ਮੌਲਾਨਾ ਆਜ਼ਾਦ : ਉਹ ਸਿਪਾਹੀ, ਜਿਸ ਨੇ ਤਿਰੰਗੇ ਦੇ ਹੇਠਾਂ ਏਕਤਾ ਅਤੇ ਸਿੱਖਿਆ ਦਾ ਸੁਪਨਾ ਬੁਣਿਆ
Wednesday, Nov 12, 2025 - 04:44 PM (IST)
11 ਨਵੰਬਰ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਜਨਮ ਦਿਨ ਸੀ। ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਸੈਨਾਨੀ, ਚਿੰਤਕ ਅਤੇ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਸਨ। ਇਹ ਦਿਨ ਸਿਰਫ ਇਕ ਮਹਾਪੁਰਸ਼ ਨੂੰ ਯਾਦ ਕਰਨ ਦਾ ਮੌਕਾ ਨਹੀਂ ਸਗੋਂ ਉਸ ਵਿਚਾਰਧਾਰਾ ਨੂੰ ਦੁਹਰਾਉਣ ਦਾ ਵੀ ਦਿਨ ਹੈ, ਜਿਸ ਨੇ ਭਾਰਤ ਨੂੰ ਇਕ ਸੂਤਰ ’ਚ ਬੰਨ੍ਹਣ ਦਾ ਕੰਮ ਕੀਤਾ ਸੀ ਤਾਂ ਕਿ ਭਾਈਚਾਰਾ, ਏਕਤਾ ਅਤੇ ਸਿੱਖਿਆ ’ਚ ਸੁਧਾਰ ਹੋ ਸਕੇ।
ਮੌਲਾਨਾ ਆਜ਼ਾਦ ਦੀ ਜ਼ਿੰਦਗੀ ਭਾਰਤੀ ਆਜ਼ਾਦੀ ਸੰਗਰਾਮ ਦਾ ਜਿਊਂਦਾ ਅਧਿਆਏ ਹੈ। ਉਹ ਨਾ ਸਿਰਫ ਇਕ ਧਰਮ ਗੁਰੂ ਸਨ ਸਗੋਂ ਵਿਚਾਰਾਂ ਨਾਲ ਆਧੁਨਿਕ ਭਾਰਤ ਦੇ ਸੱਚੇ ਨਿਰਮਾਤਾ ਸਨ। ਜਦੋਂ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਪੂਰੇ ਦੇਸ਼ ’ਚ ਸਿਖਰ ’ਤੇ ਸੀ ਉਦੋਂ ਮੌਲਾਨਾ ਆਜ਼ਾਦ ਨੇ ਕਲਮ ਅਤੇ ਸ਼ਬਦਾਂ ਨੂੰ ਹਥਿਆਰ ਬਣਾ ਕੇ ਲੋਕਾਂ ਦੇ ਦਿਲਾਂ ’ਚ ਆਜ਼ਾਦੀ ਦੀ ਲੋਅ ਜਗਾਈ। ਉਨ੍ਹਾਂ ਦੇ ਸਪਤਾਹਿਕ ਪੱਤਰ ‘ਅਲ-ਹਿਲਾਲ’ ਅਤੇ ‘ਅਲ-ਬਲਾਗ’ ਅੰਗਰੇਜ਼ੀ ਹਕੂਮਤ ਦੀ ਨੀਂਹ ਹਿਲਾ ਦਿੰਦੇ ਸਨ।
ਬਟਵਾਰੇ ਦੀ ਸਿਆਸਤ ਵਿਰੁੱਧ ਸਭ ਤੋਂ ਬੁਲੰਦ ਆਵਾਜ਼ : ਮੌਲਾਨਾ ਆਜ਼ਾਦ ਦਾ ਸਭ ਤੋਂ ਵੱਡਾ ਯੋਗਦਾਨ ਸੀ ਭਾਰਤ ਦੀ ਏਕਤਾ ਦੀ ਰੱਖਿਆ। ਜਦੋਂ ਮੁਹੰਮਦ ਅਲੀ ਜਿੱਨਾਹ ਦੀ ਅਗਵਾਈ ’ਚ ਮੁਸਲਿਮ ਲੀਗ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀ ਸਾਜ਼ਿਸ਼ ਕਰ ਰਹੀ ਸੀ ਤਾਂ ਮੌਲਾਨਾ ਆਜ਼ਾਦ ਨੇ ਦ੍ਰਿੜ੍ਹਤਾ ਨਾਲ ਉਸ ਦਾ ਵਿਰੋਧ ਕੀਤਾ। ਉਹ ਕਹਿੰਦੇ ਸਨ ਧਰਮ ਦੇ ਆਧਾਰ ’ਤੇ ਦੇਸ਼ ਦਾ ਬਟਵਾਰਾ ਇਸ ਧਰਤੀ ਦੀ ਆਤਮਾ ਨੂੰ ਤੋੜ ਦੇਵੇਗਾ।
ਉਨ੍ਹਾਂ ਨੇ ਹਰ ਮੰਚ ਤੋਂ ਇਹ ਸੰਦੇਸ਼ ਦਿੱਤਾ ਕਿ ਹਿੰਦੂ ਅਤੇ ਮੁਸਲਮਾਨ ਇਕ ਹੀ ਮਿੱਟੀ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਦਰਮਿਆਨ ਬਟਵਾਰਾ ਅਸੰਭਵ ਹੈ।
ਉਨ੍ਹਾਂ ਦਾ ਨਜ਼ਰੀਆ ਸਿਰਫ ਧਾਰਮਿਕ ਸਦਭਾਵ ਤੱਕ ਸੀਮਤ ਨਹੀਂ ਸੀ, ਸਗੋਂ ਸਿਆਸੀ ਅਤੇ ਸਮਾਜਿਕ ਨਜ਼ਰੀਆ ਵੀ ਸੀ ਕਿ ਭਾਰਤ ਦੀ ਤਾਕਤ ਉਸ ਦੀ ਵੰਨ-ਸੁਵੰਨਤਾ ’ਚ ਹੈ। ਉਹ ਮੰਨਦੇ ਸਨ ਕਿ ਆਜ਼ਾਦੀ ਦਾ ਅਰਥ ਤਾਂ ਹੀ ਪੂਰਾ ਹੋਵੇਗਾ ਜਦੋਂ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਮੌਕਾ ਅਤੇ ਸਿੱਖਿਆ ਮਿਲੇ।
ਪਹਿਲੇ ਸਿੱਖਿਆ ਮੰਤਰੀ ਵਜੋਂ ਦੂਰਦ੍ਰਿਸ਼ਟੀ : ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਵਜੋਂ ਮੌਲਾਨਾ ਆਜ਼ਾਦ ਨੇ ਭਾਰਤੀ ਿਸੱਖਿਆ ਵਿਵਸਥਾ ਦੀ ਨੀਂਹ ਰੱਖੀ।
ਉਨ੍ਹਾਂ ਨੇ ਭਾਰਤੀ ਸੱਭਿਆਚਾਰ ਅਤੇ ਆਧੁਨਿਕ ਵਿਗਿਆਨ ਦੇ ਸੰਤੁਲਨ ’ਤੇ ਆਧਾਰਿਤ ਸਿੱਖਿਆ ਨੀਤੀ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਕਾਰਜਕਾਲ ’ਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, (ਯੂ. ਪੀ. ਸੀ.), ਆਈ. ਆਈ. ਟੀ. ਖੜਗਪੁਰ, ਸਾਹਿਤ ਅਕਾਦਮੀ, ਸੰਗੀਤ ਨਾਟਕ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਹੋਈ।
ਉਨ੍ਹਾਂ ਨੇ ਇਹ ਭਰੋਸਾ ਪ੍ਰਗਟਾਇਆ ਕਿ ਸਿੱਖਿਆ ਸਿਰਫ ਗਿਆਨ ਪ੍ਰਾਪਤੀ ਦਾ ਵਸੀਲਾ ਨਹੀਂ ਸਗੋਂ ਰਾਸ਼ਟਰ ਨਿਰਮਾਣ ਦਾ ਆਧਾਰ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਭਾਰਤ ’ਚ ਉੱਚ ਸਿੱਖਿਆ ਅਤੇ ਤਕਨੀਕੀ ਸੰਸਥਾਨਾਂ ਦੀ ਮਜ਼ਬੂਤ ਨੀਂਹ ਰੱਖੀ ਗਈ ਜਿਸ ਨੇ ਅੱਗੇ ਜਾ ਕੇ ਦੇਸ਼ ਨੂੰ ਆਤਮਨਿਰਭਰਤਾ ਦੀ ਦਿਸ਼ਾ ’ਚ ਤੋਰਿਆ।
ਮੌਲਾਨਾ ਆਜ਼ਾਦ ਦੀ ਵਿਰਾਸਤ : ਅੱਜ ਜਦੋਂ ਸਮਾਜ ’ਚ ਬਟਵਾਰੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਉਦੋਂ ਮੌਲਾਨਾ ਆਜ਼ਾਦ ਦੀਆਂ ਸਿੱਖਿਆਵਾਂ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਾਸੰਗਿਕ ਲੱਗਦੀਆਂ ਹਨ। ਉਨ੍ਹਾਂ ਨੇ ਆਪਣੇ ਜੀਵਨ ਤੋਂ ਸਿਖਾਇਆ ਕਿ ਭਾਰਤ ਦੀ ਅਸਲੀ ਤਾਕਤ ਉਸ ਦੀ ਗੰਗਾ-ਜਮੁਨੀ ਤਹਿਜ਼ੀਬ ’ਚ ਹੈ।
ਮੌਲਾਨਾ ਆਜ਼ਾਦ ਨਾ ਸਿਰਫ ਆਜ਼ਾਦੀ ਸੰਗਰਾਮ ਦੇ ਯੋਧਾ ਸਨ ਸਗੋਂ ਉਸ ਭਾਰਤ ਦੇ ਨਿਰਮਾਤਾ ਵੀ ਸਨ ਜੋ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਦਾ ਹੈ।
ਉਨ੍ਹਾਂ ਦੇ ਜਨਮ ਦਿਨ ’ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਭਾਈਚਾਰੇ, ਏਕਤਾ ਅਤੇ ਸਿੱਖਿਆ ਦੇ ਮਾਰਗ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਆਦਿਲ ਆਜ਼ਮੀ
