ਯਾਦਾਂ ਦੇ ਝਰੋਖੇ ’ਚੋਂ : ‘ਪੰਜਾਬ ਕੇਸਰੀ’ 61ਵੇਂ ਸਾਲ ’ਚ ਦਾਖਲ

Wednesday, Jun 18, 2025 - 12:57 PM (IST)

ਯਾਦਾਂ ਦੇ ਝਰੋਖੇ ’ਚੋਂ : ‘ਪੰਜਾਬ ਕੇਸਰੀ’ 61ਵੇਂ ਸਾਲ ’ਚ ਦਾਖਲ

ਲਾਲਾ ਜਗਤ ਨਾਰਾਇਣ (31 ਮਈ, 1899-9 ਸਤੰਬਰ, 1981) ਨੇ ਮਹਾਤਮਾ ਗਾਂਧੀ ਦੇ ਸੱਦੇ ’ਤੇ ਅਸਹਿਯੋਗ ਅੰਦੋਲਨ (1920-1922) ’ਚ ਹਿੱਸਾ ਲਿਆ। ਉਸ ਸਮੇਂ ਉਨ੍ਹਾਂ ਦੀ ਉਮਰ 21 ਸਾਲ ਸੀ। ਉਨ੍ਹਾਂ ਨੂੰ ਲਗਭਗ ਢਾਈ ਸਾਲ ਕੈਦ ਦੀ ਸਜ਼ਾ ਹੋਈ ਅਤੇ ਲਾਹੌਰ ਜੇਲ ’ਚ ਰਹਿਣਾ ਪਿਆ। ਲਾਹੌਰ ਜੇਲ ’ਚ ਲਾਲਾ ਲਾਜਪਤ ਰਾਏ ਦੇ ਨਿੱਜੀ ਸਕੱਤਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਲਾਲਾ ਲਾਜਪਤ ਰਾਏ ਅਤੇ ਲਾਲਾ ਜਗਤ ਨਾਰਾਇਣ ਦਰਮਿਆਨ ਜੇਲ ’ਚ ਗੂੜ੍ਹੇ ਸੰਬੰਧ ਸਥਾਪਿਤ ਹੋ ਗਏ। ਰਾਸ਼ਟਰੀ ਅੰਦੋਲਨ ਦੇ ਵੱਖ-ਵੱਖ ਪੜਾਵਾਂ ’ਚ ਹਿੱਸਾ ਲੈਣ ਕਾਰਨ ਲਾਲਾ ਜਗਤ ਨਾਰਾਇਣ 9 ਸਾਲ ਜੇਲ ’ਚ ਰਹੇ।

ਲਾਲਾ ਲਾਜਪਤ ਰਾਏ (28 ਜਨਵਰੀ, 1865-17 ਨਵੰਬਰ, 1928) ਇਕ ਮਹਾਨ ਦੂਰਦਰਸ਼ੀ ਅਤੇ ਕਰਿਸ਼ਮਿਆਂ ਭਰੇ ਨੇਤਾ ਸਨ। ਲੋਕਾਂ ’ਚ ਉਹ ‘ਪੰਜਾਬ ਕੇਸਰੀ’ ਦੇ ਨਾਂ ਨਾਲ ਪ੍ਰਸਿੱਧ ਹਨ। ਲਾਲਾ ਜਗਤ ਨਾਰਾਇਣ ਲਈ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਇਕ ਆਦਰਸ਼ ਪੁਰਸ਼ ਅਤੇ ਬੇਮਿਸਾਲ ਨੇਤਾ ਸਨ, ਜਿਨ੍ਹਾਂ ਨੇ ਰਾਸ਼ਟਰ ’ਤੇ ਸਭ ਕੁਝ ਨਿਛਾਵਰ ਕਰ ਦਿੱਤਾ। ਉਰਦੂ ਦੀ ਰੋਜ਼ਾਨਾ ਅਖਬਾਰ ‘ਹਿੰਦ ਸਮਾਚਾਰ’ ਦਾ ਪ੍ਰਕਾਸ਼ਨ (1948) ’ਚ ਸ਼ੁਰੂ ਕੀਤਾ ਗਿਆ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਮਿੱਠੀ ਯਾਦ ’ਚ 13 ਜੂਨ, 1965 ਨੂੰ ਹਿੰਦੀ ਦੀ ਰੋਜ਼ਾਨਾ ਅਖਬਾਰ ‘ਪੰਜਾਬ ਕੇਸਰੀ’ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ। ਉਸ ਤੋਂ 15 ਸਾਲ ਬਾਅਦ 1978 ’ਚ ਪੰਜਾਬੀ ਦੀ ਰੋਜ਼ਾਨਾ ਅਖਬਾਰ ‘ਜਗ ਬਾਣੀ’ ਪ੍ਰਕਾਸ਼ਿਤ ਹੋਈ।

ਲਾਲਾ ਜਗਤ ਨਾਰਾਇਣ ਅਖਬਾਰ ਦੇ ਮਾਲਕ ਅਤੇ ਸੰਪਾਦਕ ਨਹੀਂ, ਸਗੋਂ ਇਕ ਸਿਆਸਤਦਾਨ ਵੀ ਸਨ। ਉਹ 1952 ਤੋਂ 1962 ਤੱਕ ਵਿਧਾਇਕ ਰਹੇ। ਪੰਜਾਬ ਦੇ ਮੰਤਰੀ ਅਤੇ ਜਨਰਲ ਸਕੱਤਰ ਦੇ ਨਾਲ ਹੀ 1964 ਤੋਂ 1970 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ਲਾਲਾ ਜਗਤ ਨਾਰਾਇਣ ਖਾਲਿਸਤਾਨੀ ਅੰਦੋਲਨ ਦੇ ਤਿੱਖੇ ਆਲੋਚਕ ਸਨ। ਉਹ ਖਾਲਿਸਤਾਨ ਅੰਦੋਲਨ ਨੂੰ ਅੱਤਵਾਦੀ, ਹਿੰਸਕ, ਹਿੰਦੂ-ਸਿੱਖ ਏਕਤਾ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਮੰਨਦੇ ਹੋਏ ਨਿਡਰ ਹੋ ਕੇ ਲਿਖਦੇ ਸਨ।

ਸਿੱਟੇ ਵਜੋਂ ਉਹ ਅੱਤਵਾਦੀਆਂ ਦੀ ਹਿੱਟ ਲਿਸਟ ’ਚ ਸਨ ਅਤੇ ਅੱਤਵਾਦੀਆਂ ਵਲੋਂ 9 ਸਤੰਬਰ, 1981 ਨੂੰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੀ ਹੱਤਿਆ ਨਾਲ ਪੂਰੇ ਦੇਸ਼ ’ਚ ਸੋਗ ਦੀ ਲਹਿਰ ਦੌੜ ਗਈ। ਜਲੰਧਰ ਸਮੇਤ ਪੰਜਾਬ ਦੇ ਸਰਕਾਰੀ ਦਫਤਰ ਅਤੇ ਬਾਜ਼ਾਰ ਬੰਦ ਰਹੇ। ਰਾਸ਼ਟਰ ਅਤੇ ਪੰਜਾਬ ਦੇ ਸਿਆਸਤਦਾਨਾਂ ਸਮੇਤ ਲਗਭਗ 1 ਲੱਖ ਲੋਕ ਆਪਣੇ ਹਰਮਨਪਿਆਰੇ ਸਿਆਸਤਦਾਨ ਅਤੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਮਹਾਨ ਪੱਤਰਕਾਰ ਦੇ ਅੰਤਿਮ ਦਰਸ਼ਨ ਕਰਨ ਲਈ ਅੰਤਿਮ ਯਾਤਰਾ ’ਚ ਸ਼ਾਮਲ ਹੋਏ। ਪੱਤਰਕਾਰਿਤਾ ਦੇ ਇਤਿਹਾਸ ’ਚ ਇਹ ਨਾ ਭੁੱਲਣ ਵਾਲੀ ਗੱਲ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲਾਲਾ ਜਗਤ ਨਾਰਾਇਣ ਦੀ ਯਾਦ ’ਚ 2013 ’ਚ ਡਾਕ ਟਿਕਟ ਜਾਰੀ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।

ਲਾਲਾ ਜਗਤ ਨਾਰਾਇਣ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਰਮੇਸ਼ ਚੰਦਰ ਨੇ ‘ਪੰਜਾਬ ਕੇਸਰੀ ਗਰੁੱਪ’ ਦੀ ਵਾਗਡੋਰ ਸੰਭਾਲੀ। ਆਪਣੇ ਪਿਤਾ ਵਾਂਗ ਉਨ੍ਹਾਂ ਵੀ ਅੱਤਵਾਦ ’ਤੇ ਹਮਲੇ ਕਰਨੇ ਜਾਰੀ ਰੱਖੇ। ਸਿੱਟੇ ਵਜੋਂ ਅੱਤਵਾਦੀਆਂ ਨੇ 12 ਮਈ, 1984 ਨੂੰ ਰਮੇਸ਼ ਚੰਦਰ ਨੂੰ ਉਨ੍ਹਾਂ ਦੇ ਪਿਤਾ ਵਾਂਗ ਸ਼ਹੀਦ ਕਰ ਦਿੱਤਾ। ਦੁਨੀਆ ’ਚ ਪੱਤਰਕਾਰਿਤਾ ਦੇ ਇਤਿਹਾਸ ’ਚ ਸ਼ਾਇਦ ਅਜਿਹੀ ਕੋਈ ਉਦਾਹਰਣ ਨਹੀਂ ਹੈ ਜਿੱਥੇ ਇਕ ਪਿਤਾ ਅਤੇ ਸਪੁੱਤਰ ਨੂੰ ਲੋਕਾਂ ਦੀ ਆਵਾਜ਼ ਉਠਾਉਣ ਲਈ ਆਪਣੀ ਜਾਨ ਕੁਰਬਾਨ ਕਰਨੀ ਪਈ ਹੋਵੇ।

ਸਮਕਾਲੀ ਪੱਤਰਕਾਰਾਂ ਅਤੇ ਅਖਬਾਰਾਂ ਦੇ ਪ੍ਰਬੰਧਕਾਂ ਨੂੰ ਲਾਲਾ ਜਗਤ ਨਾਰਾਇਣ ਅਤੇ ਉਨ੍ਹਾਂ ਦੇ ਸਪੁੱਤਰ ਰਮੇਸ਼ ਚੰਦਰ ਦੀ ਸ਼ਹਾਦਤ ਤੋਂ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੀ ਆਵਾਜ਼ ਨੂੰ ਨਿਡਰ, ਆਜ਼ਾਦ ਅਤੇ ਇਮਾਨਦਾਰੀ ਨਾਲ ਬੁਲੰਦ ਕਰਨਾ ਚਾਹੀਦਾ ਹੈ ਪਰ ਮੌਜੂਦਾ ਸਮੇਂ ’ਚ ਇਸ ਤਰ੍ਹਾਂ ਦੀਆਂ ਉਦਾਹਰਣਾਂ ਬਹੁਤ ਘੱਟ ਹਨ। ਰਮੇਸ਼ ਚੰਦਰ ਜੀ ਦੀ ਸ਼ਹਾਦਤ ਤੋਂ ਬਾਅਦ ਵਿਜੇ ਕੁਮਾਰ ਚੋਪੜਾ ‘ਪੰਜਾਬ ਕੇਸਰੀ ਗਰੁੱਪ’ ਦੇ ਮੁੱਖ ਸੰਪਾਦਕ ਅਤੇ ਪ੍ਰਬੰਧ ਨਿਰਦੇਸ਼ਕ ਹਨ।

‘ਪੰਜਾਬ ਕੇਸਰੀ ਗਰੁੱਪ’ ਦੇ ਕਾਲਮਨਵੀਸਾਂ ’ਚ ਮੈਨੂੰ ਪੂਨਮ ਆਈ. ਕੌਸ਼ਿਸ਼, ਨੀਰਜਾ ਚੌਧਰੀ, ਕੁਲਦੀਪ ਨਈਅਰ, ਚੰਦਰ ਤ੍ਰਿਖਾ, ਵਰਿੰਦਰ ਕਪੂਰ, ਬਲਬੀਰ ਪੁੰਜ ਅਤੇ ਮਨਮੋਹਨ ਸ਼ਰਮਾ ਆਦਿ ਦੇ ਸੰਪਾਦਕੀ ਪੰਨੇ ’ਤੇ ਪ੍ਰਕਾਸ਼ਿਤ ਲੇਖ ਵਧੇਰੇ ਪਸੰਦ ਆਉਂਦੇ ਹਨ। ਵਿਜੇ ਕੁਮਾਰ ਚੋਪੜਾ ਵਲੋਂ ਲਿਖੇ ਗਏ ਸੰਪਾਦਕੀ ਅੰਕੜਿਆਂ ਅਤੇ ਮਿਤੀਆਂ ਦੇ ਆਧਾਰ ’ਤੇ ਪੁਸ਼ਟੀ ਕਰਦਿਆਂ ਲਿਖੇ ਜਾਂਦੇ ਰਹੇ ਹਨ। ਰਾਜਨੀਤੀ ਵਿਗਿਆਨ ਦੇ ਖੋਜੀਆਂ ਲਈ ‘ਪੰਜਾਬ ਕੇਸਰੀ ਗਰੁੱਪ’ ਦੇ ਸੰਪਾਦਕੀ ਪੰਨੇ ਅਤਿਅੰਤ ਲਾਭਕਾਰੀ ਸਿੱਧ ਹੋਏ ਹਨ।

ਐਮਰਜੈਂਸੀ ਦੇ ਐਲਾਨ ਤੋਂ ਤੁਰੰਤ ਬਾਅਦ ਅਖਬਾਰਾਂ ’ਤੇ ਭਾਰਤ ਸਰਕਾਰ ਵਲੋਂ ਸੈਂਸਰਸ਼ਿਪ ਲਾ ਦਿੱਤੀ ਗਈ ਸੀ। ਲਾਲਾ ਜਗਤ ਨਾਰਾਇਣ ਨੇ ਸੈਂਸਰਸ਼ਿਪ ਦਾ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ‘ਪੰਜਾਬ ਕੇਸਰੀ ਗਰੁੱਪ’ ਦੀਆਂ ਅਖਬਾਰਾਂ ਦਾ ਪ੍ਰਕਾਸ਼ਨ ਬੰਦ ਕਰਨ ਲਈ ਸਰਕਾਰ ਨੇ ਬਿਜਲੀ ਕੱਟ ਦਿੱਤੀ ਪਰ ਟ੍ਰੈਕਟਰ ਨਾਲ ਪ੍ਰਿੰਟਿੰਗ ਪ੍ਰੈੱਸ ਚਲਾ ਕੇ ਅਤੇ ਅਖਬਾਰ ਛਾਪ ਕੇ ਉਨ੍ਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

–ਡਾ. ਰਾਮਜੀਲਾਲ


author

Tanu

Content Editor

Related News