ਨਰਿੰਦਰ ਮੋਦੀ : ਗਾਂਧੀਨਗਰ ਤੋਂ ਦਿੱਲੀ ਤੱਕ, ਜਨਤਕ ਜੀਵਨ ਦੇ 25 ਸਾਲ
Thursday, Sep 17, 2026 - 01:02 PM (IST)
ਆਜ਼ਾਦ ਭਾਰਤ ਦੇ ਇਤਿਹਾਸ ’ਚ ਸ਼ਾਇਦ ਹੀ ਕਿਸੇ ਸਿਆਸੀ ਕਰੀਅਰ ਨੇ ਨਰਿੰਦਰ ਮੋਦੀ ਜੀ ਜਿੰਨਾ ਅਹਿਮ, ਨਿਰੰਤਰ ਅਤੇ ਤਬਦੀਲੀ ਯੋਗ ਸਫ਼ਰ ਤੈਅ ਕੀਤਾ ਹੋਵੇ। 7 ਅਕਤੂਬਰ 2001 ਨੂੰ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਅਤੇ 12½ ਸਾਲਾਂ ਤੋਂ ਵੱਧ ਸਮੇਂ ਤੱਕ ਸੂਬੇ ਦੀ ਅਗਵਾਈ ਕੀਤੀ। 26 ਮਈ 2014 ਨੂੰ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤੇ ਉਦੋਂ ਤੋਂ ਲਗਾਤਾਰ ਇਸ ਅਹੁਦੇ ’ਤੇ ਹਨ।
ਭਾਰਤ ਵਰਗੇ ਵਿਸ਼ਾਲ ਲੋਕਰਾਜ ’ਚ ਕਾਰਜਕਾਰੀ ਅਗਵਾਈ ਦੇ ਕੇਂਦਰ ’ਚ 25 ਸਾਲਾਂ ਤੋਂ ਵੱਧ ਸਮੇਂ ਤੱਕ ਟਿਕੇ ਰਹਿਣਾ ਆਪਣੇ ਆਪ ’ਚ ਬੇਮਿਸਾਲ ਹੈ। ਕਰੋੜਾਂ ਭਾਰਤੀਆਂ ਲਈ ਨਰਿੰਦਰ ਮੋਦੀ ਜੀ ਸਿਰਫ ਲੰਮੇ ਸਮੇਂ ਤੱਕ ਸੇਵਾ ਦੇਣ ਵਾਲੇ ਨੇਤਾ ਨਹੀਂ, ਸਗੋਂ ਇਕ ‘ਯੁੱਗਪੁਰਸ਼’ ਵੀ ਹਨ। ਉਹ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਭਾਰਤ ਦੀਆਂ ਉਮੀਦਾਂ, ਸਵੈ-ਭਰੋਸੇ ਤੇ ਵਿਕਾਸ ਦੀ ਦਿਸ਼ਾ ਨੂੰ ਪ੍ਰਭਾਵਿਤ ਕੀਤਾ।
ਗੁਜਰਾਤ : ਵਿਚਾਰ ਤੋਂ ‘ਗੁਜਰਾਤ ਮਾਡਲ’ ਤੱਕ
ਮੁੱਖ ਮੰਤਰੀ ਵਜੋਂ ਮੋਦੀ ਜੀ ਨੇ ਬਿਜਲੀ, ਪਾਣੀ, ਖੇਤੀਬਾੜੀ, ਬੁਨਿਆਦੀ ਢਾਂਚੇ, ਨਿਵੇਸ਼ ਤੇ ਸੁਸ਼ਾਸਨ ਨੂੰ ਵਿਕਾਸ ਦੇ ਕੇਂਦਰ ’ਚ ਰੱਖਿਆ।
ਜੋਤੀਗ੍ਰਾਮ ਯੋਜਨਾ ਨੇ ਖੇਤੀਬਾੜੀ ਤੇ ਘਰੇਲੂ ਬਿਜਲੀ ਦੀ ਸਪਲਾਈ ਨੂੰ ਅਲੱਗ ਕਰ ਕੇ ਦਿਹਾਤੀ ਖੇਤਰਾਂ ’ਚ ਭਰੋਸੇਯੋਗ ਬਿਜਲੀ ਉਪਲਬਧ ਕਰਵਾਉਣ ਸਬੰਧੀ ਅਹਿਮ ਤਬਦੀਲੀ ਕੀਤੀ। ਕ੍ਰਿਸ਼ੀ ਮਹੋਤਸਵ ਰਾਹੀਂ ਵਿਗਿਆਨੀਆਂ, ਮਿੱਟੀ ਦੀ ਟੈਸਟਿੰਗ, ਤਕਨਾਲੋਜੀ ਤੇ ਆਧੁਨਿਕ ਖੇਤੀ ਪ੍ਰਣਾਲੀਆਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਗਿਆ।
ਸੁਜਲਾਮ ਸੁਫਲਾਮ, ਸਿੰਚਾਈ ਦੇ ਪਸਾਰ ਅਤੇ ਨਰਮਦਾ ਨਹਿਰ ਨੈੱਟਵਰਕ ਨੇ ਜਲ ਪ੍ਰਬੰਧਨ ਨੂੰ ਵਿਕਾਸ ਦੀ ਪਹਿਲ ਬਣਾਇਆ। ਉੱਥੇ ਹੀ, 2003 ’ਚ ਸ਼ੁਰੂ ਹੋਇਆ ਵਾਈਬ੍ਰੈਂਟ ਗੁਜਰਾਤ ਸੂਬੇ ਨੂੰ ਨਿਵੇਸ਼ ਦੇ ਪ੍ਰਮੁੱਖ ਕੇਂਦਰ ਦੇ ਰੂਪ ’ਚ ਸਥਾਪਤ ਕਰਨ ਅਤੇ ਸਰਕਾਰ-ਉਦਯੋਗ ਭਾਈਵਾਲੀ ਦਾ ਨਵਾਂ ਮਾਡਲ ਬਣਾਉਣ ’ਚ ਅਹਿਮ ਰਿਹਾ।
ਸਮਾਜਿਕ ਖੇਤਰ ’ਚ ਚਿਰੰਜੀਵੀ ਯੋਜਨਾ, ਸਕੂਲ ਦਾਖਲਾ ਮੁਹਿੰਮਾਂ ਤੇ ਮਾਤਾ-ਬਾਲ ਸਿਹਤ ’ਤੇ ਜ਼ੋਰ ਨੇ ਇਹ ਵਿਖਾਇਆ ਕਿ ਗੁਜਰਾਤ ਮਾਡਲ ਸਿਰਫ ਉਦਯੋਗ ਅਤੇ ਬੁਨਿਆਦੀ ਢਾਂਚੇ ਤੱਕ ਸੀਮਤ ਨਹੀਂ ਸੀ।
ਗੁਜਰਾਤ ਤੋਂ ਭਾਰਤ ਤੱਕ: ਵਿਕਾਸ ਦਾ ਪਸਾਰ
2014 ਤੋਂ ਬਾਅਦ ਮੋਦੀ ਜੀ ਨੇ ਇਸੇ ਦ੍ਰਿਸ਼ਟੀਕੋਣ ਨੂੰ ਰਾਸ਼ਟਰੀ ਪੱਧਰ ’ਤੇ ਵੱਡੇ ਪੈਮਾਨੇ ’ਚ ਲਾਗੂ ਕੀਤਾ ਜੋ ਤਕਨਾਲੋਜੀ, ਬੁਨਿਆਦੀ ਢਾਂਚਾ, ਸਸ਼ਕਤੀਕਰਨ ਤੇ ਸਿੱਧੀ ਡਲਿਵਰੀ ’ਤੇ ਅਾਧਾਰਤ ਸੀ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਕਰੋੜਾਂ ਲੋਕਾਂ ਨੂੰ ਰਸਮੀ ਬੈਂਕਿੰਗ ਵਿਵਸਥਾ ਨਾਲ ਜੋੜਿਆ ਤੇ ਸਿੱਧੀ ਲਾਭ ਤਬਦੀਲੀ (ਡੀ. ਬੀ. ਟੀ.) ਲਈ ਆਧਾਰ ਤਿਆਰ ਕੀਤਾ। ਸਵੱਛ ਭਾਰਤ ਮਿਸ਼ਨ ਨੇ ਸਫਾਈ ਤੇ ਟਾਇਲਟਾਂ ਦੇ ਨਿਰਮਾਣ ਨੂੰ ਰਾਸ਼ਟਰੀ ਜਨ-ਅੰਦੋਲਨ ਬਣਾਇਆ।
ਉਜਵਲਾ ਯੋਜਨਾ ਨੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਐੱਲ. ਪੀ. ਜੀ. ਕੁਨੈਕਸ਼ਨ ਦੇ ਕੇ ਰਵਾਇਤੀ ਬਾਲਣ ’ਤੇ ਨਿਰਭਰਤਾ ਘਟਾਉਣ ਸਬੰਧੀ ਵੱਡਾ ਕਦਮ ਚੁੱਕਿਆ। ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਰਾਹੀਂ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਉਪਲਬਧ ਕਰਵਾਉਣ ਲਈ ਵਿਆਪਕ ਮੁਹਿੰਮ ਚਲਾਈ। ਆਯੁਸ਼ਮਾਨ ਭਾਰਤ ਨੇ ਕਰੋੜਾਂ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਦੇ ਘੇਰੇ ’ਚ ਲਿਆਉਣ ਦਾ ਯਤਨ ਕੀਤਾ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਤੇ ਪੋਸ਼ਣ ਮੁਹਿੰਮ ਨੇ ਔਰਤਾਂ ਅਤੇ ਬੱਚਿਆਂ ਦੇ ਕਲਿਆਣ ਨੂੰ ਰਾਸ਼ਟਰੀ ਪਹਿਲ ਦਿੱਤੀ।
ਅੰਨਦਾਤਾ ਦਾ ਸਸ਼ਕਤੀਕਰਨ
ਕਿਸਾਨਾਂ ਲਈ ਪੀ.ਐੱਮ.-ਕਿਸਾਨ ਸਨਮਾਨ ਨਿਧੀ ਨੇ ਪ੍ਰਤੱਖ ਆਮਦਨ ਮਦਦ ਦੀ ਵਿਵਸਥਾ ਬਣਾਈ, ਜਿਸ ਅਧੀਨ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਡੀ. ਬੀ. ਟੀ. ਰਾਹੀਂ ਦਿੱਤੇ ਜਾਂਦੇ ਹਨ।
ਇਸ ਦੇ ਨਾਲ ਹੀ, ਕੇਂਦਰ ਦੀ ਵਿਸ਼ਾਲ ਖਾਦ ਸਬਸਿਡੀ ਨੇ ਕੌਮਾਂਤਰੀ ਕੀਮਤਾਂ ’ਚ ਉਤਾਰ-ਚੜ੍ਹਾਅ ਦੇ ਬਾਵਜੂਦ ਕਿਸਾਨਾਂ ਨੂੰ ਲਾਗਤ ਦੇ ਵੱਡੇ ਭਾਰ ਤੋਂ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ। ਕਿਸਾਨਾਂ ਨੂੰ ਯੂਰੀਆ ਬੇਹੱਦ ਰਿਆਇਤੀ ਕੰਟਰੋਲਡ ਮੁੱਲ ’ਚ ਉਪਲਬਧ ਹੈ ਅਤੇ ਅਸਲ ਲਾਗਤ ਤੇ ਕਿਸਾਨ ਵੱਲੋਂ ਭੁਗਤਾਨ ਕੀਤੀ ਗਈ ਕੀਮਤ ਦਰਮਿਅਾਨ ਦਾ ਫਰਕ ਸਰਕਾਰ ਸਹਿੰਦੀ ਹੈ।
ਡਿਜੀਟਲ ਭਾਰਤ ਤੇ ਨਵਾਂ ਬੁਨਿਆਦੀ ਢਾਂਚਾ
ਡਿਜੀਟਲ ਇੰਡੀਆ ਅਤੇ ਯੂ. ਪੀ. ਆਈ. ਨੇ ਸਰਕਾਰੀ ਸੇਵਾਵਾਂ, ਵਪਾਰ ਤੇ ਭੁਗਤਾਨ ਦੀ ਵਿਵਸਥਾ ਨੂੰ ਬਦਲ ਦਿੱਤਾ ਹੈ। ਭਾਰਤ ਅੱਜ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਖੇਤਰ ’ਚ ਦੁਨੀਅਾ ਦੇ ਸਾਹਮਣੇ ਇਕ ਵਿਲੱਖਣ ਉਦਾਹਰਣ ਪੇਸ਼ ਕਰਦਾ ਹੈ।
‘ਮੇਕ ਇਨ ਇੰਡੀਆ’ ਤੇ ਉਤਪਾਦਨ-ਲਿੰਕਡ ਇੰਸੈਂਟਿਵ (ਪੀ. ਐੱਲ. ਆਈ.) ਨੇ ਇਲੈਕਟ੍ਰਾਨਿਕਸ, ਮੋਬਾਈਲ ਫੋਨ, ਸੈਮੀਕੰਡਕਟਰ, ਫਾਰਮਾਸਿਊਟੀਕਲਜ਼ ਤੇ ਰੱਖਿਆ ਵਰਗੇ ਖੇਤਰਾਂ ’ਚ ਭਾਰਤ ਦੀ ਨਿਰਮਾਣ ਸਮਰੱਥਾ ਨੂੰ ਉਤਸ਼ਾਹਤ ਕੀਤਾ ਹੈ। ਇਸੇ ਸਮੇਂ ਦੌਰਾਨ ਹਾਈਵੇਅ, ਰੇਲਵੇ, ਹਵਾਈ ਅੱਡਿਆਂ, ਦਰਿਅਾਈ ਤੇ ਸਮੁੰਦਰੀ ਰਸਤਿਆਂ, ਮੈਟਰੋ ਅਤੇ ਲਾਜਿਸਟਿਕਸ ਦੇ ਬੁਨਿਆਦੀ ਢਾਂਚੇ ’ਚ ਵੱਡੇ ਪੱਧਰ ’ਤੇ ਵਿਸਥਾਰ ਹੋਇਆ ਹੈ।
ਸੱਭਿਆਚਾਰਕ ਵਿਰਾਸਤ ਨਾਲ ਮੁੜ ਜੁੜਦਾ ਭਾਰਤ
ਮੋਦੀ ਜੀ ਦੀ ਅਗਵਾਈ ਦੀ ਇਕ ਅਹਿਮ ਖੂਬੀ ਭਾਰਤ ਦੀ ਸੱਭਿਆਚਾਰਕ ਚੇਤਨਾ ਤੇ ਇਤਿਹਾਸਕ ਯਾਦਾਂ ਨੂੰ ਰਾਸ਼ਟਰੀ ਚਰਚਾ ’ਚ ਪ੍ਰਮੁੱਖਤਾ ਦੇਣਾ ਵੀ ਹੈ। 2019 ’ਚ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਉਦਘਾਟਨ ਸਮੁੱਚੀ ਦੁਨੀਆ ਦੇ ਸਿੱਖਾਂ ਲਈ ਇਤਿਹਾਸਕ ਪਲ ਸੀ। ਇਸ ਨਾਲ ਸ਼ਰਧਾਲੂਆਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਾਲਾਂ ਨਾਲ ਜੁੜੇ ਪਵਿੱਤਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਪਹੁੰਚ ਸੌਖੀ ਹੋਈ।
ਇਸੇ ਤਰ੍ਹਾਂ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਦੇ ਰੂਪ ’ਚ ਐਲਾਨੇ ਜਾਣ ਨਾਲ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੇ ਸਰਵਉੱਚ ਬਲਿਦਾਨ ਨੂੰ ਰਾਸ਼ਟਰੀ ਪੱਧਰ ’ਚ ਸਨਮਾਨ ਮਿਲਿਆ। ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ, ਆਸਥਾ, ਹਿੰਮਤ ਤੇ ਬਲਿਦਾਨ ਨਾਲ ਜੋੜਨ ਵਾਲਾ ਅਹਿਮ ਕਦਮ ਹੈ।
ਵਿਸ਼ਵ ਮੰਚ ’ਤੇ ਨਵਾਂ ਭਾਰਤ
ਮੋਦੀ ਜੀ ਦੀ ਅਗਵਾਈ ਹੇਠ ਭਾਰਤ ਦੀ ਗਲੋਬਲ ਭੂਮਿਕਾ ਵੀ ਵੱਧ ਮੁਖਰ ਹੋਈ ਹੈ। ਜੀ-20, ਬ੍ਰਿਕਸ, ਕਵਾਡ, ਇੰਡੋ-ਪੈਸੀਫਿਕ ਅਤੇ ਗਲੋਬਲ ਸਾਊਥ ’ਚ ਭਾਰਤ ਦੀ ਸਰਗਰਮ ਭੂਮਿਕਾ ਤੇ ਵਧਦੀ ਆਰਥਿਕ ਤੇ ਕੂਟਨੀਤਕ ਭਾਈਵਾਲੀ ਨੇ ਭਾਰਤ ਦੀ ਗਲੋਬਲ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਸੁਨੇਹਾ ਸਪੱਸ਼ਟ ਹੈ-ਭਾਰਤ ਹੁਣ ਸਿਰਫ ਗਲੋਬਲ ਵਿਵਸਥਾ ਦਾ ਭਾਈਵਾਲ ਨਹੀਂ, ਸਗੋਂ ਉਸ ਨੂੰ ਆਕਾਰ ਦੇਣ ਵਾਲੀ ਸ਼ਕਤੀ ਬਣਨਾ ਚਾਹੁੰਦਾ ਹੈ।
‘ਯੁੱਗ ਪੁਰਸ਼’ ਕਿਉਂ
‘ਯੁੱਗ ਪੁਰਸ਼’ ਇਕ ਇਤਿਹਾਸਕ ਉਪਾਧੀ ਹੈ, ਜਿਸ ਦਾ ਅੰਤਿਮ ਫੈਸਲਾ ਭਵਿੱਖ ਕਰੇਗਾ ਪਰ ਕਰੋੜਾਂ ਭਾਰਤੀਆਂ ਲਈ ਨਰਿੰਦਰ ਮੋਦੀ ਜੀ ਪ੍ਰਤੀ ਇਹ ਭਾਵਨਾ ਉਨ੍ਹਾਂ ਦੀ 25 ਸਾਲਾਂ ਤੋਂ ਵੱਧ ਦੀ ਕਾਰਜਕਾਰੀ ਅਗਵਾਈ ਨਾਲ ਜੁੜੀ ਹੈ।
ਇਸ ਯਾਤਰਾ ’ਚ ਉਹ ਬੁਨਿਆਦੀ ਢਾਂਚੇ ਦੇ ਵਿਸਥਾਰ, ਗਰੀਬਾਂ ਦੇ ਵਿੱਤੀ ਸਮਾਵੇਸ਼ਨ, ਸਾਨਾਂ ਦੇ ਸਸ਼ਕਤੀਕਰਨ, ਡਿਜੀਟਲ ਕ੍ਰਾਂਤੀ, ਸਫਾਈ, ਆਵਾਸ, ਸਿਹਤ, ਔਰਤ-ਕੇਂਦਰਿਤ ਕਲਿਆਣ, ਨਿਰਮਾਣ, ਸੰਪਰਕ ਤੇ ਭਾਰਤ ਦੀ ਗਲੋਬਲ ਭੂਮਿਕਾ ’ਚ ਤਬਦੀਲੀ ਦੇਖਦੇ ਹਨ। ਇਹ ਯਾਤਰਾ ਸਿਰਫ ਕਾਰਜਕਾਲ ਦੀ ਲੰਬਾਈ ਨਹੀਂ, ਸਗੋਂ ਇਕ ਸਿਆਸੀ ਦ੍ਰਿਸ਼ਟੀਕੋਣ ਦੀ ਨਿਰੰਤਰਤਾ ਵੀ ਹੈ। ਇਸ ’ਚ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ’ ਜਿਸ ’ਚ ਵਿਕਾਸ, ਤਕਨਾਲੋਜੀ, ਰਾਸ਼ਟਰੀ ਗੌਰਵ ਤੇ ਸੱਭਿਆਚਾਰਕ ਸਵੈ-ਭਰੋਸੇ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਹੈ।
- ਆਰ.ਪੀ. ਸਿੰਘ
(ਰਾਸ਼ਟਰੀ ਬੁਲਾਰਾ, ਭਾਜਪਾ)
