ਮਾਂ ਦਾ 'ਗਰਭ' ਹੈ ਸਭ ਤੋਂ ਵੱਡੀ ਪਾਠਸ਼ਾਲਾ

Tuesday, Dec 31, 2024 - 02:02 PM (IST)

ਮਾਂ ਦਾ 'ਗਰਭ' ਹੈ ਸਭ ਤੋਂ ਵੱਡੀ ਪਾਠਸ਼ਾਲਾ

ਹਾਲ ਹੀ ਵਿਚ ਅਮਰੀਕਾ ਵਿਚ ਗਰਭ ਵਿਚ ਪਲ ਰਹੇ ਇਕ ਸੌ ਚਾਲੀ ਭਰੂਣਾਂ ਦਾ ਅਧਿਐਨ ਕੀਤਾ ਗਿਆ ਸੀ। ਇਸ ਦੇ ਸਿੱਟਿਆਂ ਵਿਚ ਦੱਸਿਆ ਗਿਆ ਸੀ ਕਿ ਬੱਚੇ ਦੇ ਦਿਮਾਗ਼ ਦੇ ਵਿਕਾਸ ਦੇ ਨਾਲ-ਨਾਲ ਬੱਚਾ ਬਾਹਰੀ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਸਭ ਕੁਝ ਬੱਚੇ ਦੇ ਦਿਮਾਗ ਵਿਚ ਵਿਕਸਿਤ ਹੋ ਰਹੇ ਨਿਊਰੋਨਸ ਕਾਰਨ ਹੁੰਦਾ ਹੈ। ਜਦੋਂ ਗਰਭ ਵਿਚ ਪਲ ਰਿਹਾ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਬਾਹਰਲੀ ਦੁਨੀਆ ਨੂੰ ਪਛਾਨਣਾ ਸ਼ੁਰੂ ਕਰ ਦਿੰਦਾ ਹੈ। ਉਸ ਦੀ ਸੋਚਣ, ਸਮਝਣ ਅਤੇ ਜਵਾਬ ਦੇਣ ਦੀ ਸਮਰੱਥਾ ਵੀ ਵਿਕਸਿਤ ਹੋਣ ਲੱਗਦੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਮਾਂ ਦੀ ਕੁੱਖ ਹੀ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਇਸ ਤਰ੍ਹਾਂ ਦੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਇਹ ਦੱਸਿਆ ਗਿਆ ਹੈ ਕਿ ਮਾਂ ਦੇ ਮੂਡ ਦਾ ਬੱਚੇ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਜਦੋਂ ਮਾਂ ਉਦਾਸ ਹੁੰਦੀ ਹੈ ਤਾਂ ਗਰਭ ਵਿਚ ਪਲਦਾ ਬੱਚਾ ਵੀ ਉਦਾਸ ਹੋ ਜਾਂਦਾ ਹੈ। ਜਦੋਂ ਮਾਂ ਰੋਂਦੀ ਹੈ ਤਾਂ ਬੱਚਾ ਵੀ ਸਿਸਕਦਾ ਹੈ। ਜਦੋਂ ਮਾਂ ਹੱਸਦੀ ਹੈ ਤਾਂ ਬੱਚਾ ਵੀ ਹੱਸਦਾ ਹੈ। ਇੰਨਾ ਹੀ ਨਹੀਂ, ਗਰਭ ’ਚ ਪੰਜ ਮਹੀਨਿਆਂ ਬਾਅਦ ਬੱਚਾ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਆਵਾਜ਼ਾਂ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਹੈ। ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੰਦਾ ਹੈ। ਜੇਕਰ ਮਾਪੇ ਆਪਣੇ ਗਰਭ ’ਚ ਪਲਦੇ ਬੱਚੇ ਨਾਲ ਗੱਲ ਕਰਦੇ ਹਨ ਅਤੇ ਉਸ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਨ ਤਾਂ ਇਹ ਕਦੇ ਆਪਣੇ ਪੈਰ ਹਿਲਾ ਕੇ, ਕਦੇ ਹੱਥ ਹਿਲਾ ਕੇ ਜਵਾਬ ਿਦੰਦਾ ਹੈ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ।

ਬਹੁਤ ਸਮਾਂ ਪਹਿਲਾਂ ਮੈਂ ਇਕ ਵੀਡੀਓ ਵਿਚ ਦੇਖਿਆ ਸੀ ਕਿ ਇਕ ਗਰਭ ਵਿਚ ਪਲ ਰਹੀ ਬੱਚੀ ਨਾਲ ਪਿਤਾ ਲਗਾਤਾਰ ਗੱਲਾਂ ਕਰਦਾ ਸੀ। ਜਦੋਂ ਬੱਚੀ ਦਾ ਜਨਮ ਹੋਇਆ ਤਾਂ ਪਿਤਾ ਉਸ ਨੂੰ ਮਿਲਣ ਚਲਾ ਗਿਆ। ਉਹ ਉਸੇ ਤਰ੍ਹਾਂ ਬੱਚੀ ਨਾਲ ਗੱਲਾਂ ਕਰਨ ਲੱਗਾ। ਆਪਣੇ ਪਿਤਾ ਦੀ ਆਵਾਜ਼ ਸੁਣ ਕੇ ਲੜਕੀ ਆਪਣਾ ਸਿਰ ਉਠਾ ਕੇ ਇੰਨੀ ਜ਼ਿਆਦਾ ਮੁਸਕਰਾਈ ਕਿ ਉੱਥੇ ਮੌਜੂਦ ਡਾਕਟਰ ਅਤੇ ਨਰਸਾਂ ਵੀ ਹੈਰਾਨ ਰਹਿ ਗਈਆਂ ਕਿਉਂਕਿ ਇੰਨੇ ਛੋਟੇ ਬੱਚੇ ਅਕਸਰ ਗਰਦਨ ਨਹੀਂ ਚੁੱਕਦੇ। ਉਨ੍ਹਾਂ ਨੂੰ ਸਹਾਰਾ ਦੇਣਾ ਪੈਂਦਾ ਹੈ। ਜੇਕਰ ਗਰਭ ਵਿਚ ਪਲ ਰਹੇ ਬੱਚੇ ਨੂੰ ਲਗਾਤਾਰ ਇਹ ਦੱਸਿਆ ਜਾਵੇ ਕਿ ਉਸ ਦੇ ਆਉਣ ਨਾਲ ਮਾਤਾ-ਪਿਤਾ ਕਿੰਨੇ ਖੁਸ਼ ਹਨ ਤਾਂ ਬੱਚਾ ਇਸ ਨੂੰ ਮਹਿਸੂਸ ਕਰਦਾ ਹੈ ਅਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿੰਦਾ ਹੈ। ਇਹ ਮਾਨਸਿਕ ਅਤੇ ਸਰੀਰਕ ਸਿਹਤ ਸਾਰੀ ਉਮਰ ਰਹਿੰਦੀ ਹੈ। ਜਦੋਂ ਮੈਂ ਸਾਰੀ ਖੋਜ ਦੇ ਆਧਾਰ ’ਤੇ ਇਹ ਸਾਰੀਆਂ ਗੱਲਾਂ ਦੱਸ ਰਹੀ ਹਾਂ ਤਾਂ ਇਹ ਦੱਸਣਾ ਅਤੇ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਸਾਡੀਆਂ ਵਡੇਰੀਆਂ ਨੂੰ ਇਨ੍ਹਾਂ ਵਿਚੋਂ ਬਹੁਤੀਆਂ ਗੱਲਾਂ ਪਤਾ ਸਨ। ਉਹ ਕਹਿੰਦੀਆਂ ਸਨ ਕਿ ਮਾਂ ਨੂੰ ਜੋ ਵੀ ਚੀਜ਼ਾਂ ਖਾਣੀਆਂ ਪਸੰਦ ਹਨ, ਉਹ ਉਸ ਨੂੰ ਜ਼ਰੂਰ ਖੁਆਉਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਚੀਜ਼ਾਂ ਬੱਚੇ ਦੀ ਸਿਹਤ ਲਈ ਜ਼ਰੂਰੀ ਹਨ। ਜੇਕਰ ਮਾਂ ਨੂੰ ਭੋਜਨ ਸੁਆਦੀ ਲੱਗਦਾ ਹੈ ਤਾਂ ਇਹ ਭਾਵਨਾ ਬੱਚੇ ਤੱਕ ਵੀ ਪੁੱਜਦੀ ਹੈ।

ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਸਟੈੱਮ ਸੈੱਲ ਰਿਸਰਚ ਨੂੰ ਲੈ ਕੇ ਵੀ ਕਾਫੀ ਜ਼ੋਰਾਂ ਨਾਲ ਚਰਚਾ ਹੁੰਦੀ ਹੈ। ਇਨ੍ਹਾਂ ’ਤੇ ਪੂਰੀ ਦੁਨੀਆ ’ਚ ਖੋਜ ਚੱਲ ਰਹੀ ਹੈ। ਖੋਜ ਦਰਸਾਉਂਦੀ ਹੈ ਕਿ ਜੇ ਬੱਚੇ ਦੇ ਜਨਮ ਦੇ ਸਮੇਂ ਜੋ ਨਾੜੂ ਹੁੰਦਾ ਹੈ, ਉਸ ਦੇ ਖੂਨ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਬਾਅਦ ਵਿਚ ਕੋਈ ਗੰਭੀਰ ਬੀਮਾਰੀ ਹੋਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇੱਥੇ ਅਤੇ ਹੋਰ ਕਈ ਦੇਸ਼ਾਂ ਵਿਚ ਇਸ ਖੂਨ ਨੂੰ ਸੁਰੱਖਿਅਤ ਰੱਖਣ ਲਈ ਕਈ ਹਸਪਤਾਲਾਂ ਵਿਚ ਸਟੈਮ ਸੈੱਲ ਬੈਂਕਿੰਗ ਦੀ ਵਿਵਸਥਾ ਹੈ। ਬੱਚੇ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਵੱਡੀ ਗਿਣਤੀ ਵਿਚ ਮਾਪੇ ਇਹ ਖੂਨ ਬੈਂਕ ਵਿਚ ਜਮ੍ਹਾ ਕਰਵਾ ਰਹੇ ਹਨ। ਭਾਰਤ ਵਿਚ ਵੀ ਇਹ ਰੁਝਾਨ ਵਧਦਾ ਜਾ ਰਿਹਾ ਹੈ। ਹਾਂ, ਇਸ ਦੇ ਲਈ ਫੀਸ ਅਦਾ ਕਰਨੀ ਪੈਂਦੀ ਹੈ। ਇਸ ਗੱਲ ਨੂੰ ਦੇਖ ਕੇ ਮੈਨੂੰ ਯਾਦ ਆਉਂਦਾ ਹੈ ਕਿ ਪਿੰਡ ਵਿਚ ਦਾਦੀ ਬੱਚੇ ਦੇ ਜਨਮ ਤੋਂ ਬਾਅਦ ਨਾੜੂ ਦਾ ਇਕ ਹਿੱਸਾ ਸੁਕਾ ਕੇ ਰੱਖ ਲੈਂਦੀ ਸੀ। ਮੰਨ ਲਓ ਕਿ ਕਿਸੇ ਬੱਚੇ ਦੀ ਅੱਖ ਦੁਖੇ ਜਾਂ ਉਸ ਦਾ ਪੇਟ ਖਰਾਬ ਹੋ ਗਿਆ ਤਾਂ ਇਸੇ ਨਾੜੂ ਨੂੰ ਰਗੜ ਕੇ ਅੱਖਾਂ ’ਚ ਪਾ ਦਿੱਤਾ ਜਾਂਦਾ ਸੀ ਜਾਂ ਉਸ ਨੂੰ ਚਟਾਇਆ ਜਾਂਦਾ ਸੀ ਅਤੇ ਚਮਤਕਾਰੀ ਢੰਗ ਨਾਲ ਉਹ ਠੀਕ ਹੋ ਜਾਂਦਾ ਸੀ। ਕੋਰੀਆ ਵਿਚ ਤਾਂ ਇਸ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਹੈ ਕਿ ਲੋਕ ਇਸ ਨੂੰ ਸਜਾ ਕੇ ਆਪਣੇ ਘਰਾਂ ਵਿਚ ਟੰਗ ਦਿੰਦੇ ਹਨ।

ਕੋਈ ਪੁੱਛ ਸਕਦਾ ਹੈ ਕਿ ਸਾਡੀਆਂ ਦਾਦੀਆਂ-ਨਾਨੀਆਂ ਨੂੰ ਇਹ ਸਭ ਕੁਝ ਕਿਵੇਂ ਪਤਾ ਸੀ, ਜਿਸ ਨੂੰ ਵਿਗਿਆਨ ਅੱਜ ਅਰਬਾਂ-ਖਰਬਾਂ ਰੁਪਏ ਖਰਚ ਕੇ ਸਾਬਤ ਕਰ ਰਿਹਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਭ ਕੁਝ ਹਜ਼ਾਰਾਂ ਸਾਲਾਂ ਦੇ ਅਨੁਭਵ ਦੀ ਪ੍ਰਯੋਗਸ਼ਾਲਾ ਅਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਗਿਆਨ ਸੰਚਾਰਿਤ ਕਰਨ ਦੀ ਮੌਖਿਕ ਰਵਾਇਤ ਰਾਹੀਂ ਸੰਭਵ ਹੋਇਆ ਹੋਵੇਗਾ। ਜ਼ਾਹਿਰ ਹੈ ਕਿ ਇਨ੍ਹਾਂ ਤਜਰਬਿਆਂ ਦਾ ਵਿਗਿਆਨਕ ਆਧਾਰ ਹੀ ਸੀ ਜੋ ਕਿ ਤਜਰਬੇ ਨਾਲ ਸਾਬਤ ਹੋਇਆ ਸੀ। ਅੱਜ ਦੀ ਭਾਸ਼ਾ ਵਿਚ ਇਸ ਨੂੰ ਹੀ ਕਲਿਨੀਕਲ ਟ੍ਰਾਇਲ ਕਿਹਾ ਜਾਂਦਾ। ਇਸ ਸੰਦਰਭ ਵਿਚ ਅਭਿਮੰਨਿਊ ਦੀ ਕਥਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜੋ ਹਰ ਘਰ ਵਿਚ ਕਹੀ ਜਾਂਦੀ ਹੈ। ਜਦੋਂ ਅਭਿਮੰਨਿਊ ਗਰਭ ਵਿਚ ਸੀ, ਉਸ ਦੇ ਪਿਤਾ ਅਰਜੁਨ ਉਸ ਦੀ ਮਾਂ ਨੂੰ ਦੱਸ ਰਹੇ ਸਨ ਕਿ ਕਿਵੇਂ ਯੁੱਧ ਵਿਚ ਚੱਕਰਵਿਊ ਵਿਚ ਦਾਖਲ ਹੋਣਾ ਹੈ ਪਰ ਜਦੋਂ ਉਸ ਨੇ ਉਸ ਨੂੰ ਚੱਕਰਵਿਊ ਤੋਂ ਬਾਹਰ ਨਿਕਲਣ ਦਾ ਤਰੀਕਾ ਦੱਸਿਆ, ਉਨ੍ਹਾਂ ਦੀ ਪਤਨੀ ਨੂੰ ਨੀਂਦ ਆ ਗਈ। ਗਰਭ ਵਿਚ ਪਲ ਰਹੇ ਬੱਚੇ ਅਭਿਮੰਨਿਊ ਨੇ ਇਹ ਸਭ ਸੁਣ ਲਿਆ ਸੀ ਪਰ ਸ਼ਾਇਦ ਉਹ ਵੀ ਆਪਣੀ ਮਾਂ ਦੇ ਸੌਣ ਤੋਂ ਬਾਅਦ ਸੌਂ ਗਿਆ ਸੀ ਅਤੇ ਉਸ ਨੂੰ ਪਤਾ ਨਹੀਂ ਸੀ ਕਿ ਚੱਕਰਵਿਊ ਵਿਚੋਂ ਬਾਹਰ ਕਿਵੇਂ ਨਿਕਲਣਾ ਹੈ। ਇਸੇ ਕਾਰਨ ਕਾਰਵਾਂ ਨਾਲ ਲੜਦਿਆਂ ਉਸ ਦੀ ਮੌਤ ਹੋ ਗਈ। ਭਾਵ ਗਰਭ ਵਿਚ ਬੱਚਾ ਸਭ ਕੁਝ ਜਾਣ ਸਕਦਾ ਹੈ, ਇਹ ਗੱਲ ਸਾਡੇ ਦੇਸ਼ ਵਿਚ ਪੀੜ੍ਹੀ ਦਰ ਪੀੜ੍ਹੀ ਮੰਨੀ ਜਾਂਦੀ ਰਹੀ ਹੈ। ਵਿਗਿਆਨੀ ਤਾਂ ਅੱਜ ਇਸ ਗੱਲ ਦਾ ਪਤਾ ਲਗਾ ਰਹੇ ਹਨ।

ਸ਼ਮਾ ਸ਼ਰਮਾ


author

DIsha

Content Editor

Related News