ਨੀਟ ਯੂ.ਜੀ. : ਹੁਣ ਮੱਲ੍ਹਮ ਦਾ ਨਹੀਂ, ਸਰਜਰੀ ਦਾ ਸਮਾਂ
Friday, May 15, 2026 - 04:27 PM (IST)
ਮਈ ਦੀ ਇਸ ਤਪਦੀ ਦੁਪਹਿਰ ’ਚ ਦੇਸ਼ ਦਾ ਭਵਿੱਖ, ਸਾਡੇ ਨੌਜਵਾਨ, ਸੜਕਾਂ ’ਤੇ ਖੜ੍ਹੇ ਹਨ। ਦਿੱਲੀ ਦਾ ਜੰਤਰ-ਮੰਤਰ ਹੋਵੇ ਜਾਂ ਪਟਨਾ ਦੀਆਂ ਗਲੀਆਂ, ਹਰ ਪਾਸੇ ਇਕ ਹੀ ਆਵਾਜ਼ ਗੂੰਜ ਰਹੀ ਹੈ— ‘ਨਿਆਂ ਦਿਓ!’
ਇਹ ਸਿਰਫ਼ ਸਿਸਟਮ ਤੋਂ ਨਿਰਾਸ਼ ਵਿਦਿਆਰਥੀਆਂ ਦਾ ਪ੍ਰਦਰਸ਼ਨ ਮਾਤਰ ਨਹੀਂ ਹੈ। ਇਹ ਉਸ ਭਰੋਸੇ ਦਾ ਟੁੱਟਣਾ ਹੈ, ਜੋ ਇਕ ਸਾਧਾਰਨ ਭਾਰਤੀ ਪਰਿਵਾਰ ਆਪਣੇ ਬੱਚੇ ਦੀ ਮਿਹਨਤ, ਇਮਾਨਦਾਰੀ ਅਤੇ ਸੁਪਨਿਆਂ ’ਤੇ ਕਰਦਾ ਹੈ।
2024 ਦਾ ਜ਼ਖ਼ਮ ਅਜੇ ਭਰਿਆ ਵੀ ਨਹੀਂ ਸੀ। ਗ੍ਰੇਸ ਮਾਰਕਸ, ਪੇਪਰ ਲੀਕ ਅਤੇ ਪ੍ਰੀਖਿਆ ਰੱਦ ਹੋਣ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਜਨਤਾ ਅਤੇ ਵਿਦਿਆਰਥੀਆਂ ਦੇ ਰੋਸ ਦੇ ਵਿਚਾਲੇ ਸਰਕਾਰ ਨੇ ਸੁਧਾਰਾਂ ਦਾ ਭਰੋਸਾ ਦਿੱਤਾ, ਕਮੇਟੀਆਂ ਬਣੀਆਂ, ਨਵੀਂ ਸੁਰੱਖਿਆ ਤਕਨੀਕਾਂ ਦੇ ਐਲਾਨ ਵੀ ਹੋਏ ਪਰ 2026 ’ਚ ਫਿਰ ਉਹੀ ਖ਼ਬਰਾਂ ਸਾਹਮਣੇ ਹਨ— ਛਾਪੇਮਾਰੀ, ਸੌਲਵਰ ਗੈਂਗ, ਗ੍ਰਿਫ਼ਤਾਰੀਆਂ ਅਤੇ ਲੀਕ ਹੋਏ ਪ੍ਰਸ਼ਨ ਪੱਤਰ।
ਤਾਂ ਸਵਾਲ ਉੱਠਣਾ ਸੁਭਾਵਿਕ ਹੈ ਕਿ ਆਖ਼ਰ ਗ਼ਲਤੀ ਕਿੱਥੇ ਹੈ? ਸਿਸਟਮ ’ਚ, ਨੀਅਤ ’ਚ ਜਾਂ ਉਨ੍ਹਾਂ ਲੋਕਾਂ ’ਚ ਜਿਨ੍ਹਾਂ ਨੇ ਸਿੱਖਿਆ ਨੂੰ ਕਾਰੋਬਾਰ ਬਣਾ ਦਿੱਤਾ ਹੈ?
ਅੱਜ ਸੀ.ਬੀ.ਆਈ. ਰਾਜਸਥਾਨ ਦੇ ਸੀਕਰ ਤੋਂ ਲੈ ਕੇ ਮਹਾਰਾਸ਼ਟਰ ਦੇ ਨਾਸਿਕ ਤੱਕ ਛਾਪੇਮਾਰੀ ਕਰ ਰਹੀ ਹੈ ਪਰ ਅਸਲੀ ਸਵਾਲ ਇਹ ਨਹੀਂ ਕਿ ਦੋਸ਼ੀ ਕੌਣ ਹੈ। ਅਸਲੀ ਸਵਾਲ ਇਹ ਹੈ ਕਿ ਸਾਡਾ ਸਿਸਟਮ ਇੰਨਾ ਖੋਖਲਾ ਕਿਵੇਂ ਹੋ ਗਿਆ ਕਿ 25 ਲੱਖ ਵਿਦਿਆਰਥੀਆਂ ਦਾ ਭਵਿੱਖ ਕੁਝ ਮਾਫੀਆਵਾਂ ਦੀਆਂ ਤਿਜੌਰੀਆਂ ਦਾ ਗ਼ੁਲਾਮ ਬਣ ਗਿਆ।
ਅਸੀਂ ਕਿਸ ‘ਡਿਜੀਟਲ ਇੰਡੀਆ’ ਦੀ ਗੱਲ ਕਰਦੇ ਹਾਂ, ਜਦੋਂ ਦੇਸ਼ ਦੀਆਂ ਸਭ ਤੋਂ ਮਹੱਤਵਪੂਰਨ ਪ੍ਰੀਖਿਆਵਾਂ ’ਚੋਂ ਇਕ ਨੂੰ ਵੀ ਪਾਰਦਰਸ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਨਹੀਂ ਕਰ ਪਾ ਰਹੇ? ਕਥਿਤ ਤੌਰ ’ਤੇ ਅਚੂਕ ਰੂਪ ਨਾਲ ਸੁਰੱਖਿਅਤ ਪ੍ਰਣਾਲੀ ਬਣਾਉਣ ਦਾ ਐਲਾਨ ਕੀਤਾ ਜਾਂਦਾ ਹੈ, ਕਰੋੜਾਂ ਰੁਪਏ ਨਿਗਰਾਨੀ, ਬਾਇਓਮੀਟ੍ਰਿਕਸ, ਜੈਮਰਸ ਅਤੇ ਜੀ. ਪੀ. ਐੱਸ. ਟ੍ਰੈਕਿੰਗ ’ਤੇ ਖ਼ਰਚ ਕੀਤੇ ਜਾਂਦੇ ਹਨ ਪਰ ਪ੍ਰਸ਼ਨ ਪੱਤਰ ਫਿਰ ਵੀ ਲੀਕ ਹੋ ਜਾਂਦਾ ਹੈ!
ਇਸ ਦਾ ਅਰਥ ਸਾਫ਼ ਹੈ ਕਿ ਸਮੱਸਿਆ ਬਾਹਰ ਨਹੀਂ, ਅੰਦਰ ਹੈ। ਸਿਉਂਕ ਕੰਧਾਂ ’ਤੇ ਨਹੀਂ, ਨੀਂਹ ’ਚ ਬੈਠ ਚੁੱਕੀ ਹੈ।
ਸਮੱਸਿਆ ਦਾ ਸਭ ਤੋਂ ਭਿਆਨਕ ਪਹਿਲੂ ਇਹ ਹੈ ਕਿ ਇਹ ਹੁਣ ਕੋਈ ਸਥਾਨਕ ਗਿਰੋਹ ਨਹੀਂ ਰਹਿ ਗਿਆ। ਬਿਹਾਰ ਤੋਂ ਹਰਿਆਣਾ, ਰਾਜਸਥਾਨ ਤੋਂ ਮਹਾਰਾਸ਼ਟਰ ਤੱਕ ਫੈਲੇ ਸੌਲਵਰ ਨੈੱਟਵਰਕ ਹੁਣ ਸਿੱਖਿਆ ਵਿਵਸਥਾ ਦੇ ਸਮਾਨਾਂਤਰ ਇਕ ‘ਅੰਡਰਗਰਾਊਂਡ ਇੰਡਸਟਰੀ’ ਬਣ ਚੁੱਕੇ ਹਨ। ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਟੈਲੀਗ੍ਰਾਮ ਅਤੇ ਵਟਸਐਪ ’ਤੇ ਪ੍ਰਸ਼ਨ ਪੱਤਰ ਤੈਰਨ ਲੱਗਦੇ ਹਨ। ਇਹ ਤਕਨੀਕੀ ਗ਼ਲਤੀ ਨਹੀਂ, ਸਗੋਂ ਯੋਜਨਾਬੱਧ ਸੰਗਠਿਤ ਅਪਰਾਧ ਹੈ।
ਦੁਨੀਆ ਦੇ ਵਿਕਸਿਤ ਦੇਸ਼ਾਂ ’ਚ ਮੈਡੀਕਲ ਅਤੇ ਉੱਚ ਪੱਧਰੀ ਪ੍ਰੀਖਿਆਵਾਂ ਪੂਰੀ ਤਰ੍ਹਾਂ ਡਿਜੀਟਲ ਅਤੇ ਅਨਕ੍ਰਿਪਟਡ ਮਾਡਲ ’ਤੇ ਆਧਾਰਿਤ ਹਨ। ਚੀਨ ਦੀ ‘ਗਾਓਕਾਓ’ (Gaokao) ਅਤੇ ਅਮਰੀਕਾ ਦੀ SAT ਵਰਗੀਆਂ ਪ੍ਰੀਖਿਆਵਾਂ ’ਚ ਪੇਪਰ ਲੀਕ ਦੀ ਕਲਪਨਾ ਵੀ ਰਾਸ਼ਟਰੀ ਸੰਕਟ ਮੰਨੀ ਜਾਂਦੀ ਹੈ। ਭਾਰਤ ਅੱਜ ਵੀ ਕਰੋੜਾਂ ਪ੍ਰਸ਼ਨ ਪੱਤਰ ਛਾਪ ਕੇ ਟਰੱਕਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੱਕ ਭੇਜਣ ਦੀ ਪੁਰਾਣੀ ਵਿਵਸਥਾ ’ਤੇ ਨਿਰਭਰ ਹੈ।
ਜਦੋਂ ਪ੍ਰਸ਼ਨ ਪੱਤਰ ਭੌਤਿਕ ਤੌਰ ’ਤੇ ਯਾਤਰਾ ਕਰਨਗੇ, ਤਾਂ ਲੀਕ ਹੋਣ ਦੀਆਂ ਖਿੜਕੀਆਂ ਖੁੱਲ੍ਹੀਆਂ ਹੀ ਰਹਿਣਗੀਆਂ।
ਇਸ ਸੰਕਟ ਦਾ ਦੂਜਾ ਪਹਿਲੂ ਸਿੱਖਿਆ ਦਾ ਖ਼ਤਰਨਾਕ ਮੰਡੀਕਰਨ ਹੈ। ਕਈ ਕੋਚਿੰਗ ਸੰਸਥਾਵਾਂ ਹੁਣ ਸਿੱਖਿਆ ਦੇ ਮੰਦਰ ਨਹੀਂ, ਸਗੋਂ ‘ਰੈਂਕ ਫੈਕਟਰੀ’ ’ਚ ਬਦਲ ਚੁੱਕੀਆਂ ਹਨ। ਗਾਰੰਟੀਸ਼ੁਦਾ ਚੋਣ ਦੇ ਇਸ਼ਤਿਹਾਰ, ਟਾਪਰ ਪੈਕੇਜ ਅਤੇ ਰਿਜ਼ਲਟ ਮਾਰਕੀਟਿੰਗ ਦੀ ਅੰਨ੍ਹੀ ਦੌੜ ਨੇ ਸਿੱਖਿਆ ਦੇ ਨੈਤਿਕ ਆਧਾਰ ਨੂੰ ਕਮਜ਼ੋਰ ਕਰ ਦਿੱਤਾ ਹੈ।
ਜਦੋਂ ਸਫ਼ਲਤਾ ਸਿਰਫ਼ ਰੈਂਕ ਨਾਲ ਮਾਪੀ ਜਾਵੇਗੀ, ਤਾਂ ਇਮਾਨਦਾਰੀ ਹੌਲੀ-ਹੌਲੀ ਹਾਸ਼ੀਏ ’ਤੇ ਚਲੀ ਜਾਵੇਗੀ।
ਹੁਣ ਸਿਰਫ਼ ‘ਸਖ਼ਤ ਨਿੰਦਾ’ ਅਤੇ ‘ਜਾਂਚ ਦੇ ਹੁਕਮਾਂ’ ਨਾਲ ਕੰਮ ਨਹੀਂ ਚੱਲੇਗਾ। ਜੇਕਰ ਸੱਚਮੁੱਚ ਬਦਲਾਅ ਚਾਹੀਦਾ ਹੈ, ਤਾਂ ਪ੍ਰੀਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸੀ. ਬੀ . ਟੀ. (ਕੰਪਿਊਟਰ ਬੇਸਡ ਟੈਸਟ) ਆਧਾਰਿਤ ਬਣਾਉਣਾ ਹੋਵੇਗਾ। ਪ੍ਰਸ਼ਨ ਪੱਤਰ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਅਨਕ੍ਰਿਪਟਡ ਡਿਜੀਟਲ ਸਰਵਰ ਰਾਹੀਂ ਉਪਲਬਧ ਕਰਵਾਏ ਜਾਣ।
ਪੇਪਰ ਲੀਕ ’ਚ ਸ਼ਾਮਲ ਲੋਕਾਂ ਦੀ ਜਾਇਦਾਦ ਜ਼ਬਤ ਹੋਵੇ, ਫਾਸਟ ਟ੍ਰੈਕ ਅਦਾਲਤਾਂ ’ਚ ਸੁਣਵਾਈ ਹੋਵੇ ਅਤੇ ਸਜ਼ਾ ਅਜਿਹੀ ਹੋਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ।
ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਵਿਦਿਆਰਥੀ ਕੋਈ ਵੋਟ ਬੈਂਕ ਨਹੀਂ ਹਨ। ਉਹ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਇਹੀ ਰੀੜ੍ਹ ਟੁੱਟ ਗਈ, ਤਾਂ ਵਿਕਸਿਤ ਭਾਰਤ ਦਾ ਸੁਪਨਾ ਸਿਰਫ਼ ਭਾਸ਼ਣਾਂ ਤੱਕ ਸੀਮਤ ਰਹਿ ਜਾਵੇਗਾ।
ਐੱਨ. ਟੀ. ਏ. ਦੇ ਅਧਿਕਾਰੀਆਂ ਨੂੰ ਕਦੇ ਉਸ ਵਿਦਿਆਰਥੀ ਦੀਆਂ ਅੱਖਾਂ ’ਚ ਝਾਕਣਾ ਚਾਹੀਦਾ ਹੈ, ਜਿਸ ਨੇ ਪਿੰਡ ਦੀ ਬਿਜਲੀ ਕਟੌਤੀ ਦੇ ਵਿਚਾਲੇ ਲਾਲਟੈਨ ਬਾਲ ਕੇ ਪੜ੍ਹਾਈ ਕੀਤੀ, ਜਿਸ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਕੋਚਿੰਗ ਕਰਵਾਈ ਅਤੇ ਅੰਤ ’ਚ ਉਸ ਦੇ ਹੱਥ ਕੀ ਆਇਆ? ਇਕ ਲੀਕ ਹੋਇਆ ਪੇਪਰ! ਇਕ ਰੱਦ ਪ੍ਰੀਖਿਆ! ਅਤੇ ਟੁੱਟਦਾ ਹੋਇਆ ਵਿਸ਼ਵਾਸ!
ਸਾਹਿਬ, ਹੁਣ ਸਮਾਂ ਮੱਲ੍ਹਮ ਦਾ ਨਹੀਂ, ਸਰਜਰੀ ਦਾ ਹੈ; ਕਿਉਂਕਿ ਜਦੋਂ ਨੌਜਵਾਨਾਂ ਦਾ ਭਰੋਸਾ ਟੁੱਟਦਾ ਹੈ, ਤਾਂ ਸਿਰਫ਼ ਇਕ ਪ੍ਰੀਖਿਆ ਨਹੀਂ ਹਾਰਦੀ, ਪੂਰਾ ਰਾਸ਼ਟਰ ਹਾਰਨ ਲੱਗਦਾ ਹੈ।
ਡਾ. ਨੀਲਮ ਮਹੇਂਦਰ
