ਪਾਕਿ ਵਲੋਂ ਜੰਮੂ-ਕਸ਼ਮੀਰ ’ਚ ਹਿੰਸਾ ਅਤੇ ਪੰਜਾਬ ’ਚ ਨਸ਼ੇ ਭੇਜਣਾ ਜਾਰੀ

Friday, Feb 06, 2026 - 02:15 AM (IST)

ਪਾਕਿ ਵਲੋਂ ਜੰਮੂ-ਕਸ਼ਮੀਰ ’ਚ ਹਿੰਸਾ ਅਤੇ ਪੰਜਾਬ ’ਚ ਨਸ਼ੇ ਭੇਜਣਾ ਜਾਰੀ

‘ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ’ ਵਿਚ 27 ਜਨਵਰੀ, 2026 ਨੂੰ ਭਾਰਤ ਦੇ ਸਥਾਈ ਪ੍ਰਤੀਨਿਧੀ ‘ਪਰਵਤਨੇਨੀ ਹਰੀਸ਼’ ਨੇ ਕਿਹਾ ਹੈ ਕਿ ‘‘ਪਾਕਿਸਤਾਨ ਸਰਕਾਰ ਅੱਤਵਾਦ ਨੂੰ ਸਰਕਾਰੀ ਨੀਤੀ ਦੇ ਹਥਿਆਰ ਦੇ ਰੂਪ ’ਚ (ਭਾਰਤ ਦੇ ਵਿਰੁੱਧ) ਲਗਾਤਾਰ ਇਸਤੇਮਾਲ ਕਰ ਰਹੀ ਹੈ।’’ ਇਸੇ ਦੇ ਤਹਿਤ ਪਾਕਿਸਤਾਨ ਨੇ ਲਗਾਤਾਰ ਜੰਮੂ-ਕਸ਼ਮੀਰ ’ਚ ਹਿੰਸਾ ਫੈਲਾਉਣਾ ਅਤੇ ਪੰਜਾਬ ’ਚ ਡਰੋਨਾਂ ਦੇ ਜ਼ਰੀਏ ਨਸ਼ੇ ਅਤੇ ਤਬਾਹੀ ਦਾ ਸਾਮਾਨ ਭੇਜਣਾ ਜਾਰੀ ਰੱਖਿਆ ਹੋਇਆ ਹੈ।

ਬੀਤੇ ਸਾਲ 1 ਜਨਵਰੀ ਤੋਂ 1 ਦਸੰਬਰ, 2025 ਦਰਮਿਆਨ ਬੀ. ਐੱਸ. ਐੱਫ. ਨੇ ਪਾਕਿਸਤਾਨ ਤੋਂ ਆਏ 272 ਡਰੋਨ ਜ਼ਬਤ ਕਰ ਕੇ 367 ਕਿਲੋ ਹੈਰੋਇਨ, 10 ਕਿਲੋ ਤੋਂ ਵੱਧ ਆਰ. ਡੀ. ਐਕਸ. ਅਤੇ ਤਬਾਹੀ ਦਾ ਹੋਰ ਸਾਮਾਨ ਜ਼ਬਤ ਕੀਤਾ ਅਤੇ ਇਸ ਸਾਲ ਵੀ ਇਹ ਸਿਲਸਿਲਾ ਜਾਰੀ ਹੈ ਜਿਸ ਦੀਆਂ ਪਿਛਲੇ ਸਿਰਫ 3 ਹਫਤਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 15 ਜਨਵਰੀ, 2026 ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਨਸ਼ਾ ਸਮੱਗਲਿੰਗ ਮਾਡਿਊਲ ਦਾ ਭਾਂਡਾ ਭੰਨ ਕੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 40 ਕਿਲੋ ਹੈਰੋਇਨ ਬਰਾਮਦ ਕੀਤੀ।

* 27 ਜਨਵਰੀ ਨੂੰ ‘ਅੰਮ੍ਰਿਤਸਰ’ ਕਮਿਸ਼ਨਰੇਟ ਪੁਲਸ ਨੇ ਪਾਕਿਸਤਾਨੀ ‘ਨਾਰਕੋ-ਆਰਮਸ ਸਮੱਗਲਿੰਗ ਮਾਡਿਊਲ’ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀ ਗਈ 1.5 ਕਿਲੋ ਹੈਰੋਇਨ, 1.98 ਲੱਖ ਰੁਪਏ ਦੀ ਡਰੱਗ ਮਨੀ, 9 ਐੱਮ. ਐੱਮ. ਅਤੇ 3.0 ਬੋਰ ਦੀਆਂ 2 ਪਿਸਤੌਲਾਂ ਤੋਂ ਇਲਾਵਾ ਪਾਕਿਸਤਾਨ ਦੀ ਹਥਿਆਰ ਫੈਕਟਰੀ ’ਚ ਬਣੇ ਹੋਏ 34 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

* 28 ਜਨਵਰੀ ਨੂੰ ‘ਅੰਮ੍ਰਿਤਸਰ’ ਵਿਚ ‘ਪੰਜਾਬ ਪੁਲਸ’ ਨੇ ‘ਪਾਕਿ ਨਾਰਕੋ ਅੱਤਵਾਦ ਨੈੱਟਵਰਕ’ ਨਾਲ ਜੁੜੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਡਰੋਨ ਰਾਹੀਂ ਆਈ 42.9 ਕਿਲੋ ਹੈਰੋਇਨ, 4 ਹੈਂਡ ਗ੍ਰੇਨੇਡ, 1 ਵਿਦੇਸ਼ੀ ਪਿਸਤੌਲ ਅਤੇ 46 ਕਾਰਤੂਸ ਬਰਾਮਦ ਕੀਤੇ।

* 29 ਜਨਵਰੀ ਨੂੰ ‘ਅੰਮ੍ਰਿਤਸਰ ਦਿਹਾਤੀ ਪੁਲਸ’ ਨੇ 1 ਨਾਬਾਲਿਗ ਸਮੇਤ ਗ੍ਰਿਫਤਾਰ 2 ਸਮੱਗਲਰਾਂ ਤੋਂ ਡਰੋਨ ਰਾਹੀਂ ਭੇਜੀ ਗਈ ਸਾਢੇ 51 ਕਿਲੋ ਹੈਰੋਇਨ ਬਰਾਮਦ ਕੀਤੀ।

* 2 ਫਰਵਰੀ ਨੂੰ ਬੀ. ਐੱਸ. ਐੱਫ. ਨੇ ‘ਮਮਦੋਟ’ (ਫਿਰੋਜ਼ਪੁਰ) ’ਚ ਹੈਰੋਇਨ ਦੀ ਡਲਿਵਰੀ ਦੇ ਕੇ ਪਾਕਿਸਤਾਨ ਵਾਪਸ ਪਰਤਦੇ ਸਮੇਂ ਤਕਨੀਕੀ ਖਰਾਬੀ ਕਾਰਨ ‘ਚੱਕ ਸਰਕਾਰ’ ਜੰਗਲ ’ਚ ਡਿੱਗਿਆ ਹੋਇਆ ਡਰੋਨ ਜ਼ਬਤ ਕੀਤਾ।

* 3 ਫਰਵਰੀ ਨੂੰ ‘ਫਿਰੋਜ਼ਪੁਰ’ (ਪੰਜਾਬ) ਪੁਲਸ ਨੇ ਇਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਡਰੋਨ ਰਾਹੀਂ ਭੇਜੀ ਗਈ 5.507 ਗ੍ਰਾਮ ਹੈਰੋਇਨ ਬਰਾਮਦ ਕੀਤੀ।

* 3 ਫਰਵਰੀ ਨੂੰ ਹੀ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀਆਂ ਸੰਯੁਕਤ ਟੀਮਾਂ ਨੇ ਪਾਕਿਸਤਾਨ ਵਲੋਂ ‘ਅੰਮ੍ਰਿਤਸਰ’ ਦੇ ਪਿੰਡ ‘ਟਾਂਡਾ’ ਦੇ ਇਲਾਕੇ ’ਚ ਡਰੋਨ ਰਾਹੀਂ ਸੁੱਟੀ ਗਈ 10 ਕਰੋੜ ਰੁਪਏ ਕੀਮਤ ਦੀ ਹੈਰੋਇਨ ਦੇ ਨਾਲ ਇਕ ਸਮੱਗਲਰ ਨੂੰ ਫੜਿਆ।

* 3 ਫਰਵਰੀ ਨੂੰ ਹੀ ‘ਅੰਮ੍ਰਿਤਸਰ’ ਵਿਚ ਸੀ. ਆਈ. ਏ. ਸਟਾਫ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਗਏ ‘ਇਟਲੀ’, ‘ਤੁਰਕੀ’ ਅਤੇ ‘ਆਸਟ੍ਰੀਆ’ ਵਿਚ ਬਣੇ 7 ਵਿਦੇਸ਼ੀ ਪਿਸਤੌਲ ਅਤੇ 7 ਮੈਗਜ਼ੀਨ ਬਰਾਮਦ ਕੀਤੇ।

* 4 ਫਰਵਰੀ ਨੂੰ ‘ਜਗਰਾਓਂ’ ਵਿਚ ਡਰੋਨ ਰਾਹੀਂ ਮੰਗਵਾਈ 3 ਕਿਲੋ 34 ਗ੍ਰਾਮ ਹੈਰੋਇਨ, ਮੈਗਜ਼ੀਨ ਸਮੇਤ .32 ਬੋਰ ਪਿਸਤੌਲ ਅਤੇ 2 ਕਾਰਤੂਸਾਂ ਸਮੇਤ 4 ਮੁਲਜ਼ਮਾਂ ਨੂੰ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਸੀ. ਆਈ. ਏ. ਸਟਾਫ ਨੇ ਗ੍ਰਿਫਤਾਰ ਕੀਤਾ।

* ਅਤੇ ਹੁਣ 4 ਫਰਵਰੀ ਨੂੰ ਹੀ ‘ਤਰਨਤਾਰਨ’ (ਪੰਜਾਬ) ’ਚ ਪੁਲਸ ਅਤੇ ਬੀ. ਐੱਸ. ਐੱਫ. ਦੀ ਸੰਯੁਕਤ ਕਾਰਵਾਈ ’ਚ ਸਰਹੱਦੀ ਚੌਕੀ ‘ਕਾਲਿਆਂ’ ਦੇ ਨੇੜੇ ਡਰੋਨ ਰਾਹੀਂ ਖੇਤਾਂ ’ਚ ਸੁੱਟੀ ਗਈ 3.925 ਕਿਲੋ ਹੈਰੋਇਨ ਤੋਂ ਇਲਾਵਾ ਇਸ ਨੂੰ ਭੇਜਣ ਲਈ ਪਾਕਿ ਸਮੱਗਲਰਾਂ ਵਲੋਂ ਇਸਤੇਮਾਲ ਕੀਤਾ ਗਿਆ ਡਰੋਨ ਵੀ ਬਰਾਮਦ ਕੀਤਾ ਗਿਆ।

ਵਰਣਨਯੋਗ ਹੈ ਕਿ ਸੁਰੱਖਿਆ ਬਲਾਂ ਨੂੰ ਝਕਾਨੀ ਦੇਣ ਲਈ ਨਸ਼ਾ ਸਮੱਗਲਰਾਂ ਨੇ ਗਰੀਬ ਪਰਿਵਾਰਾਂ ਦੇ ਨਾਬਾਲਿਗਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ 11 ਮਹੀਨਿਆਂ ’ਚ ਇਕੱਲੇ ਅੰਮ੍ਰਿਤਸਰ ’ਚ ਹੀ ਨਾਬਾਲਿਗਾਂ ਕੋਲੋਂ 80 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

ਇਸ ਪਿਛੋਕੜ ’ਚ ਪਾਕਿਸਤਾਨ ਦੀ ਸਰਹੱਦ ’ਤੇ ਤੁਰੰਤ ਐਂਟੀ ਡਰੋਨ ਪ੍ਰਣਾਲੀ ਵਿਕਸਿਤ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਡਰੋਨ ਭਾਰਤੀ ਸਰਹੱਦ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਡੇਗੇ ਜਾ ਸਕਣ।

ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ’ਚ ਪੁਲਸ ਦੇ ਨਾਕਿਆਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਪਾਕਿਸਤਾਨ ਤੋਂ ਡਰੋਨਾਂ ਦੇ ਜ਼ਰੀਏ ਭੇਜੇ ਜਾਣ ਵਾਲੇ ਨਸ਼ਿਆਂ ਅਤੇ ਹਥਿਆਰਾਂ ਆਦਿ ਨੂੰ ਟਿਕਾਣੇ ਲਗਾਉਣ ਵਾਲਿਆਂ ਦੀ ਪਛਾਣ ਅਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।

–ਵਿਜੇ ਕੁਮਾਰ
 


author

Inder Prajapati

Content Editor

Related News