ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?

Friday, Jul 24, 2026 - 05:53 PM (IST)

ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?

ਰਾਹੁਲ ਗਾਂਧੀ ਦਾ ਇਹ ਦੋਸ਼ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਭਾਰਤ ਦੇ ਇਤਿਹਾਸ ਦੇ ਸਭ ਤੋਂ ਯੂਥ-ਵਿਰੋਧੀ ਪ੍ਰਧਾਨ ਮੰਤਰੀ’ ਹਨ, ਇਕ ਅਜਿਹਾ ਸਿਆਸੀ ਦੋਸ਼ ਹੈ, ਜੋ ਤੱਥਾਂ ਦੀ ਕਸੌਟੀ ’ਤੇ ਪੂਰੀ ਤਰ੍ਹਾਂ ਖਿੰਡ ਜਾਂਦਾ ਹੈ। ਸਰਕਾਰਾਂ ਦਾ ਮੁਲਾਂਕਣ ਨਾਅਰਿਆਂ ਨਾਲ ਨਹੀਂ, ਸਗੋਂ ਇਸ ਆਧਾਰ ’ਤੇ ਹੁੰਦਾ ਹੈ ਕਿ ਉਨ੍ਹਾਂ ਨੇ ਨੌਜਵਾਨਾਂ ਲਈ ਕਿੰਨੇ ਮੌਕੇ ਪੈਦਾ ਕੀਤੇ ਹਨ। ਇਸ ਕਸੌਟੀ ’ਤੇ ਦੇਖੀਏ ਤਾਂ ਨਰਿੰਦਰ ਮੋਦੀ ਨੇ ਭਾਰਤ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਸ਼ਾਇਦ ਕਿਸੇ ਵੀ ਸਾਬਕਾ ਪ੍ਰਧਾਨ ਮੰਤਰੀ ਨਾਲੋਂ ਵੱਧ ਕੰਮ ਕੀਤਾ ਹੈ।

ਮੋਦੀ ਸਰਕਾਰ ਦੀ ਪੂਰੀ ਸੋਚ ਇਕ ਬੁਨਿਆਦੀ ਵਿਸ਼ਵਾਸ ’ਤੇ ਆਧਾਰਿਤ ਰਹੀ ਹੈ, ‘‘ਭਾਰਤ ਦਾ ਆਬਾਦੀ ਲਾਭ ਇਕ ਇਤਿਹਾਸਕ ਮੌਕਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਗਵਾਇਆ ਨਹੀਂ ਜਾਣਾ ਚਾਹੀਦਾ।’’ ਭਾਰਤ ਦੀ ਲਗਭਗ ਦੋ-ਤਿਹਾਈ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਪਰ ਇਹ ਵਾਧਾ ਹਮੇਸ਼ਾ ਨਹੀਂ ਰਹੇਗਾ। ਚੀਨ, ਜਾਪਾਨ ਅਤੇ ਯੂਰਪ ਵਾਂਗ ਭਾਰਤ ਵੀ ਆਉਣ ਵਾਲੇ ਸਾਲਾਂ ’ਚ ਬਜ਼ੁਰਗ ਹੁੰਦੀ ਆਬਾਦੀ ਦੀ ਚੁਣੌਤੀ ਦਾ ਸਾਹਮਣਾ ਕਰੇਗਾ। ਇਸ ਲਈ ਅਗਲੇ 2 ਦਹਾਕੇ ਭਾਰਤ ਲਈ ਫੈਸਲਾਕੁੰਨ ਹਨ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੰਦੇ ਰਹੇ ਹਨ ਕਿ ਇਸ ਸੀਮਤ ਸਮੇਂ ’ਚ ਭਾਰਤ ਨੂੰ ਆਪਣੀ ਨੌਜਵਾਨ ਆਬਾਦੀ ਨੂੰ ਦੁਨੀਆ ਦੀ ਸਭ ਤੋਂ ਕੁਸ਼ਲ ਕਾਰਜਸ਼ਕਤੀ, ਸਭ ਤੋਂ ਵੱਡੇ ਉੱਦਮੀ ਭਾਈਚਾਰੇ ਅਤੇ ਸਭ ਤੋਂ ਮਜ਼ਬੂਤ ਨਵਾਚਾਰ ਸ਼ਕਤੀ ’ਚ ਬਦਲਣਾ ਹੋਵੇਗਾ।

ਇਸ ਦਿਸ਼ਾ ’ਚ ਪਹਿਲਾ ਵੱਡਾ ਕਦਮ ਉੱਚ ਸਿੱਖਿਆ ਦੇ ਮੌਕਿਆਂ ਦਾ ਵੱਡਾ ਵਿਸਥਾਰ ਰਿਹਾ। ਸਾਲ 2014 ’ਚ ਭਾਰਤ ’ਚ ਲਗਭਗ 387 ਮੈਡੀਕਲ ਕਾਲਜ ਸਨ। ਅੱਜ ਉਨ੍ਹਾਂ ਦੀ ਗਿਣਤੀ ਵਧ ਕੇ 780 ਤੋਂ ਵੱਧ ਹੋ ਚੁੱਕੀ ਹੈ। ਐੱਮ. ਬੀ. ਬੀ. ਐੱਸ. ਸੀਟਾਂ ਲਗਭਗ 51,000 ਤੋਂ ਵਧ ਕੇ 1.30 ਲੱਖ ਤੋਂ ਵੱਧ ਹੋ ਗਈਆਂ ਹਨ, ਜਦਕਿ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਲਗਭਗ 31,000 ਤੋਂ ਵਧ ਕੇ 74,000 ਤੋਂ ਵੱਧ ਹੋ ਚੁੱਕੀਆਂ ਹਨ। ਲੱਖਾਂ ਨੌਜਵਾਨ ਡਾਕਟਰਾਂ ਲਈ ਇਹ ਸਿਰਫ਼ ਅੰਕੜੇ ਨਹੀਂ, ਸਗੋਂ ਜ਼ਿੰਦਗੀ ਬਦਲ ਦੇਣ ਵਾਲੇ ਮੌਕੇ ਹਨ।

ਇਹੀ ਨਹੀਂ, ਦੇਸ਼ ’ਚ ਆਈ. ਆਈ. ਟੀ. ਦੀ ਗਿਣਤੀ 16 ਤੋਂ ਵਧ ਕੇ 23, ਆਈ. ਆਈ. ਐੱਮ. ਦੀ 13 ਤੋਂ ਵਧ ਕੇ 21 ਅਤੇ ਆਈ. ਆਈ. ਆਈ. ਟੀ. ਦੀ ਗਿਣਤੀ 9 ਤੋਂ ਵਧ ਕੇ 26 ਹੋ ਗਈ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਨੇ ਸਿੱਖਿਆ ਨੂੰ ਵਧੇਰੇ ਲਚਕਦਾਰ, ਬਹੁ-ਵਿਸ਼ਾ ਅਤੇ ਨਵਾਚਾਰ-ਆਧਾਰਿਤ ਬਣਾਇਆ ਹੈ।

ਸਰਕਾਰ ਨੇ ਇਹ ਵੀ ਸਮਝਿਆ ਕਿ ਸਿਰਫ਼ ਡਿਗਰੀ ਰੁਜ਼ਗਾਰ ਦੀ ਗਾਰੰਟੀ ਨਹੀਂ ਹੈ। ਇਸ ਲਈ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਤਸਾਹਨ ਯੋਜਨਾ (ਐੱਨ. ਏ. ਪੀ. ਐੱਸ.) ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਸਿਖਲਾਈ ਯੋਜਨਾ (ਐੱਨ. ਏ. ਟੀ. ਐੱਸ.) ਰਾਹੀਂ ਲੱਖਾਂ ਨੌਜਵਾਨਾਂ ਨੂੰ ਉਦਯੋਗਾਂ ’ਚ ਵਿਵਹਾਰਕ ਸਿਖਲਾਈ ਦਾ ਮੌਕਾ ਮਿਲਿਆ, ਜਿਸ ਨਾਲ ਸਿੱਖਿਆ ਅਤੇ ਰੁਜ਼ਗਾਰ ਵਿਚਾਲੇ ਦੀ ਦੂਰੀ ਘਟੀ।

ਇਸੇ ਸੋਚ ਦਾ ਅਗਲਾ ਮਹੱਤਵਪੂਰਨ ਪੜਾਅ ‘ਸਕਿੱਲ ਇੰਡੀਆ ਮਿਸ਼ਨ’ ਸੀ। ਸਾਲਾਂ ਤੱਕ ਉਦਯੋਗ ਜਗਤ ਦੀ ਸ਼ਿਕਾਇਤ ਰਹੀ ਕਿ ਡਿਗਰੀ ਧਾਰਕ ਨੌਜਵਾਨਾਂ ਕੋਲ ਲੋੜੀਂਦੇ ਹੁਨਰ ਦੀ ਘਾਟ ਹੈ। ਸਕਿੱਲ ਇੰਡੀਆ ਨੇ ਇਸੇ ਸਮੱਸਿਆ ਦਾ ਹੱਲ ਕੀਤਾ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਸਕਿੱਲ ਇੰਡੀਆ ਦੀਆਂ ਹੋਰ ਪਹਿਲਕਦਮੀਆਂ ਰਾਹੀਂ 4 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਉਹ ਆਧੁਨਿਕ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਤਿਆਰ ਹੋਏ ਹਨ।

ਇਹ ਹੁਨਰ ਮੁਹਿੰਮ ਮੋਦੀ ਸਰਕਾਰ ਦੀ ਨਿਰਮਾਣ ਨੀਤੀ ਨਾਲ ਮਿਲ ਕੇ ਅੱਗੇ ਵਧਿਆ। ਇਲੈਕਟ੍ਰੌਨਿਕਸ, ਟੈਲੀਕਾਮ ਉਪਕਰਣ, ਦਵਾਈ ਨਿਰਮਾਣ, ਆਟੋਮੋਬਾਈਲ ਅਤੇ ਸੈਮੀਕੰਡਕਟਰ ਵਰਗੇ ਖੇਤਰਾਂ ’ਚ ਅੱਜ ਜੋ ਰੁਜ਼ਗਾਰ ਦੇ ਮੌਕੇ ਦਿਖਾਈ ਦੇ ਰਹੇ ਹਨ, ਉਹ ਇਕ ਦਹਾਕਾ ਪਹਿਲਾਂ ਲਗਭਗ ਵਜੂਦ ’ਚ ਹੀ ਨਹੀਂ ਸਨ। ਸ਼ਾਇਦ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਯੋਗਦਾਨ ਇਹ ਰਿਹਾ ਹੈ ਕਿ ਉਸ ਨੇ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲੱਭਣ ਵਾਲਾ ਨਹੀਂ, ਸਗੋਂ ਨੌਕਰੀ ਦੇਣ ਵਾਲਾ ਬਣਨ ਲਈ ਪ੍ਰੇਰਿਤ ਕੀਤਾ।

ਸਾਲ 2016 ’ਚ ਜਦੋਂ ‘ਸਟਾਰਟਅੱਪ ਇੰਡੀਆ’ ਦੀ ਸ਼ੁਰੂਆਤ ਹੋਈ, ਉਦੋਂ ਭਾਰਤ ਦਾ ਸਟਾਰਟਅੱਪ ਈਕੋਸਿਸਟਮ ਸ਼ੁਰੂਆਤੀ ਦੌਰ ’ਚ ਸੀ। ਅੱਜ ਭਾਰਤ ’ਚ 1.8 ਲੱਖ ਤੋਂ ਵੱਧ ਡੀ. ਪੀ. ਆਈ.ਆਈ. ਟੀ. ਮਾਨਤਾ ਪ੍ਰਾਪਤ ਸਟਾਰਟਅੱਪ ਹਨ ਅਤੇ ਦੇਸ਼ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁੱਕਾ ਹੈ। ਇਨ੍ਹਾਂ ਸਟਾਰਟਅੱਪਸ ਨੇ 19 ਲੱਖ ਤੋਂ ਵੱਧ ਪ੍ਰਤੱਖ ਰੁਜ਼ਗਾਰ ਪੈਦਾ ਕੀਤੇ ਹਨ ਅਤੇ 100 ਤੋਂ ਵੱਧ ਯੂਨੀਕੌਰਨ ਕੰਪਨੀਆਂ ਖੜ੍ਹੀਆਂ ਕੀਤੀਆਂ ਹਨ।

ਅੱਜ ਭਾਰਤ ਦੇ ਨੌਜਵਾਨ ਉੱਦਮੀ ਸਪੇਸ ਵਰਗੇ ਆਧੁਨਿਕ ਖੇਤਰ ’ਚ ਵੀ ਸੰਸਾਰਕ ਮੁਕਾਬਲਾ ਕਰ ਰਹੇ ਹਨ। ਇਸੇ ਤਰ੍ਹਾਂ ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਡਰੋਨ, ਸੈਮੀਕੰਡਕਟਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਨੂੰ ਮੋਦੀ ਸਰਕਾਰ ਨੇ ਵਿਸ਼ੇਸ਼ ਪਹਿਲ ਦਿੱਤੀ ਹੈ। ‘ਇੰਡੀਆ ਏ. ਆਈ. ਮਿਸ਼ਨ’ ਵਰਗੀਆਂ ਪਹਿਲਕਦਮੀਆਂ ਰਾਹੀਂ ਸਰਕਾਰ ਨੌਜਵਾਨਾਂ ਨੂੰ ਸਿਰਫ਼ ਅੱਜ ਦੀ ਨਹੀਂ, ਸਗੋਂ ਭਵਿੱਖ ਦੀ ਆਰਥਿਕਤਾ ਲਈ ਤਿਆਰ ਕਰ ਰਹੀ ਹੈ।

‘ਖੇਡੋ ਇੰਡੀਆ ਪ੍ਰੋਗਰਾਮ’ ਨੇ ਹੇਠਲੇ ਪੱਧਰ ’ਤੇ ਪ੍ਰਤਿਭਾਵਾਂ ਦੀ ਪਛਾਣ, ਵਿਗਿਆਨਿਕ ਸਿਖਲਾਈ ਅਤੇ ਆਧੁਨਿਕ ਖੇਡ ਢਾਂਚੇ ਰਾਹੀਂ ਭਾਰਤ ਦੀ ਖੇਡ ਸੰਸਕ੍ਰਿਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਹਜ਼ਾਰਾਂ ਨੌਜਵਾਨ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਅਤੇ ਵਿਸ਼ਵ ਪੱਧਰੀ ਸਿਖਲਾਈ ਉਪਲਬਧ ਕਰਵਾਈ ਜਾ ਰਹੀ ਹੈ। ਇਸ ਦਾ ਨਤੀਜਾ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਓਲੰਪਿਕ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਪ੍ਰਦਰਸ਼ਨ ਦੇ ਰੂਪ ’ਚ ਸਾਹਮਣੇ ਆਇਆ ਹੈ। ਸਾਲ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਭਾਰਤ ਦੀ ਤਿਆਰੀ ਸਿਰਫ਼ ਸਟੇਡੀਅਮ ਬਣਾਉਣ ਦੀ ਮੁਹਿੰਮ ਨਹੀਂ, ਸਗੋਂ ਦੇਸ਼ ਦੇ ਲੱਖਾਂ ਨੌਜਵਾਨ ਖਿਡਾਰੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦਾ ਰਾਸ਼ਟਰੀ ਸੰਕਲਪ ਹੈ।

ਰਾਹੁਲ ਗਾਂਧੀ ਦਾ ਦੋਸ਼ ਭਾਵੇਂ ਸਿਆਸੀ ਸੁਰਖੀਆਂ ਬਟੋਰ ਲਵੇ ਪਰ ਤੱਥ ਬਿਲਕੁਲ ਵੱਖਰੀ ਕਹਾਣੀ ਦੱਸਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਜ਼ਿਆਦਾਤਰ ਨੀਤੀਆਂ ਇਸ ਨਿਸ਼ਾਨੇ ’ਤੇ ਕੇਂਦਰਿਤ ਰਹੀਆਂ ਹਨ ਕਿ ਭਾਰਤ ਦਾ ਨੌਜਵਾਨ ਸਿੱਖਿਅਤ ਹੋਵੇ, ਹੁਨਰਮੰਦ-ਉੱਦਮੀ ਬਣੇ, ਸੰਸਾਰਕ ਪੱਧਰ ’ਤੇ ਮੁਕਾਬਲੇਬਾਜ਼ ਬਣੇ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹੋਵੇ। ਭਾਰਤ ਦੇ ਨੌਜਵਾਨਾਂ ਦੇ ਹਿੱਤਾਂ ਨੂੰ ਜਿੰਨੀ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਹੈ, ਓਨੀ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਅੱਜ ਤੱਕ ਨਹੀਂ ਦਿੱਤੀ।

—ਤੁਹਿਨ ਸਿਨਹਾ

(ਰਾਸ਼ਟਰੀ ਬੁਲਾਰਾ, ਭਾਰਤੀ ਜਨਤਾ ਪਾਰਟੀ)


author

Shubam Kumar

Content Editor

Related News