ਨਵੇਂ ਸਾਲ ’ਚ ਕਰੋਂ ਨਵੀਂ ਸ਼ੁਰੂਆਤ
Friday, Jan 03, 2025 - 03:25 PM (IST)
31 ਦਸੰਬਰ ਦੀ ਰਾਤ ਨੂੰ ਜਦੋਂ ਘੜੀ ’ਤੇ 12 ਵੱਜਦੇ ਹਨ, ਤਾਂ ਆਸਮਾਨ ਰੰਗ-ਬਿਰੰਗੀ ਆਤਿਸ਼ਬਾਜ਼ੀ ਨਾਲ ਜਗਮਗਾਉਣ ਲੱਗਦਾ ਹੈ। ਘਰ, ਗਲੀਆਂ, ਰੈਸਟੋਰੈਂਟ ਅਤੇ ਕਲੱਬ ਤਿਉਹਾਰ ਦੇ ਮਾਹੌਲ ਵਿਚ ਡੁੱਬੇ ਹੁੰਦੇ ਹਨ। ਹਰ ਪਾਸੇ ਮੁਸਕਰਾਹਟ ਫੈਲਦੀ ਹੈ, ਪਰਿਵਾਰ ਅਤੇ ਦੋਸਤ ਮਿਲਦੇ ਹਨ ਅਤੇ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ।
ਆਖ਼ਰਕਾਰ, ਲੋਕ ਸਾਲ ਦੀ ਆਖ਼ਰੀ ਰਾਤ ਨੂੰ ਨਵੇਂ ਸਾਲ ਲਈ ਦਲੇਰ ਅਤੇ ਪ੍ਰੇਰਣਾਦਾਇਕ ਸੰਕਲਪ ਕਿਉਂ ਲੈਂਦੇ ਹਨ? ਕੋਈ ਕਹਿੰਦਾ ਹੈ, ‘ਮੈਂ ਹਰ ਰੋਜ਼ ਸਵੇਰੇ 5 ਵਜੇ ਉੱਠਾਂਗਾ’, ਜਦ ਕਿ ਕੋਈ ਕਹਿੰਦਾ ਹੈ, ‘ਇਸ ਸਾਲ ਮੈਂ ਆਪਣੀ ਫਿਟਨੈੱਸ ’ਤੇ ਧਿਆਨ ਦੇਵਾਂਗਾ।’ ਪਰ ਕੁਝ ਹਫ਼ਤਿਆਂ ਬਾਅਦ, ਸ਼ਾਇਦ ਫਰਵਰੀ ਤੱਕ, ਇਹ ਸੰਕਲਪ ਫਿੱਕੇ ਪੈ ਜਾਂਦੇ ਹਨ। ਅਲਾਰਮ ਘੜੀ ਦਾ ਗਲਾ ਘੁੱਟ ਦਿੱਤਾ ਜਾਂਦਾ ਹੈ ਅਤੇ ਤੰਦਰੁਸਤੀ ਦਾ ਟੀਚਾ ਭੁੱਲ ਜਾਂਦਾ ਹੈ। ਹੌਲੀ-ਹੌਲੀ ਜ਼ਿੰਦਗੀ ਆਪਣੇ ਪੁਰਾਣੇ ਢੰਗ ’ਤੇ ਵਾਪਸ ਆ ਜਾਂਦੀ ਹੈ।
ਸੰਕਲਪ ਕਿਉਂ ਟੁੱਟਦੇ ਹਨ?
ਅਕਸਰ ਇਹ ਅਤਿਅੰਤ ਉਤਸ਼ਾਹੀ ਸੰਕਲਪ ਗੈਰ-ਵਿਹਾਰਕ ਹੁੰਦੇ ਹਨ। ਇਨ੍ਹਾਂ ਨੂੰ ਪਲ-ਪਲ ਉਤਸ਼ਾਹ ਅਤੇ ਜੋਸ਼ ਲਈ ਲਿਆ ਜਾਂਦਾ ਹੈ ਪਰ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਦੀ ਕੋਈ ਤਿਆਰੀ ਨਹੀਂ ਹੁੰਦੀ। ਇਕ ਖੁਸ਼ਹਾਲ ਨਵਾਂ ਸਾਲ ਕਿਸੇ ਵੱਡੀ ਤਬਦੀਲੀ ਜਾਂ ਪੂਰੀ ਤਰ੍ਹਾਂ ਨਵੀਂ ਜ਼ਿੰਦਗੀ ਦੀ ਮੰਗ ਨਹੀਂ ਕਰਦਾ। ਇਸਦੀ ਕੁੰਜੀ ਹਨ ਛੋਟੀਆਂ-ਛੋਟੀਆਂ, ਪਰ ਸਥਾਈ ਤਬਦੀਲੀਆਂ ਕਰਨਾ। ਉਹ ਚੀਜ਼ਾਂ ਰੱਖੋ ਜੋ ਕੰਮ ਕਰ ਰਹੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਛੱਡ ਦਿਓ ਜੋ ਨਹੀਂ ਹਨ। ਸਿਰਫ਼ ਛੋਟੀਆਂ ਅਤੇ ਸਥਾਈ ਤਬਦੀਲੀਆਂ ਹੀ ਤੁਹਾਨੂੰ ਬਿਹਤਰ ਜ਼ਿੰਦਗੀ ਵੱਲ ਲੈ ਜਾਂਦੀਆਂ ਹਨ।
ਨਵਾਂ ਸਾਲ ਖਾਸ ਮਹਿਸੂਸ ਹੁੰਦਾ ਹੈ। ਮਨੋਵਿਗਿਆਨੀ ਇਸ ਨੂੰ ‘ਫ੍ਰੈੱਸ਼ ਸਟਾਰਟ ਇਫੈਕਟ’ ਕਹਿੰਦੇ ਹਨ। 1 ਜਨਵਰੀ, ਜਨਮ ਦਿਨ ਜਾਂ ਕਿਸੇ ਵੀ ਹਫ਼ਤੇ ਦਾ ਪਹਿਲਾ ਦਿਨ ਸਾਨੂੰ ਮਾਨਸਿਕ ਤੌਰ ’ਤੇ ਨਵੀਂ ਸ਼ੁਰੂਆਤ ਦਾ ਅਹਿਸਾਸ ਦਿਵਾਉਂਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਹੁਣ ਆਪਣੀ ਜ਼ਿੰਦਗੀ ’ਚ ਇਕ ਨਵੀਂ ਦਿਸ਼ਾ ਲੈ ਸਕਦੇ ਹਾਂ। ਸ਼ਾਇਦ ਇਸੇ ਕਾਰਨ ਅਸੀਂ ਨਵੇਂ ਪਲੈਨਰ ਖਰੀਦਦੇ ਹਾਂ, ਜਿੰਮ ਮੈਂਬਰਸ਼ਿਪ ਲੈਂਦੇ ਹਾਂ, ਜਾਂ ਨਵੇਂ ਸਾਲ ਦੀ ਸ਼ੁਰੂਆਤ ਵਿਚ ਵੱਡੇ ਟੀਚੇ ਨਿਰਧਾਰਤ ਕਰਦੇ ਹਾਂ ਪਰ ਸਿਰਫ਼ ਉਤਸ਼ਾਹ ਹੀ ਸਫ਼ਲਤਾ ਦੀ ਗਾਰੰਟੀ ਨਹੀਂ ਦਿੰਦਾ। ਸਹੀ ਵਿਉਂਤਬੰਦੀ ਅਤੇ ਆਤਮ-ਨਿਰੀਖਣ ਤੋਂ ਬਿਨਾਂ, ਇਹ ਚੰਗੇ ਇਰਾਦੇ ਛੇਤੀ ਹੀ ਦਮ ਤੋੜ ਜਾਂਦੇ ਹਨ।
ਆਤਮ ਨਿਰੀਖਣ ਕਰੋ
ਇਕ ਖੁਸ਼ਹਾਲ ਨਵਾਂ ਸਾਲ ਆਤਮ ਨਿਰੀਖਣ ਨਾਲ ਸ਼ੁਰੂ ਹੁੰਦਾ ਹੈ। ਇਹ ਆਤਮ ਨਿਰੀਖਣ ਅਸਫਲਤਾਵਾਂ ਦਾ ਪਛਤਾਵਾ ਕਰਨ ਬਾਰੇ ਨਹੀਂ ਹੈ, ਸਗੋਂ ਉਤਸੁਕਤਾ ਅਤੇ ਸਮਝ ਨਾਲ ਜੀਵਨ ਦਾ ਮੁਲਾਂਕਣ ਕਰਨ ਬਾਰੇ ਹੈ। ਤੁਹਾਡੇ ਲਈ ਪਿਛਲਾ ਸਾਲ ਕਿਹੋ ਜਿਹਾ ਰਿਹਾ? ਕੀ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨੇ ਤੁਹਾਨੂੰ ਖੁਸ਼ੀ ਦਿੱਤੀ ਜਾਂ ਤੁਹਾਨੂੰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ? ਹੋ ਸਕਦਾ ਹੈ ਕਿ ਤੁਸੀਂ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਇਆ ਹੋਵੇ, ਸ਼ਾਮ ਦੀ ਸੈਰ ਕਰਨ ਦੀ ਆਦਤ ਵਿਕਸਿਤ ਕੀਤੀ ਹੋਵੇ, ਜਾਂ ਆਪਣੇ ਸਮੇਂ ਦਾ ਬਿਹਤਰ ਪ੍ਰਬੰਧਨ ਕੀਤਾ ਹੋਵੇ।
ਦੂਜੇ ਪਾਸੇ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਥਕਾ ਦਿੱਤਾ? ਸ਼ਾਇਦ ਕੰਮ ਦਾ ਓਵਰਲੋਡ, ਸਮੇਂ ਦੀ ਬਰਬਾਦੀ ਜਾਂ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼। ਮਨੋਵਿਗਿਆਨੀ ‘ਸੈਲਫ-ਡਿਸਟੈਂਸਡ ਰਿਫਲੈਕਸ਼ਨ’ (ਸਵੈ-ਦੂਰੀ ਪ੍ਰਤੀਬਿੰਬ) ਦੀ ਸਿਫਾਰਸ਼ ਕਰਦੇ ਹਨ। ਇਸਦਾ ਮਤਲਬ ਹੈ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਦੇ ਨਜ਼ਰੀਏ ਤੋਂ ਦੇਖਣਾ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਇਹ ਵਿਅਕਤੀ ਆਪਣੀਆਂ ਯੋਜਨਾਵਾਂ ਕਿਉਂ ਛੱਡਦਾ ਹੈ? ਉਹ ਕੰਮ ਕਿਉਂ ਕਰਦਾ ਹੈ ਜੋ ਉਸਨੂੰ ਖੁਸ਼ੀ ਨਹੀਂ ਦਿੰਦੇ? ਇਹ ਪਹੁੰਚ ਤੁਹਾਨੂੰ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਕਿਹੜੀਆਂ ਆਦਤਾਂ ਤੁਹਾਡੇ ਲਈ ਫਾਇਦੇਮੰਦ ਹਨ ਅਤੇ ਕਿਹੜੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ।
ਪਰ ਇਕੱਲੀ ਸਪੱਸ਼ਟਤਾ ਜ਼ਿੰਦਗੀ ਨੂੰ ਆਸਾਨ ਨਹੀਂ ਬਣਾਉਂਦੀ। ਜ਼ਿੰਦਗੀ ਕਦੇ ਵੀ ਸਿੱਧੀ ਲਾਈਨ ਵਿਚ ਨਹੀਂ ਚਲਦੀ। ਯੋਜਨਾਵਾਂ ਬਦਲਦੀਆਂ ਹਨ ਅਤੇ ਅਸਫਲਤਾਵਾਂ ਕੁਦਰਤੀ ਹਨ। ਜੋ ਇਨ੍ਹਾਂ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਯੋਗ ਹੁੰਦੇ ਹਨ, ਉਹ ਸਫਲ ਹੁੰਦੇ ਹਨ। ਉਹ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲਣ ਅਤੇ ਦੁਬਾਰਾ ਖੜ੍ਹੇ ਹੋਣ ਦੀ ਸਮਰੱਥਾ ਰੱਖਦੇ ਹਨ। ਅਜਿਹੀ ਯੋਗਤਾ ਵਿਕਸਿਤ ਕਰਨ ਦਾ ਪਹਿਲਾ ਸਬਕ ਹੈ ਸ਼ੁਕਰਗੁਜ਼ਾਰੀ ਜੋ ਸਾਨੂੰ ਉਸ ਦੀ ਕਦਰ ਕਰਨਾ ਸਿਖਾਉਂਦੀ ਹੈ ਜੋ ਸਾਡੇ ਕੋਲ ਹੈ। ਛੋਟੀਆਂ-ਛੋਟੀਆਂ ਸਕਾਰਾਤਮਕ ਚੀਜ਼ਾਂ ਨੂੰ ਪਛਾਣਨਾ ਸਾਡੇ ਦਿਮਾਗ ਨੂੰ ਸਮੱਸਿਆਵਾਂ ਦੀ ਬਜਾਏ ਮੌਕਿਆਂ ’ਤੇ ਧਿਆਨ ਕੇਂਦ੍ਰਿਤ ਕਰਨਾ ਸਿਖਾਉਂਦਾ ਹੈ।
ਦੂਸਰਾ ਹੈ ‘ਮਾਈਂਡਫੁੱਲਨੈੱਸ’ ਭਾਵ ਵਰਤਮਾਨ ਵਿਚ ਜਿਊਣਾ। ਭਾਵੇਂ ਕਿਸੇ ਮਹੱਤਵਪੂਰਨ ਗੱਲਬਾਤ ਵੱਲ ਧਿਆਨ ਦੇਣਾ ਹੋਵੇ ਜਾਂ ਸ਼ਾਂਤ ਸਵੇਰ ਦਾ ਆਨੰਦ ਲੈਣਾ, ਇਹ ਅਭਿਆਸ ਤਣਾਅ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਨਾਲ ਬਿਹਤਰ ਢੰਗ ਨਾਲ ਜੋੜਦਾ ਹੈ। ਤੀਜਾ, ਅਸਫਲਤਾਵਾਂ ਨੂੰ ਨਵੇਂ ਨਜ਼ਰੀਏ ਤੋਂ ਦੇਖਣਾ। ਜਦੋਂ ਤੁਹਾਡੇ ਟੀਚੇ ਪੂਰੇ ਨਹੀਂ ਹੁੰਦੇ, ਤਾਂ ਇਸ ਨੂੰ ਹਾਰ ਨਾ ਸਮਝੋ, ਸਗੋਂ ‘ਫੀਡਬੈਕ’ ਸਮਝੋ। ਮਿਸਾਲ ਲਈ, ਜੇਕਰ ਤੁਸੀਂ ਹਰ ਰੋਜ਼ ਕਸਰਤ ਕਰਨ ਦੀ ਯੋਜਨਾ ਬਣਾਈ ਹੈ, ਪਰ ਤੁਸੀਂ ਇਸਨੂੰ ਹਫ਼ਤੇ ਵਿਚ ਦੋ ਵਾਰ ਕਰਨ ਦੇ ਯੋਗ ਹੋ, ਤਾਂ ਇਹ ਵੀ ਤਰੱਕੀ ਹੈ।
ਰਿਸ਼ਤਿਆਂ ਨੂੰ ਤਰਜੀਹ
ਚੰਗੇ ਰਿਸ਼ਤੇ ਖੁਸ਼ਹਾਲ ਜੀਵਨ ਦਾ ਇਕ ਅਹਿਮ ਥੰਮ੍ਹ ਹਨ। ਸੱਚੇ ਰਿਸ਼ਤੇ ਸਿਰਫ਼ ਵ੍ਹਟਸਐਪ ਸੁਨੇਹਿਆਂ ਜਾਂ ਫਾਰਵਰਡ ਕੀਤੀਆਂ ਗਈਆਂ ਸ਼ੁੱਭਕਾਮਨਾਵਾਂ ਨਾਲ ਨਹੀਂ ਬਣਦੇ। ਇਹ ਰਿਸ਼ਤੇ ਮੌਜੂਦਗੀ ਅਤੇ ਹਿੱਸੇਦਾਰੀ ’ਤੇ ਆਧਾਰਿਤ ਹਨ। ਆਪਣੇ ਦੋਸਤਾਂ ਨੂੰ ਕਾਲ ਕਰੋ, ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਣੋ ਅਤੇ ਜਦੋਂ ਵੀ ਸੰਭਵ ਹੋਵੇ ਆਪਣੇ ਅਜ਼ੀਜ਼ਾਂ ਨੂੰ ਮਿਲੋ। ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਆਪਣੇ ਸਬੰਧਾਂ ਨੂੰ ਗੂੜ੍ਹਾ ਬਣਾਓ। ਨਵਾਂ ਸਾਲ ਕੋਈ ਜਾਦੂਈ ਸਮਾਂ ਨਹੀਂ ਹੈ। ਇਹ ਸਿਰਫ ਇਕ ਮਾਨਸਿਕ ਸੰਕੇਤ ਹੈ ਜੋ ਸਾਨੂੰ ਰੁਕਣ, ਸੋਚਣ ਅਤੇ ਫਿਰ ਤੋਂ ਦਿਸ਼ਾ ਦੇਣ ਦਾ ਮੌਕਾ ਦਿੰਦਾ ਹੈ। ਇਸ ਦਾ ਅਸਲ ਮੁੱਲ ਇਸ ਵਿਚ ਹੈ ਕਿ ਤੁਸੀਂ ਇਸ ਨੂੰ ਕਿਵੇਂ ਵਰਤਦੇ ਹੋ।
ਸੰਪੂਰਨਤਾ ਦੀ ਬਜਾਏ ਤਰੱਕੀ ’ਤੇ ਧਿਆਨ ਦਿਓ। ਜੋ ਕੰਮ ਕਰ ਰਹੇ ਹੋ ਉਸ ਨੂੰ ਦੁਹਰਾਓ, ਜੋ ਅਸਫਲ ਰਿਹਾ ਉਸ ਤੋਂ ਸਿੱਖੋ। ਰਿਸ਼ਤਿਆਂ ਵਿਚ ਨਿਵੇਸ਼ ਕਰੋ ਅਤੇ ਵਰਤਮਾਨ ਵਿਚ ਜੀਓ। ਜੇਕਰ ਤੁਹਾਡੇ ਸੰਕਲਪ ਫਰਵਰੀ ਤੱਕ ਥੋੜ੍ਹੇ ਜਿਹੇ ਡਗਮਗਾਉਂਦੇ ਹਨ ਤਾਂ ਚਿੰਤਾ ਨਾ ਕਰੋ, ਹਰ ਦਿਨ ਇਕ ਨਵੀਂ ਸ਼ੁਰੂਆਤ ਦਾ ਮੌਕਾ ਹੈ।
–ਓ. ਪੀ. ਸਿੰਘ
ਡੀ. ਜੀ. ਪੀ. ਹਰਿਆਣਾ