‘ਪਟਾਕਾ ਫੈਕਟਰੀਆਂ ’ਚ ਅੱਗ ਲੱਗਣ ਅਤੇ ਧਮਾਕਿਆਂ’ ‘ਨਾਲ ਹੋ ਰਹੀਆਂ ਦਰਦਨਾਕ ਮੌਤਾਂ’
Wednesday, Jun 18, 2025 - 07:22 AM (IST)

ਭਾਰਤ ਦਾ ਪਟਾਕਾ ਉਦਯੋਗ ‘ਚੀਨ’ ਤੋਂ ਬਾਅਦ ਦੁਨੀਆ ’ਚ ਸਭ ਤੋਂ ਵੱਡਾ ਹੈ। ਇਕ ਅਨੁਮਾਨ ਮੁਤਾਬਕ ਭਾਰਤ ’ਚ ਪਟਾਕਾ ਉਦਯੋਗ ਦੇ ਕੇਂਦਰ ‘ਸ਼ਿਵਾਕਾਸ਼ੀ’ (ਤਾਮਿਲਨਾਡੂ) ਦੀਆਂ ਪਟਾਕਾ ਫੈਕਟਰੀਆਂ ’ਚ ਹੀ 8 ਤੋਂ 10 ਲੱਖ ਦੇ ਦਰਮਿਆਨ ਲੋਕ ਕੰਮ ਕਰਦੇ ਹਨ ਅਤੇ ਹੁਣ ਇਹ ਕਾਰੋਬਾਰ ਦੇਸ਼ ਦੇ ਹੋਰਨਾਂ ਇਲਾਕਿਆਂ ’ਚ ਵੀ ਫੈਲ ਗਿਆ ਹੈ।
ਕਈ ਪਟਾਕਾ ਫੈਕਟਰੀਆਂ ਦੇ ਮਾਲਕ ਸਰਕਾਰ ਵਲੋਂ ਨਿਰਧਾਰਤ ਸੁਰੱਖਿਆ ਨਿਯਮਾਂ ਦਾ ਪਾਲਣ ਹੀ ਨਹੀਂ ਕਰਦੇ। ਇਸੇ ਕਾਰਨ ਸਮੇਂ-ਸਮੇਂ ’ਤੇ ਭਾਰਤ ’ਚ ਪਟਾਕਾ ਫੈਕਟਰੀਆਂ ’ਚ ਅੱਗ ਲੱਗਣ ਕਾਰਨ ਹੋਣ ਵਾਲੇ ਧਮਾਕਿਆਂ ’ਚ ਵੱਡੀ ਗਿਣਤੀ ’ਚ ਜਾਨ-ਮਾਲ ਦਾ ਨੁਕਸਾਨ ਹੁੰਦਾ ਰਹਿੰਦਾ ਹੈ, ਜਿਸ ਦੀਆਂ ਇਸੇ ਸਾਲ ਦੀਆਂ ਪਿਛਲੇ ਲੱਗਭਗ ਸਾਢੇ 5 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 4 ਜਨਵਰੀ ਨੂੰ ‘ਵਿਰੂਧੁਨਗਰ’ (ਤਾਮਿਲਨਾਡੂ) ਦੇ ‘ਸਤੂਰ’ ਸ਼ਹਿਰ ’ਚ ਇਕ ਨਾਜਾਇਜ਼ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਧਮਾਕੇ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ।
* 6 ਫਰਵਰੀ ਨੂੰ ‘ਤਰਨਤਾਰਨ’ (ਪੰਜਾਬ) ਜ਼ਿਲੇ ਦੇ ‘ਨੌਸ਼ਹਿਰਾ ਪਨੂੰਆਂ’ ਕਸਬੇ ’ਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਅੱਗ ਲੱਗ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ’ਚ ਝੁਲਸ ਗਏ।
* 16 ਫਰਵਰੀ ਨੂੰ ‘ਨਾਗਪੁਰ’ (ਮਹਾਰਾਸ਼ਟਰ) ਦੀ ਇਕ ਪਟਾਕਾ ਫੈਕਟਰੀ ’ਚ ਧਮਾਕਾ ਹੋਣ ਨਾਲ ਉੱਥੇ ਕੰਮ ਕਰਨ ਵਾਲੇ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਮਜ਼ਦੂਰ ਜ਼ਖਮੀ ਹੋ ਗਏ।
* 30 ਮਾਰਚ ਨੂੰ ‘ਦੱਖਣੀ ਰਾਏਪੁਰ’ (ਪੱਛਮੀ ਬੰਗਾਲ) ਵਿਖੇ ਮਕਾਨ ’ਚ ਬਣੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕੇ ਨਾਲ 4 ਬੱਚਿਆਂ ਸਮੇਤ 8 ਵਿਅਕਤੀਆਂ ਦੀ ਮੌਤ ਸਬੰਧੀ ਪੁਲਸ ਨੇ ਫੈਕਟਰੀ ਦੇ ਮਾਲਕ ‘ਚੰਦਰਕਾਂਤ ਬਾਣਿਕ’ ਨੂੰ ਗ੍ਰਿਫਤਾਰ ਕੀਤਾ।
* 1 ਅਪ੍ਰੈਲ ਨੂੰ ‘ਬਨਾਸਕਾਂਠਾ’ (ਗੁਜਰਾਤ) ਨੇੜੇ ਪਿੰਡ ‘ਦੀਸਾ’ ਿਵਖੇ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਅੱਗ ਲੱਗਣ ਕਾਰਨ ਹੋਏ ਧਮਾਕੇ ਨਾਲ ਮੱਧ ਪ੍ਰਦੇਸ਼ ਤੋਂ ਰੁਜ਼ਗਾਰ ਦੀ ਭਾਲ ’ਚ ਆਏ ਇਕ ਹੀ ਪਰਿਵਾਰ ਦੇ 11 ਮੈਂਬਰਾਂ ਸਮੇਤ 21 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਮਜ਼ਦੂਰ ਝੁਲਸ ਗਏ।
* 13 ਅਪ੍ਰੈਲ ਨੂੰ ‘ਅਨਕਾਪੱਲੀ’ (ਆਂਧਰਾ ਪ੍ਰਦੇਸ਼) ਜ਼ਿਲੇ ਦੀ ਇਕ ਪਟਾਕਾ ਫੈਕਟਰੀ ’ਚ ਅੱਗ ਲੱਗਣ ਦੇੇ ਸਿੱਟੇ ਵਜੋਂ ਉੱਥੇ ਕੰਮ ਕਰਨ ਵਾਲੇ 8 ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ 7 ਹੋਰ ਗੰਭੀਰ ਰੂਪ ’ਚ ਝੁਲਸ ਗਏ।
* 26 ਅਪ੍ਰੈਲ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ਦੇ ‘ਦੇਵਬੰਦ’ ’ਚ ਇਕ ਪਟਾਕਾ ਫੈਕਟਰੀ ’ਚ ਹੋਏ ਭਿਆਨਕ ਧਮਾਕੇ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ 100 ਤੋਂ 150 ਮੀਟਰ ਦੂਰ ਤੱਕ ਜਾ ਕੇ ਡਿੱਗੇ। ਇਸ ਸੰਬੰਧੀ ਪੁਲਸ ਨੇ ਫੈਕਟਰੀ ਦੇ 3 ਭਾਈਵਾਲਾਂ ਨੂੰ ਗ੍ਰਿਫਤਾਰ ਕੀਤਾ ਹੈ।
* 29 ਮਈ ਨੂੰ ‘ਮਲੋਟ’ (ਪੰਜਾਬ) ਦੇ ‘ਸਿੰਘਵਾਲਾ’ ਪਿੰਡ ’ਚ ਇਕ ਪਟਾਕਾ ਫੈਕਟਰੀ ’ਚ ਧਮਾਕੇ ਨਾਲ ਲੱਗੀ ਅੱਗ ਦੇ ਸਿੱਟੇ ਵਜੋਂ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਲਗਭਗ 30 ਹੋਰ ਜ਼ਖਮੀ ਹੋ ਗਏ।
* 16 ਜੂਨ ਨੂੰ ‘ਅਮਰੋਹਾ’ (ਉੱਤਰ ਪ੍ਰਦੇਸ਼) ਦੇ ‘ਅਤਰਾਸੀ’ ਿਪੰਡ ਦੇ ਜੰਗਲ ’ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਤੇਜ਼ ਧਮਾਕੇ ਨਾਲ ਅੱਗ ਲੱਗਣ ਕਾਰਨ ਉਥੇ ਕੰਮ ਕਰਨ ਵਾਲੀਆਂ 4 ਔਰਤਾਂ ਦੀ ਮੌਤ ਹੋ ਗਈ ਅਤੇ 9 ਹੋਰ ਗੰਭੀਰ ਰੂਪ ’ਚ ਝੁਲਸ ਗਈਆਂ।
ਦੱਸਣਯੋਗ ਹੈ ਕਿ ਦੇਸ਼ ’ਚ ਪਟਾਕੇ ਬਣਾਉਣ ਵਾਲੀਆਂ ਵਧੇਰੇ ਫੈਕਟਰੀਆਂ ਦੇ ਮਾਲਕ ਇਨ੍ਹਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹਾਨੀਕਾਰਕ ਮਟੀਰੀਅਲ ਨੂੰ ਹੈਂਡਲ ਕਰਨ ਲਈ ਜ਼ਰੂਰੀ ਸੁਰੱਖਿਆ ਉਪਕਰਣ ਵੀ ਮੁਹੱਈਆ ਨਹੀਂ ਕਰਵਾਉਂਦੇ।
ਲਾਚਾਰ ਮਾਤਾ-ਪਿਤਾ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਪਟਾਕਾ ਫੈਕਟਰੀਆਂ ’ਚ ਕੰਮ ਕਰਨ ਲਈ ਭੇਜ ਦਿੰਦੇ ਹਨ। ਪ੍ਰਸ਼ਾਸਨ ਵਲੋਂ ਸੁਰੱਖਿਆਤਮਕ ਕਦਮ ਨਾ ਚੁੱਕਣੇ ਅਤੇ ਆਬਾਦੀ ਵਾਲੇ ਖੇਤਰ ’ਚ ਸੁਰੱਖਿਆ ਨਿਯਮਾਂ ਦਾ ਪਾਲਣ ਕੀਤੇ ਬਿਨਾਂ ਫੈਕਟਰੀ ਨੂੰ ਚੱਲਣ ਦੇਣਾ ਘੋਰ ਅਪਰਾਧ ਹੈ। ਕਾਨੂੰਨ ਮੁਤਾਬਕ ਪਟਾਕਾ ਫੈਕਟਰੀ ਆਬਾਦੀ ਤੋਂ ਘੱਟੋ-ਘੱਟ ਇਕ ਕਿਲੋਮੀਟਰ ਦੂਰ ਹੋਣੀ ਚਾਹੀਦੀ ਹੈ ਅਤੇ ਨਾਬਾਲਗਾਂ ਨੂੰ ਨੌਕਰੀ ’ਤੇ ਨਹੀਂ ਰੱਖਿਆ ਜਾਣਾ ਚਾਹੀਦਾ।
ਸਭ ਤੋਂ ਵੱਧ ਦੁੱਖ ਵਾਲੀ ਗੱਲ ਇਹ ਵੀ ਹੈ ਕਿ ਬਿਲਕੁੱਲ ਪ੍ਰਸ਼ਾਸਨ ਦੀ ਨੱਕ ਹੇਠ ਗੈਰ-ਕਾਨੂੰਨੀ ਪਟਾਕਾ ਫੈਕਟਰੀ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਪ੍ਰਸ਼ਾਸਨ ਖਾਮੋਸ਼ ਦਰਸ਼ਕ ਬਣਿਆ ਰਹਿੰਦਾ ਹੈ।
ਪ੍ਰਸ਼ਾਸਨ ਉਦੋਂ ਜਾਗਦਾ ਹੈ ਜਦੋਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ ਅਤੇ ਕੁਝ ਦਿਨਾਂ ਦੇ ਰੌਲੇ ਪਿੱਛੋਂ ਮਾਮਲਾ ‘ਸ਼ਾਂਤ’ ਹੋ ਜਾਣ ਅਤੇ ਫਿਰ ਪਹਿਲਾਂ ਵਾਂਗ ਡੂੰਘੀ ਨੀਂਦ ’ਚ ਸੌਂ ਜਾਂਦਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਦੇ ਨਾਲ-ਨਾਲ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਦ ਹੀ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇਗੀ ਅਤੇ ਕੀਮਤੀ ਜਾਨਾਂ ਬਚ ਸਕਣਗੀਆਂ।
–ਵਿਜੇ ਕੁਮਾਰ