‘ਹੋਟਲਾਂ ਅਤੇ ਸਪਾ ਸੈਂਟਰਾਂ ਆਦਿ ’ਚ ਹੋ ਰਿਹਾ ਅਨੈਤਿਕ ਧੰਦਾ’ ‘ਦੇਹ ਵਪਾਰ ਜ਼ੋਰਾਂ ’ਤੇ’

Tuesday, Jun 17, 2025 - 07:27 AM (IST)

‘ਹੋਟਲਾਂ ਅਤੇ ਸਪਾ ਸੈਂਟਰਾਂ ਆਦਿ ’ਚ ਹੋ ਰਿਹਾ ਅਨੈਤਿਕ ਧੰਦਾ’ ‘ਦੇਹ ਵਪਾਰ ਜ਼ੋਰਾਂ ’ਤੇ’

ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਵੱਡੀ ਪੱਧਰ ’ਤੇ ਹੋਟਲਾਂ, ਸਪਾ ਸੈਂਟਰਾਂ ਅਤੇ ਘਰਾਂ ਤੱਕ ’ਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਅਨੈਤਿਕ ਧੰਦਾ ਚਲਾਉਣ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਹੁਣ ਸ਼ਾਮਲ ਪਾਈਆਂ ਜਾ ਰਹੀਆਂ ਹਨ। ਇਸ ਦੀਆਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ

* 22 ਜਨਵਰੀ ਨੂੰ ‘ਗਾਜੀਆਬਾਦ' (ਉੱਤਰ ਪ੍ਰਦੇਸ਼) ਸਥਿਤ ਹੋਟਲ ’ਚ ਇਕ ਮਹਿਲਾ ਵਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪੇਮਾਰੀ ਕਰ ਕੇ ਪੁਲਸ ਨੇ ਇਤਰਾਜ਼ਯੋਗ ਹਾਲਤ ’ਚ 7 ਮਰਦਾਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ।

* 1 ਅਪ੍ਰੈਲ ਨੂੰ ‘ਜਾਮਨਗਰ’ (ਗੁਜਰਾਤ) ’ਚ ਪੁਲਸ ਨੇ ਇਕ ਮਿੰਨੀ ਏ. ਸੀ. ਵੈਨ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਇਕ ਲੜਕੀ ਅਤੇ ਨੌਜਵਾਨ ਨੂੰ ਅਤੇ ਅੱਡੇ ਦੇ ਸੰਚਾਲਕ ‘ਅਸ਼ੋਕ ਸਿੰਘ ’ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 4 ਮੋਬਾਈਲ, 1 ਏ. ਸੀ. ਮਿੰਨੀ ਵੈਨ ਅਤੇ 15 ਲੱਖ ਰੁਪਏ ਜ਼ਬਤ ਕੀਤੇ। ਇਸ ਮਿੰਨੀ ਵੈਨ ’ਚ ਗਾਹਕਾਂ ਨੂੰ ਬੈੱਡ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ।

* 16 ਅਪ੍ਰੈਲ ਨੂੰ ‘ਰਾਏਪੁਰ’ (ਛੱਤੀਸਗ਼ੜ੍ਹ) ’ਚ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ ਇਤਰਾਜ਼ਯੋਗ ਹਾਲਤ ’ਚ 9 ਔਰਤਾਂ ਅਤੇ 6 ਮਰਦਾਂ ਨੂੰ ਹਿਰਾਸਤ ’ਚ ਲਿਆ ਅਤੇ ਉਥੋਂ ਭਾਰੀ ਮਾਤਰਾ ’ਚ ਇਤਰਾਜ਼ਯੋਗ ਵਸਤਾਂ ਬਰਾਮਦ ਕੀਤੀਆਂ।

* 17 ਅਪ੍ਰੈਲ ਨੂੰ ‘ਬਸਤੀ’ (ਉੱਤਰ ਪ੍ਰਦੇਸ਼) ’ਚ ਇਕ ਮਕਾਨ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ 9 ਔਰਤਾਂ ਅਤੇ 9 ਮਰਦਾਂ ਨੂੰ ਗ੍ਰਿਫਤਾਰ ਕੀਤਾ।

* 19 ਅਪ੍ਰੈਲ ਨੂੰ ‘ਬਾਂਸਵਾੜਾ’ (ਰਾਜਸਥਾਨ) ’ਚ ਸਥਿਤ ‘ਕੁੰਜੀ ਕਾ ਪਾੜਾ’ ਪਿੰਡ ਦੇ ਇਕ ਹੋਟਲ ’ਚ ਛਾਪਾ ਮਾਰ ਕੇ ਪੁਲਸ ਨੇ ਦੇਹ ਵਪਾਰ ਦੇ ਦੋਸ਼ ’ਚ ਇਕ ਮਰਦ, 2 ਔਰਤਾਂ ਅਤੇ ਇਕ ਹੋਟਲ ਦੇ ਮੈਨੇਜਰ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਹੋਟਲ ਤੋਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਵੀ ਬਰਾਮਦ ਕੀਤੀ।

* 19 ਅਪ੍ਰੈਲ ਨੂੰ ਹੀ ‘ਰਾਏਗੜ੍ਹ’ (ਛੱਤੀਸਗੜ੍ਹ) ਦੇ ‘ਲਕਸ਼ਮੀ ਲਾਜ’ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰ ਕੇ ਪੁਲਸ ਨੇ 4 ਲੜਕੀਆਂ ਅਤੇ 2 ਦਲਾਲਾਂ ਨੂੰ ਗ੍ਰਿਫਤਾਰ ਕੀਤਾ।

* 20 ਅਪ੍ਰੈਲ ਨੂੰ ‘ਰੋਹਤਕ’ (ਹਰਿਆਣਾ) ਦੇ ਦਿੱਲੀ ਬਾਈਪਾਸ ਸਥਿਤ ਇਕ ‘ਸਪਾ’ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ ਉੱਥੇ ਕੰਮ ਕਰਦੀਆਂ 2 ਲੜਕੀਆਂ ਅਤੇ 2 ਲੜਕਿਆਂ ਨੂੰ ਗ੍ਰਿਫਤਾਰ ਕੀਤਾ।

* 26 ਮਈ ਨੂੰ ‘ਰਾਏਪੁਰ’ (ਛੱਤੀਸਗੜ੍ਹ) ਦੇ ਗੰਜ ਇਲਾਕੇ ’ਚ ਸਥਿਤ 2 ਹੋਟਲਾਂ ਦੇ ਮੈਨੇਜਰਾਂ ਨੂੰ ਸੈਕਸ ਰੈਕੇਟ ਚਲਾਉਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫਤਾਰ ਕੀਤਾ। ਕੁਝ ਦਿਨ ਪਹਿਲਾਂ ਇਨ੍ਹਾਂ ਦੋਵਾਂ ਹੋਟਲਾਂ ਤੋਂ 10 ਕਾਲ ਗਰਲਜ਼ ਅਤੇ 2 ਮਹਿਲਾ ਦਲਾਲਾਂ ਨੂੰ ਗ੍ਰਿਫਤਾਰ ਕੀਤਾ ਿਗਆ ਸੀ ਪਰ ਇਸ ਦੌਰਾਨ ਉਕਤ ਹੋਟਲਾਂ ਦੇ ਮੈਨੇਜਰ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਕੇ ਇਨ੍ਹਾਂ ਤੋਂ ਜ਼ਬਤ 3 ਮੋਬਾਈਲ ਫੋਨਾਂ ’ਚ ਕਾਲ ਗਰਲਜ਼ ਨੂੰ ਗਾਹਕਾਂ ਦੇ ਕੋਲ ਭੇਜਣ ਦੇ ਪ੍ਰਮਾਣ ਮਿਲੇ ਹਨ।

* 6 ਜੂਨ ਨੂੰ ‘ਸਤਨਾ’ (ਮੱਧ ਪ੍ਰਦੇਸ਼) ਦੇ ‘ਰਾਜੇਂਦਰ ਨਗਰ’ ਸਥਿਤ ‘ਕਾਮ ਗਿਰੀ ਕਾਲੋਨੀ’ ਦੇ ਇਕ ਮਕਾਨ ’ਚ ਛਾਪਾ ਮਾਰ ਕੇ ਪੁਲਸ ਨੇ 3 ਨੌਜਵਾਨਾਂ ਅਤੇ 3 ਕੁੜੀਆਂ ਨੂੰ ਫੜਿਆ ਅਤੇ ਕੁੜੀਆਂ ਨੂੰ ਚਿਤਾਵਨੀ ਦੇ ਕੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਸੌਂਪ ਦਿੱਤਾ।

* ਅਤੇ ਹੁਣ 15 ਜੂਨ ਨੂੰ ਜਲੰਧਰ (ਪੰਜਾਬ) ਦੇ ਥਾਣਾ ਮਕਸੂਦਾਂ ਦੀ ਪੁਲਸ ਨੇ ‘ਆਸ਼ਾ ਕਾਲੋਨੀ’ ’ਚ ਇਕ ਮਕਾਨ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਅੱਡੇ ਦੀ ਸੰਚਾਲਿਕਾ ‘ਰਾਜਿੰਦਰ ਕੌਰ’ ਉਰਫ ‘ਰਾਣੀ’ ਅਤੇ ‘ਜੀਤਨ’ ਦੇ ਇਲਾਵਾ ‘ਦਵਿੰਦਰ ਿਸੰਘ’ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਕਤ ਲੋਕ ਮਜਬੂਰ ਅਤੇ ਬੇਸਹਾਰਾ ਲੜਕੀਆਂ ਅਤੇ ਔਰਤਾਂ ਨੂੰ ਜੀਵਨ ਨਿਰਵਾਹ ਲਈ ਸਹਾਰਾ ਦੇਣ ਦੇ ਨਾਂ ’ਤੇ ਦੇਹ ਵਪਾਰ ’ਚ ਧੱਕ ਰਹੇ ਸਨ।

ਗ੍ਰਿਫਤਾਰ ਕੀਤੀਆਂ ਗਈਆਂ ਦੋਵਾਂ ਔਰਤਾਂ ਨੇ ਪੁਲਸ ਨੂੰ ਥਾਣਾ ਮਕਸੂਦਾਂ ’ਚ ਪੈਂਦੇ ਕਈ ਇਲਾਕਿਆਂ ’ਚ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ ਦੀ ਜਾਣਕਾਰੀ ਦਿੱਤੀ ਹੈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਮਾਜ ਵਿਰੋਧੀ ਤੱਤ ਕਿਸ ਤਰ੍ਹਾਂ ਲੋੜਵੰਦ ਔਰਤਾਂ ਦੀ ਮਜਬੂਰੀ ਅਤੇ ਅਗਿਆਨਤਾ ਦਾ ਅਣਉਚਿੱਤ ਲਾਭ ਉਠਾ ਕੇ ਉਨ੍ਹਾਂ ਨੂੰ ਇਸ ਅਣਮਨੁੱਖੀ ਧੰਦੇ ’ਚ ਧੱਕ ਰਹੇ ਹਨ।

ਅਖੀਰ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਇਸ ਕੰਮ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਵਿਰੁੱਧ ਜਿੱਥੇ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ, ਉੱਥੇ ਹੀ ਇਸ ਨੂੰ ਅਪਣਾਉਣ ਲਈ ਮਜਬੂਰ ਮਹਿਲਾਵਾਂ ਨੂੰ ਇਸ ਚਿੱਕੜ ’ਚੋਂ ਕੱਢ ਕੇ ਉਨ੍ਹਾਂ ਦਾ ਮੁੜ-ਬਸੇਬਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਵੀ ਲੋੜ ਹੈ।

ਅਜਿਹੀਆਂ ਮਹਿਲਾਵਾਂ ਨੂੰ ਵੱਖ-ਵੱਖ ਕਲਾਵਾਂ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਸਿਲਾਈ-ਕਢਾਈ, ਕੰਪਿਊਟਰ, ਬਿਊਟੀਸ਼ੀਅਨ ਆਦਿ ਦੀ ਟ੍ਰੇਨਿੰਗ ਦੇਣ ਦੇ ਕੇਂਦਰ ਵੀ ਖੋਲ੍ਹਣੇ ਚਾਹੀਦੇ ਹਨ।

–ਵਿਜੇ ਕੁਮਾਰ
 


author

Sandeep Kumar

Content Editor

Related News