ਮੋਦੀ ਦੀ ਅਗਵਾਈ ਸ਼ੈਲੀ ਦੀ ਖਾਸੀਅਤ ਮਜ਼ਬੂਤ ਰਾਸ਼ਟਰਵਾਦ ਅਤੇ ਫੈਸਲਾਕਰਤਾ
Tuesday, Sep 08, 2026 - 03:25 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਰੇਲੂ ਅਤੇ ਕੌਮਾਂਤਰੀ ਚੁਣੌਤੀਆਂ ਦੀ ਇਕ ਗੁੰਝਲਦਾਰ ਲੜੀ ਦਰਮਿਆਨ ਆਪਣਾ ਜਨਤਕ ਅਕਸ ਸੁਧਾਰਨ ਲਈ ਸਰਗਰਮ ਤੌਰ ’ਤੇ ਕੰਮ ਕਰ ਰਹੇ ਹਨ। ਭਾਰਤ ਵਰਗੇ ਵੰਨ-ਸੁਵੰਨ ਅਤੇ ਸੰਘਣੀ ਆਬਾਦੀ ਵਾਲੇ ਦੇਸ਼ ’ਚ ਇਕ ਨੇਤਾ ਦੇ ਰੂਪ ’ਚ, ਜਿੱਥੇ ਵੱਖ-ਵੱਖ ਭਾਈਚਾਰਿਆਂ ਦੀਆਂ ਆਪਣੀਆਂ ਅਨੋਖੀਆਂ ਲੋੜਾਂ ਅਤੇ ਖਾਹਿਸ਼ਾਂ ਹਨ, ਮੋਦੀ ਮਜ਼ਬੂਤ ਲੋਕ-ਸਮਰਥਨ ਬਣਾਈ ਰੱਖਣ ਲਈ ਨਾਗਰਿਕਾਂ ਨਾਲ ਜੁੜਨ ਦੇ ਮਹੱਤਵ ਨੂੰ ਪਛਾਣਦੇ ਹਨ। ਜਿਹੜੇ ਲੋਕਾਂ ਦੀ ਉਹ ਸੇਵਾ ਕਰਦੇ ਹਨ, ਉਨ੍ਹਾਂ ਦੇ ਵੰਨ-ਸੁਵੰਨੇ ਤਜਰਬਿਆਂ ਅਤੇ ਨਜ਼ਰੀਏ ਨੂੰ ਸੁਣਨ ਦੀ ਉਨ੍ਹਾਂ ਦੀ ਵਚਨਬੱਧਤਾ ਵਿਸ਼ਵਾਸ ਨੂੰ ਵਧਾਉਣ ਅਤੇ ਪ੍ਰਭਾਵਸ਼ਾਲੀ ਸ਼ਾਸਨ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ।
ਇੰਡੀਆ ਟੁਡੇ ਅਤੇ ਸੀ-ਵੋਟਰ ਦੇ ‘ਮੂਡ ਆਫ ਦਿ ਨੇਸ਼ਨ’ ਸਰਵੇਖਣ ਦੇ ਹਾਲੀਆ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੋਦੀ ਦੀ ਹਰਮਨਪਿਆਰਤਾ ਘਟ ਕੇ 49 ਫੀਸਦੀ ਹੋ ਗਈ ਹੈ। ਇਸ ਦੀ ਤੁਲਨਾ ’ਚ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਪੀਲ 27 ਫੀਸਦੀ ’ਤੇ ਸਥਿਰ ਬਣੀ ਹੋਈ ਹੈ। ਚੋਣ ਅਨੁਮਾਨਾਂ ’ਚ, ਭਾਜਪਾ ਨੂੰ ਲੋਕ ਸਭਾ ਦੀਆਂ 24 ਸੀਟਾਂ ਗੁਆਉਣ ਦੀ ਆਸ ਹੈ, ਜਦਕਿ ਕਾਂਗਰਸ ਨੂੰ 26 ਸੀਟਾਂ ਦਾ ਫਾਇਦਾ ਹੋ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਰਥਿਕ ਮੁੱਦੇ ਵੋਟਰਾਂ ਦੀਆਂ ਚਿੰਤਾਵਾਂ ’ਚ ਸਭ ਤੋਂ ਅੱਗੇ ਹਨ।
ਮੋਦੀ ਆਪਣੇ ਤੀਜੇ ਕਾਰਜਕਾਲ ਦੇ ਮੱਧ ’ਚ ਹਨ। 2014 ’ਚ ਅਹੁਦਾ ਸੰਭਾਲਣ ਤੋਂ ਬਾਅਦ, ਮੋਦੀ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਅਗਵਾਈ ਪ੍ਰਤੀ ਜਨਤਾ ਦੀ ਧਾਰਨਾ ਅਤੇ ਵਿਸ਼ਵਾਸ ਨੂੰ ਆਕਾਰ ਦਿੱਤਾ ਹੈ। ਭਾਵੇਂ ਸਾਲਾਂ ਤੋਂ ਉਨ੍ਹਾਂ ਦੀ ਨਿੱਜੀ ਹਰਮਨਪਿਆਰਤਾ ਕਾਫ਼ੀ ਹੱਦ ਤੱਕ ਕਾਇਮ ਰਹੀ ਹੈ ਪਰ 2024 ’ਚ ਉਨ੍ਹਾਂ ਨੂੰ ਉਦੋਂ ਝਟਕਾ ਲੱਗਾ, ਜਦੋਂ ਉਹ ਚੋਣਾਂ ’ਚ ਬਹੁਮਤ ਤੋਂ ਪਿੱਛੇ ਰਹਿ ਗਏ। ਇਸ ਵਾਰ, ਉਨ੍ਹਾਂ ਦੀ ਅਗਵਾਈ ਜਾਂਚ ਦੇ ਘੇਰੇ ’ਚ ਹੈ, ਖ਼ਾਸ ਕਰ ਕੇ ਆਰਥਿਕ ਮੰਦੀ, ਵਧਦੀ ਬੇਰੋਜ਼ਗਾਰੀ ਅਤੇ ਕੋਵਿਡ-19 ਮਹਾਮਾਰੀ ਦੇ ਤਬਾਹਕੁੰਨ ਪ੍ਰਭਾਵ ਵਰਗੀਆਂ ਮਹੱਤਵਪੂਰਨ ਰੁਕਾਵਟਾਂ ਦੇ ਵਿਚਕਾਰ। ਇਨ੍ਹਾਂ ਘਟਨਾਵਾਂ ਨੇ ਵਿਰੋਧੀ ਧਿਰਾਂ, ਆਰਥਿਕ ਮਾਹਿਰਾਂ ਅਤੇ ਆਮ ਜਨਤਾ ਵੱਲੋਂ ਆਲੋਚਨਾ ਨੂੰ ਜਨਮ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨਾਗਰਿਕਾਂ ’ਚ ਰੋਸ ਪੈਦਾ ਹੋ ਗਿਆ ਜਿਨ੍ਹਾਂ ਨੇ ਮਹਾਮਾਰੀ ਦੇ ਲਾਕਡਾਊਨ ਦੌਰਾਨ ਨੌਕਰੀਆਂ ਗੁਆਈਆਂ ਅਤੇ ਕਾਰੋਬਾਰ ਬੰਦ ਹੁੰਦੇ ਦੇਖੇ।
ਬੁਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ ਹੈ, ਪੀ. ਐੱਮ. ਮੋਦੀ ਦਾ ਅਕਸ, ਜਿਸ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ 24 ਸਾਲਾਂ ’ਚ ਬਣਾਇਆ ਗਿਆ ਸੀ, ਉਸ ਨੂੰ ਸੀ. ਜੇ. ਪੀ. ਵੱਲੋਂ 2 ਹਫ਼ਤਿਆਂ ’ਚ ਨਸ਼ਟ ਕਰ ਦਿੱਤਾ ਗਿਆ...।’’
ਆਉਣ ਵਾਲਾ ਬ੍ਰਿਕਸ ਸਿਖਰ ਸੰਮੇਲਨ ਮੋਦੀ ਨੂੰ ਭਾਰਤ ਅਤੇ ਆਪਣੇ ਦੋਵਾਂ ਦੀ ਕੌਮਾਂਤਰੀ ਅਕਸ ਨੂੰ ਸੁਧਾਰਨ ਦਾ ਇਕ ਅਨੋਖਾ ਮੌਕਾ ਮੁਹੱਈਆ ਕਰਦਾ ਹੈ। ਸਿਖਰ ਸੰਮੇਲਨ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ, ਜੋ ਭਾਰਤ ਦੇ ਵਧਦੇ ਪ੍ਰਭਾਵ ਅਤੇ ਆਰਥਿਕ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਮੋਦੀ ਦੇ ਇਰਾਦੇ ਨੂੰ ਦਰਸਾਉਂਦਾ ਹੈ।
ਮੌਜੂਦਾ ਆਰਥਿਕ ਸੰਕਟ ਨੇ ਕਈ ਲੋਕਾਂ ਨੂੰ ਮੋਦੀ ਦੀਆਂ ਨੀਤੀਆਂ ਅਤੇ ਅਗਵਾਈ ਸਮਰੱਥਾ ’ਤੇ ਸਵਾਲ ਉਠਾਉਣ ਲਈ ਮਜਬੂਰ ਕੀਤਾ ਹੈ। ਇਸ ਦੇ ਜਵਾਬ ’ਚ, ਉਹ ਆਰਥਿਕ ਸੁਧਾਰ ਨੂੰ ਰਫਤਾਰ ਦੇਣ ਅਤੇ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਲਈ ਪਹਿਲਕਦਮੀਆਂ ਨੂੰ ਅੱਗੇ ਵਧਾ ਰਹੇ ਹਨ। ਇਨ੍ਹਾਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰ ਕੇ, ਮੋਦੀ ਵੋਟਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਹ ਰਾਸ਼ਟਰ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਫੈਸਲਾਕੁੰਨ ਕਾਰਵਾਈ ਕਰਨ ਲਈ ਤਿਆਰ ਹਨ। ਆਪਣੇ ਜਨਤਕ ਅਕਸ ਦਾ ਮੁੜ ਨਿਰਮਾਣ ਅਤੇ ਰੀਬ੍ਰਾਂਡਿੰਗ ਕਰਨਾ ਵੋਟਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਬਹੁਤ ਜ਼ਰੂਰੀ ਹੈ, ਖਾਸ ਰੂਪ ’ਚ, ਕਿਉਂਕਿ ਆਰਥਿਕ ਸੁਧਾਰ ਅਤੇ ਰੋਜ਼ਗਾਰ ਸਿਰਜਣ ’ਤੇ ਉਨ੍ਹਾਂ ਦਾ ਧਿਆਨ ਇਨ੍ਹਾਂ ਔਖੇ ਸਮਿਆਂ ’ਚ ਉਨ੍ਹਾਂ ਦੀ ਅਗਵਾਈ ’ਚ ਵਿਸ਼ਵਾਸ ਬਹਾਲ ਕਰਨ ’ਚ ਮਦਦ ਕਰ ਸਕਦਾ ਹੈ।
ਮੋਦੀ ਦੀ ਅਗਵਾਈ ਸ਼ੈਲੀ ਦੀ ਵਿਸ਼ੇਸ਼ਤਾ ਮਜ਼ਬੂਤ ਰਾਸ਼ਟਰਵਾਦ ਅਤੇ ਫੈਸਲਾਕੁੰਨ ਹੈ, ਜਿਸ ਨੇ ਉਨ੍ਹਾਂ ਨੂੰ ਸਮਰਥਕਾਂ ਦਾ ਇਕ ਵਫ਼ਾਦਾਰ ਆਧਾਰ ਦਿਵਾਇਆ ਹੈ। ਹਾਲਾਂਕਿ, ਆਪਣੀ ਅਪੀਲ ਨੂੰ ਵਿਆਪਕ ਬਣਾਉਣ ਲਈ, ਉਨ੍ਹਾਂ ਨੂੰ ਇਕ ਵੱਧ ਸਮਾਵੇਸ਼ੀ ਅਕਸ ਪੇਸ਼ ਕਰਨ ਦੀ ਲੋੜ ਹੋ ਸਕਦੀ ਹੈ, ਜੋ ਏਕਤਾ ਅਤੇ ਵੰਨ-ਸੁਵੰਨਤਾ ’ਤੇ ਜ਼ੋਰ ਦਿੰਦੀ ਹੈ। ਅਜਿਹਾ ਕਰ ਕੇ, ਉਹ ਉਨ੍ਹਾਂ ਸ਼ੰਕਾਵਾਦੀ ਵੋਟਰਾਂ ਦਾ ਯਕੀਨ ਮੁੜ ਹਾਸਲ ਕਰ ਸਕਦੇ ਹਨ, ਜੋ ਖ਼ੁਦ ਨੂੰ ਅਲੱਗ-ਥਲੱਗ ਮਹਿਸੂਸ ਕਰ ਸਕਦੇ ਹਨ।
ਜਿਉਂ-ਜਿਉਂ ਸੂਬਿਆਂ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਯੋਜਨਾਬੰਦੀ ਅਤੇ ਰਣਨੀਤੀ ਤੇਜ਼ੀ ਨਾਲ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਮੋਦੀ ਵੱਲੋਂ ਮੁੱਢਲੇ ਢਾਂਚੇ ਦੇ ਵਿਕਾਸ, ਡਿਜੀਟਲ ਪਰਿਵਰਤਨ, ਸਮਾਜਿਕ ਭਲਾਈ ਪ੍ਰੋਗਰਾਮਾਂ ਅਤੇ ਸਿਹਤ ਸੰਭਾਲ ਸਿੱਖਿਆ ’ਚ ਸੁਧਾਰਾਂ ’ਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਸੰਭਾਵਨਾ ਹੈ। ਇਨ੍ਹਾਂ ਸਫ਼ਲਤਾਵਾਂ ਨੂੰ ਪ੍ਰਦਰਸ਼ਿਤ ਕਰਨ ਨਾਲ ਇਕ ਨੇਤਾ ਦੇ ਰੂਪ ’ਚ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਨੂੰ ਸਾਬਤ ਕਰਨ ਅਤੇ ਉਨ੍ਹਾਂ ਦੇ ਜਨਤਕ ਅਕਸ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਸਕਦੀ ਹੈ।
ਘਰੇਲੂ ਮੁੱਦਿਆਂ ਤੋਂ ਪਰ੍ਹੇ, ਮੋਦੀ ਨੂੰ ਕੌਮਾਂਤਰੀ ਖੇਤਰ ’ਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਹੋਵੇਗਾ। ਜਿਵੇਂ-ਜਿਵੇਂ ਭਾਰਤ ਵਿਸ਼ਵ ਪੱਧਰੀ ਮੰਚ ’ਤੇ ਉੱਭਰ ਰਿਹਾ ਹੈ, ਕੌਮਾਂਤਰੀ ਪੱਧਰ ’ਤੇ ਉਨ੍ਹਾਂ ਨੂੰ ਕਿਵੇਂ ਦੇਖਿਆ ਜਾਂਦਾ ਹੈ, ਇਸ ਦੇ ਕੂਟਨੀਤਿਕ ਸੰਬੰਧਾਂ ਅਤੇ ਵਿਦੇਸ਼ੀ ਨਿਵੇਸ਼ ’ਤੇ ਮਹੱਤਵਪੂਰਨ ਪ੍ਰਭਾਵ ਪੈਣਗੇ। ਆਪਣੇ ਅਕਸ ਦੇ ਪੁਨਰ-ਨਿਰਮਾਣ ’ਤੇ ਕੰਮ ਕਰ ਕੇ ਮੋਦੀ ਇਕ ਅਜਿਹੀ ਅਗਵਾਈ ਸ਼ੈਲੀ ’ਤੇ ਜ਼ੋਰ ਦੇ ਸਕਦੇ ਹਨ, ਜੋ ਪ੍ਰਪੱਕ ਅਤੇ ਪਹੁੰਚਯੋਗ ਦੋਵੇਂ ਹੋਣ, ਜਿਸ ਨਾਲ ਵਿਸ਼ਵ ਪੱਧਰੀ ਸਿਆਸਤ ’ਚ ਇਕ ਪ੍ਰਭਾਵਸ਼ਾਲੀ ਖਿਡਾਰੀ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ਹੋ ਸਕੇ। ਕੌਮਾਂਤਰੀ ਭਾਈਵਾਲਾਂ ਨਾਲ ਜੁੜਨ ਤੇ ਦਬਾਅ ਵਾਲੇ ਵਿਸ਼ਵ ਪੱਧਰੀ ਮੁੱਦਿਆਂ ਨੂੰ ਹੱਲ ਕਰਨ ਨਾਲ ਕਈ ਮੋਰਚਿਆਂ ’ਚ ਇਕ ਸਮਰੱਥ ਨੇਤਾ ਦੇ ਵਜੋਂ ਉਨ੍ਹਾਂ ਦੇ ਵੱਕਾਰ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਸਕਦੀ ਹੈ।
ਇਨ੍ਹਾਂ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ, ਮੋਦੀ ਸੰਭਵ ਤੌਰ ’ਤੇ ਸੋਸ਼ਲ ਮੀਡੀਆ, ਜਨਤਕ ਭਾਸ਼ਣਾਂ ਅਤੇ ਸਥਾਨਕ ਮੁੱਦਿਆਂ ਨਾਲ ਸਿੱਧੇ ਜੁੜਾਅ ਸਮੇਤ ਸੰਚਾਰ ਰਣਨੀਤੀਆਂ ਦੀ ਇਕ ਲੜੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੀ ਬਿਆਨਬਾਜ਼ੀ ਅਤੇ ਜਨਤਾ ਪ੍ਰਤੀ ਸਿੱਧੇ ਦ੍ਰਿਸ਼ਟੀਕੋਣ ਨੇ ਨਤੀਜੇ ਦਿੱਤੇ ਹਨ। ਉਨ੍ਹਾਂ ਦਾ ਸੁਨੇਹਾ ਅਕਸਰ ਹਮਦਰਦੀ, ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ’ਤੇ ਜ਼ੋਰ ਦਿੰਦਾ ਹੈ, ਇਹ ਅਜਿਹੇ ਗੁਣ ਹਨ ਜੋ ਵੋਟਰਾਂ ਨਾਲ ਡੂੰਘਾਈ ਨਾਲ ਜੁੜਦੇ ਹਨ, ਖ਼ਾਸ ਕਰ ਕੇ ਚੁਣੌਤੀਪੂਰਨ ਸਮੇਂ ਦੌਰਾਨ।
ਅੰਤ ’ਚ, ਆਪਣੇ ਜਨਤਕ ਅਕਸ ਨੂੰ ਫਿਰ ਤੋਂ ਬਣਾਉਣ ਦੇ ਮੋਦੀ ਦੇ ਯਤਨ ਅੰਦਰੂਨੀ ਚੁਣੌਤੀਆਂ ਅਤੇ ਬਾਹਰੀ ਧਾਰਨਾਵਾਂ ਦੋਵਾਂ ਨੂੰ ਸੰਬੋਧਿਤ ਕਰਨ ਦੀ ਇਕ ਬਹੁ-ਪਾਸਾਰੀ ਰਣਨੀਤੀ ਨੂੰ ਦਰਸਾਉਂਦੇ ਹਨ।
ਲੋਕ-ਭਾਵਨਾ, ਆਰਥਿਕ ਅਸਲੀਅਤਾਂ ਅਤੇ ਵਿਸ਼ਵ ਪੱਧਰੀ ਸਰਗਰਮੀ ਨੂੰ ਨਿਪੁੰਨਤਾਪੂਰਵਕ ਸੰਭਾਲ ਕੇ, ਉਹ ਆਪਣੀ ਅਗਵਾਈ ਨੂੰ ਮਜ਼ਬੂਤ ਕਰਨ ਅਤੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦਾ ਯਤਨ ਕਰਦੇ ਹਨ। ਇਹ ਵਿਆਪਕ ਨਜ਼ਰੀਆ ਕਿਸੇ ਵੀ ਅਜਿਹੇ ਨੇਤਾ ਲਈ ਜ਼ਰੂਰੀ ਹੈ, ਜੋ ਲਗਾਤਾਰ ਵਿਕਸਿਤ ਹੋ ਰਹੇ ਸਿਆਸੀ ਮਾਹੌਲ ’ਚ ਪ੍ਰਾਸੰਗਿਕ ਬਣੇ ਰਹਿਣਾ ਅਤੇ ਸਮਰਥਨ ਬਣਾਈ ਰੱਖਣਾ ਚਾਹੁੰਦਾ ਹੈ, ਖਾਸ ਕਰ ਕੇ ਉਦੋਂ, ਜਦੋਂ ਭਵਿੱਖ ਦੀਆਂ ਚੋਣਾਂ ਸੰਬੰਧੀ ਚੁਣੌਤੀਆਂ ਦੀ ਤਿਆਰੀ ਕਰ ਰਹੇ ਹੋਣ।
ਅਤੇ ਇਨ੍ਹਾਂ ਸਭ ਤੋਂ ਉੱਪਰ, ਕੋਈ ਵੀ ਹੋਰ ਨੇਤਾ ਨਜ਼ਰ ’ਚ ਨਹੀਂ ਹੈ, ਜੋ ਉਨ੍ਹਾਂ ਦੀ ਹਰਮਨਪਿਆਰਤਾ ਤੋਂ ਅੱਗੇ ਨਿਕਲ ਸਕੇ।
- ਕਲਿਆਣੀ ਸ਼ੰਕਰ
