‘ਹੁਏ ਤੁਮ ਦੋਸਤ ਜਿਸਕੇ’ ਦੁਸ਼ਮਨ ਉਸਕਾ ਆਸਮਾਂ ਕਿਉਂ ਹੋ!
Thursday, Sep 11, 2025 - 07:29 AM (IST)

ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਵਾਲੇ ‘ਡੋਨਾਲਡ ਟਰੰਪ’ ਨੇ ਵੱਖ-ਵੱਖ ਦੇਸ਼ਾਂ ਵਿਰੁੱਧ ‘ਟੈਰਿਫ’ ਦਾ ਹਊਆ ਖੜ੍ਹਾ ਕੀਤਾ ਹੋਇਆ ਹੈ ਅਤੇ ਆਪਣੇ ਨਰਮ-ਗਰਮ ਰਵੱਈਏ ਕਾਰਨ ਚਰਚਾ ’ਚ ਬਣਿਆ ਹੋਇਆ ਹੈ।
ਇਕ ਪਾਸੇ ਉਹ ਭਾਰਤ ਦੇ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਨੂੰ ਆਪਣਾ ‘ਪਰਮ ਮਿੱਤਰ’ ਦੱਸਦਾ ਹੈ, ਦੂਸਰੇ ਪਾਸੇ ਭਾਰਤ ’ਤੇ ਰੂਸ ਤੋਂ ਤੇਲ ਖਰੀਦਣ ’ਤੇ 25 ਫੀਸਦੀ ਵਾਧੂ ਟੈਰਿਫ ਲਗਾ ਚੁੱਕਾ ਹੈ ਅਤੇ ਤੀਸਰੇ ਪਾਸੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਕਈ ਜਹਾਜ਼ ਭੇਜਦਾ ਹੈ ਪਰ ਭਾਰਤ ਲਈ ਉਸ ਨੇ ਅਜਿਹਾ ਨਹੀਂ ਕੀਤਾ।
‘ਡੋਨਾਲਡ ਟਰੰਪ’ ਦੇ ਇਸੇ ਸੁਭਾਅ ਨੂੰ ਦੇਖਦੇ ਹੋਏ ਅਮਰੀਕਾ ਦੇ ਸਾਬਕਾ ਰਿਪਬਲਿਕਨ ਸੈਨੇਟਰ ‘ਮਿਕ ਮੈਕਕੋਨੇਲ’ ਨੇ ਕਿਹਾ ਹੈ ਕਿ, ‘‘ਡੋਨਾਲਡ ਟਰੰਪ ਦੂਜੀ ਵਿਸ਼ਵ ਜੰਗ ਤੋਂ ਬਾਅਦ ਦਾ ਸਭ ਤੋਂ ਖਤਰਨਾਕ ਰਾਸ਼ਟਰਪਤੀ ਹੈ।’’
ਟਰੰਪ ਦੇ ਮਨ ’ਚ ‘ਜ਼ਹਿਰ’ ਭਰਨ ਵਾਲਾ ਹੈ ਡੋਨਾਲਡ ਟਰੰਪ ਦਾ ‘ਬਹੁਤ ਕਰੀਬੀ ਸਲਾਹਕਾਰ’ ਅਤੇ ਟੈਰਿਫ ਦਾ ਖਲਨਾਇਕ ਕਹਾਉਣ ਵਾਲਾ ‘ਪੀਟਰ ਨਵਾਰੋ’। ‘ਲੰਡਨ ਡੇਲੀ ਨਿਊਜ਼’ ਅਨੁਸਾਰ ਪੀਟਰ ਨਵਾਰੋ ਹੀ ਟਰੰਪ ਦੀਅਾਂ ਟੈਰਿਫ ਨੀਤੀਅਾਂ ਦਾ ਮਾਸਟਰਮਾਈਂਡ ਹੈ। ‘ਟਰੰਪ’ ਦੀ ‘ਅਮਰੀਕਾ ਫਸਟ’ ਦੀ ਨੀਤੀ ਦੇ ਪਿੱਛੇ ਵੀ ਇਸੇ ਦਾ ਦਿਮਾਗ ਹੈ।
‘ਪੀਟਰ ਨਵਾਰੋ’ ਵੱਲੋਂ ਹਾਲ ਹੀ ’ਚ ਦਿੱਤੇ ਗਏ ਕੁਝ ਭਾਰਤ ਵਿਰੋਧੀ ਬਿਅਾਨ ਹੇਠਾਂ ਦਰਜ ਹਨ:
* 8 ਅਗਸਤ ਨੂੰ ‘ਪੀਟਰ ਨਵਾਰੋ’ ਨੇ ਕਿਹਾ, ‘‘ਭਾਰਤ ‘ਮਹਾਰਾਜਾ ਟੈਰਿਫ’ ਭਾਵ ਦੁਨੀਅਾ ਦਾ ਸਭ ਤੋਂ ਉੱਚਾ ਬਰਾਮਦੀ ਕਰ ਲਗਾਉਂਦਾ ਹੈ ਅਤੇ ਅਮਰੀਕੀ ਹਿੱਤਾਂ ਅਤੇ ਨੌਕਰੀਅਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜੇਕਰ ਭਾਰਤ ਨੇ ਅਮਰੀਕਾ ਦੇ ਨਾਲ ਤਾਲਮੇਲ ਨਾ ਰੱਖਿਅਾ ਤਾਂ ਰੂਸ ਅਤੇ ਚੀਨ ਦੇ ਨਾਲ ਗੱਠਜੋੜ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਨੂੰ ਅਮਰੀਕਾ ਦੀ ਗੱਲ ਮੰਨਣੀ ਹੋਵੇਗੀ ਅਤੇ ਅਜਿਹਾ ਨਹੀਂ ਹੋਇਅਾ ਤਾਂ ਭਾਰਤ ਲਈ ਚੰਗਾ ਨਹੀਂ ਹੋਵੇਗਾ।’’
* 20 ਅਗਸਤ ਨੂੰ ‘ਪੀਟਰ ਨਵਾਰੋ’ ਨੇ ਕਿਹਾ, ‘‘ਭਾਰਤ ਨੂੰ ਉੱਥੇ ਸੱਟ ਲੱਗੇਗੀ (ਮਾਰੀ ਜਾਵੇਗੀ) ਜਿੱਥੇ ਸਭ ਤੋਂ ਵੱਧ ਦਰਦ ਹੁੰਦਾ ਹੋਵੇ। ਇਸ ਲਈ ਜੇਕਰ ਭਾਰਤ ਅਮਰੀਕਾ ਦਾ ਰਣਨੀਤਿਕ ਸਾਂਝੀਦਾਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਸਹੀ ਵਿਵਹਾਰ ਕਰਨਾ ਹੋਵੇਗਾ।’’
* 1 ਸਤੰਬਰ ਨੂੰ ‘ਪੀਟਰ ਨਵਾਰੋ’ ਨੇ ਭਾਰਤੀ ਬ੍ਰਾਹਮਣਾਂ ’ਤੇ ਰੂਸੀ ਤੇਲ ਖਰੀਦ ਕੇ ਮੁਨਾਫਾਖੋਰੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ‘ਭਾਰਤ ਰੂਸ ਦੀ ਧੁਲਾਈ ਮਸ਼ੀਨ’ ਹੈ।
* 6 ਸਤੰਬਰ ਨੂੰ ‘ਪੀਟਰ ਨਵਾਰੋ’ ਨੇ ਕਿਹਾ, ‘‘ਭਾਰਤ ਸਿਰਫ ਮੁਨਾਫੇ ਲਈ ਰੂਸੀ ਤੇਲ ਖਰੀਦਦਾ ਹੈ ਅਤੇ ਇਸ ਨਾਲ ਰੂਸ ਦੀ ਜੰਗੀ ਮਸ਼ੀਨ ਨੂੰ ਮਾਲੀਆ ਮਿਲਦਾ ਹੈ। ਯੂਕ੍ਰੇਨ ਅਤੇ ਰੂਸ ’ਚ ਲੋਕ ਮਰ ਰਹੇ ਹਨ ਅਤੇ ਅਮਰੀਕੀ ਕਰਦਾਤਿਅਾਂ ਦਾ ਬੋਝ ਵਧ ਰਿਹਾ ਹੈ। ਭਾਰਤ ਸੱਚਾਈ ਨੂੰ ਸਹਿ ਨਹੀਂ ਸਕਦਾ।’’
* 9 ਸਤੰਬਰ ਨੂੰ ‘ਪੀਟਰ ਨਵਾਰੋ’ ਨੇ ਕਿਹਾ, ‘‘... ਅਤੇ ਮੈਨੂੰ ਯਾਦ ਆਇਆ, ਹਾਂ, ਪਾਕਿਸਤਾਨ ਨੂੰ ਪ੍ਰਮਾਣੂ ਬੰਬ ਚੀਨ ਨੇ ਹੀ ਦਿੱਤਾ ਸੀ। ਹੁਣ ਤੁਹਾਡੇ ਕੋਲ ਹਿੰਦ ਮਹਾਸਾਗਰ ’ਚ ਚੀਨੀ ਝੰਡੇ ਲੈ ਕੇ ਹਵਾਈ ਜਹਾਜ਼ ਘੁੰਮ ਰਹੇ ਹਨ। (ਨਰਿੰਦਰ ਮੋਦੀ) ਦੇਖੀਏ ਤੁਸੀਂ ਇਸ ਨੂੰ ਕਿਵੇਂ ਸੰਭਾਲਦੇ ਹੋ।’’
ਅਮਰੀਕੀ ਅਰਥਸ਼ਾਸਤਰੀ ਅਤੇ ਪ੍ਰੋਫੈਸਰ ‘ਪੀਟਰ ਨਵਾਰੋ’ ਕੁਝ ਸਾਲ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦਾ ਮੈਂਬਰ ਅਤੇ ਉਦਾਰ ਆਰਥਿਕ ਨੀਤੀਅਾਂ ਦਾ ਸਮਰਥਕ ਸੀ ਪਰ ਹੁਣ ਉਹ ਰਿਪਬਲਿਕਨ ਪਾਰਟੀ ਦਾ ਮੈਂਬਰ ਅਤੇ ਡੋਨਾਲਡ ਟਰੰਪ ਦਾ ਸਮਰਥਕ ਬਣ ਗਿਆ ਹੈ।
ਹਾਲਾਂਕਿ ਇਸੇ ਟੈਰਿਫ ਨੇ ਅਮਰੀਕਾ ਤੋਂ ਕਈ ਦੇਸ਼ਾਂ ਕੈਨੇਡਾ, ਮੈਕਸੀਕੋ, ਯੂਰਪੀ ਸੰਘ ਅਤੇ ਜਾਪਾਨ ਆਦਿ ਨੂੰ ਕਿਸੇ ਹੱਦ ਤੱਕ ਦੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਨਾਲ ਵੀ ਅਮਰੀਕਾ ਦਾ ਰਿਸ਼ਤਾ ਖਰਾਬ ਹੋਇਆ ਹੈ।
‘ਟਰੰਪ’ ਦੇ ਟੈਰਿਫ ਦੇ ਜਵਾਬ ’ਚ ਕੈਨੇਡਾ ਅਤੇ ਮੈਕਸੀਕੋ ਵਰਗੇ ਵੱਡੇ ਵਪਾਰਕ ਭਾਈਵਾਲ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਨਾਲ ਅਮਰੀਕੀ ਕਾਰੋਬਾਰੀਆਂ ਅਤੇ ਖਪਤਕਾਰਾਂ ਨੂੰ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਦੇ ਘਟਨਾਚੱਕਰ ’ਤੇ ਪੁਰਾਣੇ ਜ਼ਮਾਨੇ ਤੋਂ ਹੀ ਚੱਲੀ ਆ ਰਹੀ ਇਹ ਕਹਾਵਤ ਬਿਲਕੁਲ ਸਹੀ ਸਿੱਧ ਹੁੰਦੀ ਹੈ ਕਿ ‘ਨਾਦਾਨ ਦੋਸਤ ਨਾਲੋਂ ਦਾਨਾ ਦੁਸ਼ਮਣ ਜ਼ਿਆਦਾ ਚੰਗਾ ਹੁੰਦਾ ਹੈ।’
ਇਸੇ ਦਰਮਿਆਨ 10 ਸਤੰਬਰ ਨੂੰ ਇਹ ਖਬਰ ਆਈ ਹੈ ਕਿ ‘ਡੋਨਾਲਡ ਟਰੰਪ’ ਨੇ ਭਾਰਤ ਨਾਲ ਵਪਾਰ ਵਾਰਤਾ ਦੁਬਾਰਾ ਸ਼ੁਰੂ ਕਰਨ ਦੀ ਗੱਲ ਕਹੀ ਹੈ, ਜਿਸ ਦੇ ਜਵਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਦੇ ਬਿਆਨ ਦਾ ਸਵਾਗਤ ਕਰਦੇ ਹੋਏ ਅਜਿਹਾ ਹੀ ਹੋਣ ਦੀ ਅਾਸ ਜ਼ਾਹਿਰ ਕੀਤੀ ਹੈ। ਦੇਖਦੇ ਹਾਂ ਕਿ ਇਹ ਗੱਲ ਕਿੱਥੋਂ ਤੱਕ ਸਹੀ ਸਿੱਧ ਹੁੰਦੀ ਹੈ।
ਇਨ੍ਹਾਂ ਸਭ ਗੱਲਾਂ ਦਾ ਸਬਕ ਇਹੀ ਹੈ ਕਿ ‘ਡੋਨਾਲਡ ਟਰੰਪ’ ਜਦੋਂ ਤਕ ‘ਪੀਟਰ ਨਵਾਰੋ’ ਵਰਗੇ ‘ਸਲਾਹਕਾਰਾਂ’ ਦੇ ਪਰਛਾਵੇਂ ’ਚੋਂ ਬਾਹਰ ਨਿਕਲ ਕੇ ਸਾਰੇ ਪੱਖਾਂ ਲਈ ਨਿਰਪੱਖ ਫੈਸਲੇ ਲੈਣਾ ਸ਼ੁਰੂ ਨਹੀਂ ਕਰੇਗਾ, ‘ਪੀਟਰ ਨਵਾਰੋ’ ਦੀ ਭਾਰਤ ਵਿਰੁੱਧ ਜ਼ੁਬਾਨਬੰਦੀ ਨਹੀਂ ਕਰੇਗਾ, ਉਦੋਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਕੁੜੱਤਣ ਬਣੀ ਹੀ ਰਹੇਗੀ।
–ਵਿਜੇ ਕੁਮਾਰ