ਲੋਕਪ੍ਰਿਯਤਾ ’ਚ ਸਭ ਤੋਂ ਅੱਗੇ ਤੇਜਸਵੀ, ਫਿਰ ਅੜਿੱਕਾ ਕਾਹਦਾ?

Friday, Jun 20, 2025 - 05:30 PM (IST)

ਲੋਕਪ੍ਰਿਯਤਾ ’ਚ ਸਭ ਤੋਂ ਅੱਗੇ ਤੇਜਸਵੀ, ਫਿਰ ਅੜਿੱਕਾ ਕਾਹਦਾ?

ਬਿਹਾਰ ’ਚ ਨੇਤਾਵਾਂ ਦੀ ਇਕ ਨਵੀਂ ਪੀੜ੍ਹੀ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਦਾ ਬਦਲ ਬਣ ਕੇ ਖੜ੍ਹੀ ਹੋ ਰਹੀ ਹੈ। ਸੂਬੇ ਦੀ ਰਾਜਨੀਤੀ ’ਚ ਕਰੀਬ 4 ਦਹਾਕਿਆਂ ਤੋਂ ਲਾਲੂ ਅਤੇ ਨਿਤੀਸ਼ ਦਾ ਦਬਦਬਾ ਰਿਹਾ ਹੈ। 90 ਦੇ ਦਹਾਕੇ ’ਚ ਪੱਛੜਿਆਂ ਲਈ ਰਿਜ਼ਰਵੇਸ਼ਨ ਦੀ ਹਨੇਰੀ ’ਚ ਲਾਲੂ ਮੁੱਖ ਮੰਤਰੀ ਬਣੇ ਅਤੇ ਕਰੀਬ 15 ਸਾਲਾਂ ਤੱਕ ਸੱਤਾ ’ਚ ਰਹੇ। ਇਸ ਦੌਰ ’ਚ ਪੱਛੜਿਆਂ, ਖਾਸ ਤੌਰ ’ਤੇ ਆਪਣੇ ਹੀ ਫਿਰਕੇ ’ਚ ਉਨ੍ਹਾਂ ਦੀ ਲੋਕਪ੍ਰਿਯਤਾ ਸਿਖਰਾਂ ’ਤੇ ਰਹੀ ਅਤੇ ਬਾਅਦ ਦੇ ਦੌਰ ’ਚ ਵਧਦੇ ਅਪਰਾਧ, ਅਗਵਾ ਤੋਂ ਬਾਅਦ ਉਨ੍ਹਾਂ ਦੇ ਹਿੱਸੇ ’ਚ ਜੰਗਲ ਰਾਜ ਦੇ ਆਗੂ ਦਾ ਖਿਤਾਬ ਵੀ ਆਇਆ ਅਤੇ ਨਿਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਜੰਗਲ ਰਾਜ ਦੀ ਆਵਾਜ਼ ਹੋਰ ਤੇਜ਼ ਕੀਤੀ ਅਤੇ ਸੱਤਾ ਉਨ੍ਹਾਂ ਦੇ ਹੱਥ ਆ ਗਈ।

2005 ’ਚ ਲਾਲੂ ਵਿਰੋਧ ਦੇ ਨਾਲ ਅਤਿ ਪੱਛੜਿਆਂ ਅਤੇ ਦਲਿਤ ਦਾ ਝੰਡਾ ਚੁੱਕ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਅਤੇ ਲਗਭਗ ਹੁਣ ਤੱਕ ਬਣੇ ਹੋਏ ਹਨ। ਉੱਧਰ ਚਾਰਾ ਘਪਲੇ ’ਚ ਸਜ਼ਾ ਕਾਰਨ ਲਾਲੂ ਸੱਤਾ ਦੀ ਕੁਰਸੀ ਦਾ ਸੁਪਨਾ ਦੇਖਦੇ ਰਹਿ ਗਏ ਪਰ ਵਿਰਾਸਤ 10 ਸਾਲ ਪਹਿਲਾਂ ਛੋਟੇ ਬੇਟੇ ਤੇਜਸਵੀ ਯਾਦਵ ਨੂੰ ਸੌਂਪ ਦਿੱਤੀ।

ਹੁਣ ਨਿਤੀਸ਼ ਦੇ ਚਿਹਰੇ ’ਤੇ ਉਮਰ ਦੀਆਂ ਸਮੱਸਿਆਵਾਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਦੇ ਬੇਟੇ ਨਿਸ਼ਾਂਤ ਕੁਮਾਰ ਹੁਣ ਤੱਕ ਰਾਜਨੀਤੀ ’ਚ ਨਹੀਂ ਆਏ ਹਨ। ਸ਼ੁਰੂ ’ਚ ਨਿਤੀਸ਼ ਨੇ ਅੱਗੇ ਨਹੀਂ ਵਧਾਇਆ ਅਤੇ ਬਾਅਦ ’ਚ ਇਸ ਦੇ ਹਾਲਾਤ ਨਹੀਂ ਬਣੇ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪਾਰਟੀ ਜਦ (ਯੂ) ’ਚ ਭਵਿੱਖ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਹੈ। ਖੇਤਰੀ ਦਲਾਂ ’ਚ ਜਦ (ਯੂ) ਸੰਭਵ ਤੌਰ ’ਤੇ ਇਕੱਲੀ ਪਾਰਟੀ ਹੋਵੇਗੀ ਜਿਸ ਦਾ ਵਾਰਿਸ ਜਦੋਂ ਵੀ ਹੋਵੇਗਾ ਬਾਹਰੋਂ ਹੋਵੇਗਾ।

ਉੱਤਰ ਤੋਂ ਲੈ ਕੇ ਦੱਖਣ ਤੱਕ ਬਾਪ-ਬੇਟੇ-ਬੇਟੀ ਦੇ ਹੱਥ ਸੱਤਾ ਦਾ ਸਮੀਕਰਣ ਚੱਲਦਾ ਰਹਿੰਦਾ ਹੈ। ਹੁਣ ਫਿਰ ਅਕਤੂਬਰ-ਨਵੰਬਰ ਦੀਆਂ ਚੋਣਾਂ ਆਉਣ ਦੇ ਨਾਲ ਹੀ ਗਰਮੀ ਦੀ ਲੂ ’ਚ ਵੀ ਨੇਤਾਵਾਂ ਨੂੰ ਦਿੱਕਤ ਨਹੀਂ ਹੋ ਰਹੀ ਹੈ। ਹਾਂ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਪਾਰਟੀ ਨੂੰ ਲੈ ਕੇ ਜ਼ਰੂਰ ਦੁਚਿੱਤੀ ਦੀ ਸਥਿਤੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਵਿਦਾਈ ਦੀਆਂ ਖਬਰਾਂ ਤੇਜ਼ੀ ਨਾਲ ਚੱਲ ਰਹੀਆਂ ਹਨ। ਨਵੀਂ ਪੀੜ੍ਹੀ ਦੇ 4-5 ਨੇਤਾ ਹੁਣ ਉਨ੍ਹਾਂ ਦਾ ਬਦਲ ਬਣਨ ਦੀ ਤਿਆਰੀ ’ਚ ਲੱਗੇ ਹਨ।

ਜ਼ਾਹਿਰ ਹੈ ਉਨ੍ਹਾਂ ’ਚੋਂ ਸਭ ਤੋਂ ਅੱਗੇ ਲਾਲੂ ਦੇ ਬੇਟੇ ਤੇਜਸਵੀ ਯਾਦਵ ਹਨ, ਜਿਨ੍ਹਾਂ ਨੂੰ ਲਾਲੂ ਨੇ ਆਪਣੀ ਵਿਰਾਸਤ 2015 ’ਚ ਹੀ ਸੌਂਪ ਦਿੱਤੀ ਸੀ। ਵਿਚ ਜਿਹੇ ਤਾਂ ਜਦੋਂ ਨਿਤੀਸ਼ ਕੁਮਾਰ ਨੇ ਪਾਲਾ ਬਦਲਿਆ ਸੀ ਤਾਂ ਤੇਜਸਵੀ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਬਣ ਗਏ ਸਨ। ਹੁਣ ਵਿਰੋਧੀ ਧਿਰ ਦੇ ਨੇਤਾ ਹਨ।

ਚੋਣ ਰਣਨੀਤੀਕਾਰ ਤੋਂ ਨੇਤਾ ਬਣੇ ਪ੍ਰਸ਼ਾਂਤ ਕਿਸ਼ੋਰ ਆਪਣੀ ਵੱਖਰੀ ਪਾਰਟੀ ਬਣਾ ਕੇ ਲਾਲੂ-ਨਿਤੀਸ਼ ਦਾ ਬਦਲ ਬਣਨ ਦੀ ਜੰਗ ’ਚ ਸ਼ਿੱਦਤ ਨਾਲ ਜੁਟ ਗਏ ਹਨ। ਦਿੱਕਤ ਸਭ ਤੋਂ ਵੱਡੀ ਭਾਜਪਾ ਦੀ ਹੈ। ਸੂਬੇ ’ਚ ਕੋਈ ਵੀ ਨੇਤਾ ਲੀਡਰਸ਼ਿਪ ਦੀ ਭੂਮਿਕਾ ਨੂੰ ਲੈ ਕੇ ਤਿਆਰ ਨਹੀਂ ਹੋ ਸਕਿਆ ਹੈ। ਸੁਸ਼ੀਲ ਕੁਮਾਰ ਮੋਦੀ ਦੇ ਦਿਹਾਂਤ ਤੋਂ ਬਾਅਦ ਤਾਂ ਕੋਈ ਇਕਮਤ ਨਾਂ ਸਾਹਮਣੇ ਨਹੀਂ ਆ ਸਕਿਆ। ਮਜਬੂਰਨ ਜਦ (ਯੂ), ਰਾਜਦ ਪਾਰਟੀਆਂ ਤੋਂ ਹੁੰਦੇ ਹੋਏ 2017 ’ਚ ਭਾਜਪਾ ’ਚ ਆਏ ਸਮਰਾਟ ਚੌਧਰੀ ਉਨ੍ਹਾਂ ਦੇ ਨੇਤਾ ਹਨ ਅਤੇ ਫਿਲਹਾਲ ਉਪ ਮੁੱਖ ਮੰਤਰੀ ਵੀ ਹਨ। ਸਮਰਾਟ, ਸਾਬਕਾ ਸਮਾਜਵਾਦੀ ਨੇਤਾ ਅਤੇ ਇਕ ਸਮੇਂ ਲਾਲੂ ਅਤੇ ਨਿਤੀਸ਼ ਦੇ ਸਹਿਯੋਗੀ ਅਤੇ ਪੱਛੜਿਆਂ ਦੇ ਵੱਡੇ ਨੇਤਾ ਸ਼ਕੁਨੀ ਚੌਧਰੀ ਦੇ ਬੇਟੇ ਹਨ।

ਕਾਂਗਰਸ ਨੇ ਜੇ. ਐੱਨ. ਯੂ. ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਅੱਗੇ ਕੀਤਾ ਹੈ। ਰਾਹੁਲ ਗਾਂਧੀ ਉਨ੍ਹਾਂ ਲਈ ਸਮਰਥਨ ’ਚ ਵੀ ਜ਼ਬਰਦਸਤ ਤਰੀਕੇ ਨਾਲ ਲੱਗੇ ਹਨ ਪਰ ਉਨ੍ਹਾਂ ਦੀਆਂ ਆਪਣੀਆਂ ਅਲੱਗ ਦਿੱਕਤਾਂ ਹਨ। ਪੱਛੜਿਆਂ ਦੀ ਰਾਜਨੀਤੀ ਦੇ ਸਿਰਮੌਰ ਬਿਹਾਰ ’ਚ ਉਹ ਸਵਰਣ ਭੂਮੀਹਾਰ ਜਾਤੀ ਤੋਂ ਆਉਂਦੇ ਹਨ ਅਤੇ ਦੋ ਵਾਰ ਲੋਕ ਸਭਾ ਦੀ ਚੋਣ ਵੀ ਹਾਰ ਚੁੱਕੇ ਹਨ। ਰਾਹੁਲ ਨੇ ਉੱਥੇ ਦਲਿਤਾਂ ਦਾ ਵੋਟ ਬੈਂਕ ਆਪਣੇ ਕੋਲ ਰੱਖਣ ਦੀ ਬਜਾਏ ਸੂਬਾਈ ਕਾਂਗਰਸ ਦੀ ਲੀਡਰਸ਼ਿਪ ਰਾਜੇਸ਼ ਕੁਮਾਰ ਨਾਂ ਦੇ ਵਿਧਾਇਕ ਨੂੰ ਦਿੱਤੀ ਹੋਈ ਹੈ।

ਤੇਜਸਵੀ-ਚਿਰਾਗ ਦੀ ਚੁਣੌਤੀ : ਇਨ੍ਹਾਂ ਚਾਰ ਨੌਜਵਾਨਾਂ ’ਚ ਹੀ ਬਿਹਾਰ ਦਾ ਭਵਿੱਖ ਲੁਕਿਆ ਹੈ ਪਰ ਸਭ ਤੋਂ ਵੱਡੀ ਦੁਵਿਧਾ ਤੇਜਸਵੀ ਅਤੇ ਚਿਰਾਗ ਦੀ ਹੈ ਹਾਲ ਹੀ ’ਚ ਬਿਹਾਰ ਦੇ ਨੇਤਾਵਾਂ ਦੀ ਲੋਕਪ੍ਰਿਯਤਾ ਨੂੰ ਲੈ ਕੇ ਸੀ-ਵੋਟਰਸ ਨੇ ਇਕ ਸਰਵੇ ਕੀਤਾ ਸੀ। ਇਸ ਸਰਵੇ ਦੇ ਮੁਤਾਬਕ ਮੁੱਖ ਮੰਤਰੀ ਲਈ 36.9 ਫੀਸਦੀ ਲੋਕਾਂ ਨੇ ਤੇਜਸਵੀ ਯਾਦਵ ਨੂੰ ਪਸੰਦ ਕੀਤਾ। ਪ੍ਰਸ਼ਾਂਤ ਕਿਸ਼ੋਰ 16.4, ਮੁੱਖ ਮੰਤਰੀ ਨਿਤੀਸ਼ ਕੁਮਾਰ 18.4, ਮੁੱਖ ਮੰਤਰੀ ਸਮਰਾਟ ਚੌਧਰੀ 6.6 ਅਤੇ ਚਿਰਾਗ ਪਾਸਵਾਨ ਸਿਰਫ 10.6 ਫੀਸਦੀ ਲੋਕਾਂ ਦੀ ਪਸੰਦ ਹਨ। ਸਰਵੇ ’ਚ ਸ਼ਾਮਲ ਅੱਧੇ ਨਾਲੋਂ ਵੱਧ ਲੋਕਾਂ ਨੇ ਸਰਕਾਰ ਨਾਲ ਨਾਖੁਸ਼ੀ ਜ਼ਾਹਿਰ ਕੀਤੀ ਅਤੇ ਚੋਣਾਂ ਤੋਂ ਬਦਲਾਅ ਦੀ ਇੱਛਾ ਜ਼ਾਹਿਰ ਕੀਤੀ। ਸੀ-ਵੋਟਰਸ ਦੇ ਮੁਖੀ ਯਸ਼ਵੰਤ ਦੇਸ਼ਮੁਖ ਨੇ ਇਸ ਸਰਵੇ ਤੋਂ ਬਾਅਦ ਟਿੱਪਣੀ ਕੀਤੀ ਕਿ ਇਹ ਲੋਕਾਂ ਦੀ ਇਸ ਵਕਤ ਦੀ ਇੱਛਾ ਹੈ ਪਰ ਇਹ ਵੋਟ ’ਚ ਬਦਲ ਜਾਵੇ, ਇਹ ਜ਼ਰੂਰੀ ਨਹੀਂ ਹੈ।

ਇਸੇ ਸਰਵੇ ’ਚ ਬਹੁਤ ਸਾਰੀਆਂ ਹੋਰ ਗੱਲਾਂ ਹਨ। 36.9 ਫੀਸਦੀ ਲੋਕ ਜੇਕਰ ਤੇਜਸਵੀ ਨੂੰ ਪਸੰਦ ਕਰ ਰਹੇ ਹਨ ਤਾਂ ਆਮ ਤੌਰ ’ਤੇ ਉਨ੍ਹਾਂ ਦੇ ਸੱਤਾ ’ਚ ਆਉਣ ’ਤੇ ਦਿੱਕਤ ਨਹੀਂ ਹੋਣੀ ਚਾਹੀਦੀ। ਤੈਅ ਹੈ ਕਿ ਇਸ ਦਾ ਵੱਡਾ ਹਿੱਸਾ ਉਨ੍ਹਾਂ ਦੇ ਮੁਸਲਿਮ-ਯਾਦਵ ਸਮੀਕਰਨ ਤੋਂ ਆਉਂਦਾ ਹੈ। ਜੇਕਰ ਦੋ ਗੱਠਜੋੜਾਂ ’ਚ ਵੀ ਮੁਕਾਬਲਾ ਹੁੰਦਾ ਹੈ ਤਾਂ 42.33 ਫੀਸਦੀ ਵੋਟਾਂ ’ਤੇ ਸੱਤਾ ਆ ਜਾਂਦੀ ਹੈ ਪਰ ਇੱਥੇ ਇੰਨੀ ਲੋਕਪ੍ਰਿਯਤਾ ਤੋਂ ਬਾਅਦ ਵੀ ਤੇਜਸਵੀ ਬਹੁਤ ਭਰੋਸੇ ’ਚ ਨਹੀਂ ਹਨ ਕਿ ਸੱਤਾ ਉਨ੍ਹਾਂ ਕੋਲ ਆਵੇਗੀ।

ਇਸ ਦੇ ਪਿੱਛੇ ਕਈ ਹੋਰ ਕਾਰਨ ਹਨ। ਦੋ ਸਿੱਧੇ ਗੱਠਜੋੜਾਂ ਦੀ ਚੋਣ ’ਚ ਤੀਜਾ ਗੁੱਟ ਬਣਨ ਦੀ ਕੋਸ਼ਿਸ਼ ’ਚ ਚੱਲ ਰਹੇ ਪ੍ਰਸ਼ਾਂਤ ਕੁਮਾਰ ਵੀ ਹਨ ਜੋ ਮੁਸਲਮਾਨਾਂ ਦਾ ਵੱਡਾ ਵੋਟ ਬੈਂਕ ਖਿੱਚ ਕੇ ਲਿਜਾ ਸਕਦੇ ਹਨ। ਇਹੀ ਪ੍ਰਸ਼ਾਂਤ ਕੁਮਾਰ ਐੱਨ. ਡੀ. ਏ. ਗੱਠਜੋੜ ਲਈ ਵੀ ਸਿਰਦਰਦ ਹਨ। ਸਵਰਣ ਵੋਟ ਬੈਂਕ ਭਾਜਪਾ ਨਾਲ ਪਿਛਲੇ 20 ਸਾਲਾਂ ਤੱਕ ਲਗਭਗ ਸੱਤਾ ’ਚ ਰਿਹਾ ਹੈ। ਤਾਂ ਸੱਤਾ ਨਾਲ ਨਾਰਾਜ਼ਗੀ ਵੀ ਸੁਭਾਵਿਕ ਹੈ। ਖਾਸ ਤੌਰ ’ਤੇ ਨੌਜਵਾਨਾਂ

ਦੀ ਨਾਰਾਜ਼ਗੀ ਐੱਨ. ਡੀ. ਏ. ਦੀਆਂ ਵੋਟਾਂ ਘੱਟ ਕਰ ਸਕਦੀ ਹੈ। ਦੂਜੇ ਪਾਸੇ ਚਿਰਾਗ ਐੱਨ. ਡੀ. ਏ. ਦੀ ਲੀਡਰਸ਼ਿਪ ਸੰਭਾਲਣਾ ਚਾਹੁੰਦੇ ਹਨ ਪਰ ਭਾਜਪਾ ਵੀ ਖੁੱਲ੍ਹ ਕੇ ਕੁਝ ਨਹੀਂ ਕਹਿ ਰਹੀ ਹੈ। ਚਿਰਾਗ ਦੀ ਇਸ ਸਰਵੇ ’ਚ ਲੋਕਪ੍ਰਿਯਤਾ ਵੀ ਸਿਰਫ 10.6 ਫੀਸਦੀ ਹੈ ਭਾਵ ਉਨ੍ਹਾਂ ਦਾ ਹੀ ਰਵਾਇਤੀ ਵੋਟ ਬੈਂਕ 6 ਫੀਸਦੀ ਤੋਂ ਥੋੜ੍ਹਾ ਜ਼ਿਆਦਾ। ਚੋਣਾਂ ਦੇ ਨਤੀਜੇ ਆਖਰੀ ਸਮੇਂ ਦੇ ਬਹੁਤ ਸਾਰੇ ਹਾਲਾਤ ’ਤੇ ਨਿਰਭਰ ਹੁੰਦੇ ਹਨ ਪਰ ਇੰਨਾ ਤਾਂ ਸਪੱਸ਼ਟ ਹੈ ਕਿ ਤੇਜਸਵੀ ਅਤੇ ਚਿਰਾਗ ਲਈ ਨਿਤੀਸ਼ ਦਾ ਬਦਲ ਬਣਨਾ ਆਸਾਨ ਨਹੀਂ ਹੈ। ਅਜਿਹੀ ਸਥਿਤੀ ’ਚ ਤੈਅ ਹੈ ਕਿ ਕੁਝ ਸਮੀਕਰਨ ਹੋਰ ਬਣਨੇ ਹਨ। ਤੇਜਸਵੀ ਦੇ ਨਾਲ ਕੌਣ ਆਵੇਗਾ, ਪ੍ਰਸ਼ਾਂਤ ਕਿਸ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਉਣਗੇ ਅਤੇ ਜਿੱਤ ਦੇ ਰੱਥ ’ਤੇ ਸਵਾਰ ਭਾਜਪਾ ਲਈ ਨਰਿੰਦਰ ਮੋਦੀ ਦਾ ਕਰਿਸ਼ਮਾ ਕਿੰਨਾ ਅੱਗੇ ਤੱਕ ਜਾਵੇਗਾ? ਪਰ ਤੇਜਸਵੀ ਅਤੇ ਚਿਰਾਗ ਦੀ ਭੂਮਿਕਾ ’ਤੇ ਨਜ਼ਰ ਰੱਖਣਾ ਬੜਾ ਰੌਚਕ ਹੋਵੇਗਾ।

ਸ਼ੈਲੇਸ਼ ਕੁਮਾਰ


author

Rakesh

Content Editor

Related News