ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ’ਚ ਖਿੱਚੋਤਾਣ
Saturday, Jan 10, 2026 - 03:25 PM (IST)
–ਰਾਹਿਲ ਨੌਰਾ ਚੋਪੜਾ
ਕੋਲਕਾਤਾ ’ਚ ਪਾਲੀਟੀਕਲ ਕੰਸਲਟੈਂਸੀ ਫਰਮ ਆਈ-ਪੈਕ ਅਤੇ ਉਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਆਫਿਸ ’ਤੇ ਮਨੀ ਲਾਂਡਰਿੰਗ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ ਨਾਲ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਖਿੱਚੋਤਾਣ ਹੋਰ ਵਧ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਨ੍ਹਾਂ ਛਾਪਿਆਂ ਨੂੰ ਸਿਆਸੀ ਬਦਲਾ ਦੱਸਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਈ-ਪੈਕ ’ਤੇ ਈ. ਡੀ. ਤੋਂ ਛਾਪਾ ਮਰਵਾਇਆ, ਜਿਸ ਤੋਂ ਤ੍ਰਿਣਮੂਲ ਕਾਂਗਰਸ ਪਾਲੀਟੀਕਲ ਕੰਸਲਟੈਂਸੀ ਲੈਂਦੀ ਹੈ, ਤਾਂ ਕਿ ਆਉਣ ਵਾਲੀਆਂ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੇ ਕਦਮਾਂ ਅਤੇ ਸਟ੍ਰੈਟੇਜੀ ਬਾਰੇ ਜਾਣਕਾਰੀ ਮਿਲ ਸਕੇ। ਕਾਂਗਰਸ ਅਤੇ ‘ਆਪ’ ਨੇ ਟੀ. ਐੱਮ. ਸੀ. ਦਾ ਸਮਰਥਨ ਕੀਤਾ।
ਉਥੇ ਹੀ ਭਾਜਪਾ ਨੇ ਟੀ. ਐੱਮ. ਸੀ. ਸੁਪਰੀਮੋ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ’ਤੇ ਕੇਂਦਰੀ ਏਜੰਸੀ ਦੀ ਚੱਲ ਰਹੀ ਜਾਂਚ ’ਚ ਦਖਲ ਦੇਣ ਦਾ ਦੋਸ਼ ਲਗਾਇਆ। ਦੂਜੇ ਪਾਸੇ ਡੇਰੇਕ ਓ’ਬ੍ਰਾਇਨ ਦੀ ਅਗਵਾਈ ’ਚ ਟੀ. ਐੱਮ. ਸੀ. ਸੰਸਦ ਮੈਂਬਰਾਂ ਨੇ ਕੋਲਕਾਤਾ ’ਚ ਈ. ਡੀ. ਦੀ ਹਾਲੀਆ ਕਾਰਵਾਈ ਵਿਰੁੱਧ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਅਚਾਨਕ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ ਨੇ ਨਾਅਰੇ ਲਗਾਉਂਦੇ ਹੋਏ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਕੇਂਦਰ ’ਤੇ ਵਿਰੋਧੀ ਪਾਰਟੀਆਂ ਨੂੰ ਟਾਰਗੈੱਟ ਕਰਨ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਾਇਆ।
ਵਿਰੋਧ ਪ੍ਰਦਰਸ਼ਨ ’ਚ ਮਹੂਆ ਮੋਇਤਰਾ, ਡੇਰੇਕ ਓ’ਬ੍ਰਾਇਨ, ਸ਼ਤਾਬਦੀ ਰਾਏ, ਬਾਪੀ ਹਲਦਰ, ਸਾਕੇਤ ਗੋਖਲੇ, ਪ੍ਰਤਿਮਾ ਮੰਡਲ, ਕੀਰਤੀ ਆਜ਼ਾਦ ਅਤੇ ਡਾ. ਸ਼ਰਮੀਲਾ ਸਰਕਾਰ ਮੌਜੂਦ ਸਨ। ਸਾਈਟ ਤੋਂ ਪ੍ਰਾਪਤ ਵਿਜ਼ੂਅਲ ਵਿਚ ਸੰਸਦ ਮੈਂਬਰਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਦਿਖਾਈਆਂ ਜਿਨ੍ਹਾਂ ’ਤੇ ਲਿਖਿਆ ਸੀ, ‘‘ਬੰਗਾਲ ਮੋਦੀ-ਸ਼ਾਹ ਦੀ ਗੰਦੀ ਰਾਜਨੀਤੀ ਨੂੰ ਰੱਦ ਕਰਦਾ ਹੈ।’’ ਹਾਲਾਂਕਿ, ਈ. ਡੀ. ਨੇ ਕਿਹਾ ਕਿ ਛਾਪੇਮਾਰੀ ਕੋਲਾ ਸਮੱਗਲਿੰਗ ਤੋਂ ਪੈਸਾ ਕਮਾਉਣ ਵਿਚ ਕਥਿਤ ਤੌਰ ’ਤੇ ਸ਼ਾਮਲ ਵਿਅਕਤੀਆਂ ਦੀ ਜਾਂਚ ਦਾ ਹਿੱਸਾ ਸੀ।
ਆਸਾਮ ਲਈ ਕਾਂਗਰਸ ਆਬਜ਼ਰਵਰ
ਕਾਂਗਰਸ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ, ਛੱਤੀਸਗੜ੍ਹ ਦੇ ਸਾਬਕਾ ਸੀ. ਐੱਮ. ਭੁਪੇਸ਼ ਬਘੇਲ ਅਤੇ ਝਾਰਖੰਡ ਦੇ ਸਾਬਕਾ ਵਿਧਾਇਕ ਬੰਧੂ ਤਿਰਕੀ ਨੂੰ ਆਉਣ ਵਾਲੀਆਂ ਆਸਾਮ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਹੈ। ਬੈਂਗਲੁਰੂ ’ਚ ਪ੍ਰੈੱਸ ਨਾਲ ਗੱਲ ਕਰਦੇ ਹੋਏ, ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਪਾਰਟੀ ਲੀਡਰਸ਼ਿਪ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਦੇ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ। ਇਹ ਨਿਯੁਕਤੀਆਂ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਆਸਾਮ ਲਈ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਬਣਾਏ ਜਾਣ ਤੋਂ ਠੀਕ ਬਾਅਦ ਹੋਈਆਂ ਹਨ।
ਸ਼ਿਵਕੁਮਾਰ, ਬਘੇਲ ਅਤੇ ਤਿਰਕੀ ਨੂੰ ਵਾਡਰਾ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਐਲਾਨ ਦੇ ਨਾਲ, ਪਾਰਟੀ ਹਾਈਕਮਾਨ ਨੇ ਸਾਫ ਸੰਕੇਤ ਦਿੱਤਾ ਹੈ ਕਿ ਉਹ ਸੂਬੇ ’ਚ ਲੀਡਰਸ਼ਿਪ ਤਬਦੀਲੀ ਦੇ ਮੁੱਦੇ ਨੂੰ ਉਠਾਉਣ ਦੇ ਮੂਡ ’ਚ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਹਾਈਕਮਾਨ ਅਹਿੰਦਾ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕੇਰਲ ’ਚ ਕੈਂਪੇਨਿੰਗ ’ਚ ਮੁੱਖ ਮੰਤਰੀ ਸਿੱਧਰਮਈਆ ਨੂੰ ਵੀ ਸ਼ਾਮਲ ਕਰ ਰਿਹਾ ਹੈ। ਹੁਣ ਸੀਨੀਅਰ ਆਬਜ਼ਰਵਰ ਮੌਜੂਦ ਹਨ ਅਤੇ ਅਲਾਇੰਸ ਦੀ ਗੱਲਬਾਤ ਚੱਲ ਰਹੀ ਹੈ, ਇਸ ਲਈ ਉਮੀਦ ਹੈ ਕਿ ਕਾਂਗਰਸ ਆਸਾਮ ’ਚ ਆਪਣੀ ਪ੍ਰਚਾਰ ਯੋਜਨਾ ਅਤੇ ਕੋਆਰਡੀਨੇਸ਼ਨ ਨੂੰ ਵਧਾਏਗੀ ਕਿਉਂਕਿ ਰਾਜ ਇਕ ਹਾਈ-ਸਟੇਕ ਚੋਣ ਮੁਕਾਬਲੇ ਵੱਲ ਵਧ ਰਿਹਾ ਹੈ।
ਭਾਜਪਾ-ਅੰਨਾਦ੍ਰਮੁਕ ’ਚ ਗੱਲਬਾਤ ਬੇਨਤੀਜਾ
ਇਕ ਅਹਿਮ ਘਟਨਾਚੱਕਰ ’ਚ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਮਿਲਨਾਡੂ ’ਚ ਪਾਵਰ ਸ਼ੇਅਰਿੰਗ ਦੀ ਆਧਾਰਿਤ ਮੰਗ ਕੀਤੀ ਹੈ ਅਤੇ ਗੱਠਜੋੜ ਦੀ ਜਿੱਤ ਦੀ ਸਥਿਤੀ ’ਚ ਕੈਬਨਿਟ ’ਚ ਪ੍ਰਤੀਨਿਧਤਾ ਦੀ ਮੰਗ ਕੀਤੀ ਹੈ। ਅੰਨਾਦ੍ਰਮੁਕ ਜਨਰਲ ਸਕੱਤਰ ਏਡਾਪੱਡੀ ਕੇ. ਪਲਾਨੀਸਾਮੀ (ਈ. ਪੀ. ਐੱਸ.) ਨਾਲ ਬੈਠਕ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੇ ਸ਼ਾਨਦਾਰ 11 ਫੀਸਦੀ ਵੋਟ ਸ਼ੇਅਰ ਦਾ ਹਵਾਲਾ ਦੇ ਕੇ ਅਸੈਂਬਲੀ ਸੀਟਾਂ ’ਚ ਜ਼ਿਆਦਾ ਹਿੱਸਾ ਮੰਗਿਆ, ਜਦੋਂ ਉਸ ਨੇ ਖੁਦ ਗੱਠਜੋੜ ਬਣਾਇਆ ਸੀ। ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਓ. ਪਨੀਰਸੇਲਵਮ ਅਤੇ ਟੀ. ਟੀ. ਵੀ. ਦਿਨਾਕਰ ਨੂੰ ਵੀ ਐੱਨ. ਡੀ. ਏ. ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਭਾਜਪਾ ਨੂੰ ਮਿਲਣ ਵਾਲੀਆਂ 56 ਸੀਟਾਂ ’ਚੋਂ ਸੀਟਾਂ ਸ਼ੇਅਰ ਕੀਤੀਆਂ ਜਾਣਗੀਆਂ। ਅੰਨਾਦ੍ਰਮੁਕ ਦੇ ਅੰਦਰ ਦੇ ਲੋਕਾਂ ਮੁਤਾਬਕ, ਪਲਾਨੀਸਵਾਮੀ ਨੇ ਇਨ੍ਹਾਂ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਅਤੇ ਦਿੱਲੀ ’ਚ ਸੀਟ ਸ਼ੇਅਰਿੰਗ ’ਤੇ ਸ਼ਾਹ ਦੇ ਨਾਲ ਗੱਲਬਾਤ ਬੇਨਤੀਜਾ ਰਹੀ। ਹਾਲਾਂਕਿ, ਪਲਾਨੀਸਵਾਮੀ ਨੇ ਦੁਹਰਾਇਆ ਕਿ ਬਾਗੀ ਨੇਤਾ ਪਨੀਰਸੇਲਵਮ ਅਤੇ ਵੀ. ਕੇ. ਸ਼ਸ਼ੀਕਲਾ ਨੂੰ ਪਾਰਟੀ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਪੱਛਮੀ ਬੰਗਾਲ ’ਚ ਭਾਜਪਾ ਦੀ ਸੂਬਾਈ ਕਮੇਟੀ
2026 ਦੀਆਂ ਵਿਧਾਨ ਸਭਾ ਚੋਣਾਂ ਦੇ ਕਰੀਬ ਆਉਣ ਦੇ ਨਾਲ, ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਆਪਣੀ ਲੰਬੇ ਸਮੇਂ ਨਾਲ ਟਲ ਰਹੀ ਸੂਬਾਈ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਵੱਡੇ ਮੁਕਾਬਲੇ ਤੋਂ ਪਹਿਲਾਂ ਪਾਰਟੀ ’ਚ ਜੋਸ਼ ਭਰਨ ਦੇ ਮਕਸਦ ਨਾਲ ਆਰਗੇਨਾਈਜ਼ੇਸ਼ਨ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ਨਵੀ ਬਣੀ ਸਟੇਟ ਕਮੇਟੀ ਭਾਜਪਾ ਦੇ ਪੁਰਾਣੇ ਨੇਤਾ ਸ਼ਮਿਕ ਭੱਟਾਚਾਰੀਆ ਦੀ ਅਗਵਾਈ ’ਚ ਬਣਾਈ ਗਈ ਹੈ, ਜਿਨ੍ਹਾਂ ਨੂੰ ਹਾਲ ਹੀ ’ਚ ਨਵਾਂ ਸੁੂਬਾਈ ਪ੍ਰਧਾਨ ਚੁਣਿਆ ਗਿਆ ਸੀ। ਇਸ ਬਦਲਾਅ ਤਹਿਤ 12 ਨੇਤਾਵਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਸੂਚੀ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ੀਥ ਪ੍ਰਮਾਣਿਕ, ਸੰਸਦ ਮੈਂਬਰ ਮਨੋਜ ਤਿੱਗਾ ਅਤੇ ਵਿਧਾਇਕ ਅਗਨੀਮਿਤਰਾ ਪਾਲ ਸ਼ਾਮਲ ਹਨ। ਤ੍ਰਿਣਮੂਲ ਕਾਂਗਰਸ ਤੋਂ ਆਏ ਤਪਸ ਰਾਏ ਨੂੰ ਮੀਤ ਪ੍ਰਧਾਨ ਬਣਾਇਆ ਗਿਗਆ ਹੈ, ਜਦਕਿ ਰਾਜੂ ਬੰਦੋਪਾਧਿਆਏ ਜਿਨ੍ਹਾਂ ਨੇ ਪਹਿਲਾਂ ਪਾਰਟੀ ’ਚ ਦੂਜੇ ਦਰਜੇ ਦਾ ਵਤੀਰਾ ਹੋਣ ਦੀ ਸ਼ਿਕਾਇਤ ਕੀਤੀ ਸੀ, ਨੂੰ ਵੀ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।
ਹਾਲਾਂਕਿ, ਜੋ ਨਾਂ ਗਾਇਬ ਸਨ, ਉਨ੍ਹਾਂ ’ਚੋਂ ਸਾਬਕਾ ਸੂਬਾਈ ਪ੍ਰਧਾਨ ਦਿਲੀਪ ਘੋਸ਼, ਬੰਗਾਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੁ ਅਧਿਕਾਰੀ ਅਤੇ ਸਾਬਕਾ ਸੂਬਾਈ ਭਾਜਪਾ ਮੁਖੀ ਸੁਕਾਂਤ ਮਜੂਮਦਾਰ ਸ਼ਾਮਲ ਸਨ। ਦਿਲੀਪ ਘੋਸ਼ ਨੂੰ ਸ਼ਾਮਲ ਨਾ ਕਰਨ ’ਤੇ ਖਾਸ ਤੌਰ ’ਤੇ ਧਿਆਨ ਗਿਆ ਹੈ। ਖਾਸ ਕਰਕੇ ਇਸ ਲਈ, ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ’ਚ ਉਨ੍ਹਾਂ ਨੂੰ ਰਾਜ ਦੇ ਆਪਣੇ ਦੌਰੇ ਦੌਰਾਨ ਵੱਧ ਅਸਰਦਾਰ ਭੂਮਿਕਾ ਨਿਭਾਉਣ ਨੂੰ ਕਿਹਾ ਸੀ। ਸ਼ਾਹ ਦੀਆਂ ਗੱਲਾਂ ਤੋਂ ਬਾਅਦ ਘੋਸ਼ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ, ਜਿਸ ਨਾਲ ਨਵੀਂ ਕਮੇਟੀ ’ਚੋਂ ਉਨ੍ਹਾਂ ਦਾ ਬਾਹਰ ਹੋਣਾ ਪਾਰਟੀ ਹਲਕਿਆਂ ’ਚ ਬਹਿਸ ਦਾ ਮੁੱਦਾ ਬਣ ਗਿਆ।
