ਰਾਕਾਂਪਾ ਦੇ ਦੋਵਾਂ ਧੜਿਆਂ ’ਚ ਰਲੇਵਾਂ ਹੋ ਜਾਵੇਗਾ ?

Saturday, Feb 07, 2026 - 04:30 PM (IST)

ਰਾਕਾਂਪਾ ਦੇ ਦੋਵਾਂ ਧੜਿਆਂ ’ਚ ਰਲੇਵਾਂ ਹੋ ਜਾਵੇਗਾ ?

ਰਾਕਾਂਪਾ (ਐੱਸ. ਪੀ.) ਮੁਖੀ ਸ਼ਰਦ ਪਵਾਰ ਦੇ ਬਿਆਨਾਂ ਤੋਂ ਦੋਵਾਂ ਰਾਕਾਂਪਾ ਧੜਿਆਂ ਦੇ ਸੰਭਾਵੀ ਰਲੇਵੇਂ ’ਚ ਰੁਕਾਵਟਾਂ ਦੇ ਸੰਕੇਤ ਮਿਲਣ ਤੋਂ ਬਾਅਦ, ਸ਼ਰਦ ਪਵਾਰ ਨੇ ਸਵਰਗੀ ਅਜੀਤ ਪਵਾਰ ਦੇ ਪੁੱਤਰਾਂ ਨਾਲ ਇਕ ਬੰਦ ਕਮਰਾ ਮੀਟਿੰਗ ਕੀਤੀ ਅਤੇ ਬਾਅਦ ’ਚ ਉਨ੍ਹਾਂ ਦੇ ਪਤੀ ਨੂੰ ਸ਼ਰਧਾਂਜਲੀ ਦੇਣ ਲਈ ਬਾਰਾਮਤੀ ’ਚ ਉਪ-ਮੁੱਖ ਮੰਤਰੀ ਸੁਨੇਤਰਾ ਪਵਾਰ ਦੇ ਘਰ ਗਏ। ਸੂਤਰਾਂ ਅਨੁਸਾਰ ਚਰਚਾ ਦੋਵਾਂ ਰਾਕਾਂਪਾ ਧੜਿਆਂ ਦੇ ਰਲੇਵੇਂ ਦੀ ਸੰਭਾਵਨਾ ਅਤੇ ਆਗਾਮੀ ਜ਼ਿਲਾ ਪ੍ਰੀਸ਼ਦ ਚੋਣਾਂ ’ਤੇ ਕੇਂਦਰਿਤ ਹੋ ਸਕਦੀ ਸੀ। ਅਜੀਤ ਪਵਾਰ ਦੀ ਮੌਤ ਤੋਂ ਬਾਅਦ ਸ਼ਰਦ ਪਵਾਰ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਆਗੂਆਂ ਨੇ ਦਾਅਵਾ ਕੀਤਾ ਕਿ ਰਲੇਵੇਂ ਦੀ ਗੱਲਬਾਤ ਅੰਤਿਮ ਪੜਾਅ ’ਤੇ ਸੀ ਅਤੇ ਸਵਰਗੀ ਉਪ-ਮੁੱਖ ਮੰਤਰੀ ਨੇ ਰਾਕਾਂਪਾ ਧੜਿਆਂ ਦੇ ਰਲੇਵੇਂ ਦੇ ਐਲਾਨ ਲਈ 12 ਫਰਵਰੀ ਦੀ ਮਿਤੀ ਤੈਅ ਕੀਤੀ ਸੀ।

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਰਾਹੀਂ ਇਕ ਜਵਾਬੀ ਦਾਅਵਾ ਸਾਹਮਣੇ ਆਇਆ, ਜਿਨ੍ਹਾਂ ਨੇ ਕਿਹਾ ਕਿ ਜੇਕਰ ਰਲੇਵੇਂ ਦੀ ਗੱਲਬਾਤ ਸੱਚਮੁੱਚ ਚੱਲ ਰਹੀ ਹੁੰਦੀ ਤਾਂ ਅਜੀਤ ਪਵਾਰ ਨੇ ਇਸ ਬਾਰੇ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੁੰਦੀ। ਦੂਜੇ ਪਾਸੇ ਸ਼ਰਦ ਪਵਾਰ ਨੇ ਕਿਹਾ, ‘‘ਰਲੇਵੇਂ ’ਤੇ ਚਰਚਾ ਅਜੀਤ ਪਵਾਰ ਅਤੇ ਜਯੰਤ ਪਾਟਿਲ ਵਿਚਕਾਰ ਹੋਈ ਸੀ। ਸੀ. ਐੱਮ. ਫੜਨਵੀਸ ਗੱਲਬਾਤ ’ਚ ਸ਼ਾਮਲ ਨਹੀਂ ਸਨ। ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨ ਦਾ ਕੀ ਅਧਿਕਾਰ ਸੀ?’’ ਇਹ ਪੁੱਛੇ ਜਾਣ ’ਤੇ ਕਿ ਕੀ ਹੁਣ ਰਲੇਵਾਂ ਹੋਵੇਗਾ, ਸ਼ਰਦ ਪਵਾਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਤਰਜੀਹ ਇਕ-ਦੂਜੇ ਨੂੰ ਸਮਰਥਨ ਦੇਣਾ ਅਤੇ ਬਾਅਦ ’ਚ ਤੈਅ ਕਰਨਾ ਹੈ ਕਿ ਅੱਗੇ ਕਿਵੇਂ ਵਧਣਾ ਹੈ।

ਕਾਂਗਰਸ ਨੇ ਪੱਛਮੀ ਬੰਗਾਲ ’ਚ ਸੀ. ਪੀ. ਆਈ. (ਐੱਮ.) ਲਈ ਬੂਹੇ ਬੰਦ ਕੀਤੇ
ਪੱਛਮੀ ਬੰਗਾਲ ’ਚ ਹਾਈ-ਸਟੇਕ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰੀ ਹੈ ਕਿਉਂਕਿ ਕਾਂਗਰਸ ਨੇ ਪੱਛਮੀ ਬੰਗਾਲ ’ਚ ਚੋਣ ਸਮਝੌਤੇ ਲਈ ਸੀ. ਪੀ. ਆਈ. (ਐੱਮ.) ਲਈ ਆਪਣੇ ਬੂਹੇ ਬੰਦ ਕਰ ਦਿੱਤੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ’ਚ ਸਾਰੀਆਂ 294 ਸੀਟਾਂ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ, ਇਹ ਕਹਿੰਦੇ ਹੋਏ ਕਿ ਖੱਬੇਪੱਖੀ ਪਾਰਟੀ ਨਾਲ ਸਹਿਯੋਗ ਕਰਨ ਦੇ ਪਿਛਲੇ ਤਜਰਬੇ ਨੇ ਕਾਡਰ ਦਾ ਮਨੋਬਲ ਡੇਗ ਦਿੱਤਾ ਹੈ। ਇਹ ਫੈਸਲਾ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ (ਡਬਲਯੂ. ਬੀ. ਪੀ. ਸੀ. ਸੀ.) ਦੇ ਸੀਨੀਅਰ ਆਗੂਆਂ ਨਾਲ ਇਕ ਅਹਿਮ ਮੀਟਿੰਗ ’ਚ ਲਿਆ ਗਿਆ।

ਇਹ ਮੀਟਿੰਗ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ 10, ਰਾਜਾਜੀ ਮਾਰਗ ਸਥਿਤ ਰਿਹਾਇਸ਼ ’ਤੇ ਹੋਈ ਅਤੇ ਇਸ ’ਚ ਖੜਗੇ, ਸਾਬਕਾ ਪਾਰਟੀ ਮੁਖੀ ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ, ਸੂਬਾ ਇੰਚਾਰਜ ਗੁਲਾਮ ਅਹਿਮਦ ਮੀਰ, ਰਾਜ ਇਕਾਈ ਮੁਖੀ ਸ਼ੁਭੰਕਰ ਸਰਕਾਰ, ਸੀਨੀਅਰ ਆਗੂ ਅਧੀਰ ਰੰਜਨ ਚੌਧਰੀ ਅਤੇ ਸੰਸਦ ਮੈਂਬਰ ਈਸ਼ਾ ਖਾਨ ਚੌਧਰੀ ਸਮੇਤ ਹੋਰ ਲੋਕ ਸ਼ਾਮਲ ਹੋਏ। ਕਾਂਗਰਸ ਆਗੂਆਂ ਦਾ ਮੰਨਣਾ ਸੀ ਕਿ ਗੱਠਜੋੜ ਨਾਲ ਕੋਈ ਫਾਇਦਾ ਨਹੀਂ ਹੋਇਆ ਅਤੇ ਉਨ੍ਹਾਂ ਨੇ ਲੈਫਟ ’ਤੇ ਸਰੋਤਾਂ ਦੀ ਦੁਰਵਰਤੋਂ ਕਰਨ ਅਤੇ ਵੋਟ ਟਰਾਂਸਫਰ ਨਾ ਕਰਨ ਅਤੇ ਟੀ. ਐੱਮ. ਸੀ. ’ਤੇ ਵੀ ਮਨਮਾਨੀ ਕਰਨ ਦੇ ਦੋਸ਼ ਲਾਏ, ਜਿਸ ਨਾਲ ਸਾਂਝੇਦਾਰੀ ਮੁਸ਼ਕਲ ਹੋ ਗਈ। 2021 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਖੱਬੇ ਮੋਰਚੇ ਨਾਲ ਗੱਠਜੋੜ ਕੀਤਾ ਸੀ ਅਤੇ ਇਕ ਵੀ ਸੀਟ ਜਿੱਤਣ ’ਚ ਨਾਕਾਮ ਰਹੀ ਸੀ।

ਮਮਤਾ ਨੇ ਖੋਲ੍ਹਿਆ ਭਲਾਈ ਸਕੀਮਾਂ ਦਾ ਪਿਟਾਰਾ
ਜਿਵੇਂ-ਜਿਵੇਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਨੇੜੇ ਆ ਰਹੀਆਂ ਹਨ, ਮੁੱਖ ਮੰਤਰੀ ਮਮਤਾ ਬੈਨਰਜੀ ਨੇ 4.06 ਲੱਖ ਕਰੋੜ ਰੁਪਏ ਦੇ ਅੰਤਰਿਮ ਰਾਜ ਬਜਟ ’ਚ ਕੁਝ ਵੱਡੇ ਵਾਅਦੇ ਕੀਤੇ ਹਨ, ਜਿਨ੍ਹਾਂ ਦਾ ਮਕਸਦ ਗਿਗ ਵਰਕਰਾਂ, ਔਰਤਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਲਈ ਭਲਾਈ ਸਹਾਇਤਾ ਨੂੰ ਵਧਾਉਣਾ ਹੈ। ਮੁੱਖ ਘੋਸ਼ਣਾਵਾਂ ’ਚੋਂ ਇਕ ਇਸ ਸਾਲ ਫਰਵਰੀ ਤੋਂ ‘ਲਕਸ਼ਮੀ ਭੰਡਾਰ ਯੋਜਨਾ’ ਤਹਿਤ ਮਹੀਨਾਵਾਰ ਗ੍ਰਾਂਟ ’ਚ 500 ਰੁਪਏ ਦਾ ਵਾਧਾ ਸੀ, ਜਿਸ ਨਾਲ ਆਮ ਵਰਗ ਦੀਆਂ ਔਰਤਾਂ ਲਈ ਭੱਤਾ ਵਧਾ ਕੇ 1,500 ਰੁਪਏ ਅਤੇ ਐੱਸ. ਸੀ./ਐੱਸ. ਟੀ. ਔਰਤਾਂ ਲਈ 1,700 ਰੁਪਏ ਕਰ ਦਿੱਤਾ ਗਿਆ ਹੈ। ਰਾਜ ਨੇ ਇਸ ਯੋਜਨਾ ਲਈ 15,000 ਕਰੋੜ ਰੁਪਏ ਅਲਾਟ ਕੀਤੇ ਹਨ।

ਇਸ ਕਦਮ ਨੂੰ ਸਭ ਤੋਂ ਵੱਡਾ ਭਲਾਈ ਉਪਾਅ ਮੰਨਿਆ ਜਾ ਰਿਹਾ ਹੈ, ਖਾਸ ਕਰ ਕੇ ਔਰਤਾਂ ਲਈ, ਜੋ ਸੂਬੇ ਦੀਆਂ ਲੱਗਭਗ ਅੱਧੀਆਂ ਵੋਟਰ ਹਨ। ਇਹ ਯੋਜਨਾ ਤ੍ਰਿਣਮੂਲ ਕਾਂਗਰਸ ਸਰਕਾਰ ਦਾ ਇਕ ਪ੍ਰਮੁੱਖ ਪ੍ਰੋਗਰਾਮ ਰਹੀ ਹੈ। ‘ਬਾਂਗਲਾਰ ਯੁਵਾ ਸਾਥੀ’ ਯੋਜਨਾ ਦੀ ਘੋਸ਼ਣਾ ’ਚ 21 ਤੋਂ 40 ਸਾਲ ਦੀ ਉਮਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ 5 ਸਾਲ ਤੱਕ ਜਾਂ ਜਦੋਂ ਤੱਕ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲ ਜਾਂਦਾ (ਜੋ ਵੀ ਪਹਿਲਾਂ ਹੋਵੇ), ਪ੍ਰਤੀ ਮਹੀਨਾ 1,500 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਲਾਭਾਂ ’ਚ ਸਮਾਜਿਕ ਤੌਰ ’ਤੇ ਪ੍ਰਭਾਵਸ਼ਾਲੀ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਤੋਂ ਇਲਾਵਾ ਸਿਵਿਕ ਵਾਲੰਟੀਅਰਾਂ ਅਤੇ ਪੈਰਾ-ਟੀਚਰਾਂ ਲਈ 1,000 ਰੁਪਏ ਦਾ ਵਾਧਾ, ਬੇਜ਼ਮੀਨੇ ਖੇਤ ਮਜ਼ਦੂਰਾਂ ਲਈ 4,000 ਰੁਪਏ ਦਾ ਸਾਲਾਨਾ ਭੱਤਾ ਅਤੇ ‘ਗਿਗ ਵਰਕਰਾਂ’ ਲਈ ਸਿਹਤ ਬੀਮਾ ਵੀ ਸ਼ਾਮਲ ਹੈ।

ਇਸ ਬਜਟ ’ਚ ਸਰਕਾਰ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ 4 ਪ੍ਰਤੀਸ਼ਤ ਡੀ. ਏ. ਜਾਂ ਮਹਿੰਗਾਈ ਭੱਤੇ ਦੀ ਘੋਸ਼ਣਾ ਕੀਤੀ ਹੈ। ਸੇਵਾਮੁਕਤ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਇਹ ਲਾਭ ਮਿਲੇਗਾ। ਇਕ ਵਾਰ ਫਿਰ, ਮਮਤਾ ਇਸ ਗੱਲ ’ਤੇ ਦਾਅ ਲਗਾ ਰਹੀ ਹੈ ਕਿ ਭਲਾਈ ਯੋਜਨਾਵਾਂ—ਜੋ ਪਹਿਲਾਂ ਤੋਂ ਲਾਗੂ ਹੋਣ, ਵਿਅਕਤੀਗਤ ਹੋਣ ਅਤੇ ਸਪੱਸ਼ਟ ਰੂਪ ’ਚ ਵੰਡੀਆਂ ਜਾਣ—ਵਿਚਾਰਧਾਰਕ ਮੁਕਾਬਲੇ ’ਤੇ ਭਾਰੂ ਪੈਣਗੀਆਂ, ਜਿਸ ਨਾਲ ਚੋਣਾਂ ਨਾ ਸਿਰਫ਼ ਸ਼ਾਸਨ ’ਤੇ, ਸਗੋਂ ‘ਸ਼ੁਕਰਗੁਜ਼ਾਰੀ’ ਉੱਤੇ ਇਕ ਰਾਏਸ਼ੁਮਾਰੀ ਬਣ ਜਾਣਗੀਆਂ।

ਪਾਰਥ ਪਵਾਰ ਦੇ ਰਾਜ ਸਭਾ ਜਾਣ ਦੀ ਚਰਚਾ
ਚਰਚਾ ਹੈ ਕਿ ਪਾਰਥ ਪਵਾਰ ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ (ਰਾਕਾਂਪਾ) ਵੱਲੋਂ ਰਾਜ ਸਭਾ ਲਈ ਚੁਣਿਆ ਜਾ ਸਕਦਾ ਹੈ। ਪਾਰਥ ਉਪਰਲੇ ਸਦਨ ’ਚ ਸੰਸਦ ਮੈਂਬਰ ਵਜੋਂ ਆਪਣੀ ਮਾਂ ਅਤੇ ਉਪ-ਮੁੱਖ ਮੰਤਰੀ ਸੁਨੇਤਰਾ ਪਵਾਰ ਦੀ ਜਗ੍ਹਾ ਲੈ ਸਕਦੇ ਹਨ। ਸੁਨੇਤਰਾ, ਜਿਨ੍ਹਾਂ ਨੇ ਮਹਾਯੁਤੀ ਗੱਠਜੋੜ ਸਰਕਾਰ ’ਚ ਆਪਣੇ ਸਵਰਗੀ ਪਤੀ ਅਜੀਤ ਪਵਾਰ ਦੀ ਜਗ੍ਹਾ ਉਪ-ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਰਾਜ ਸਭਾ ਮੈਂਬਰ ਵਜੋਂ ਆਪਣੀ ਸੀਟ ਛੱਡ ਦੇਵੇਗੀ ਅਤੇ ਬਾਰਾਮਤੀ ਉਪ-ਚੋਣ ਲੜੇਗੀ। ਇਹ ਸੀਟ 28 ਜਨਵਰੀ ਨੂੰ ਅਜੀਤ ਪਵਾਰ ਦੀ ਜਹਾਜ਼ ਹਾਦਸੇ ’ਚ ਮੌਤ ਤੋਂ ਬਾਅਦ ਖਾਲੀ ਹੋਈ ਸੀ। ਪਾਰਥ ਚੋਣ ਰਾਜਨੀਤੀ ’ਚ ਜ਼ਿਆਦਾ ਸਰਗਰਮ ਜਾਂ ਸਫਲ ਨਹੀਂ ਰਹੇ ਹਨ। ਉਹ 2019 ’ਚ ਹਾਰ ਗਏ ਸਨ, ਜਦੋਂ ਉਨ੍ਹਾਂ ਨੇ ਲੋਕ ਸਭਾ ਚੋਣਾਂ ’ਚ ਮਾਵਲ ਸੀਟ ਤੋਂ ਚੋਣ ਲੜੀ ਸੀ।

ਇਸ ਦੌਰਾਨ, ਮਹਾਰਾਸ਼ਟਰ ਤੋਂ ਰਾਜ ਸਭਾ ਦੀਆਂ 7 ਸੀਟਾਂ ਅਪ੍ਰੈਲ 2026 ’ਚ ਖਾਲੀ ਹੋਣ ਵਾਲੀਆਂ ਹਨ। ਇਨ੍ਹਾਂ ’ਚ ਸ਼ਰਦ ਪਵਾਰ, ਰਾਕਾਂਪਾ ਸੰਸਦ ਮੈਂਬਰ ਫੌਜੀਆ ਖਾਨ, ਆਰ. ਪੀ. ਆਈ. (ਏ) ਮੁਖੀ ਰਾਮਦਾਸ ਅਠਾਵਲੇ, ਭਾਜਪਾ ਦੇ ਧੈਰਯਸ਼ੀਲ ਪਾਟਿਲ ਅਤੇ ਭਾਗਵਤ ਕਰਾਡ, ਕਾਂਗਰਸ ਸੰਸਦ ਮੈਂਬਰ ਰਜਨੀ ਪਾਟਿਲ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਦੀ ਪ੍ਰਿਅੰਕਾ ਚਤੁਰਵੇਦੀ ਦੀਆਂ ਸੀਟਾਂ ਸ਼ਾਮਲ ਹਨ। ਸੂਤਰਾਂ ਅਨੁਸਾਰ, ਪਾਰਥ ਨੂੰ ਖਾਸ ਤੌਰ ’ਤੇ ਸ਼ਰਦ ਪਵਾਰ ਦੀ ਸੀਟ ’ਚ ਦਿਲਚਸਪੀ ਹੈ ਕਿਉਂਕਿ ਇਹ ਇਕ ਨਵੇਂ ਪੂਰੇ ਕਾਰਜਕਾਲ ਦਾ ਮੌਕਾ ਦਿੰਦੀ ਹੈ। ਰਾਕਾਂਪਾ ਕੋਲ ਵੀ ਇਕ ਉਮੀਦਵਾਰ ਨੂੰ ਸੁਤੰਤਰ ਤੌਰ ’ਤੇ ਚੁਣਨ ਲਈ ਲੋੜੀਂਦੀ ਗਿਣਤੀ ਹੈ, ਜਿਸ ਨਾਲ ਪਾਰਥ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਸਕਦੀਆਂ ਹਨ, ਜੇਕਰ ਪਾਰਟੀ ਲੀਡਰਸ਼ਿਪ ਉਨ੍ਹਾਂ ਦਾ ਸਮਰਥਨ ਕਰਦੀ ਹੈ। ਨਿਗਰਾਨ ਇਸ ਗੱਲ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਕਿ ਕੀ ਸ਼ਰਦ ਪਵਾਰ ਪਾਰਥ ਦੀ ਉਮੀਦਵਾਰੀ ਦਾ ਸਮਰਥਨ ਕਰਨਗੇ ਜਾਂ ਪਰਿਵਾਰ ਅਤੇ ਪਾਰਟੀ ਦੇ ਅੰਦਰੂਨੀ ਮਤਭੇਦ ਅਗਲੇ ਸਿਆਸੀ ਅਧਿਆਏ ਨੂੰ ਨਵਾਂ ਮੋੜ ਦੇਣਗੇ।

-ਰਾਹਿਲ ਨੋਰਾ ਚੋਪੜਾ


author

Harpreet SIngh

Content Editor

Related News