮਤਾਂ ਦੇ ਬਿਨਾਂ ਇਹ ਪੂਰਨ ਨਹੀਂ ਹਨ, ਆਪਣੀਆਂ ਜੜ੍ਹਾਂ ਨੂੰ ਜਾਣਨ ਵਾਲੀ ਪੀੜ੍ਹੀ ਵਿਸ਼ਵ ਮੰਚ ’ਤੇ ਜ਼ਿਆਦਾ ਮਜ਼ਬੂਤ ਅਤੇ ਆਤਮਵਿਸ਼ਵਾਸੀ ਹੋ ਕੇ ਖੜ੍ਹੀ ਹੁੰਦੀ ਹੈ।
ਇਸ ਲਈ ਪ੍ਰਧਾਨ ਮੰਤਰੀ ਦੀਆਂ ਮੰਦਰ ਯਾਤਰਾਵਾਂ ਸਿਰਫ ਅਨੁਸ਼ਠਾਨਾਂ ਜਾਂ ਤਸਵੀਰਾਂ ਤੱਕ ਸੀਮਤ ਨਹੀਂ ਹਨ, ਇਹ ਮਾਣ ਨੂੰ ਬਹਾਲ ਕਰਨ, ਸੰਸਕਾਰਾਂ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੱਭਿਅਤਾ ਨਾਲ ਦੁਬਾਰਾ ਜੋੜਨ ਬਾਰੇ ਹਨ।
ਮੰਦਰਾਂ ਅਤੇ ਪਰੰਪਰਾਵਾਂ ਰਾਹੀਂ, ਨੌਜਵਾਨ ਸੰਤੁਲਨ, ਨਿਮਰਤਾ ਅਤੇ ਉਦੇਸ਼ ਵਰਗੇ ਗੁਣਾਂ ਨੂੰ ਵੀ ਮੁੜ ਖੋਜ ਸਕਦੇ ਹਨ-ਇਹ ਉਹ ਗੁਣ ਹਨ, ਜਿਨ੍ਹਾਂ ਦੀ ਭਾਰਤ ਨੂੰ ਅੱਗੇ ਵਧਣ ਲਈ ਲੋੜ ਹੈ।
ਜਦੋਂ ਤੁਸੀਂ ਟੈਲੀਵਿਜ਼ਨ ’ਤੇ ਪ੍ਰਧਾਨ ਮੰਤਰੀ ਨੂੰ ਆਪਣੇ ਮਾਤਾ ਦੇ ਪੈਰ ਧੋਂਦੇ ਹੋਏ, ਉਨ੍ਹਾਂ ਨੂੰ ਭੋਜਨ ਕਰਾਉਂਦੇ ਹੋਏ ਅਤੇ ਮਾਤਾ ਦੇ ਦੁਖਦਾਈ ਦਿਹਾਂਤ ’ਤੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਤੋਂ ਬਾਅਦ ਸੋਗ ਮਨਾਉਣ ਲਈ ਇਕ ਦਿਨ ਦੀ ਵੀ ਛੁੱਟੀ ਨਾ ਲੈਂਦੇ ਹੋਏ ਦੇਖਦੇ ਹੋ, ਤਾਂ ਇਹ ਉਨ੍ਹਾਂ ਦੀ ਨਿਮਰਤਾ ਅਤੇ ਰਾਸ਼ਟਰ ਪ੍ਰਤੀ ਫਰਜ਼ ਪਾਲਣਾ ਨੂੰ ਦਰਸਾਉਂਦਾ ਹੈ। ਇਹੀ ਗੱਲ ਇਸ ਦੇਸ਼ ਦੇ ਨੌਜਵਾਨਾਂ ਨੂੰ ਸਿੱਖਣੀ ਚਾਹੀਦੀ ਹੈ।
ਦੇਵੀ ਐੱਮ. ਚੇਰੀਅਨ
