‘ਰੇਲਗੱਡੀਆਂ ’ਚ ਲਗਾਤਾਰ ਵਧ ਰਹੀ’ ਲੁੱਟਮਾਰ ਅਤੇ ਗੁੰਡਾਗਰਦੀ!

Wednesday, Jun 25, 2025 - 06:56 AM (IST)

‘ਰੇਲਗੱਡੀਆਂ ’ਚ ਲਗਾਤਾਰ ਵਧ ਰਹੀ’ ਲੁੱਟਮਾਰ ਅਤੇ ਗੁੰਡਾਗਰਦੀ!

ਭਾਰਤੀ ਰੇਲਾਂ ਵਿਚ ਸਫਰ ਕਰਨਾ ਹੁਣ ਸੁਰੱਖਿਅਤ ਨਹੀਂ ਰਿਹਾ। ਪਹਿਲਾਂ ਤਾਂ ਕਦੀ-ਕਦਾਈਂ ਹੀ ਇਨ੍ਹਾਂ ’ਚ ਕੋਈ ਘਟਨਾ ਹੁੰਦੀ ਸੀ ਪਰ ਹੁਣ ਤਾਂ ਰੇਲਗੱਡੀਆਂ ਅਤੇ ਜਹਾਜ਼ਾਂ ਤਕ ’ਚ ਹਿੰਸਕ ਘਟਨਾਵਾਂ ਹੋਣ ਲੱਗੀਆਂ ਹਨ ਅਤੇ ਇਨ੍ਹਾਂ ’ਚ ਜਬਰ-ਜ਼ਨਾਹ, ਲੁੱਟਮਾਰ ਤੇ ਹੱਤਿਆ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਾਂ ਵੀ. ਆਈ. ਪੀ. ਰੇਲਗੱਡੀਆਂ ਵੀ ਸੁਰੱਖਿਅਤ ਨਹੀਂ ਰਹੀਆਂ ਹਨ, ਜਿਨ੍ਹਾਂ ਦੀਆਂ ਇਸੇ ਸਾਲ ਦੀਆਂ 4 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 3 ਫਰਵਰੀ ਨੂੰ ਮੁੰਬਈ ਦੇ ‘ਬਾਂਦਰਾ ਟਰਮੀਨਸ’ ’ਤੇ ਖੜ੍ਹੀ ਲੰਮੀ ਦੂਰੀ ਦੀ ਇਕ ਰੇਲਗੱਡੀ ਦੇ ਖਾਲੀ ਡੱਬੇ ਵਿਚ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਇਕ ਕੁਲੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।

* 15 ਮਾਰਚ ਨੂੰ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ਵਿਚ ‘ਗੋਂਡਵਾਨਾ ਐਕਸਪ੍ਰੈੱਸ’ ਰਾਹੀਂ ‘ਗੰਜਬਾਸੌਦਾ’ ਜਾ ਰਹੇ ਇਕ ਨੌਜਵਾਨ ਕੋਲੋਂ ਸਾਂਚੀ ਦੇ ਨੇੜੇ-ਤੇੜੇ ਕੁਝ ਬਦਮਾਸ਼ਾਂ ਨੇ ਪੈਸੇ ਮੰਗੇ ਅਤੇ ਪੈਸੇ ਨਾ ਦੇਣ ’ਤੇ ਝਗੜਾ ਇੰਨਾ ਵਧ ਗਿਆ ਕਿ ਬਦਮਾਸ਼ਾਂ ਨੇ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਟ੍ਰੇਨ ਵਿਚ ਮੌਜੂਦ ਸਾਰੇ ਲੋਕ ਮੂਕਦਰਸ਼ਕ ਬਣੇ ਰਹੇ ਅਤੇ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

* 19 ਅਪ੍ਰੈਲ ਨੂੰ ‘ਵਾਰਾਣਸੀ ਐੱਲ. ਟੀ. ਟੀ.’ ਟ੍ਰੇਨ ਵਿਚ ਸਫਰ ਕਰ ਰਹੀ ਇਕ ਔਰਤ ਮੁਸਾਫਿਰ ਦਾ ਪਰਸ ਲੁੱਟ ਕੇ ਭੱਜ ਰਹੇ ਇਕ ਬਦਮਾਸ਼ ਨੂੰ ਪੁਲਸ ਨੇ ਫੜਿਆ ਤਾਂ ਬਦਮਾਸ਼ ਨੇ ਪੁਲਸ ਦੇ ਸਿਪਾਹੀ ਨੂੰ ਵੀ ਦੰਦਾਂ ਨਾਲ ਵੱਢ ਕੇ ਜ਼ਖ਼ਮੀ ਕਰ ਦਿੱਤਾ।

* 21 ਅਪ੍ਰੈਲ ਨੂੰ ‘ਭਾਗਲਪੁਰ-ਸਾਹਿਬਗੰਜ’ ਰੇਲਵੇ ਡਵੀਜ਼ਨ ਵਿਚ ‘ਕਾਮਾਖਿਆ-ਗਯਾ ਐਕਸਪ੍ਰੈੱਸ’ ’ਚ ‘ਸਭੌਰ’ ਰੇਲਵੇ ਸਟੇਸ਼ਨ ’ਤੇ ਕੁਝ ਬਦਮਾਸ਼ਾਂ ਨੇ ਇਕ ਮੁਟਿਆਰ ਨਾਲ ਲੁੱਟ-ਖੋਹ ਕੀਤੀ ਅਤੇ ਵਿਰੋਧ ਕਰਨ ’ਤੇ ਉਸ ਨੂੰ ਚੱਲਦੀ ਰੇਲਗੱਡੀ ਵਿਚੋਂ ਬਾਹਰ ਧੱਕਾ ਦੇ ਦਿੱਤਾ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

* 7 ਮਈ ਨੂੰ ਪਟਨਾ ਦੇ ‘ਬਿਹਟਾ ਸਟੇਸ਼ਨ’ ਅਤੇ ‘ਪਾਲੀ ਹਾਲਟ’ ਦੇ ਦਰਮਿਆਨ ਇਕ ਦਰਜਨ ਤੋਂ ਵੱਧ ਬਦਮਾਸ਼ਾਂ, ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ, ਨੇ ਦਿੱਲੀ ਤੋਂ ਆ ਰਹੀ ‘ਕਰਮਭੂਮੀ ਐਕਸਪ੍ਰੈੱਸ’ ਨੂੰ ਜ਼ੰਜੀਰ ਖਿੱਚ ਕੇ ਰੋਕ ਲਿਆ ਅਤੇ ਕਈ ਮੁਸਾਫਿਰਾਂ ਦੀ ਕੁੱਟਮਾਰ ਕਰਨ ਦੇ ਬਾਅਦ ਉਨ੍ਹਾਂ ਕੋਲੋਂ ਗਹਿਣੇ ਅਤੇ ਨਕਦੀ ਆਦਿ ਲੁੱਟ ਕੇ ਫ਼ਰਾਰ ਹੋ ਗਏ। ਪਟਨਾ ਪਹੁੰਚ ਕੇ ਮੁਸਾਫਿਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 19 ਜੂਨ ਨੂੰ ਨਵੀਂ ਦਿੱਲੀਂ ਤੋਂ ਭੋਪਾਲ ਜਾ ਰਹੀ ‘ਵੰਦੇ ਭਾਰਤ ਐਕਸਪ੍ਰੈੱਸ’ ਵਿਚ ਸੀਟ ਨੂੰ ਲੈ ਕੇ ਝਗੜਾ ਹੋ ਗਿਆ। ਵਿਧਾਇਕ ਰਾਜੀਵ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ (ਪਤਨੀ ਅਤੇ ਪੁੱਤਰ) ਨੇ ਇਕ ਮੁਸਾਫਿਰ ਨੂੰ ਆਪਣੀ ਸੀਟ ਬਦਲਣ ਲਈ ਕਿਹਾ।

ਮੁਸਾਫਿਰ ਵੱਲੋਂ ਸੀਟ ਬਦਲਣ ਤੋਂ ਨਾਂਹ ਕਰਨ ’ਤੇ ਥੋੜ੍ਹੀ ਜਿਹੀ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਮਾਮਲੇ ਨੇ ਗੰਭੀਰ ਰੂਪ ਧਾਰਨ ਕਰ ਲਿਆ ਅਤੇ ਜਦੋਂ ਗੱਡੀ ‘ਝਾਂਸੀ’ ਸਟੇਸ਼ਨ ’ਤੇ ਪਹੁੰਚੀ ਤਾਂ ਕੁਝ ਵਿਅਕਤੀ ਟ੍ਰੇਨ ਵਿਚ ਵੜ ਗਏ ਅਤੇ ਉਸ ਮੁਸਾਫਿਰ ਦੀ ਖੁੱਲ੍ਹ ਕੇ ਘਸੁੰਨਾਂ ਅਤੇ ਚੱਪਲਾਂ ਨਾਲ ਕੁੱਟਮਾਰ ਕਰ ਦਿੱਤੀ, ਜਿਸ ਨਾਲ ਮੁਸਾਫਿਰ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ।

* 21 ਜੂਨ ਨੂੰ ਰੀਵਾ ਤੋਂ ਛੱਤੀਸਗੜ੍ਹ ਦੇ ਬਿਲਾਸਪੁਰ ਤਕ ਚੱਲਣ ਵਾਲੀ ‘ਰੀਵਾ-ਬਿਲਾਸਪੁਰ ਐਕਸਪ੍ਰੈੱਸ’ ਵਿਚ ‘ਕਟਨੀ ਸਟੇਸ਼ਨ’ ਦੇ ਨੇੜੇ-ਤੇੜੇ 12 ਤੋਂ ਵੱਧ ਬਦਮਾਸ਼ਾਂ ਨੇ ਗੱਡੀ ਦੀਆਂ ਖਿੜਕੀਆਂ ਬੰਦ ਕਰ ਕੇ 20 ਤੋਂ ਵੱਧ ਮੁਸਾਫਿਰਾਂ ਨੂੰ ਕੁੱਟਮਾਰ ਦੇ ਇਲਾਵਾ ਲੁੱਟ ਲਿਆ। ਘਟਨਾ ਦੇ ਸਮੇਂ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੇ ਜਵਾਨ ਨਹੀਂ ਸਨ।

* 22 ਜੂਨ ਰਾਤ ਨੂੰ ਭੋਪਾਲ ਤੋਂ ਦਿੱਲੀ ਦੇ ਦਰਮਿਆਨ ਚੱਲਣ ਵਾਲੀ ‘ਸ਼ਤਾਬਦੀ ਐਕਸਪ੍ਰੈੱਸ’ ’ਤੇ ਬਿਰਲਾ ਨਗਰ-ਰਾਇਰ ਸਟੇਸ਼ਨਾਂ ਦੇ ਦਰਮਿਆਨ ਪਥਰਾਅ ਦੀ ਘਟਨਾ ਹੋਈ, ਜਿਸ ਨਾਲ ਏ. ਸੀ. ਕੋਚ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਜਾਣ ਨਾਲ ਸਾਈਡ ਵਿੰਡੋ ਸੀਟ ’ਤੇ ਬੈਠੀ ਔਰਤ ਨੂੰ ਸੱਟ ਲੱਗ ਗਈ।

* ਅਤੇ ਹੁਣ 24 ਜੂਨ ਨੂੰ ਮੁੰਬਈ ਦੇ ਨੇੜੇ ‘ਕਲਿਆਣ ਸਟੇਸ਼ਨ’ ਦੇ ਨੇੜੇ ‘ਇੰਦੌਰ-ਦੌਂਡ ਐਕਸਪ੍ਰੈੱਸ’ ਵਿਚ ਸਫਰ ਕਰ ਰਹੇ ਇਕ ਬਜ਼ੁਰਗ ਜੋਡ਼ੇ ਦੇ ਸਿਰਹਾਣੇ ਰੱਖਿਆ 40 ਲੱਖ ਰੁਪਏ ਮੁੱਲ ਦੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰ ਕੇ ਇਕ ਬਦਮਾਸ਼ ਭੱਜ ਗਿਆ, ਜਿਸ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਤਾਂ ਕੁਝ ਉਦਾਹਰਣਾਂ ਹਨ ਜੋ ਅਖਬਾਰਾਂ ਵਿਚ ਛਪੀਆਂ ਹਨ। ਇਨ੍ਹਾਂ ਦੇ ਇਲਾਵਾ ਪਤਾ ਨਹੀਂ ਲੁੱਟ ਦੀਆਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ। ਹਾਲਾਂਕਿ ਰੇਲ ਮੰਤਰਾਲਾ ਨੇ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਰੇਲਾਂ ਵਿਚ ਸੁਧਾਰ ਦੀ ਦਿਸ਼ਾ ਵਿਚ ਕੁਝ ਕਦਮ ਚੁੱਕੇ ਹਨ ਪਰ ਇਨ੍ਹਾਂ ਦੇ ਨਾਲ-ਨਾਲ ਮੁਸਾਫਿਰਾਂ ਦੀ ਸੁਰੱਖਿਆ ਦੇ ਲਈ ਜਲਦ ਤੋਂ ਜਲਦ ਢੁੱਕਵੇਂ ਕਦਮ ਚੁੱਕਣੇ ਸਭ ਤੋਂ ਵੱਧ ਜ਼ਰੂਰੀ ਹਨ, ਇਸ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਇਸ ਸਬੰਧ ਵਿਚ ਤੁਰੰਤ ਕਦਮ ਚੁੱਕ ਕੇ ਮੁਸਾਫਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

-ਵਿਜੇ ਕੁਮਾਰ
 


author

Sandeep Kumar

Content Editor

Related News