ਮੇਰਾ ਦਿਲ ਮੇਰੇ ਸੂਬੇ ਹਿਮਾਚਲ ਅਤੇ ਪੰਜਾਬ ਤੇ ਜੰਮੂ-ਕਸ਼ਮੀਰ ਲਈ ਰੋਂਦਾ ਹੈ

Thursday, Sep 18, 2025 - 05:01 PM (IST)

ਮੇਰਾ ਦਿਲ ਮੇਰੇ ਸੂਬੇ ਹਿਮਾਚਲ ਅਤੇ ਪੰਜਾਬ ਤੇ ਜੰਮੂ-ਕਸ਼ਮੀਰ ਲਈ ਰੋਂਦਾ ਹੈ

ਮੇਰਾ ਦਿਲ ਆਪਣੇ ਗ੍ਰਹਿ ਸੂਬੇ ਹਿਮਾਚਲ ਪ੍ਰਦੇਸ਼ ਅਤੇ ਗੁਆਂਢੀ ਸੂਬਿਆਂ ਪੰਜਾਬ ਤੇ ਜੰਮੂ-ਕਸ਼ਮੀਰ ਲਈ ਖੂਨ ਦੇ ਅੱਥਰੂ ਵਹਾਉਂਦਾ ਹੈ। ਮੇਰੀ ਸਿਰਫ ਇਹੀ ਕਾਮਨਾ ਹੈ ਕਿ ਇਨ੍ਹਾਂ ਸੂਬਿਆਂ ਨੂੰ ਚਲਾਉਣ ਵਾਲੀਆਂ ਵੱਖ-ਵੱਖ ਸਿਆਸੀ ਪਾਰਟੀਆਂ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਅਤੇ ਜਲਦੀ ਤੋਂ ਜਲਦੀ ਲੋਕਾਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਮੁਹੱਈਆ ਕਰਵਾਉਣ।

ਜਦੋਂ ਅਸੀਂ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਤਬਾਹਕੁੰਨ ਵੀਡੀਓ ਨੂੰ ਦੇਖਦੇ ਹਾਂ ਤਾਂ ਅਸੀਂ ਅਛੂਤੇ ਨਹੀਂ ਰਹਿ ਸਕਦੇ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਨਿਰਦੋਸ਼, ਗਰੀਬ ਲੋਕ ਹਨ। ਇਨ੍ਹਾਂ ਨੂੰ ਆਪਣੀ ਜ਼ਿੰਦਗੀ ਅਤੇ ਰੋਜ਼ਗਾਰ ਨੂੰ ਮੁੜ ਤੋਂ ਬਣਾਉਣ ’ਚ ਸਰਕਾਰ ਦੀ ਮਦਦ ਦੇ ਬਾਵਜੂਦ ਬਹੁਤ ਮੁਸ਼ਕਲਾਂ ਪੇਸ਼ ਹਨ।

ਦੁਖ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੂਬਿਆਂ ਦੇ ਮੁੜ ਵਸੇਬੇ ਲਈ ਹੁਣ ਤਕ ਬਹੁਤ ਸਾਰੀਆਂ ਨਿੱਜੀ ਕੰਪਨੀਆਂ ਅੱਗੇ ਨਹੀਂ ਆਈਆਂ। ਹਿਮਾਚਲ ’ਚ ਬਹੁਤ ਹਾਈਡਰੋ ਪ੍ਰਾਜੈਕਟ ਹਨ, ਕਈ ਵੱਡੀਆਂ ਕੰਪਨੀਆਂ ਹਨ ਪਰ ਫਿਰ ਵੀ ਨੇਤਾਵਾਂ ਨੂੰ ਯਾਦ ਨਹੀਂ ਰਹਿੰਦਾ ਕਿ ਇਕ ਦਿਨ ਉਨ੍ਹਾਂ ਨੂੰ ਇਨ੍ਹਾਂ ਗਰੀਬਾਂ ਕੋਲੋਂ ਵੋਟਾਂ ਮੰਗਣੀਆਂ ਪੈਣਗੀਆਂ। ਉਦੋਂ ਉਹ ਕਿਸ ਮੂੰਹ ਨਾਲ ਉਨ੍ਹਾਂ ਦੇ ਸਾਹਮਣੇ ਜਾਣਗੇ? ਆਖਰ ਉਨ੍ਹਾਂ ਦੀਆਂ ਸਾਰੀਆਂ ਮੋਟਰ ਗੱਡੀਆਂ, ਸੁਰੱਖਿਆ, ਵੱਡੇ ਘਰ, ਸਲਾਮੀ, ਸਭ ਕੁਝ ਇਨ੍ਹਾਂ ਬੇਘਰ ਹੋਏ ਲੋਕਾਂ ਕਾਰਨ ਹੀ ਹੈ।

ਸੱਚਾਈ ਤਾਂ ਇਹ ਹੈ ਕਿ ਕੋਈ ਵੀ ਨੇਤਾ ਗਰੀਬ ਨਹੀਂ ਹੈ, ਨਾ ਹੀ ਕਿਸੇ ਨੂੰ ਭੋਜਨ ਦੀ ਕੋਈ ਸਮੱਸਿਆ ਹੈ। ਇਹ ਸਭ ਵਿਅਕਤੀ ਨਿੱਜੀ ਪੱਧਰ ’ਤੇ ਵੀ ਪੀੜਤਾਂ ਦੀ ਮਦਦ ਕਰ ਸਕਦੇ ਹਨ। ਕਿਉਂਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਇਹ ਸਹੂਲਤਾਂ ਅਤੇ ਸਨਮਾਨਜਨਕ ਜ਼ਿੰਦਗੀ ਦਿੱਤੀ ਹੈ। ਸੈਰ-ਸਪਾਟਾ ਉਦਯੋਗ, ਹੋਟਲ, ਕੰਪਨੀਆਂ ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਦਾ ਮੁੜ ਵਸੇਬਾ ਕਰ ਸਕਦੀਆਂ ਹਨ। ਪ੍ਰਸ਼ਾਸਨ ਚਾਹੇ ਤਾਂ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ।

ਸੂਬਾਈ ਸਰਕਾਰਾਂ ਚਾਹੁਣ ਤਾਂ ਮੂਲ ਢਾਂਚਾ ਕੰਪਨੀਆਂ ਅਤੇ ਫਾਰਮਾ ਕੰਪਨੀਆਂ ਨੂੰ ਵੀ ਮਦਦ ਲਈ ਮਜਬੂਰ ਕਰ ਸਕਦੀਆਂ ਹਨ। ਇਹ ਸੱਚ ਹੈ ਕਿ ਇਨ੍ਹਾਂ ਸੂਬਿਆਂ ’ਚ ਇਸ ਸਮੇਂ ਵਿਰੋਧੀ ਧਿਰ ਦੀਆਂ ਸਰਕਾਰਾਂ ਹਨ ਪਰ ਆਖਿਰ ਇਹ ਸਾਡੇ ਦੇਸ਼ ਦਾ ਹਿੱਸਾ ਹਨ। ਮੰਦੇਭਾਗੀਂ ਦੇਸ਼ ਦਾ ਇਕ ਹਿੱਸਾ ਸਮਾਜਿਕ ਪੱਖੋਂ ਜਾਗਰੂਕ ਨਹੀਂ ਹੈ। ਉਹ ਆਪਣੇ ਸੀ.ਐੱਸ.ਆਰ. ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਸਰਗਰਮ ਨਹੀਂ ਹੈ।

ਇੱਥੋਂ ਦੇ ਲੋਕ ਸਮਾਜਿਕ ਪੱਖੋਂ ਵਧੇਰੇ ਸਰਗਰਮ ਨਹੀਂ ਹਨ, ਲਾਲਚੀ ਵੀ ਨਹੀਂ ਹਨ, ਉਹ ਸਾਧੇ ਅਤੇ ਮਿਹਨਤ ਕਰਨ ਵਾਲੇ ਲੋਕ ਹਨ। ਰੋਜ਼ਾਨਾ ਦੀ ਮਿਹਨਤ ਤੋਂ ਸੰਤੁਸ਼ਟ ਰਹਿੰਦੇ ਹਨ। ਅੱਜ ਹਾਲਾਤ ਅਜਿਹੇ ਹਨ ਕਿ ਬੱਚਿਆਂ ਨੇ ਆਪਣੇ ਪਰਿਵਾਰ ਗੁਆ ਲਏ ਹਨ। ਮਾਵਾਂ ਨੇ ਆਪਣੇ ਬੇਟਿਆਂ - ਬੇਟੀਆਂ ਨੂੰ ਗੁਆ ਦਿੱਤਾ ਹੈ। ਘਰ , ਕੱਪੜੇ, ਪੈਸੇ, ਸਕੂਲ, ਹਸਪਤਾਲ ਸਭ ਕੁਝ ਚਲਾ ਗਿਆ। ਉਨ੍ਹਾਂ ਨੇ ਸਾਲਾਂ ’ਚ ਆਪਣੇ ਘਰ ਨੂੰ ਜੋ ‘ਮਕਾਨ ਤੋਂ ਘਰ’ ਬਣਾਇਆ ਸੀ, ਉਹ ਇਕ ਪਲ ’ਚ ਮਿੱਟੀ ’ਚ ਮਿਲ ਗਿਆ।

ਸਥਾਨਕ ਨੇਤਾਵਾਂ, ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦਾ ਫਰਜ਼ ਹੈ ਕਿ ਉਹ ਸਾਰੇ ਦੇਸ਼ ਨੂੰ ਦੱੱਸਣ ਕਿ ਇਨ੍ਹਾਂ ਸੂਬਿਆਂ ਨੂੰ ਕਿੰਨੀ ਮਦਦ ਅਤੇ ਕਿੰਨੇ ਫੰਡ ਚਾਹੀਦੇ ਹਨ। ਮੀਡੀਆ ਨੇ ਦਿਨ ਰਾਤ ਇਸ ਤਬਾਹੀ ਨੂੰ ਦਿਖਾਇਆ ਹੈ ਪਰ ਅਸਲੀ ਕੰਮ ਨੇਤਾਵਾਂ ਦਾ ਹੈ, ਫੰਡ ਇਕੱਠਾ ਕਰਨਾ ਅਤੇ ਪਿੰਡਾਂ ਦੀ ਮੁੜ ਉਸਾਰੀ ’ਤੇ ਉਸ ਨੂੰ ਮੁੜ ਖਰਚ ਕਰਨਾ ਹੈ।

ਕੇਂਦਰ ਸਰਕਾਰ ਤੋਂ ਮਦਦ ਮਿਲੀ ਹੈ ਪਰ ਮੇਰੀ ਪ੍ਰਾਰਥਨਾ ਹੈ ਕਿ ਮਦਦ ਸਹੀ ਸਮੇਂ ’ਤੇ ਅਤੇ ਸਹੀ ਹੱਥਾਂ ਤਕ ਪਹੁੰਚੇ। ਮੰਦੇਭਾਗੀਂ ਅਕਸਰ ਸੂਬਾਈ ਸਰਕਾਰਾਂ ਪੈਸਿਆਂ ਦੀ ਸਹੀ ਵਰਤੋਂ ਨਹੀਂ ਕਰਦੀਆਂ। ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਜ਼ਰੂਰੀ ਹਨ ਪਰ ਇਹ ਸੂਬਿਆਂ ਦੀ ਜ਼ਿੰਮੇਵਾਰੀ ਹੈ ਨਾ ਕਿ ਆਫਤ -ਰਾਹਤ ਦਾ ਪੈਸਾ ਉੱਥੇ ਖਰਚ ਕਰਨ। ਕਈ ਸੂਬੇ ਲਗਭਗ ਦੀਵਾਲੀਏ ਹਨ ਅਤੇ ਕੇਂਦਰ ’ਤੇ ਨਿਰਭਰ ਹਨ।

ਮੁੱਖ ਮੰਤਰੀ ਭਾਵੇਂ ਕੋਈ ਵੀ ਹੋਵੇ ਉਸ ਨੂੰ ਤਜਰਬੇਕਾਰ ਸਲਾਹਕਾਰਾਂ, ਬੁੱਧੀ ਜੀਵੀਆਂ ਅਤੇ ਆਫਤ ਨਾਲ ਜੂਝਣ ਵਾਲੇ ਮਾਹਿਰਾਂ ਦੀ ਟੀਮ ਬਣਾਉਣੀ ਚਾਹੀਦੀ ਹੈ। ਸਿਰਫ ਹੈਲੀਕਾਪਟਰਾਂ ਰਾਹੀਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਾ, ਵਿਰੋਧੀ ਧਿਰ ਨੂੰ ਕੋਸਣਾ ਅਤੇ ਕੇਂਦਰ ਨੂੰ ਦੋਸ਼ ਦੇਣਾ ਲੋਕਾਂ ਦੀ ਉਮੀਦ ਨਹੀਂ ਹੈ। ਇਨ੍ਹਾਂ ਸਮੱਸਿਆਵਾਂ ਨੂੰ ਤਜਰਬੇਕਾਰ ਪ੍ਰਸ਼ਾਸਨ ਅਤੇ ਜ਼ਮੀਨ ਨਾਲ ਜੁੜੇ ਅਧਿਕਾਰੀ ਵਧੀਆ ਢੰਗ ਨਾਲ ਸੰਭਾਲ ਸਕਦੇ ਹਨ।

ਦਿੱਲੀ ਅਤੇ ਹੋਰ ਮਹਾਨਗਰਾਂ ’ਚ ਬੈਠੇੇ ਲੋਕ ਵੀ ਐੱਨ. ਜੀ. ਓਜ਼ ਰਾਹੀਂ ਮਦਦ ਭੇਜਣੀ ਚਾਹੁੰਦੇ ਹਨ ਪਰ ਮੇਰੇ ਇਕ ਦੋਸਤ ਜੋ ਮਦਦ ਲਈ ਹਿਮਾਚਲ ਅਤੇ ਜੰਮੂ ਦੇ ਪਿੰਡਾਂ ’ਚ ਗਏ ਸਨ, ਨੂੰ ਪ੍ਰਸ਼ਾਸਨ ਤੋਂ ਇੰਨੀਆਂ ਆਗਿਆਵਾਂ ਲੈਣ ਦੀ ਲੋੜ ਪਈ ਕਿ ਕੰਮ ਕਰਨਾ ਲਗਭਗ ਅਸੰਭਵ ਹੋ ਗਿਆ ਜਦੋਂ ਐੱਨ.ਜੀ.ਓ. ਸਹੀ ਨੀਅਤ ਨਾਲ ਮਦਦ ਕਰਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਜਾਵੇ?

ਸਿਆਸਤਦਾਨ ਆਪਣੀ ਸੁਰੱਖਿਆ, ਮੋਟਰਗੱਡੀਆਂ ਅਤੇ ਐਸ਼ੋ-ਆਰਾਮ ’ਤੇ ਕਿੰਨਾ ਖਰਚ ਕਰਦੇ ਹਨ ਪਰ ਲੋਕਾਂ ਲਈ ਪੈਸੇ ਨਹੀਂ ਹਨ। ਮੈਨੂੰ ਯਾਦ ਹੈ ਕਿ 1960, 1970, 1980 ਦੇ ਦਹਾਕੇ ’ਚ ਆਗੂਆਂ ’ਤੇ ਪੈਟਰੋਲ ਅਤੇ ਹੋਰ ਸਹੂਲਤਾਂ ਦੀ ਰਾਸ਼ਨਿੰਗ ਹੁੰਦੀ ਸੀ। ਉਹ ਲੋਕਾਂ ਕੋਲੋਂ ਸਿੱਖਣ ਲਈ ਤਿਆਰ ਰਹਿੰਦੇ ਸਨ ਨਾ ਕਿ ਅੱਜ ਵਾਂਗ ਹੰਕਾਰੀ।

ਅੱਜ ਹਿਮਾਚਲ ਅਤੇ ਪੰਜਾਬ ਦੇ ਮੁੱਖ ਮੰਤਰੀ ਪੂਰੀ ਤਰ੍ਹਾਂ ਆਜ਼ਾਦ ਹਨ। ਉਨ੍ਹਾਂ ਦਾ ਫਰਜ਼ ਹੈ ਕਿ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੀਏ ਨਾ ਕਿ ਵਿਰੋਧੀ ਧਿਰ ਨੂੰ ਨੀਵਾਂ ਦਿਖਾਉਣ ’ਚ ਪ੍ਰਸ਼ਾਸਨ ਦਾ ਸਮਾਂ ਅਤੇ ਸੋਮੇ ਬਰਬਾਦ ਕਰੀਏ।

ਅੱਜ ਸੈਰ-ਸਪਾਟਾ ਅਤੇ ਸੇਬ ਉਦਯੋਗ ਹਿਮਾਚਲ ’ਚ ਬਿਲਕੁਲ ਠੱਪ ਹੈ। ਨੌਜਵਾਨਾਂ ਦੇ ਸਾਹਮਣੇ ਰੋਜ਼ਗਾਰ ਦੀ ਕਮੀ ਹੈ। ਉਹ ਨਸ਼ੇ ਵੱਲ ਜਾ ਰਹੇ ਹਨ। ਚਿੱਟੇ ਨੇ ਇਕ ਪੂਰੀ ਪੀੜੀ ਨੂੰ ਤਬਾਹ ਕਰ ਦਿੱਤਾ। ਪੁਲਸ ਅਤੇ ਪ੍ਰਸ਼ਾਸਨ ਬੇਬਸ ਹਨ। ਅਸਲੀਅਤ ਇਹ ਹੈ ਕਿ ਸਿਸਟਮ ਅੰਦਰ ਬੈਠੇ ਕੁਝ ਲੋਕ ਹੀ ਇਸ ਗੰਦੇ ਧੰਦੇ ਤੋਂ ਪੈਸੇ ਕਮਾ ਰਹੇ ਹਨ।

ਪੰਜਾਬ ਦੇ ਕਿਸਾਨਾਂ ’ਚ ਬੇਮਿਸਾਲ ਸਮਰੱਥਾ ਹੈ ਪਰ ਉਨ੍ਹਾਂ ਦੀ ਮਦਦ ਲਈ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜੀ ਦਾ ਹਿਮਾਚਲ ਨਾਲ ਡੂੰਘਾ ਸਬੰੰਧ ਰਿਹਾ ਹੈ। ਉਨ੍ਹਾਂ ਇੱਥੇ ਰਹਿ ਕੇ ਲੋਕਾਂ ਨੂੰ ਸਮਝਿਆ ਹੈ। ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦਾ ਦਿਲ ਹਿਮਾਚਲ ਲਈ ਨਰਮ ਹੈ। ਉਹ ਸੂਬੇ ਨੂੰ ਸੰਵਾਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਪਰ ਜੋ ਵੀ ਪਾਰਟੀ ਜਾਂ ਨੇਤਾ ਅੱਜ ਸੱਤਾ ’ਚ ਹਨ, ਜੇ ਉਹ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰਨਗੇ ਤਾਂ ਆਉਣ ਵਾਲੇ ਕਈ ਸਾਲਾਂ ਤਕ ਉਹ ਸੱਤਾ ’ਚ ਨਹੀਂ ਪਰਤ ਸਕਣਗੇ।

ਮੇਰਾ ਦਿਲ ਆਪਣੇ ਸੂਬੇ ਦੇ ਲੋਕਾਂ ਲਈ ਰੋਂਦਾ ਹੈ। ਇਹ ਸਿਰਫ ਮੇਰੀ ਜਨਮਭੂਮੀ ਨਹੀਂ ਸਗੋਂ ਉਹ ਜ਼ਮੀਨ ਹੈ ਜਿੱਥੇ ਮੈਂ ਨੇਤਾਵਾਂ ਨੂੰ ਲੋਕਾਂ ਦੀ ਸੇਵਾ ’ਚ ਕੰਮ ਕਰਦੇ ਦੇਖਿਆ ਹੈ, ਭਾਵੇਂ ਉਹ ਸੱਤਾ ’ਚ ਹੋਣ ਜਾਂ ਵਿਰੋਧੀ ਧਿਰ ’ਚ।

ਮੇਰੀ ਪ੍ਰਾਰਥਨਾ ਹੈ ਕਿ ਹਰ ਸਰਕਾਰੀ ਅਧਿਕਾਰੀ ਅਤੇ ਨੇਤਾ ਆਪਣੇ ਫਾਲਤੂ ਖਰਚਿਆਂ ’ਚ ਕਟੌਤੀ ਕਰੇ ਅਤੇ ਸੂਬਾ ਜੋ ਸ਼ਿਵ ਅਤੇ ਭਗਵਤੀ ਮਾਂ ਦੀਆਂ ਸ਼ਕਤੀਆਂ ਰਾਹੀਂ ਸ਼ਾਸਿਤ ਹੈ ਉਸ ਨੂੰ ਜਿੰਨੀ ਜਲਦੀ ਹੋ ਸਕੇ ਮੁੜ ਤੋਂ ਸਥਾਪਤ ਕੀਤਾ ਜਾਵੇ।

ਦੇਵੀ ਐੱਮ. ਚੇਰੀਅਨ
 


author

Rakesh

Content Editor

Related News