ਪਦਮਵਿਭੂਸ਼ਣ ਰਤਨ ਟਾਟਾ ਦਾ ਦਿਹਾਂਤ, ਦੇਸ਼ ਨੇ ਗੁਆਇਆ ਇਕ ਅਨਮੋਲ ਰਤਨ

Friday, Oct 11, 2024 - 03:01 AM (IST)

ਪਦਮਵਿਭੂਸ਼ਣ ਰਤਨ ਟਾਟਾ ਦਾ ਦਿਹਾਂਤ, ਦੇਸ਼ ਨੇ ਗੁਆਇਆ ਇਕ ਅਨਮੋਲ ਰਤਨ

ਵਿਸ਼ਵ ਪ੍ਰਸਿੱਧ ਟਾਟਾ ਗਰੁੱਪ ਦੇ ਕਰਤਾ-ਧਰਤਾ ਸ਼੍ਰੀ ‘ਰਤਨ ਨਵਲ ਟਾਟਾ’ ਦਾ ਸੰਖੇਪ ਬੀਮਾਰੀ ਪਿੱਛੋਂ 86 ਸਾਲ ਦੀ ਉਮਰ ’ਚ 9 ਅਕਤੂਬਰ ਨੂੰ ਦਿਹਾਂਤ ਹੋ ਗਿਆ। ਮੁੰਬਈ ਦੇ ਨਾਮਵਰ ਪਾਰਸੀ ਪਰਿਵਾਰ ’ਚ 28 ਦਸੰਬਰ, 1937 ਨੂੰ ਜਨਮੇ ‘ਰਤਨ ਨਵਲ ਟਾਟਾ’ ਇਕ ਦੂਰਦਰਸ਼ੀ ਉਦਯੋਗਪਤੀ ਅਤੇ ਪਰਉਪਕਾਰੀ ਵਿਅਕਤੀ ਸਨ।

ਰਤਨ ਟਾਟਾ ਨੇ ਅਮਰੀਕਾ ਦੀ ‘ਕਾਰਨੇਲ ਯੂਨੀਵਰਸਿਟੀ’ (ਨਿਊਯਾਰਕ) ਤੋਂ ‘ਬੈਚੁਲਰ ਆਫ ਆਰਕੀਟੈਕਚਰ’ ’ਚ ਅਤੇ ‘ਹਾਰਵਰਡ ਬਿਜ਼ਨੈੱਸ ਸਕੂਲ’ ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੇ 2010 ’ਚ ਉਸ ਨੂੰ ਆਪਣੇ ਇਕ ਅਧਿਐਨ ਕੇਂਦਰ ਦੀ ਉਸਾਰੀ ਲਈ ਲਗਭਗ 4.20 ਅਰਬ ਰੁਪਏ ਦਾ ਦਾਨ ਦਿੱਤਾ ਅਤੇ ਇਸ ਤੋਂ ਪਹਿਲਾਂ ਸੰਨ 2008 ’ਚ ਕਾਰਨੇਲ ਯੂਨੀਵਰਸਿਟੀ ਨੂੰ ਵੀ ਇੰਨੀ ਹੀ ਰਕਮ ਦਾਨ ਦਿੱਤੀ। ਉਹ ਆਪਣੀ ਆਮਦਨ ਦਾ ਵੱਡਾ ਹਿੱਸਾ ਦਾਨ ਕਰ ਦਿੰਦੇ ਸਨ।

ਰਤਨ ਟਾਟਾ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਲਈ ਪ੍ਰਧਾਨ ਮੰਤਰੀ ਰਾਹਤ ਫੰਡ ’ਚ 1500 ਕਰੋੜ ਰੁਪਏ ਦਿੱਤੇ। ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਗ੍ਰਸਤ ਰੋਗੀਆਂ ਨੂੰ ਠਹਿਰਾਉਣ ਲਈ ਟਾਟਾ ਸਮੂਹ ਦੇ ਸਾਰੇ ਹੋਟਲ ਖੋਲ੍ਹ ਦਿੱਤੇ ਸਨ।

ਰਤਨ ਟਾਟਾ ਨੂੰ ਕੁੱਤਿਆਂ ਨਾਲ ਬੇਹੱਦ ਪਿਆਰ ਸੀ। ਉਨ੍ਹਾਂ ਨੇ ਆਪਣੇ ਸਾਰੇ ਸਹਿਯੋਗੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਹੋਇਆ ਸੀ ਕਿ ਮੁੰਬਈ ਦੇ ਆਲੀਸ਼ਾਨ ਇਲਾਕੇ ’ਚ ਸਥਿਤ ਟਾਟਾ ਸਮੂਹ ਦੇ ਹੈੱਡਕੁਆਰਟਰ ਦੇ ਦਰਵਾਜ਼ੇ ਲਾਵਾਰਿਸ ਕੁੱਤਿਆਂ ਲਈ ਖੋਲ੍ਹ ਦਿੱਤੇ ਜਾਣ।

ਰਤਨ ਟਾਟਾ ਨੂੰ ਦੁਨੀਆ ਦੀ ਸਭ ਤੋਂ ਸਸਤੀ ਕਾਰ ‘ਨੈਨੋ’ ਦਾ 2008 ’ਚ ਨਿਰਮਾਣ ਸ਼ੁਰੂ ਕਰਨ ਦਾ ਸਿਹਰਾ ਵੀ ਜਾਂਦਾ ਹੈ। ਦਰਅਸਲ ਸਕੂਟਰ ’ਤੇ 4-4 ਲੋਕਾਂ ਨੂੰ ਜਾਂਦੇ ਦੇਖ ਕੇ ਉਨ੍ਹਾਂ ਦੇ ਮਨ ’ਚ ਆਮ ਲੋਕਾਂ ਲਈ ਸਸਤੀ ਕਾਰ ਬਣਾਉਣ ਦਾ ਵਿਚਾਰ ਆਇਆ, ਜਿਸ ਪਿੱਛੋਂ ਲਗਭਗ 1 ਲੱਖ ਰੁਪਏ ਮੁੱਲ ਵਾਲੀ ਨੈਨੋ ਕਾਰ ਦਾ ਜਨਮ ਹੋਇਆ।

ਰਤਨ ਟਾਟਾ ਦੇ ਚਾਚਾ ਜੇ.ਆਰ.ਡੀ. ਟਾਟਾ ਨੇ 1932 ’ਚ ਭਾਰਤ ਦੀ ਪਹਿਲੀ ਹਵਾਈ ਸੇਵਾ ‘ਟਾਟਾ ਏਅਰ ਸਰਵਿਸਿਜ਼’ ਸ਼ੁਰੂ ਕੀਤੀ ਸੀ ਜੋ ਬਾਅਦ ’ਚ ‘ਏਅਰ ਇੰਡੀਆ’ ਅਖਵਾਈ। ਭਾਰਤ ਸਰਕਾਰ ਵਲੋਂ 1953 ’ਚ ਸਾਰੀਆਂ ਪ੍ਰਾਈਵੇਟ ਹਵਾਈ ਸੇਵਾਵਾਂ ਦਾ ਰਾਸ਼ਟਰੀਕਰਨ ਕਰ ਦੇਣ ਕਾਰਨ ਏਅਰ ਇੰਡੀਆ ਵੀ ਸਰਕਾਰ ਦੇ ਕੰਟਰੋਲ ’ਚ ਚਲੀ ਗਈ ਪਰ ਲਗਾਤਾਰ ਘਾਟੇ ’ਚ ਰਹਿਣ ਦੇ ਕਾਰਨ ਸਰਕਾਰ ਨੂੰ ਇਸ ਨੂੰ ਵੇਚਣਾ ਪਿਆ ਅਤੇ ਰਤਨ ਟਾਟਾ ਨੇ 8 ਅਕਤੂਬਰ, 2021 ਨੂੰ ਇਸ ਨੂੰ ਖਰੀਦ ਲਿਆ।

ਟਾਟਾ ਗਰੁੱਪ ਨੇ ਅੰਮ੍ਰਿਤਸਰ ’ਚ ਪੰਜਾਬ ’ਚ ਸਭ ਤੋਂ ਵੱਡਾ ਟ੍ਰਿਲੀਅਮ ਮਾਲ ਅਤੇ ਉਸੇ ’ਚ ‘ਹੋਟਲ ਤਾਜ ਸਵਰਨ’ ਖੋਲ੍ਹਿਆ ਹੈ।

ਰਤਨ ਟਾਟਾ ਦੀ ਮੌਤ ਦੇ ਨਾਲ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਕਿਉਂਕਿ ਰਤਨ ਟਾਟਾ ਸਾਰੀ ਉਮਰ ਕੁਆਰੇ ਰਹੇ ਅਤੇ ਉਨ੍ਹਾਂ ਦੇ ਸਕੇ ਭਰਾ ਜਿੰਮੀ ਟਾਟਾ ਵੀ ਕੁਆਰੇ ਅਤੇ ਜਨਤਕ ਜੀਵਨ ਤੋਂ ਦੂਰ ਰਹਿੰਦੇ ਹਨ, ਇਸ ਲਈ ਟਾਟਾ ਸਮੂਹ ਦਾ ਉੱਤਰਾਧਿਕਾਰੀ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਦੇ ਪਰਿਵਾਰ ’ਚੋਂ ਕਿਸੇ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ।

ਰਤਨ ਟਾਟਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਅਣਗਿਣਤ ਲੋਕਾਂ ’ਚ ਅਦਾਕਾਰਾ ਸਿੰਮੀ ਗਰੇਵਾਲ ਵੀ ਸ਼ਾਮਲ ਹਨ, ਜਿਨ੍ਹਾਂ ਨੇ ਐਕਸ (ਇੰਟਰਨੈੱਟ) ’ਤੇ ਲਿਖਿਆ, ‘‘ਤੁਹਾਡੇ ਜਾਣ ਦੇ ਘਾਟੇ ਨੂੰ ਸਹਿਣਾ ਬਹੁਤ ਮੁਸ਼ਕਲ ਹੈ। ਮੇਰੇ ਦੋਸਤ ਅਲਵਿਦਾ।’’

ਸਿੰਮੀ ਗਰੇਵਾਲ ਨੇ ਸਵੀਕਾਰ ਕੀਤਾ ਹੈ ਕਿ ਕੁਝ ਸਮੇਂ ਤਕ ਉਨ੍ਹਾਂ ਦੋਵਾਂ ਨੇ ਡੇਟਿੰਗ ਵੀ ਕੀਤੀ ਸੀ। ਬਾਅਦ ’ਚ ਉਨ੍ਹਾਂ ਦੇ ਰਾਹ ਵੱਖ ਹੋ ਗਏ ਪਰ ਉਹ ਚੰਗੇ ਦੋਸਤ ਬਣੇ ਰਹੇ। ਸਿੰਮੀ ਦੇ ਚੈਟ ਸ਼ੋਅ ’ਚ ਵੀ ਰਤਨ ਟਾਟਾ ਇਕ ਵਾਰ ਆਏ ਸਨ ਅਤੇ ਉਨ੍ਹਾਂ ਨੇ ਇਸ ਭੇਤ ਦਾ ਖੁਲਾਸਾ ਕੀਤਾ ਸੀ ਕਿ ਕੁਝ ਮੌਕੇ ਅਜਿਹੇ ਵੀ ਆਏ ਜਦ ਉਹ ਦੋਵੇਂ ਵਿਆਹ ਕਰਨ ਦੇ ਬਹੁਤ ਨੇੜੇ ਪੁੱਜ ਗਏ ਸਨ ਪਰ ਅਜਿਹਾ ਹੋਇਆ ਨਹੀਂ।

ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਸਰਕਾਰਾਂ ਨੇ ਜਿੱਥੇ ਉਨ੍ਹਾਂ ਦੇ ਦਿਹਾਂਤ ’ਤੇ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ, ਉੱਥੇ ਹੀ ਮਹਾਰਾਸ਼ਟਰ ਮੰਤਰੀ ਮੰਡਲ ਨੇ ਮਤਾ ਪਾਸ ਕਰ ਕੇ ਰਤਨ ਟਾਟਾ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਸ਼ਿਵਸੈਨਾ (ਯੂ. ਬੀ. ਟੀ.) ਨੇ ਵੀ ਇਹੀ ਮੰਗ ਕੀਤੀ ਹੈ।

ਇਮਾਨਦਾਰੀ ਦੀ ਮਿਸਾਲ ਹੋਣ ਦੇ ਬਾਵਜੂਦ ਉਹ ਵੀ ਵਿਵਾਦਾਂ ’ਚ ਘਿਰੇ। ਹਾਲਾਂਕਿ ਉਨ੍ਹਾਂ ਦਾ ਨਾਂ 2008 ’ਚ 2ਜੀ ਲਾਇਸੈਂਸ ਘਪਲੇ ’ਚ ਸਿੱਧੇ ਤੌਰ ’ਤੇ ਤਾਂ ਨਹੀਂ ਜੁੜਿਆ ਪਰ ‘ਲਾਬੀਇਸਟ’ ਨੀਰਾ ਰਾਡੀਆ ਨੂੰ ਕੀਤੀ ਗਈ ਇਕ ਕਥਿਤ ਫੋਨ ਕਾਲ ਦੀ ਲੀਕ ਹੋਈ ਰਿਕਾਰਡਿੰਗ ਜ਼ਰੀਏ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ, ‘‘ਰਤਨ ਟਾਟਾ ’ਚ ਸੱਤਾ ’ਚ ਬੈਠੇ ਲੋਕਾਂ ਨੂੰ ਸੱਚ ਕਹਿਣ ਦਾ ਹੌਸਲਾ ਸੀ।’’

ਉਦਯੋਗ ਜਗਤ ਨਾਲ ਜੁੜੇ ਲੋਕਾਂ ਅਨੁਸਾਰ, ‘‘ਉਹ ਇਕ ਅਨੋਖੇ ਵਿਅਕਤੀ... ਇਕ ਅਦਭੁੱਤ ਇਨਸਾਨ ਸਨ... ਉਹ ਦੂਰਦਰਸ਼ੀ ਸਨ ਜੋ ਉਦਯੋਗ ਦੇ ਭਵਿੱਖ ਨੂੰ ਦੇਖ ਸਕਦੇ ਸਨ। ਅਸੀਂ ਅੱਜ ਭਾਰਤ ਦੇ ਇਕ ਮਹਾਨਾਇਕ ਨੂੰ ਗੁਆ ਲਿਆ ਹੈ।’’

-ਵਿਜੇ ਕੁਮਾਰ


author

Harpreet SIngh

Content Editor

Related News