ਦੇਸ਼ ਦੇ ਸਰਕਾਰੀ ਹਸਪਤਾਲ, ਜਿਥੇ ਲਾਪਰਵਾਹੀ ਦਾ ਸ਼ਿਕਾਰ ਹੁੰਦੇ ਹਨ ਮਰੀਜ਼

Friday, Sep 13, 2024 - 02:30 AM (IST)

ਦੇਸ਼ ਦੇ ਸਰਕਾਰੀ ਹਸਪਤਾਲ, ਜਿਥੇ ਲਾਪਰਵਾਹੀ ਦਾ ਸ਼ਿਕਾਰ ਹੁੰਦੇ ਹਨ ਮਰੀਜ਼

ਲੋਕਾਂ ਨੂੰ ਸਸਤੀ ਅਤੇ ਉੱਚ ਪੱਧਰੀ ਸਿੱਖਿਆ ਅਤੇ ਮੈਡੀਕਲ, ਸ਼ੁੱਧ ਪੀਣ ਵਾਲਾ ਪਾਣੀ ਅਤੇ ਲਗਾਤਾਰ ਬਿਜਲੀ ਉਪਲਬਧ ਕਰਵਾਉਣਾ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਸਰਕਾਰਾਂ ਇਸ ’ਚ ਅਸਫਲ ਹੋ ਰਹੀਆਂ ਹਨ। ਇਸੇ ਕਾਰਨ ਲੋਕ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਤੋਂ ਸੰਕੋਚ ਕਰਦੇ ਹਨ।

ਸਰਕਾਰੀ ਹਸਪਤਾਲਾਂ ਦੇ ਮੈਡੀਕਲ ਸਟਾਫ ’ਚ ਕਿਸ ਕਦਰ ਲਾਪਰਵਾਹੀ ਹੁੰਦੀ ਹੈ, ਇਸ ਦਾ ਅੰਦਾਜ਼ਾ ਹਾਲ ਹੀ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਲਾਇਆ ਜਾ ਸਕਦਾ ਹੈ :

* 16 ਮਈ ਨੂੰ ਕੇਰਲ ਦੇ ਕੋਝੀਕੋਡ ਸਥਿਤ ਸਰਕਾਰੀ ਹਸਪਤਾਲ ’ਚ ਡਾਕਟਰਾਂ ਨੇ ਇਕ 4 ਸਾਲਾ ਬੱਚੀ ਦੀ ਛੇਵੀਂ ਉਂਗਲੀ ਹਟਾਉਣ ਲਈ ਆਪ੍ਰੇਸ਼ਨ ਕਰਨ ਦੀ ਥਾਂ ਉਸ ਦੀ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ।

* 19 ਮਈ ਨੂੰ ਉਕਤ ਹਸਪਤਾਲ ’ਚ ਹੀ ਸੜਕ ਹਾਦਸੇ ’ਚ ਜ਼ਖਮੀ ਇਕ ਮਰੀਜ਼ ਦੇ ਟੁੱਟੇ ਹੋਏ ਹੱਥ ਦੇ ਆਪ੍ਰੇਸ਼ਨ ਦੌਰਾਨ ਦੂਜੇ ਮਰੀਜ਼ ਦੇ ਹੱਥ ਦੇ ਆਪ੍ਰੇਸ਼ਨ ’ਚ ਵਰਤੀ ਜਾਣ ਵਾਲੀ ਗਲਤ ਰਾਡ ਇੰਪਲਾਂਟ ਕਰ ਦਿੱਤੀ।

* 25 ਜੂਨ ਨੂੰ ਮਹਾਰਾਸ਼ਟਰ ’ਚ ਠਾਣੇ ਦੇ ‘ਸ਼ਾਹਪੁਰ’ ਸਥਿਤ ਸਰਕਾਰੀ ਉਪ-ਜ਼ਿਲਾ ਹਸਪਤਾਲ ’ਚ ਡਾਕਟਰਾਂ ਨੇ ਇਕ ਬੱਚੇ ਦੇ ਸੱਟ ਲੱਗੇ ਪੈਰ ਦਾ ਆਪ੍ਰੇਸ਼ਨ ਕਰਨ ਦੀ ਥਾਂ ਉਸ ਦੇ ਪ੍ਰਾਈਵੇਟ ਪਾਰਟ ਦਾ ਹੀ ਆਪ੍ਰੇਸ਼ਨ ਕਰ ਦਿੱਤਾ।

* 24 ਅਗਸਤ ਨੂੰ ਮੱਧ ਪ੍ਰਦੇਸ਼ ’ਚ ਮੰਦਸੌਰ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋਂ ਇਕ ਔਰਤ ਦੇ ਨਸਬੰਦੀ ਆਪ੍ਰੇਸ਼ਨ ਪਿੱਛੋਂ ਕੈਂਚੀ ਉਸ ਦੇ ਢਿੱਡ ’ਚ ਹੀ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ। ਇਸ ਕਾਰਨ ਉਹ ਕਾਫੀ ਸਮਾਂ ਪੇਟ ਦਰਦ ਤੋਂ ਪ੍ਰੇਸ਼ਾਨ ਰਹੀ।

* 11 ਸਤੰਬਰ ਨੂੰ ਮਹਾਰਾਸ਼ਟਰ ਦੇ ਲਾਤੂਰ ਜ਼ਿਲੇ ’ਚ ‘ਔਸਾ’ ਸਥਿਤ ਸਰਕਾਰੀ ਹਸਪਤਾਲ ’ਚ ਜਣੇਪੇ ਲਈ ਦਾਖਲ ਹੋਈ ਇਕ ਔਰਤ ਦੇ ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਬਲੱਡ ਸਾਫ ਕਰਨ ਵਾਲਾ ਕੱਪੜਾ ਉਸ ਦੇ ਢਿੱਡ ’ਚ ਹੀ ਛੱਡ ਦਿੱਤਾ। ਆਪ੍ਰੇਸ਼ਨ ਪਿੱਛੋਂ ਔਰਤ ਦੇ ਪੇਟ ’ਚ ਤੇਜ਼ ਦਰਦ ਰਹਿਣ ਲੱਗਾ ਜਿਸ ਪਿੱਛੋਂ ਸੀ. ਟੀ. ਸਕੈਨ ਦੌਰਾਨ ਡਾਕਟਰਾਂ ਦੀ ਗੰਭੀਰ ਲਾਪਰਵਾਹੀ ਦਾ ਪਤਾ ਲੱਗਾ।

ਕਰੋੜਾਂ ਰੁਪਈਆਂ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲਾਂ ’ਚ ਸਿੱਖਿਅਤ ਮੈਡੀਕਲ ਸਟਾਫ ਦੀ ਕਮੀ ਅਤੇ ਲਾਪਰਵਾਹੀ ਯਕੀਨਨ ਹੀ ਇਕ ਭਖਦੀ ਸਮੱਸਿਆ ਹੈ ਜਿਸ ਦਾ ਨਤੀਜਾ ਇਸ ਤਰ੍ਹਾਂ ਦੀਆਂ ਦੁਖਦ ਘਟਨਾਵਾਂ ’ਚ ਨਿਕਲ ਰਿਹਾ ਹੈ। ਇਸ ਸਮੱਸਿਆ ਦਾ ਹੱਲ ਜਿੰਨੀ ਛੇਤੀ ਹੋ ਸਕੇ ਲੱਭਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ ’ਚ ਅਣਸੁਖਾਵੀਆਂ ਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ।

–ਵਿਜੇ ਕੁਮਾਰ


author

Harpreet SIngh

Content Editor

Related News