‘ਹਰ ਵਾਰ ਖੋਖਲੀਆਂ ਸਾਬਿਤ ਹੋਈਆਂ’ ‘ਪੰਨੂ’ ਦੀਆਂ ਭਾਰਤ ਨੂੰ ਦਿੱਤੀਆਂ ਗਈਆਂ ਧਮਕੀਆਂ!
Wednesday, Sep 24, 2025 - 07:41 AM (IST)

ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਸੰਸਥਾਪਕ ‘ਗੁਰਪਤਵੰਤ ਸਿੰਘ ਪੰਨੂ’ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ। ਉਹ ਅਮਰੀਕਾ ਵਿਚ ਵਕੀਲ ਹੈ ਅਤੇ ਉਸ ਦਾ ਇਹ ਸੰਗਠਨ ਅਮਰੀਕਾ ਤੋਂ ਖਾਲਿਸਤਾਨ ਦਾ ਸਮਰਥਨ ਕਰਨ ਵਾਲੀਆਂ ਸਰਗਰਮੀਆਂ ਚਲਾਉਂਦਾ ਆ ਰਿਹਾ ਹੈ।
‘ਕਿਸਾਨ ਅੰਦੋਲਨ’ ਦੇ ਸਮੇਂ ‘ਗੁਰਪਤਵੰਤ ਸਿੰਘ ਪੰਨੂ’ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੀ ਰੈਲੀ ਦੇ ਬਾਅਦ ‘ਸਿੱਖਸ ਫਾਰ ਜਸਟਿਸ’ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ’ਚ 10 ਲੱਖ ਅਮਰੀਕੀ ਡਾਲਰ ਭਾਵ ਲੱਗਭਗ 7.5 ਕਰੋੜ ਰੁਪਏ ਵੰਡਣੇ ਸ਼ੁਰੂ ਕਰੇਗਾ। ਉਸ ਨੇ ਕਿਹਾ ‘ਲਾਲ ਝੰਡੇ’ ਦੀ ਥਾਂ ‘ਖਾਲਿਸਤਾਨੀ ਝੰਡਾ’ ਚੁੱਕੋ।
‘ਗੁਰਪਤਵੰਤ ਸਿੰਘ ਪੰਨੂ’ ਨੇ ਮਹਾਕੁੰਭ-2025 ਵਿਚ ਅੜਿੱਕਾ ਪਾਉਣ ਲਈ ਵੀ ਕੰਪੇਨ ਸ਼ੁਰੂ ਕੀਤੀ ਸੀ। ਹਿੰਦੂਤਵ ਦੇ ਵਿਰੋਧ ਦੀ ਆੜ ਵਿਚ ਪੰਨੂ ਭਾਰਤ ਦੀ ਏਕਤਾ, ਅਖੰਡਤਾ ਦੇ ਵਿਰੁੱਧ ਜੰਗ ਛੇੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਭਾਰਤ ਵਿਚ ਡਰ ਫੈਲਾਉਣ ਲਈ ਧਮਕੀਆਂ ਦਿੰਦਾ ਰਹਿੰਦਾ ਹੈ, ਜਿਨ੍ਹਾਂ ਵਿਚੋਂ ਕੁਝ ਹੇਠਾਂ ਦਰਜ ਹਨ :
* ‘ਗੁਰਪਤਵੰਤ ਸਿੰਘ ਪੰਨੂ’ ਨੇ 2023 ਵਿਚ 13 ਦਸੰਬਰ ਨੂੰ ਸੰਸਦ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ।
* 17 ਸਤੰਬਰ, 2024 ਨੂੰ ਪੰਨੂ ਨੇ ਦੀਵਾਲੀ ’ਤੇ ‘ਅਯੁੱਧਿਆ’ ਤੋਂ ‘ਹਰਿਦੁਆਰ’ ਤਕ 26 ਲੱਖ ਦੀਵਿਆਂ ਨਾਲ ਹੋਣ ਵਾਲੀ ਰੌਸ਼ਨੀ ਨੂੰ ਹਨੇਰੇ ਵਿਚ ਬਦਲਣ ਦੀ ਧਮਕੀ ਦਿੱਤੀ ਸੀ।
* 1 ਮਈ, 2025 ਨੂੰ ‘ਪੰਨੂ’ ਨੇ ਪਾਕਿਸਤਾਨ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਜੰਗ ਵਿਚ ਉਸ ਦਾ ਸਾਥ ਦੇਣ ਦੀ ਗੱਲ ਕਹੀ ਅਤੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਨੇ ਪਾਕਿਸਤਾਨ ’ਤੇ ਹਮਲਾ ਕੀਤਾ ਤਾਂ ਨਤੀਜੇ ਤਬਾਹਕੁੰਨ ਹੋਣਗੇ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵੀਂ ਦਿੱਲੀ ਲਈ ਆਖਰੀ ਜੰਗ ਹੋਵੇਗੀ।
ਪੰਨੂ ਨੇ ਭਾਰਤ-ਪਾਕਿ ਵਿਚ ਕਿਸੇ ਵੀ ਜੰਗ ਨੂੰ ਪੰਜਾਬ ਦੇ ਲਈ ਭਾਰਤ ਨਾਲੋਂ ਵੱਖ ਹੋਣ ਦਾ ਇਕ ‘ਮੌਕਾ’ ਦੱਸਿਆ ਅਤੇ ਕਿਹਾ ਕਿ ਭਾਰਤ ਨੇ ਪਾਕਿਸਤਾਨ ’ਤੇ ਹਮਲਾ ਕੀਤਾ ਤਾਂ ਪੰਜਾਬ ਨੂੰ ਭਾਰਤ ਨਾਲੋੋਂ ਵੱਖ ਕਰ ਕੇ ‘ਖਾਲਿਸਤਾਨ’ ਬਣਾ ਦਿੱਤਾ ਜਾਵੇਗਾ। ਪੰਜਾਬ ਦੇ ਲੋਕ ਭਾਰਤੀ ਫੌਜ ਦੇ ਵਿਰੁੱਧ ਖੜ੍ਹੇ ਹੋਣਗੇ। ਪੂਰਾ ਸਿੱਖ ਭਾਈਚਾਰਾ ਪਾਕਿਸਤਾਨ ਦਾ ਸਮਰਥਨ ਕਰੇਗਾ ਅਤੇ ਪਾਕਿਸਤਾਨ ਦੀ ਫੌਜ ਲਈ ਲੰਗਰ ਲਗਾਏਗਾ। ਪੰਨੂ ਨੇ ਪਾਕਿਸਤਾਨ ਸਰਕਾਰ ਨੂੰ ਸੰਯੁਕਤ ਰਾਸ਼ਟਰ ਵਿਚ ‘ਖਾਲਿਸਤਾਨ’ ਦਾ ਮੁੱਦਾ ਚੁੱਕਣ ਦੀ ਅਪੀਲ ਵੀ ਕੀਤੀ।
* 7 ਅਗਸਤ, 2025 ਨੂੰ ‘ਗੁਰਪਤਵੰਤ ਸਿੰਘ ਪੰਨੂ’ ਨੇ ਪੰਜਾਬ ਦੇ ਮੁੱਖ ਮੰਤਰੀ ‘ਭਗਵੰਤ ਮਾਨ’ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ 15 ਅਗਸਤ ਨੂੰ ਭਗਵੰਤ ਮਾਨ ਉਸ ਦੇ (ਪੰਨੂ) ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹੋਣਗੇ।
* 10 ਅਗਸਤ, 2025 ਨੂੰ ‘ਪੰਨੂ’ ਨੇ ਉਨ੍ਹਾਂ ਸਿੱਖ ਫੌਜੀਆਂ ਨੂੰ 11 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ, ਜੋ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਲ ਕਿਲੇ ’ਤੇ ਤਿਰੰਗਾ ਲਹਿਰਾਉਣ ਤੋਂ ਰੋਕਣਗੇ। ‘ਪੰਨੂ’ ਦੀ ਇਸ ਧਮਕੀ ਦੇ ਸਬੰਧ ਵਿਚ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
* 12 ਅਗਸਤ, 2025 ਨੂੰ ਪੰਨੂ ਨੇ ਵੀਡੀਓ ਜਾਰੀ ਕਰ ਕੇ ਆਜ਼ਾਦੀ ਦਿਵਸ ਦੇ ਮੌਕੇ ’ਤੇ ‘ਦਿੱਲੀ’ ਜਾਣ ਵਾਲੀਆਂ ਟ੍ਰੇਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਿਦੱਤੀ।
* 15 ਅਗਸਤ, 2025 ਨੂੰ ‘ਗੁਰਪਤਵੰਤ ਸਿੰਘ ਪੰਨੂ’ ਵੱਲੋਂ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਦੇ ਬੁੱਤਾਂ ਨੂੰ ਤੋੜਨ ਦੀ ਧਮਕੀ ਦੇਣ ਦੇ ਰੋਸ ਵਜੋਂ ਅੰਬਾਲਾ ਵਿਚ ‘ਪੰਨੂ’ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਕੋਲੋਂ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ।
* ਅਤੇ ਹੁਣ 22 ਸਤੰਬਰ, 2025 ਨੂੰ ‘ਬਟਾਲਾ’ (ਪੰਜਾਬ) ਵਿਚ ਰੇਲਵੇ ਸਟੇਸ਼ਨ ’ਤੇ ਕੁਝ ਸਮਾਜ ਵਿਰੋਧੀ ਤੱਤਾਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਪੰਜਾਬ ਵਿਚ ਰਹਿੰਦੇ ਸਾਰੇ ਹਿੰਦੂ ਲੋਕੋ ਪੰਜਾਬ ਛੱਡੋ’ ਦੇ ਨਾਅਰੇ ਲਿਖੇ ਮਿਲੇ।
ਇਸ ਦੀ ਜ਼ਿੰਮੇਵਾਰੀ ‘ਗੁਰਪਤਵੰਤ ਸਿੰਘ ਪੰਨੂ’ ਨੇ ਲੈਂਦੇ ਹੋਏ ਕਿਹਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਇਥੇ ਰਹਿਣ ਵਾਲੇ ਸਾਰੇ ਹਿੰਦੂ 19 ਅਕਤੂਬਰ ਤਕ ‘ਪੰਜਾਬ’ ਛੱਡ ਕੇ ‘ਅਯੁੱਧਿਆ’ ਚਲੇ ਜਾਣ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੰਨੂ ਦੀ ਇਹ ਧਮਕੀ ਹਿੰਦੂਆਂ-ਸਿੱਖਾਂ ਵਿਚ ਫੁੱਟ ਪਾਉਣ ਦੀ ਸਾਜ਼ਿਸ਼ ਮੰਨੀ ਜਾ ਰਹੀ ਹੈ।
ਦਰਅਸਲ ਕੈਨੇਡਾ ਵਿਚ ‘ਜਸਟਿਨ ਟਰੂਡੋ’ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਉਥੇ ਖਾਲਿਸਤਾਨ ਸਮਰਥਕਾਂ ਨੂੰ ਕਾਫੀ ਸ਼ਹਿ ਮਿਲੀ ਹੋਈ ਸੀ ਅਤੇ ਕੈਨੇਡਾ ਭਾਰਤ ਵਿਰੋਧੀ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ ਪਰ ‘ਮਾਰਕ ਕਾਰਨੀ’ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਭਾਰਤ ਅਤੇ ਕੈਨੇਡਾ ਵਿਚ ਸਬੰਧ ਸੁਧਰਨ ਦਾ ਸਿਲਸਿਲਾ ਸ਼ੁਰੂ ਹੋਇਆ ਹੈ।
ਹਾਲ ਹੀ ਵਿਚ ਭਾਰਤ ਦੇ ਸੁਰੱਖਿਆ ਸਲਾਹਕਾਰ ‘ਅਜੀਤ ਡੋਭਾਲ’ ਦੀ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ‘ਨਤਾਲੀ’ ਨਾਲ ਮੁਲਾਕਾਤ ਦੇ ਬਾਅਦ ਕੈਨੇਡਾ ਵਿਚ ‘ਗੁਰਪਤਵੰਤ ਸਿੰਘ ਪੰਨੂ’ ਦੇ ਨਜ਼ਦੀਕੀ ‘ਇੰਦਰਜੀਤ ਿਸੰਘ ਗੋਸਲ’ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਕੈਨੇਡਾ ਵਿਚ ਸਰਕਾਰ ਬਦਲਣ ਦੇ ਸਮੇਂ ਤੋਂ ਹੀ ‘ਗੁਰਪਤਵੰਤ ਸਿੰਘ ਪੰਨੂ’ ਬੌਖਲਾਇਆ ਹੋਇਆ ਹੈ ਅਤੇ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀ ਕਰ ਰਿਹਾ ਹੈ। ਤਸੱਲੀ ਵਾਲੀ ਗੱਲ ਹੈ ਕਿ ਉਸਦੇ ਸਾਰੇ ਦਾਅਵੇ ਅਤੇ ਧਮਕੀਆਂ ਖੋਖਲੀਆਂ ਸਾਬਿਤ ਹੋਈਆਂ ਹਨ ਅਤੇ ਪੰਜਾਬ ਵਿਚ ਜਨ-ਜੀਵਨ ਆਮ ਵਾਂਗ ਚੱਲ ਰਿਹਾ ਹੈ।
-ਵਿਜੇ ਕੁਮਾਰ