ਇਰਾਨ ’ਤੇ ਚੁੱਪ ਸਾਨੂੰ ਸ਼ਰਮਸਾਰ ਕਰੇਗੀ

Wednesday, Mar 04, 2026 - 04:34 PM (IST)

ਇਰਾਨ ’ਤੇ ਚੁੱਪ ਸਾਨੂੰ ਸ਼ਰਮਸਾਰ ਕਰੇਗੀ

‘ਤੁਸੀਂ ਸੁਣੋ ਮੇਰੀ ਗੱਲ। ਨੈਤਿਕਤਾ, ਆਦਰਸ਼, ਸਿਧਾਂਤ ਇਹ ਸਭ ਆਪਣੇ ਘਰ-ਸਮਾਜ ਦੇ ਨਿਯਮ ਹਨ। ਵਿਦੇਸ਼ ਨੀਤੀ ਇਨ੍ਹਾਂ ਨਾਲ ਨਹੀਂ ਚੱਲਦੀ। ਉੱਥੇ ਹਰ ਕੋਈ ਆਪਣਾ ਰਾਸ਼ਟਰੀ ਹਿੱਤ ਵਿੰਨ੍ਹਣ ਆਉਂਦਾ ਹੈ। ਸਾਨੂੰ ਵੀ ਇਹੀ ਕਰਨਾ ਹੋਵੇਗਾ। ਇਹੀ ਸਾਡੀ ਸਰਕਾਰ ਕਰ ਰਹੀ ਹੈ। ਤੁਸੀਂ ਐਵੇਂ ਉਪਦੇਸ਼ ਨਾ ਦਿਓ।’ ਫਿਰ ਆਪਣੇ ਲਹਿਜੇ ਨੂੰ ਹਲਕਾ ਕਰਨ ਦੀ ਨੀਅਤ ਨਾਲ ਮੁਸਕਰਾਏ ਅਤੇ ਬੋਲੇ, ‘ਤੁਹਾਨੂੰ ਉਹ ਗਾਣਾ ਯਾਦ ਹੈ, ਕਸਮੇ ਵਾਦੇ ਪਿਆਰ ਵਫਾ, ਸਬ ਬਾਤੇਂ ਹੈਂ ਬਾਤੋਂ ਕਾ ਕਿਆ? ਕੋਈ ਕਿਸੀ ਕਾ ਨਹੀਂ ਹੈ, ਝੂਠੇ ਨਾਤੇ ਹੈਂ ਨਾਤੋਂ ਕਾ ਕਿਆ।’

ਗੱਲਬਾਤ ਸ਼ੁਰੂ ਇਸ ਤਰ੍ਹਾਂ ਨਹੀਂ ਹੋਈ ਸੀ। ਅਸੀਂ ਫਿਰ ਪਾਰਕ ’ਚ ਮਿਲੇ ਸੀ। ਜਿਵੇਂ ਜ਼ਮਾਨੇ ਦਾ ਦਸਤੂਰ ਹੈ, ਚਰਚਾ ਖੇਡ ਅਤੇ ਜੰਗ ’ਤੇ ਚੱਲ ਰਹੀ ਸੀ। ਟੀ-20 ’ਤੇ ਚਰਚਾ ਅਜਿਹੀ ਜਿਵੇਂ ਖੇਡ ਨਹੀਂ ਜੰਗ ਚੱਲ ਰਹੀ ਹੋਵੇ ਅਤੇ ਇਰਾਨ ’ਤੇ ਹਮਲੇ ਅਤੇ ਜਵਾਬੀ ਹਮਲੇ ਦੀ ਚਰਚਾ ਅਜਿਹੀ ਜਿਵੇਂ ਜੰਗ ਨਹੀਂ ਖੇਡ ਚੱਲ ਰਹੀ ਹੋਵੇ। ਮਿਜ਼ਾਈਲ ਅਤੇ ਲਾਸ਼ਾਂ ਨੂੰ ਦੌੜਾਂ ਅਤੇ ਵਿਕਟਾਂ ਵਾਂਗ ਗਿਣਿਆ ਜਾ ਰਿਹਾ ਸੀ।

ਹਰ ਹਿੰਦੁਸਤਾਨੀ ਕਾਨੂੰਨ, ਦੇਸੀ ਦਵਾਈ ਅਤੇ ਕ੍ਰਿਕਟ ਦੇ ਨਾਲ-ਨਾਲ ਹੁਣ ਜੰਗੀ ਵਿਸ਼ਿਆਂ ਦਾ ਐਕਸਪਰਟ ਵੀ ਬਣ ਗਿਆ ਸੀ। ਬੁਮਰਾਹ ਨੂੰ ਸਵਿੰਗ ਅਤੇ ਯਾਰਕਰ ਸਿਖਾਉਣ ਵਾਲੇ ਐਕਸਪਰਟ ਹੁਣ ਟਰੰਪ ਨੂੰ ਹਵਾਈ ਜੰਗ ਅਤੇ ਪੱਛਮੀ ਏਸ਼ੀਆ ਨੂੰ ਕੂਟਨੀਤੀ ਸਿਖਾ ਰਹੇ ਸਨ। ਇਰਾਨ ਦੀ ਤਬਾਹੀ ਅਤੇ ਤੇਲ ਦੀ ਕੀਮਤ ’ਤੇ ਨਿਰਪੱਖ ਭਾਵ ਨਾਲ ਚਰਚਾ ਚੱਲ ਰਹੀ ਸੀ, ਜਿਵੇਂ ਮੈਚ ਤੋਂ ਪਹਿਲਾਂ ਪਿੱਚ ਦੀ ਸਮੀਖਿਆ ਹੋ ਰਹੀ ਹੋਵੇ। ਭਾਰਤ ਦੇ ਬਦਲਾਂ ’ਤੇ ਚਰਚਾ ਹੋ ਰਹੀ ਸੀ।

ਮੇਰੇ ਬੋਲਣ ’ਚ ਜ਼ਰੂਰ ਕੁਝ ਤਲਖ਼ੀ ਰਹੀ ਹੋਵੇਗੀ। ਮੈਂ ਕਿਹਾ, ਜ਼ਰਾ ਇਕ ਮਿੰਟ ਲਈ ਸੋਚੋ ਜੇਕਰ ਇਰਾਨ ਦੀ ਜਗ੍ਹਾ ਅਸੀਂ ਹੁੰਦੇ ਅਤੇ ਜੇਕਰ ਕੋਈ ਅਜਿਹੀ ਗੱਲਬਾਤ ਕਰ ਰਿਹਾ ਹੁੰਦਾ ਤਾਂ ਸਾਨੂੰ ਕਿਵੇਂ ਲੱਗਦਾ। ਆਖ਼ਰ ਕਿਸੇ ਦੀ ਬਰਬਾਦੀ ’ਤੇ ਅਸੀਂ ਇੰਨੀ ਚਟਪਟੀ ਚਰਚਾ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਨੂੰ ਗੱਲ ਨਾਗਵਾਰ ਗੁਜ਼ਰੀ ਸੀ। ਅਸੀਂ ਇਰਾਨ ਦੀ ਤੁਲਨਾ ਭਾਰਤ ਨਾਲ ਕਿਵੇਂ ਕਰ ਸਕਦੇ ਹਾਂ? ਉੱਥੇ ਇਸਲਾਮੀ ਕੱਟੜਪੰਥੀ ਮੁੱਲਿਆਂ ਦਾ ਰਾਜ ਹੈ। ਜਨਤਾ ਉਸ ਤਾਨਾਸ਼ਾਹੀ ਤੋਂ ਮੁਕਤੀ ਚਾਹੁੰਦੀ ਹੈ। ਉਂਝ ਵੀ ਇਰਾਨ ਨੇ ਅੰਤਰਰਾਸ਼ਟਰੀ ਬਿਰਾਦਰੀ ਦੇ ਨੱਕ ’ਚ ਦਮ ਕਰ ਰੱਖਿਆ ਹੈ। ਚੋਰੀ-ਛਿਪੇ ਐਟਮ ਬੰਬ ਬਣਾ ਰਿਹਾ ਹੈ। ਉਸ ਨੂੰ ਰੋਕਣਾ ਤਾਂ ਪਵੇਗਾ ਨਾ।

ਇਸ ਤਰ੍ਹਾਂ ਦੇ ਤਰਕ ਸੁਣ ਕੇ ਮੇਰੇ ਕੰਨ ਪੱਕ ਚੁੱਕੇ ਸਨ। ਅਮਰੀਕਾ ਨੂੰ ਇਰਾਨ ਦੇ ਲੋਕਤੰਤਰੀ ਹੋਣ ਜਾਂ ਨਾ ਹੋਣ ਨਾਲ ਰੱਤੀ ਭਰ ਫ਼ਰਕ ਨਹੀਂ ਪੈਂਦਾ। ਸੱਚ ਇਹ ਹੈ ਕਿ ਇਰਾਨ ਦੇ ਪਹਿਲੇ ਲੋਕਤੰਤਰ ਨੂੰ ਖ਼ਤਮ ਕਰਨ ਦਾ ਕੰਮ 1953 ’ਚ ਅਮਰੀਕਾ ਦੀ ਸੀ. ਆਈ. ਏ. ਨੇ ਕੀਤਾ ਸੀ। ਅਮਰੀਕਾ ਨੇ ਹੀ ਇਰਾਨ ’ਤੇ ਰਾਜਸ਼ਾਹੀ ਮੜੀ ਸੀ ਜਿਸ ਦੇ ਖ਼ਿਲਾਫ਼ ਉੱਥੇ ਇਸਲਾਮੀ ਕ੍ਰਾਂਤੀ ਹੋਈ ਸੀ ਅਤੇ ਜੋ ਵੀ ਬੋਲੇ, ਅਮਰੀਕਾ ਤਾਂ ਇਸ ਸਵਾਲ ’ਤੇ ਨਾ ਹੀ ਬੋਲੇ।

ਇਸ ’ਚ ਕੋਈ ਸ਼ੱਕ ਨਹੀਂ ਕਿ ਉੱਥੇ ਇਸਲਾਮ ਦੇ ਨਾਂ ’ਤੇ ਜੋ ਸ਼ਾਸਨ ਚੱਲ ਰਿਹਾ ਹੈ ਉਸ ਨਾਲ ਜਨਤਾ ’ਚ ਭਾਰੀ ਅਸੰਤੋਸ਼ ਹੈ। ਹਾਲ ਹੀ ’ਚ ਜਨਤਾ ਨੇ ਵਿਦਰੋਹ ਕੀਤਾ ਸੀ ਜਿਸ ਨੂੰ ਇਰਾਨ ਦੀ ਸਰਕਾਰ ਨੇ ਬੇਰਹਿਮੀ ਨਾਲ ਕੁਚਲ ਦਿੱਤਾ ਸੀ ਪਰ ਕੀ ਇਸ ਨਾਲ ਅਮਰੀਕਾ ਨੂੰ ਉੱਥੇ ਦਖ਼ਲਅੰਦਾਜ਼ੀ ਦਾ ਹੱਕ ਮਿਲ ਜਾਂਦਾ ਹੈ? ਅਮਰੀਕਾ ਦਾ ਜਦੋਂ ਮਨ ਆਏ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰ ਲਵੇ, ਜਦੋਂ ਚਾਹੇ ਇਰਾਨ ਦੇ ਰਾਸ਼ਟਰਪਤੀ ਦੀ ਹੱਤਿਆ ਕਰ ਦੇਵੇ। ਇਸ ਨੂੰ ਅਸੀਂ ਕਿਵੇਂ ਦੇਖਦੇ ਰਹਿ ਸਕਦੇ ਹਾਂ?

ਮੇਰੇ ਵਰਗੇ ਲੋਕਾਂ ਨੂੰ ਸਾਡੀ ਸਰਕਾਰ ਤੋਂ ਲੱਖਾਂ ਸ਼ਿਕਾਇਤਾਂ ਹਨ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਸ ਦੀ ਆੜ ਲੈ ਕੇ ਕੋਈ ਵਿਦੇਸ਼ੀ ਤਾਕਤ ਭਾਰਤ ਦੀ ਜਨਤਾ ਨੂੰ ਮੁਕਤ ਕਰਵਾਉਣ ਦੇ ਨਾਂ ’ਤੇ ਭਾਰਤ ’ਤੇ ਹਮਲਾ ਕਰ ਦੇਵੇ। ਸਿੱਧੀ ਗੱਲ ਹੈ—ਟਰੰਪ ਨੂੰ ਇਹ ਮਨਜ਼ੂਰ ਨਹੀਂ ਕਿ ਇਰਾਨ ਉਸ ਦੇ ਸਾਹਮਣੇ ਸਿਰ ਚੁੱਕ ਕੇ ਚੱਲੇ। ਇਸ ਲਈ ਉਸ ਨੇ ਜ਼ੋਰ-ਜ਼ਬਰਦਸਤੀ ਨਾਲ ਉੱਥੇ ਸੱਤਾ ਪਲਟਣ ਦੀ ਠਾਣ ਲਈ ਹੈ।

ਐਟਮ ਬੰਬ ਦੀ ਗੱਲ ਸਰਾਸਰ ਝੂਠ ਹੈ। ਅਮਰੀਕਾ ਦਾ ਰੱਖਿਆ ਮੰਤਰਾਲਾ ਕਬੂਲ ਕਰ ਚੁੱਕਾ ਹੈ ਕਿ ਇਰਾਨ ਐਟਮ ਬੰਬ ਬਣਾਉਣ ਤੋਂ ਕੋਹਾਂ ਦੂਰ ਹੈ। ਪਿਛਲੇ ਸਾਲ ਇਰਾਨ ’ਤੇ ਹਮਲਾ ਕਰਨ ਤੋਂ ਬਾਅਦ ਟਰੰਪ ਨੇ ਖੁਦ ਕਿਹਾ ਸੀ ਕਿ ਇਰਾਨ ਦੇ ਐਟਮੀ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਰਾਨ ਅਤੇ ਅਮਰੀਕਾ ਦੇ ਦਰਮਿਆਨ ਵਿਚੋਲਗੀ ਕਰਨ ਵਾਲੇ ਬਹਿਰੀਨ ਦੇ ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਹੈ ਕਿ ਇਰਾਨ ਲਿਖ ਕੇ ਦੇਣ ਨੂੰ ਤਿਆਰ ਸੀ ਕਿ ਉਹ ਅਜੇ ਜਾਂ ਭਵਿੱਖ ’ਚ ਕਦੇ ਵੀ ਐਟਮ ਬੰਬ ਨਹੀਂ ਬਣਾਏਗਾ। ਜੇਕਰ ਅਮਰੀਕਾ ਨੂੰ ਚੋਰੀ-ਛਿਪੇ ਐਟਮ ਬੰਬ ਦੀ ਚਿੰਤਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਜ਼ਰਾਈਲ ਅਤੇ ਪਾਕਿਸਤਾਨ ’ਤੇ ਹਮਲਾ ਕਰਨਾ ਚਾਹੀਦਾ ਹੈ ਜਿਨ੍ਹਾਂ ਕੋਲ ਗੈਰ-ਕਾਨੂੰਨੀ ਐਟਮ ਬੰਬਾਂ ਦਾ ਭੰਡਾਰ ਹੈ। ਸੱਚ ਕਹਾਂ ਤਾਂ ਐਟਮ ਬੰਬ ਰੋਕਣ ਦੀ ਸਾਰੀ ਗੱਲ ਹੀ ਪਾਖੰਡਪੂਰਨ ਹੈ। ਖੁਦ ਹਜ਼ਾਰਾਂ ਐਟਮ ਬੰਬ ਰੱਖਣ ਵਾਲਾ ਅਮਰੀਕਾ ਕਿਸ ਮੂੰਹ ਨਾਲ ਦੂਜਿਆਂ ਨੂੰ ਪਹਿਲਾਂ ਬੰਬ ਬਣਾਉਣ ਤੋਂ ਰੋਕ ਸਕਦਾ ਹੈ?

ਘੱਟੋ-ਘੱਟ ਭਾਰਤ ਤਾਂ ਇਸ ਪਾਖੰਡ ’ਚ ਸ਼ਾਮਲ ਨਾ ਹੋਵੇ। ਜਦੋਂ ਤੱਕ ਸਾਡੇ ਐਟਮ ਬੰਬ ਨੂੰ ਦੁਨੀਆ ਦੀ ਮਾਨਤਾ ਨਹੀਂ ਮਿਲੀ ਸੀ ਉਦੋਂ ਤੱਕ ਇਹੀ ਉਪਦੇਸ਼ ਸਾਨੂੰ ਵੀ ਦਿੱਤੇ ਜਾਂਦੇ ਸਨ ਅਤੇ ਬਾਕੀ ਦੁਨੀਆ ਨੂੰ ਅਸੀਂ ਇਹੀ ਕਹਿੰਦੇ ਸੀ—ਤੁਸੀਂ ਕੌਣ ਹੁੰਦੇ ਹੋ ਸਾਨੂੰ ਸਿਖਾਉਣ ਵਾਲੇ। ਸਾਨੂੰ ਤਾਂ ਇਰਾਨ ਦੇ ਨਾਲ ਖੜ੍ਹੇ ਰਹਿਣਾ ਚਾਹੀਦਾ ਹੈ। ਕੱਲ ਤੱਕ ਸਾਡੇ ਪ੍ਰਧਾਨ ਮੰਤਰੀ ਇਰਾਨ ਅਤੇ ਭਾਰਤ ਦੇ ਇਤਿਹਾਸਕ ਸਬੰਧਾਂ ਦੀ ਦੁਹਾਈ ਦਿੰਦੇ ਸਨ।

ਪੱਛਮੀ ਏਸ਼ੀਆ ਦੇ ਕੁਝ ਦੇਸ਼ ਜੋ ਔਖੇ ਵੇਲੇ ਸਾਡੇ ਕੰਮ ਆਏ ਸਨ, ਉਨ੍ਹਾਂ ’ਚੋਂ ਇਰਾਨ ਇਕ ਹੈ। ਚਲੋ ਖੜ੍ਹੇ ਹੋਣ ਦੀ ਹਿੰਮਤ ਨਹੀਂ ਹੈ ਤਾਂ ਘੱਟੋ-ਘੱਟ ਉਨ੍ਹਾਂ ਦੇ ਰਾਸ਼ਟਰਮੁਖੀ ਦੀ ਹੱਤਿਆ ’ਤੇ ਅਫ਼ਸੋਸ ਤਾਂ ਜਤਾ ਸਕਦੇ ਸੀ। ਇੰਨਾ ਤਾਂ ਅਮਰੀਕਾ ਦੀ ਪਿੱਠੂ ਪਾਕਿਸਤਾਨੀ ਸਰਕਾਰ ਨੇ ਵੀ ਕਹਿ ਦਿੱਤਾ। ਪਤਾ ਨਹੀਂ ਟਰੰਪ ਕੋਲ ਅਜਿਹੀ ਕੀ ਚਾਬੀ ਹੈ ਕਿ ਮੋਦੀ ਜੀ ਸਾਧਾਰਨ ਸ਼ਿਸ਼ਟਾਚਾਰ ਦਾ ਬਿਆਨ ਵੀ ਨਹੀਂ ਦੇ ਸਕਦੇ। ਸੱਚ ਕਹਾਂ ਤਾਂ ਮੈਨੂੰ ਸ਼ਰਮ ਆਉਂਦੀ ਹੈ। ਪਹਿਲਾਂ ਸਾਡਾ ਦੇਸ਼ ਗਰੀਬ ਸੀ, ਪਰ ਸਿਰ ਨਹੀਂ ਝੁਕਾਉਂਦਾ ਸੀ। ਅਮਰੀਕਾ ਦੇ ਸੱਤਵੇਂ ਬੇੜੇ ਦੇ ਸਾਹਮਣੇ ਸਾਡੀ ਕੋਈ ਤਾਕਤ ਨਹੀਂ ਸੀ, ਪਰ ਇੰਦਰਾ ਗਾਂਧੀ ਅਮਰੀਕੀ ਰਾਸ਼ਟਰਪਤੀ ਨਿਕਸਨ ਨੂੰ ਦੋ-ਟੁੱਕ ਜਵਾਬ ਦੇ ਸਕਦੀ ਸੀ। ਕੀ ਹੋ ਗਿਆ ਹੈ ਸਾਡੀ ਦ੍ਰਿਸ਼ਟੀ ਅਤੇ ਆਦਰਸ਼ਾਂ ਨੂੰ?

ਬਸ ਮੇਰੇ ਮੂੰਹੋਂ ‘ਆਦਰਸ਼’ ਸੁਣਦੇ ਹੀ ਉਨ੍ਹਾਂ ਨੇ ਜਵਾਬੀ ਹਮਲਾ ਕੀਤਾ ਸੀ ਅਤੇ ‘ਜ਼ੰਜੀਰ’ ਦਾ ਗੀਤ ਯਾਦ ਦਿਵਾਇਆ ਸੀ। ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਸੀ। ਹੁਣ ਮੇਰੀ ਵਾਰੀ ਸੀ : ‘‘ਜੋ ਪਰਿਵਾਰ ਅਤੇ ਸਮਾਜ ’ਚ ਹੁੰਦਾ ਹੈ ਉਹੀ ਦੁਨੀਆ ਨਾਮਕ ਪਰਿਵਾਰ ’ਚ ਵੀ ਹੁੰਦਾ ਹੈ। ਨਾ ਘਰ ਸਿਰਫ਼ ਨੈਤਿਕਤਾ ਅਤੇ ਆਦਰਸ਼ ਨਾਲ ਚੱਲਦਾ ਹੈ, ਨਾ ਦੁਨੀਆ ਬਿਲਕੁਲ ਇਨ੍ਹਾਂ ਦੇ ਬਿਨਾਂ ਚੱਲ ਸਕਦੀ ਹੈ। ਨੈਤਿਕਤਾ ਨੀਤੀ ਤੋਂ ਅਲੱਗ ਨਹੀਂ ਹੈ।

ਲੰਬੇ ਸਮੇਂ ’ਚ ਰਾਸ਼ਟਰ ਹਿੱਤ ਨੂੰ ਹਾਸਲ ਕਰਨ ਲਈ ਹੀ ਸਿਧਾਂਤ ਚਾਹੀਦੇ ਹਨ। ਰਹੀ ਗੱਲ ਆਦਰਸ਼ ਦੀ, ਉਸ ਨੂੰ ਛੱਡ ਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਹੀ ਹੋਵੇਗਾ। ਜੇਕਰ ਅਮਰੀਕਾ ਨੂੰ ਗੁੰਡਾਗਰਦੀ ਦੀ ਛੋਟ ਮਿਲ ਗਈ ਤਾਂ ਇਸੇ ਛੋਟ ਦੀ ਵਰਤੋਂ ਕੱਲ ਚੀਨ ਵੀ ਕਰੇਗਾ। ਚੀਨ ਦੀ ਨਜ਼ਰ ’ਚ ਪਹਿਲਾਂ ਤਾਈਵਾਨ ਦਾ ਨੰਬਰ ਆਏਗਾ ਅਤੇ ਕੌਣ ਜਾਣੇ ਕਦੇ ਸਾਡਾ ਨੰਬਰ ਵੀ ਆ ਸਕਦਾ ਹੈ।

ਜੇਕਰ ਆਦਰਸ਼ ਦਾ ਪੱਲਾ ਛੱਡ ਦੇਵਾਂਗੇ ਤਾਂ ਕੱਲ ਸਾਡੇ ਨਾਲ ਕੌਣ ਖੜ੍ਹਾ ਹੋਵੇਗਾ? ‘ਜਿਸ ਕੀ ਲਾਠੀ ਉਸ ਕੀ ਭੈਂਸ’ ਵਾਲੀ ਦੁਨੀਆ ’ਚ ਜੇਕਰ ਅਸੀਂ ਲਾਠੀ ਵਾਲੇ ਦੀ ਚਾਪਲੂਸੀ ਕਰਾਂਗੇ ਤਾਂ ਇੱਜ਼ਤ ਤਾਂ ਜਾਵੇਗੀ ਹੀ, ਇਕ ਦਿਨ ਉਸ ਦੀ ਲਾਠੀ ਵੀ ਸਾਡੇ ’ਤੇ ਹੀ ਪਵੇਗੀ।’’

ਅਚਾਨਕ ਮੈਨੂੰ ਵੀ ਇਕ ਫ਼ਿਲਮੀ ਗੀਤ ਦੀ ਇਕ ਪੰਕਤੀ ਯਾਦ ਆ ਗਈ— ‘ਬਿਕ ਗਿਆ ਜੋ ਵੋ ਖ਼ਰੀਦਾਰ ਨਹੀਂ ਹੋ ਸਕਤਾ।’

–ਯੋਗੇਂਦਰ ਯਾਦਵ


author

Harpreet SIngh

Content Editor

Related News