ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
Wednesday, Jul 29, 2026 - 03:30 AM (IST)
ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਭਰ ’ਚ ਹਰ ਸਾਲ ਪਾਣੀ ’ਚ ਡੁੱਬਣ ਨਾਲ 2 ਲੱਖ 36 ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਮੌਤਾਂ ਅਕਸਰ ਨਦੀਆਂ, ਨਹਿਰਾਂ ਅਤੇ ਤਲਾਬਾਂ ਆਦਿ ’ਚ ਨਹਾਉਣ, ਕਿਸ਼ਤੀਆਂ ’ਤੇ ਯਾਤਰਾ ਜਾਂ ਮੱਛੀ ਫੜਨ ਵਰਗੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੌਰਾਨ ਡੁੱਬਣ ਦੇ ਨਤੀਜੇ ਵਜੋਂ ਹੁੰਦੀਆਂ ਹਨ।
ਪਿਛਲੇ ਲਗਭਗ ਇਕ ਮਹੀਨੇ ਦੌਰਾਨ ਭਾਰਤ ’ਚ ਨਦੀਆਂ, ਨਹਿਰਾਂ ਅਤੇ ਤਲਾਬਾਂ ’ਚ ਨਹਾਉਣ ਦੌਰਾਨ ਪਾਣੀ ’ਚ ਡੁੱਬਣ ਨਾਲ ਹੋਈਆਂ ਮੌਤਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 28 ਜੂਨ ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ਦੇ ‘ਪੇਲਾਨੀ’ ’ਚ ਯਮੁਨਾ ਨਦੀ ’ਚ ਨਹਾਉਣ ਗਿਆ ਪੁਲਸ ਕਾਂਸਟੇਬਲ ‘ਅਨੁਰਾਗ ਭਦੌਰੀਆ’ ਅਚਾਨਕ ਪੈਰ ਤਿਲਕ ਜਾਣ ਕਾਰਨ ਡੂੰਘੇ ਪਾਣੀ ’ਚ ਸਮਾ ਗਿਆ ਅਤੇ ਉਸ ’ਚ ਡੁੱਬਣ ਨਾਲ ਉੱਥੇ ਹੀ ਉਸ ਦੀ ਮੌਤ ਹੋ ਗਈ।
* 12 ਜੁਲਾਈ ਨੂੰ ‘ਡੂੰਗਰਪੁਰ’ (ਰਾਜਸਥਾਨ) ਦੇ ‘ਲਿਖੀਬੜੀ’ ਪਿੰਡ ’ਚ ਇਕ ਤਲਾਬ ’ਚ ਨਹਾਉਣ ਲਈ ਉਤਰੇ ਇਕੋ ਪਰਿਵਾਰ ਦੇ 3 ਸਕੇ ਭੈਣ-ਭਰਾਵਾਂ ਅਤੇ ਉਨ੍ਹਾਂ ਦੀ ਇਕ ਫੁਫੇਰੀ ਭੈਣ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਇਸ ਹਾਦਸੇ ’ਚ ‘ਬਾਬੂ ਸਿੰਘ ਡਾਮੋਰ’ ਦਾ ਪੂਰਾ ਪਰਿਵਾਰ ਉਜੜ ਗਿਆ।
* 13 ਜੁਲਾਈ ਨੂੰ ‘ਤਰਨਤਾਰਨ’ (ਪੰਜਾਬ) ’ਚ ਬਿਆਸ ਨਦੀ ’ਚ ਨਹਾਉਣ ਗਏ 2 ਸਕੇ ਭਰਾਵਾਂ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ।
* 13 ਜੁਲਾਈ ਨੂੰ ਹੀ ‘ਪਟਿਆਲਾ’ (ਪੰਜਾਬ) ਨੇੜੇ ‘ਭਾਖੜਾ ਨਹਿਰ’ ’ਚ ਨਹਾਉਣ ਲਈ ਉਤਰੇ 5 ਨੌਜਵਾਨਾਂ ’ਚੋਂ 2 ਨੌਜਵਾਨ ਪਾਣੀ ’ਚ ਰੁੜ੍ਹ ਗਏ, ਜਦੋਂ ਕਿ ਉਨ੍ਹਾਂ ਦੇ 3 ਸਾਥੀਆਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ।
* 18 ਜੁਲਾਈ ਨੂੰ ‘ਦੀਨਾਨਗਰ’ (ਪੰਜਾਬ) ’ਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਨੌਜਵਾਨ ਦੀ ‘ਅੱਪਰ ਬਾਰੀ ਦੋਆਬ ਨਹਿਰ’ ਦੇ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ।
* 19 ਜੁਲਾਈ ਨੂੰ ‘ਲੁਧਿਆਣਾ’ (ਪੰਜਾਬ) ’ਚ ਥਾਣਾ ‘ਸਲੇਮ ਟਾਬਰੀ’ ਅਧੀਨ ਆਉਂਦੇ ਇਲਾਕੇ ‘ਕਾਸਾਬਾਦ’ ’ਚ ਦੋਸਤਾਂ ਨਾਲ ਨਹਾਉਣ ਗਿਆ ਇਕ 15 ਸਾਲਾ ਅੱਲ੍ਹੜ ਸਤਲੁਜ ਦਰਿਆ ਦੇ ਡੂੰਘੇ ਪਾਣੀ ’ਚ ਡੁੱਬਣ ਨਾਲ ਜਾਨ ਗੁਆ ਬੈਠਾ।
* 19 ਜੁਲਾਈ ਨੂੰ ਹੀ ‘ਪ੍ਰਤਾਪਗੜ੍ਹ’ (ਉੱਤਰ ਪ੍ਰਦੇਸ਼) ’ਚ ‘ਸਈ ਨਦੀ’ ’ਚ ਨਹਾਉਣ ਦੌਰਾਨ 3 ਭਰਾ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ।
* 22 ਜੁਲਾਈ ਨੂੰ ‘ਮੁਰਾਦਾਬਾਦ’ (ਉੱਤਰ ਪ੍ਰਦੇਸ਼) ’ਚ ‘ਰਾਮਗੰਗਾ ਨਦੀ’ ’ਚ ਨਹਾਉਣ ਗਏ 3 ਦੋਸਤਾਂ ’ਚੋਂ 2 ਦੀ ਪਾਣੀ ’ਚ ਡੁੱਬ ਜਾਣ ਨਾਲ ਮੌਤ ਹੋ ਗਈ, ਜਿਨ੍ਹਾਂ ’ਚੋਂ ਇਕ ਨੌਜਵਾਨ ਦੀ ਤਾਂ ਲਾਸ਼ ਵੀ ਨਹੀਂ ਮਿਲ ਸਕੀ।
* 26 ਜੁਲਾਈ ਨੂੰ ‘ਸੋਨਭੱਦਰ’ (ਉੱਤਰ ਪ੍ਰਦੇਸ਼) ’ਚ ‘ਠੇਮਾ’ ਨਦੀ ’ਚ ਨਹਾਉਣ ਲਈ ਉਤਰੇ 3 ਅੱਲ੍ਹੜਾਂ ’ਚੋਂ ਇਕ ਅੱਲ੍ਹੜ ਦੀ ਪਾਣੀ ’ਚ ਡੁੱਬ ਜਾਣ ਨਾਲ ਮੌਤ ਹੋ ਗਈ।
* ਅਤੇ ਹੁਣ 27 ਜੁਲਾਈ ਨੂੰ ‘ਦਿੱਲੀ’ ’ਚ ਯਮੁਨਾ ਨਦੀ ’ਚ ਨਹਾਉਣ ਉਤਰੇ 4 ਨੌਜਵਾਨਾਂ ’ਚੋਂ ਇਕ ਨੌਜਵਾਨ ਦੀ ਪਾਣੀ ’ਚ ਡੁੱਬ ਜਾਣ ਨਾਲ ਮੌਤ ਹੋ ਗਈ।
ਅਜਿਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਣ ਲਈ ਕੁਝ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਦੇ ਅਨੁਸਾਰ :
* ਨਦੀ, ਤਲਾਬ ਜਾਂ ਹੜ੍ਹ ਪ੍ਰਭਾਵਿਤ ਖੇਤਰ ਕੋਲ ਜਾਂਦੇ ਸਮੇਂ ਬੱਚਿਆਂ ’ਤੇ ਖਾਸ ਨਜ਼ਰ ਰੱਖੋ। ਨਹਾਉਂਦੇ ਜਾਂ ਕਿਸ਼ਤੀ ਚਲਾਉਂਦੇ ਸਮੇਂ ਹਮੇਸ਼ਾ ਲਾਈਫ ਜੈਕੇਟ/ਟਿਊਬ ਦੀ ਵਰਤੋਂ ਕਰੋ।
* ਸਿਰਫ ਸੁਰੱਖਿਅਤ ਅਤੇ ਨਿਰਧਾਰਤ ਸਥਾਨ ’ਤੇ ਹੀ ਇਸ਼ਨਾਨ ਜਾਂ ਤੈਰਾਕੀ ਕਰੋ। ਪਾਣੀ ’ਚ ਜਾਣ ਤੋਂ ਪਹਿਲਾਂ ਪਰਿਵਾਰ ਜਾਂ ਸਾਥੀਆਂ ਨੂੰ ਸੂਚਿਤ ਕਰੋ। ਡੂੰਘੇ ਜਾਂ ਤੇਜ਼ ਵਹਾਅ ਵਾਲੇ ਪਾਣੀ ’ਚ ਨਾ ਉਤਰੋ ਅਤੇ ਬੱਚਿਆਂ ਨੂੰ ਇਕੱਲੇ ਤਲਾਬ, ਟੋਏ ਜਾਂ ਨਦੀ ਦੇ ਕੋਲ ਨਾ ਜਾਣ ਦਿਓ।
* ਤੈਰਾਕੀ ਦੌਰਾਨ ਧੱਕਾ-ਮੁੱਕੀ ਜਾਂ ਲਾਪਰਵਾਹੀ ਨਾ ਕਰੋ। ਕਿਸੇ ਦੇ ਡੁੱਬਣ ’ਤੇ ਤੁਰੰਤ ਰੱਸੀ, ਡੰਡਾ ਜਾਂ ਕੱਪੜਾ ਸੁੱਟ ਕੇ ਮਦਦ ਕਰੋ। ਖੁਦ ਪਾਣੀ ’ਚ ਛਾਲ ਮਾਰਨ ਤੋਂ ਬਚੋ, ਸਿਰਫ ਟ੍ਰੇਂਡ ਵਿਅਕਤੀ ਹੀ ਬਚਾਅ ਦਾ ਕੰਮ ਕਰਨ ਅਤੇ ਪੀੜਤ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ/ਹਸਪਤਾਲ ਪਹੁੰਚਾਓ।
ਇਸ ਦੇ ਨਾਲ ਹੀ ਸਰਪ੍ਰਸਤਾਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ। ਜਦੋਂ ਤੱਕ ਉਹ ਤੈਰਨਾ ਨਾ ਸਿੱਖ ਲੈਣ ਉਦੋਂ ਤੱਕ ਬੱਚਿਆਂ ਨੂੰ ਪਾਣੀ ’ਚ ਉਤਰਨ ਦੀ ਇਜਾਜ਼ਤ ਨਾ ਦਿਓ ਅਤੇ ਡੂੰਘੇ ਪਾਣੀ ’ਚ ਜਾਣ ਦੇ ਖਤਰਿਆਂ ਤੋਂ ਵੀ ਜਾਣੂ ਕਰਵਾਉਣ।
ਉਕਤ ਉਪਾਅ ਅਪਣਾ ਕੇ ਕਿਸੇ ਹੱਦ ਤੱਕ ਨਦੀਆਂ, ਨਹਿਰਾਂ ਅਤੇ ਤਲਾਬਾਂ ਆਦਿ ਦੇ ਪਾਣੀ ’ਚ ਡੁੱਬਣ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ‘ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ’। ਇਸ ਲਈ ਲਾਪਰਵਾਹੀ ਦੇ ਕਾਰਨ ਕੋਈ ਸੰਕਟ ਮੁੱਲ ਲੈਣ ਅਤੇ ਬਾਅਦ ’ਚ ਪਛਤਾਉਣ ਦੀ ਬਜਾਏ ਸਾਵਧਾਨੀ ਵਰਤ ਕੇ ਖਤਰੇ ਤੋਂ ਦੂਰ ਰਹਿਣ ’ਚ ਹੀ ਸਿਆਣਪ ਹੈ।
–ਵਿਜੇ ਕੁਮਾਰ
