ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਸੰਵਾਰਨ ’ਚ ਸਾਡੀ ਵਿਦੇਸ਼ ਨੀਤੀ ਅਸਫਲ

Friday, Aug 30, 2024 - 05:25 PM (IST)

ਇਸ ਨੂੰ ਭਾਰਤ ਬਦਕਿਸਮਤੀ ਹੀ ਸਮਝੇਗਾ ਕਿ ਗੁਆਂਢੀ ਦੇਸ਼ਾਂ ਨਾਲ ਉਸ ਦੇ ਸਬੰਧ ਕਦੇ ਵੀ ਸੁਹਿਰਦ ਨਹੀਂ ਰਹੇ। ਸਾਡੀ ਵਿਦੇਸ਼ ਨੀਤੀ ਹਮੇਸ਼ਾ ਗੁਆਂਢੀ ਮੁਲਕਾਂ ਨਾਲ ਸਬੰਧ ਬਣਾਉਣ ਵਿਚ ਢਿੱਲੀ ਰਹੀ ਹੈ। ਗੁਆਂਢੀ ਦੇਸ਼ ਸਾਡੇ ਦੁਸ਼ਮਣ ਹੀ ਬਣੇ ਰਹੇ। ਇਹ ਠੀਕ ਹੈ ਕਿ ਵੱਡੇ ਰੁੱਖਾਂ ਹੇਠ ਛੋਟੇ ਰੁੱਖ ਨਹੀਂ ਉੱਗਦੇ, ਪਰ ਭਾਰਤ ਹਮੇਸ਼ਾ ‘ਪੀਸਫੁੱਲ ਕੋ-ਐਗਜ਼ਿਸਟੈਂਸ’ (ਸ਼ਾਂਤਮਈ ਸਹਿ-ਹੋਂਦ) ਦਾ ਹਾਮੀ ਰਿਹਾ ਹੈ। ਇਸ ਦਾ ਤਾਂ ਮੂਲ ਮੰਤਰ ਹੀ ‘ਜੀਓ ਅਤੇ ਜੀਣ ਦਿਓ’ ਰਿਹਾ ਹੈ।

ਸਭ ਸੁਖੀ ਰਹਿਣ, ਸਭ ਦਾ ਭਲਾ ਹੋਵੇ, ਭਾਰਤ ਫਿਰ ਵੀ ਟੁੱਟਦਾ ਹੀ ਰਿਹਾ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸ਼੍ਰੀਲੰਕਾ ਕਿਸੇ ਸਮੇਂ ਦੱਖਣੀ ਭਾਰਤ ਦੇ ਚੋਲ ਅਤੇ ਪਾਂਡਿਆ ਰਾਜਿਆਂ ਦੇ ਅਧੀਨ ਸੀ। 1310 ਵਿਚ ਸ਼੍ਰੀਲੰਕਾ ਭਾਰਤ ਤੋਂ ਵੱਖ ਹੋ ਗਿਆ। ਅੱਜ ਸ਼੍ਰੀਲੰਕਾ ਇਕ ਆਜ਼ਾਦ ਦੇਸ਼ ਹੈ। ਵਰਤਮਾਨ ਨੇਪਾਲ ਦੇਸ਼ ਕਦੇ ਭਾਰਤ ਦਾ ਹਿੱਸਾ ਸੀ। 1816 ’ਚ ਇਕ ਨਵਾਂ ਦੇਸ਼ ਬਣ ਗਿਆ। ਭੂਟਾਨ 1907 ਵਿਚ ਭਾਰਤ ਤੋਂ ਵੱਖਰਾ ਦੇਸ਼ ਬਣ ਗਿਆ।

ਅਫਗਾਨਿਸਤਾਨ ਅਤੇ ਈਰਾਨ ਭਾਰਤ ਵਿਚ ਸਨ ਪਰ ਅਫਗਾਨਿਸਤਾਨ 1919 ਵਿਚ ਇਕ ਆਜ਼ਾਦ ਦੇਸ਼ ਬਣ ਗਿਆ। ਈਰਾਨ ਸਾਨੂੰ ਛੱਡ ਕੇ ਇਕ ਕੱਟੜ ਇਸਲਾਮੀ ਦੇਸ਼ ਬਣ ਗਿਆ। ਈਰਾਨ ਅਤੇ ਅਫਗਾਨਿਸਤਾਨ ਕਦੇ ਹਿੰਦੂ ਰਾਸ਼ਟਰ ਸਨ। 1947 ਵਿਚ ਭਾਰਤ ਦੀ ਇਕ ਵਾਰ ਫਿਰ ਵੰਡ ਹੋਈ ਅਤੇ ਇਸੇ ਭਾਰਤ ਦਾ ਇਕ ਅੰਗ ਪਾਕਿਸਤਾਨ ਅਤੇ ਬੰਗਲਾਦੇਸ਼ ਬਣ ਗਏ।

ਦੋਸਤੋ, ਸੱਜਣੋ, ਭਾਰਤ ਦੇ ਪ੍ਰੇਮੀਓ, ਵਿਦੇਸ਼ ਨੀਤੀ ਦੀਆਂ ਮੂਲ ਗੱਲਾਂ ਨੂੰ ਸਮਝੋ। ਗੁਆਂਢੀ ਦੇਸ਼ਾਂ ਵਿਚ ਉਸ ਦੇਸ਼ ਦੀ ਭੂਗੋਲਿਕ ਸਥਿਤੀ, ਉਸ ਦੇਸ਼ ਦੀ ਆਰਥਿਕ ਸਥਿਤੀ, ਉਸ ਦੀ ਫੌਜੀ ਤਾਕਤ, ਉਸ ਦੇਸ਼ ਦੀ ਅੰਦਰੂਨੀ ਸਥਿਰਤਾ ਅਤੇ ਉਸ ਦੇ ਲੋਕਾਂ ਵਿਚ ਆਪਸੀ ਸਦਭਾਵਨਾ, ਸਭ ਕੁਝ ਭਾਰਤ ਦੇ ਹੱਕ ਵਿਚ ਹੈ, ਫਿਰ ਵੀ ਸਾਡੇ ’ਚੋਂ ਹੀ ਨਿਕਲਿਆ ਦੇਸ਼ ਸਾਡਾ ਦੁਸ਼ਮਣ? ਕਿਉਂ? ਕਿਉਂਕਿ ਅਸੀਂ ਵਿਦੇਸ਼ ਨੀਤੀ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ?

ਇਹ ਵੀ ਸੱਚ ਹੈ ਕਿ ਅਸੀਂ ਆਪਣੇ ਗੁਆਂਢੀ ਨੂੰ ਕਿਸੇ ਹੋਰ ਥਾਂ ਨਹੀਂ ਭੇਜ ਸਕਦੇ। ਉਸ ਨੂੰ ਦੂਰ ਨਹੀਂ ਭੇਜ ਸਕਦੇ ਪਰ ਉਸ ਨੂੰ ਆਪਣਾ ਬਣਾਉਣ ਦੀ ਨੀਤੀ ਬਣਾ ਸਕਦੇ ਹਾਂ? ਕੂਟਨੀਤੀ ਅਪਣਾ ਸਕਦੇ ਹਨ? ਚਾਣੱਕਿਆ ਤਾਂ ਬਣ ਸਕਦੇ ਹਾਂ? ਨਾ ਤਾਂ ਗੁਆਂਢੀ ਦੇਸ਼ਾਂ ਨਾਲ ਸਾਡੀ ਕੂਟਨੀਤੀ ਸਫਲ ਹੋਈ ਅਤੇ ਨਾ ਹੀ ਅਸੀਂ ਚਾਣੱਕਿਆ ਬਣ ਸਕੇ। ਭਾਵ ਸਾਡੀ ਵਿਦੇਸ਼ ਨੀਤੀ ਕਾਰਨ ਦੇਸ਼ ਸੁੰਗੜਦਾ ਰਿਹਾ ਪਰ ਫਿਰ ਵੀ ਸਾਡੇ ਗੁਆਂਢੀ ਦੇਸ਼ ਸਾਡੇ ਨਹੀਂ ਬਣ ਸਕੇ।

ਵਿਦੇਸ਼ ਨੀਤੀ ’ਤੇ ਬੋਲਦਿਆਂ ਦੇਸ਼ ਦੇ ਪਹਿਲੇ ਅਤੇ ਅਗਾਂਹਵਧੂ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਕਿਹਾ ਸੀ ਕਿ ਸ਼ਾਂਤੀ ਸਿਰਫ਼ ਸਾਡੀ ਉਮੀਦ ਨਹੀਂ ਸਗੋਂ ਸਾਡੀ ਲੋੜ ਹੈ। ਸ਼ਾਂਤੀ ਸਾਡਾ ਸੁਭਾਅ ਹੈ। ਸਾਡੀ ਤਰੱਕੀ ਸ਼ਾਂਤੀ ਵਿਚ ਹੀ ਹੈ। ਸ਼ਾਂਤੀ ਸਾਡੀ ਪ੍ਰਾਚੀਨ ਵਿਰਾਸਤ ਹੈ। ਸਾਰਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ। ਸਾਡੀ ਅਰਦਾਸ ਹੈ ਕਿ ਸਭ ਦਾ ਭਲਾ ਹੋਵੇ, ਇਸੇ ਲਈ ਉਨ੍ਹਾਂ ਨੇ ‘ਪੰਚਸ਼ੀਲ’ ਦਾ ਸਿਧਾਂਤ ਅਪਣਾਇਆ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਨਿਰਪੱਖ ਰਹਾਂਗੇ। ਕਿਸੇ ਵੀ ਬਲਾਕ ਦਾ ਹਿੱਸਾ ਨਹੀਂ ਬਣਾਂਗੇ।

ਸਾਡੀ ਵਿਦੇਸ਼ ਨੀਤੀ ਸਿਰਫ ਭਾਰਤ ਦੇ ਹਿੱਤਾਂ ਲਈ ਹੈ। ‘ਜੀਓ ਅਤੇ ਜੀਣ ਦਿਓ’ ਸਾਡੀ ਵਿਦੇਸ਼ ਨੀਤੀ ਦਾ ਨਾਅਰਾ ਹੈ। ਭਾਰਤ ਨੇ ਕਦੇ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ। ਵਿਸਥਾਰਵਾਦ ਕਦੇ ਵੀ ਸਾਡੀ ਵਿਦੇਸ਼ ਨੀਤੀ ਦਾ ਹਿੱਸਾ ਨਹੀਂ ਰਿਹਾ। ਸਾਡੀ ਵਿਦੇਸ਼ ਨੀਤੀ ‘ਪੀਪਫੁੱਲ ਕੋ-ਐਗਜ਼ਿਸਟੈਂਸ’ ਸ਼ਾਂਤਮਈ ਆਪਸੀ ਸਹਿ-ਹੋਂਦ ਰਾਹੀਂ ਅੱਗੇ ਵਧਣਾ ਹੈ। ਬਸ ਇਸ ਨੂੰ ਸਾਡੀ ਕਮਜ਼ੋਰੀ ਸਮਝ ਕੇ ਵਿਦੇਸ਼ੀ ਹਮਲਾਵਰ ਸਾਨੂੰ ਲੁੱਟਦੇ ਰਹੇ, ਸਾਡੇ ’ਤੇ ਰਾਜ ਕਰਦੇ ਰਹੇ।

ਅਸੀਂ ਪੰਚਸ਼ੀਲ ਦੇ ਸਿਧਾਂਤ ’ਤੇ ਚੱਲਦੇ ਰਹੇ ਅਤੇ ਚੀਨ ਆਪਣੀ ਫੌਜੀ ਸ਼ਕਤੀ ਨੂੰ ਵਧਾਉਂਦਾ ਰਿਹਾ। 1962 ਵਿਚ ਇਸੇ ਪੰਚਸ਼ੀਲ ਨੇ ਚੀਨ ਨੂੰ ਸਾਡੇ ’ਤੇ ਹਮਲਾ ਕਰਨ ਲਈ ਉਤਾਰੂ ਕਰਵਾਇਆ। ਪੰਚਸ਼ੀਲ ਦਾ ਸਿਧਾਂਤ ਚੀਨ ਹੀ ਲੈ ਕੇ ਆਇਆ ਸੀ। ਚੀਨ ਨੇ ਖੁਦ ਭਰੋਸਾ ਦਿੱਤਾ ਸੀ ਕਿ ਅਸੀਂ ਹਰ ਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਕਰਾਂਗੇ, ਕਿਸੇ ਦੇਸ਼ ’ਤੇ ਹਮਲਾ ਨਹੀਂ ਕਰਾਂਗੇ, ਕਿਸੇ ਵੀ ਦੇਸ਼ ਦੇ ਅੰਦਰੂਨੀ ਮਸਲਿਆਂ ’ਚ ਦਖਲ ਨਹੀਂ ਦੇਵਾਂਗੇ, ਆਪਸੀ ਹਿੱਤਾਂ ਦਾ ਬਰਾਬਰ ਸਨਮਾਨ ਕਰਾਂਗੇ ਅਤੇ ਹਰ ਦੇਸ਼ ਨੂੰ ਆਪਸੀ ਸਦਭਾਵਨਾ ਨਾਲ ਅੱਗੇ ਵਧਣ ਦਾ ਮੌਕਾ ਦੇਵਾਂਗੇ।

ਚੀਨ ਨੇ ਉਨ੍ਹਾਂ ਸਾਰੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਜੋ ਉਹ ਖੁਦ ਲੈ ਕੇ ਆਇਆ ਸੀ। ਭਾਰਤ ਦੀ ਪ੍ਰਭੂਸੱਤਾ ਨੂੰ ਪੈਰਾਂ ਹੇਠ ਮਿੱਧਿਆ ਗਿਆ 1962 ਵਿਚ। ਅੱਜ ਚੀਨ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੀ ਪਿੱਠ ’ਤੇ ਖੜ੍ਹਾ ਹੋ ਕੇ ਸਾਨੂੰ ਵੰਗਾਰ ਰਿਹਾ ਹੈ। ਸਾਡੀ ਵਿਦੇਸ਼ ਨੀਤੀ ਕਿੱਥੇ ਖੜ੍ਹੀ ਹੈ? ਮੈਂ ਚੀਨ ਅਤੇ ਪਾਕਿਸਤਾਨ ਪ੍ਰਤੀ ਸਾਡੀ ਵਿਦੇਸ਼ ਨੀਤੀ ਨੂੰ ਅਸਫਲ ਮੰਨਦਾ ਹਾਂ। ਨਰਿੰਦਰ ਮੋਦੀ ਇਕ ਵੱਡੇ ਕੱਦਾਵਰ ਆਗੂ ਹਨ। ਵਿਦੇਸ਼ਾਂ ਵਿਚ ਮੋਦੀ ਦੀ ਤੂਤੀ ਬੋਲਦੀ ਹੈ। ਰੂਸ ਅਤੇ ਅਮਰੀਕਾ ਦੇ ਰਾਸ਼ਟਰਪਤੀ ਉਸ ਨੂੰ ਗਲ ਨਾਲ ਲਾਉਂਦੇ ਹਨ। ਪੂਰਾ ਯੂਰਪ ਮੋਦੀ ਦਾ ਗੁਣਗਾਨ ਕਰ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੇਸ਼ ਦਾ ਸਰਵੋਤਮ ਪੁਰਸਕਾਰ ਪ੍ਰਦਾਨ ਕੀਤਾ ਹੈ।

ਬੰਗਲਾਦੇਸ਼ ਦਾ ਹਿੰਦੂ ਮਰ ਰਿਹਾ ਹੈ। ਪਾਕਿਸਤਾਨ ਜੰਮੂ-ਕਸ਼ਮੀਰ ’ਚ ਆਪਣੇ ਅੱਤਵਾਦੀ ਭੇਜ ਰਿਹਾ ਹੈ। ਪਾਕਿਸਤਾਨ, ਚੀਨ ਅਤੇ ਅਫਗਾਨਿਸਤਾਨ ਮਿਲ ਕੇ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਹੇ ਹਨ। ਮਿਆਂਮਾਰ ਵਿਚ ਫੌਜੀ ਤਾਨਾਸ਼ਾਹੀ ਹੈ। ਉਥੋਂ ਦੀ ਇਕ ਮਹਿਲਾ ਆਗੂ ਸੂ ਕੀ ਲੋਕਤੰਤਰ ਦੀ ਬਹਾਲੀ ਲਈ ਜੇਲ ਵਿਚ ਸੜ ਰਹੀ ਹੈ। ਮਿਆਂਮਾਰ ਤੋਂ ਭਾਰਤ ’ਚ ਪਰਵਾਸ ਜਾਰੀ ਹੈ। ਬੰਗਲਾਦੇਸ਼ ਤੋਂ ਆਏ ਹਿੰਦੂ ਸ਼ਰਨਾਰਥੀ ਬਣ ਕੇ ਸਾਡੀਆਂ ਸਰਹੱਦਾਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿਚ ਨਰਿੰਦਰ ਮੋਦੀ ਯੂਕ੍ਰੇਨ ਅਤੇ ਰੂਸ ਵਿਚ ਜੰਗਬੰਦੀ ਕਰਵਾਉਣ ਵਿਚ ਰੁੱਝੇ ਹੋਏ ਹਨ। ਫਿਲਸਤੀਨ ਅਤੇ ਇਜ਼ਰਾਈਲ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ। ਈਰਾਨ ਨੇ ਇਜ਼ਰਾਈਲ ਨੂੰ ਮਿਜ਼ਾਈਲਾਂ ਨਾਲ ਭੁੰਨ ਦੇਣ ਦੀ ਚਿਤਾਵਨੀ ਦਿੱਤੀ ਹੈ। ਸਾਰੇ ਇਸਲਾਮੀ ਦੇਸ਼ ਫਿਲਸਤੀਨ ਨੂੰ ਫੌਜੀ ਸਹਾਇਤਾ ਦੇਣ ਲਈ ਇਕੱਠੇ ਹੋ ਗਏ ਹਨ। ਅਮਰੀਕਾ ਨੇ ਇਜ਼ਰਾਈਲ ਅਤੇ ਯੂਕ੍ਰੇਨ ਨੂੰ ਪੂਰੀ ਫੌਜੀ ਸਹਾਇਤਾ ਦਿੱਤੀ ਹੋਈ ਹੈ। ਇਸ ਸਥਿਤੀ ਵਿਚ ਸਾਡੀ ਵਿਦੇਸ਼ ਨੀਤੀ ਮੂਕਦਰਸ਼ਕ ਬਣੀ ਹੋਈ ਹੈ। ਨਰਿੰਦਰ ਮੋਦੀ ਨੂੰ ਵਿਦੇਸ਼ ਨੀਤੀ ਦੇ ਬੁਨਿਆਦੀ ਸਿਧਾਂਤਾਂ ’ਤੇ ਭਾਰਤ ਦੇ ਹਿੱਤ ਬਾਰੇ ਸੋਚਣਾ ਚਾਹੀਦਾ ਹੈ। ਸਾਡੇ ਗੁਆਂਢੀ ਮੁਲਕਾਂ ਨੇ ਸਾਨੂੰ ਘੇਰ ਲਿਆ ਹੈ।

ਸਾਡੀ ਵਿਦੇਸ਼ ਨੀਤੀ ਨੂੰ ਜ਼ੰਗਾਲ ਕਿਉਂ ਲੱਗ ਗਿਆ ਹੈ? ਇਹ ਸੱਚ ਹੈ ਕਿ 1991 ਤੱਕ ਸੋਵੀਅਤ ਸੰਘ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਮੁੱਦੇ ’ਤੇ ਭਾਰਤ ਦੀ ਹਮਾਇਤ ਕਰਦਾ ਰਿਹਾ ਸੀ, ਪਰ ਗਰਵਾਚੌਵ ਦੇ ਰਾਸ਼ਟਰਪਤੀ ਅਹੁਦਾ ਤਿਆਗਦੇ ਹੀ ਰੂਸ ਦਾ ਉਹ ਰੂਪ ਸ਼ਾਇਦ ਸਾਡੇ ਲਈ ਮਦਦ ਕਰਨ ਵਾਲਾ ਨਹੀਂ ਰਿਹਾ। ਇਸ ਵੇਲੇ ਰੂਸੀ ਰਾਸ਼ਟਰਪਤੀ ਪੁਤਿਨ ਮੋਦੀ ਦੇ ਮਿੱਤਰ ਜਾਪਦੇ ਹਨ, ਪਰ ਕੱਲ੍ਹ ਬਾਰੇ ਕੌਣ ਜਾਣਦਾ ਹੈ? ਅੰਤ ਵਿਚ ਭਾਰਤ ਦੇ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਰੱਖਿਆ ਸਲਾਹਕਾਰ ਡੋਭਾਲ ਨੂੰ ਵਿਦੇਸ਼ ਨੀਤੀ ਨੂੰ ਭਾਰਤ ਦੇ ਹਿੱਤ ਵਿਚ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੀ ਵਿਦੇਸ਼ ਨੀਤੀ ਦਾ ਮੂਲ ਆਧਾਰ ‘ਰਾਸ਼ਟਰੀ ਹਿੱਤ’ ਹੋਣਾ ਚਾਹੀਦਾ ਹੈ, ਜੋ ਅੱਜ ਦੀ ਭਾਰਤੀ ਵਿਦੇਸ਼ ਨੀਤੀ ਵਿਚ ਨਜ਼ਰ ਨਹੀਂ ਆਉਂਦਾ। ਗੁਆਂਢੀ ਦੇਸ਼ਾਂ ਨੇ ਭਾਰਤ ਪ੍ਰਤੀ ਆਪਣੀ ਦੁਸ਼ਮਣੀ ਦੇ ਬਿਗੁਲ ਵਜਾ ਦਿੱਤੇ ਹਨ।

ਪਾਕਿਸਤਾਨ ਕਦੇ ਭਾਰਤ ਦਾ ਹਿੱਸਾ ਸੀ। ਭਰਾ ਹੋਣ ਕਰਕੇ ਉਸ ਨੇ ਘਰ ਵੰਡ ਲਿਆ। ਵੰਡ ਕਰ ਲਈ, ਸੋ ਕਰ ਲਈ। ਉਹ ਆਪਣੇ ਘਰ ਵਿਚ ਰਾਜ਼ੀ ਰਹੇ, ਸਾਨੂੰ ਆਪਣੇ ਦੇਸ਼ ’ਤੇ ਮਾਣ ਹੋਣਾ ਚਾਹੀਦਾ ਹੈ ਪਰ ਪਾਕਿਸਤਾਨ ਭਾਰਤ ਦਾ ਕੱਟੜ ਦੁਸ਼ਮਣ ਬਣ ਗਿਆ ਹੈ। ਉਸ ਨੇ ਅਫਗਾਨਿਸਤਾਨ, ਚੀਨ ਅਤੇ ਅਮਰੀਕਾ ਨੂੰ ਆਪਣਾ ਬਣਾ ਲਿਆ, ਫਿਰ ਇਕ ਤੋਂ ਬਾਅਦ ਇਕ ਭਾਰਤ ’ਤੇ ਹਮਲੇ ਸ਼ੁਰੂ ਕਰ ਦਿੱਤੇ। ਸਤੰਬਰ 1947 ਵਿਚ ਹੀ ਪਾਕਿਸਤਾਨ ਨੇ ਕਸ਼ਮੀਰ ਵਿਚ ਗੁਰਿੱਲਾ ਯੁੱਧ ਸ਼ੁਰੂ ਕਰ ਦਿੱਤਾ ਅਤੇ ਜੰਮੂ-ਕਸ਼ਮੀਰ ਦੇ ਬਹੁਤੇ ਹਿੱਸੇ ’ਤੇ ਕਬਜ਼ਾ ਕਰ ਲਿਆ। ਉਦੋਂ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਭਾਰਤ ਨਾਲ ਦੁਸ਼ਮਣੀ ਰੱਖਦਾ ਆ ਰਿਹਾ ਹੈ। ਨਿੱਤ ਨਵੇਂ-ਨਵੇਂ ਅੱਤਵਾਦੀ ਆਈ. ਐੱਸ. ਆਈ. ਤੋਂ ਟ੍ਰੇਨਿੰਗ ਲੈ ਕੇ ਜੰਮੂ-ਕਸ਼ਮੀਰ ’ਚ ਬੇਕਸੂਰ ਲੋਕਾਂ ਦਾ ਕਤਲ ਕਰ ਰਹੇ ਹਨ।

ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਸ਼ਰਨ ਲਈ ਹੋਈ ਹੈ। ਬੰਗਲਾਦੇਸ਼ ਵਿਚ ਕੱਟੜਪੰਥੀ-ਇਸਲਾਮਵਾਦੀ ਹਿੰਦੂਆਂ ਦੇ ਘਰਾਂ, ਦੁਕਾਨਾਂ, ਉਨ੍ਹਾਂ ਦੀ ਜਾਇਦਾਦ ਅਤੇ ਦੌਲਤ ਲੁੱਟ ਰਹੇ ਹਨ। ਬੰਗਲਾਦੇਸ਼ ਤੋਂ ਹਿੰਦੂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਥੋਂ ਦੀ ਸਰਕਾਰ ਕੱਟੜਪੰਥੀਆਂ ਦੇ ਹੱਥਾਂ ਵਿਚ ਖਿਡੌਣਾ ਬਣ ਗਈ ਹੈ। ਇਸ ਲਈ ਮੇਰੀ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਾਰਤ ਦੀ ਵਿਦੇਸ਼ ਨੀਤੀ ’ਤੇ ਮੁੜ ਵਿਚਾਰ ਕਰਨ। ਭਾਰਤ ਦੇ ਹਿੰਦੂ ਦਾ ਦਿਲ ਵੱਡਾ ਹੈ। ਇਹ ਉਦਾਰਵਾਦੀ ਹੈ, ਪਰ ਸਾਡੀ ਵਿਦੇਸ਼ ਨੀਤੀ ਨੂੰ ਹਿੰਦੂਆਂ ਨੂੰ ਡਰਪੋਕ ਨਹੀਂ ਬਣਾਉਣਾ ਚਾਹੀਦਾ। ਭਾਰਤ ਦੇ ਸਵੈਮਾਣ ਨੂੰ ਮੁੜ ਜਗਾਓ। ਸਮੇਂ ਸਿਰ ਜਾਂ ਤਾਂ ਆਪਣੇ ਗੁਆਂਢੀ ਦੇਸ਼ਾਂ ਨਾਲ ਗੱਲ ਕਰੋ ਜਾਂ ਉਨ੍ਹਾਂ ਨੂੰ ਇਕ ਵਾਰ ਹੀ ਭਾਰਤ ਦੀ ਤਾਕਤ ਦਿਖਾਓ। ਡਰਪੋਕਾਂ ਵਾਂਗ ਸਿਰਫ਼ ਫੋਕੀਆਂ ਧਮਕੀਆਂ ਨਾ ਦਿਓ। ਇਕ ਵਾਰ ਆਰ-ਪਾਰ ਹੋਣ ਦਿਓ।

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)


Rakesh

Content Editor

Related News