ਵਿਆਹ ਤੋਂ ਬਾਹਰਲੇ ਸਬੰਧਾਂ ਦਾ ਕੌੜਾ ਸੱਚ

Sunday, Jan 19, 2025 - 02:19 PM (IST)

ਵਿਆਹ ਤੋਂ ਬਾਹਰਲੇ ਸਬੰਧਾਂ ਦਾ ਕੌੜਾ ਸੱਚ

ਸੋਸ਼ਲ ਮੀਡੀਆ ਵਿਆਹੇ ਹੋਏ ਮਰਦਾਂ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਦੀਆਂ ਖ਼ਬਰਾਂ ਨਾਲ ਭਰਿਆ ਹੋਇਆ ਹੈ। ਆਖ਼ਿਰਕਾਰ ਵਿਆਹੇ ਮਰਦਾਂ ਨੂੰ ਦੂਜਿਆਂ ਦੀਆਂ ਪਤਨੀਆਂ ਕਿਉਂ ਚੰਗੀਆਂ ਲੱਗਦੀਆਂ ਹਨ? ਕਿਸੇ ਰਿਸ਼ਤੇ ਵਿਚ ਬੇਵਫ਼ਾਈ ਜਾਂ ਧੋਖਾਧੜੀ ਕਿਸੇ ਇਕ ਲਿੰਗ ਲਈ ਖਾਸ ਨਹੀਂ ਹੈ। ਔਰਤਾਂ ਵੱਖ-ਵੱਖ ਤਰੀਕਿਆਂ ਨਾਲ ਵੀ ਕਿਸੇ ਹੋਰ ਵੱਲ ਆਕਰਸ਼ਿਤ ਹੋ ਸਕਦੀਆਂ ਹਨ। ਭਾਵੇਂ ਉਹ ਸਰੀਰਕ ਪੱਧਰ ’ਤੇ ਹੋਵੇ ਜਾਂ ਭਾਵਨਾਤਮਕ ਪੱਧਰ ’ਤੇ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸੇ ਵੀ ਰਿਸ਼ਤੇ ਵਿਚ ਧੋਖਾਧੜੀ ਗੱਲਬਾਤ ’ਚ ਵਕਫੇ (ਗੈਪ) ਤੋਂ ਸ਼ੁਰੂ ਹੋ ਸਕਦੀ ਹੈ। ਅਸਲੀਅਤ ਵਿਚ, ਕਿਸੇ ਰਿਸ਼ਤੇ ਵਿਚ ਧੋਖਾ ਸਿਰਫ਼ ਸਰੀਰਕ ਹੀ ਨਹੀਂ ਹੁੰਦਾ। ਭਾਵਨਾਤਮਕ ਧੋਖਾਧੜੀ ਵੀ ਤੁਹਾਡੇ ਸਾਥੀ ਨਾਲ ਇਕ ਤਰ੍ਹਾਂ ਦਾ ਧੋਖਾ ਹੈ ਪਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਅਸੀਂ ਕਿਸੇ ਹੋਰ ਨੂੰ ਪਸੰਦ ਕਰਨ ਲੱਗ ਪੈਂਦੇ ਹਾਂ?

ਆਓ ਇਸ ਨੁਕਤੇ ਨਾਲ ਸਬੰਧਤ ਮਨੋਵਿਗਿਆਨਕ ਪਹਿਲੂਆਂ ’ਤੇ ਵਿਚਾਰ ਕਰੀਏ। ਪਹਿਲਾ ਕਾਰਨ ਇਹ ਹੈ ਕਿ ਲੰਬੇ ਸਮੇਂ ਦੇ ਸਬੰਧਾਂ ਵਿਚ ਕੁਝ ਸਮੇਂ ਬਾਅਦ ਸੰਚਾਰ ਦੀ ਘਾਟ ਹੋ ਜਾਂਦੀ ਹੈ। ਲੋਕ ਆਪਣੇ ਸਾਥੀ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਮਾਮਲਿਆਂ ਵਿਚ, ਉਨ੍ਹਾਂ ਲਈ ਕਿਸੇ ਹੋਰ ਵੱਲ ਆਕਰਸ਼ਿਤ ਹੋਣਾ ਬਹੁਤ ਸੁਭਾਵਿਕ ਹੈ। ਮਨੋਵਿਗਿਆਨ ਦੇ ਅਨੁਸਾਰ, ‘ਜੇਕਰ ਅਸੀਂ ਆਪਣੇ ਆਪ ਨੂੰ ਸਹੀ ਢੰਗ ਨਾਲ ਪ੍ਰਗਟ ਨਹੀਂ ਕਰ ਸਕਦੇ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਬੇਵਫ਼ਾਈ ਭਾਵ ਵਿਆਹ ਤੋਂ ਬਾਹਰਲਾ ਸਬੰਧ ਹੀ ਇਕੋ-ਇਕ ਬਦਲ ਹੈ।’ ਦੂਜਾ ਕਾਰਨ ਰਿਸ਼ਤੇ ਵਿਚ ਬੋਰੀਅਤ ਜਾਂ ਇਕਸਾਰਤਾ ਹੈ। ਕਿਸੇ ਰਿਸ਼ਤੇ ਵਿਚ ਇਕਸਾਰਤਾ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਊਂਦੇ ਰਹੋਗੇ ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿਚ, ਸਾਥੀ ਨੂੰ ਲੱਗ ਸਕਦਾ ਹੈ ਕਿ ਉਸ ਨੂੰ ਉਹ ਪਿਆਰ ਅਤੇ ਲਗਾਓ ਨਹੀਂ ਮਿਲ ਰਿਹਾ ਜਿਸ ਦੀ ਉਸ ਨੂੰ ਲੋੜ ਹੈ। ਲਗਾਓ ਦੀ ਕਮੀ ਵੀ ਮਹਿਸੂਸ ਹੋ ਸਕਦੀ ਹੈ। ਮਨੋਵਿਗਿਆਨ ਦਾ ਮੰਨਣਾ ਹੈ ਕਿ ਲੋਕਾਂ ਦੀ ਸ਼ਖਸੀਅਤ ਦਾ ਇਕ ਹਿੱਸਾ ਅਜਿਹਾ ਹੋ ਸਕਦਾ ਹੈ ਜੋ ਉਨ੍ਹਾਂ ਨੂੰ ਰਿਸ਼ਤੇ ਵਿਚ ਧੋਖਾ ਦੇਣ ਲਈ ਪ੍ਰੇਰਿਤ ਕਰੇ।

ਬਹੁਤ ਸਾਰੇ ਲੋਕ ਇਕੋ ਸਾਥੀ ਤੋਂ ਬੋਰ ਹੋ ਜਾਂਦੇ ਹਨ। ਉਹ ਜ਼ਿੰਦਗੀ ਵਿਚ ਰੋਮਾਂਸ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਵੱਖ-ਵੱਖ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਵੱਖ-ਵੱਖ ਚੀਜ਼ਾਂ ਟ੍ਰਾਈ ਕਰਨੀਆਂ ਚਾਹੀਦੀਆਂ ਹਨ। ਇਸੇ ਲਈ ਅਜਿਹੇ ਲੋਕ ਅਫੇਅਰ ਬਾਰੇ ਸੋਚਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਲੋਕਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ, ਤਾਂ ਅਜਿਹੀਆਂ ਗੱਲਾਂ ਪ੍ਰਤੀ ਸਾਡੀ ਸਵੀਕਾਰਤਾ ਵੀ ਵਧ ਜਾਂਦੀ ਹੈ। ਸਾਡਾ ਮਨ ਸਾਨੂੰ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਦਾ ਹੈ।

ਮਨੋਵਿਗਿਆਨ ਨਾਲ ਸਬੰਧਤ ਖੋਜ ਦਰਸਾਉਂਦੀ ਹੈ ਕਿ ਕੁਝ ਮਾਮਲਿਆਂ ਵਿਚ, ਧੋਖਾਧੜੀ ਦੀ ਪ੍ਰੇਰਣਾ ਬਚਪਨ ਦੇ ਕਿਸੇ ਸਦਮੇ ਭਾਵ ਬਚਪਨ ਦੀ ਕਿਸੇ ਘਟਨਾ ਤੋਂ ਆਉਂਦੀ ਹੈ। ਜੇਕਰ ਕਿਸੇ ਵਿਅਕਤੀ ਨੇ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਵਿਵਹਾਰ ਦੇਖਿਆ ਹੈ, ਉਸ ਨੂੰ ਕਿਸੇ ਕਿਸਮ ਦਾ ਵਿਕਾਰ ਹੈ, ਉਸ ਦੀ ਧਾਰਨਾ ਹੀ ਅਜਿਹੀ ਹੋਵੇ, ਤਾਂ ਧੋਖਾਧੜੀ ਹੋ ਸਕਦੀ ਹੈ। ਕਈ ਵਾਰ ਅਸੀਂ ਲੰਬੇ ਸਮੇਂ ਦੇ ਰਿਸ਼ਤੇ ਨੂੰ ਗੁਆਉਣਾ ਨਹੀਂ ਚਾਹੁੰਦੇ, ਪਰ ਅਸੀਂ ਆਪਣੇ ਸਾਥੀ ਤੋਂ ਵੀ ਬੋਰ ਹੋਣ ਲੱਗ ਪੈਂਦੇ ਹਾਂ। ਅਜਿਹੀ ਸਥਿਤੀ ਵਿਚ, ਅਸੀਂ ਸੋਚਦੇ ਹਾਂ ਕਿ ਇਕ ਛੋਟਾ ਜਿਹਾ ਅਫੇਅਰ ਕੋਈ ਨੁਕਸਾਨ ਨਹੀਂ ਕਰੇਗਾ। ਇਸ ਲਈ ਉਹ ਕਿਸੇ ਹੋਰ ਥੋੜ੍ਹੇ ਸਮੇਂ ਦੇ ਰਿਸ਼ਤੇ ’ਚ ਚਲੇ ਜਾਂਦੇ ਹਨ। ਜੇਕਰ ਅਜਿਹਾ ਕੁਝ ਹੋ ਰਿਹਾ ਹੈ, ਤਾਂ ਸਾਨੂੰ ਆਤਮ-ਨਿਰੀਖਣ ਕਰਨ ਦੀ ਲੋੜ ਹੈ। ਅਜਿਹੇ ਮੌਕਿਆਂ ’ਤੇ, ਰਿਸ਼ਤੇ ਵਿਚ ਪਾਰਦਰਸ਼ਤਾ ਬਣਾਈ ਰੱਖਣਾ ਜ਼ਰੂਰੀ ਹੈ। ਜੇਕਰ ਅਜਿਹਾ ਕੁਝ ਹੋ ਰਿਹਾ ਹੈ, ਤਾਂ ਆਪਸੀ ਤਾਲਮੇਲ ਬਿਠਾਉਣਾ ਚਾਹੀਦਾ ਹੈ।

ਸਿਰਫ਼ ਅਰੇਂਜ ਮੈਰਿਜ ਹੀ ਨਹੀਂ, ਕਈ ਵਾਰ ਕੁਝ ਲੋਕਾਂ ਨੂੰ ਦਬਾਅ ਹੇਠ ਪ੍ਰੇਮ ਵਿਆਹ ਵੀ ਕਰਨਾ ਪੈਂਦਾ ਹੈ। ਇਹ ਦਬਾਅ ਮਾਪਿਆਂ ਜਾਂ ਸਾਥੀ ਵਲੋਂ ਬਣਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿਚ, ਜਦੋਂ ਕੋਈ ਆਦਮੀ ਵਿਆਹ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਮਾਨਸਿਕ ਤੌਰ ’ਤੇ ਤਿਆਰ ਨਹੀਂ ਹੁੰਦਾ, ਤਾਂ ਸਮੇਂ ਦੇ ਨਾਲ ਉਸ ਦੇ ਸਿੱਖਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਉਸ ਦੇ ਬੋਰ ਹੋਣ ਅਤੇ ਇਸ ਤੋਂ ਭੱਜਣ ਦੀ ਸੰਭਾਵਨਾ ਵਧ ਜਾਂਦੀ ਹੈ। ਕਈ ਵਾਰ ਅਜਿਹੇ ਵਿਆਹ ਵਿਆਹ ਤੋਂ ਬਾਹਰਲੇ ਅਫੇਅਰਸ ਕਾਰਨ ਖਤਮ ਹੋ ਜਾਂਦੇ ਹਨ। ਲਵੇਰੀਆ ਦਾ ਸ਼ਿਕਾਰ ਹੋਣ ਵਾਲੀ ਹਰ ਪ੍ਰੇਮਿਕਾ, ਪ੍ਰੇਮੀ ਵਿਆਹ ਤੋਂ ਪਹਿਲਾਂ ਇਕ-ਦੂਜੇ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਿਸੇ ਵੀ ਹੱਦ ਤੱਕ ਜਾਂਦੇ ਹਨ। ਅਜਿਹੀ ਸਥਿਤੀ ਵਿਚ, ਜਦੋਂ ਦੋਵੇਂ ਵਿਆਹ ਕਰਵਾ ਲੈਂਦੇ ਹਨ ਅਤੇ ਇਕੱਠੇ ਰਹਿਣਾ ਸ਼ੁਰੂ ਕਰਦੇ ਹਨ, ਤਾਂ ਕਈ ਵਾਰ ਉਹ ਇਸ ਨਾਲ ਆਉਣ ਵਾਲੀਆਂ ਤਬਦੀਲੀਆਂ ਨੂੰ ਸਹੀ ਢੰਗ ਨਾਲ ਸੰਭਾਲਣ ਦੇ ਯੋਗ ਨਹੀਂ ਹੁੰਦੇ, ਜਿਸ ਕਾਰਨ ਆਪਸੀ ਸਬੰਧ ਵਿਗੜਨ ਲੱਗਦੇ ਹਨ।

ਪਿਆਰ ਅਤੇ ਰੋਮਾਂਸ ਹੌਲੀ-ਹੌਲੀ ਰਿਸ਼ਤੇ ’ਚੋਂ ਖਤਮ ਹੋਣ ਲੱਗਦਾ ਹੈ। ਹਰ ਗੱਲ ਇਕ ਮਤਭੇਦ ਨਾਲ ਖਤਮ ਹੁੰਦੀ ਹੈ, ਜਿਸ ਤੋਂ ਤੰਗ ਆ ਕੇ, ਮਰਦ ਅਕਸਰ ਪਰਾਈ ਔਰਤ ਵਿਚ ਅਤੇ ਔਰਤਾਂ ਪਰਾਏ ਮਰਦ ਵਿਚ ਸਕੂਨ ਲੱਭਣ ਲੱਗ ਪੈਂਦੇ ਹਨ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਜੀਵਨ ਸਾਥੀ ਇਸ ਕਾਲੇ ਸੱਚ ਨੂੰ ਜਾਣਨ ਤੋਂ ਬਾਅਦ ਵੀ ਚੁੱਪ ਰਹਿੰਦੇ ਹਨ। ਭਾਵੇਂ ਉਹ ਵਿਆਹਿਆ ਹੋਇਆ ਮਰਦ ਹੋਵੇ ਜਾਂ ਔਰਤ, ਜਦੋਂ ਵੀ ਉਹ ਵਿਆਹ ਤੋਂ ਬਾਹਰਲੇ ਸਬੰਧਾਂ ਵੱਲ ਆਕਰਸ਼ਿਤ ਹੁੰਦੇ ਹਨ, ਤਾਂ ਇਸ ਦੇ ਪਿੱਛੇ ਹਮੇਸ਼ਾ ਕੋਈ ਠੋਸ ਕਾਰਨ ਨਹੀਂ ਹੁੰਦਾ। ਅਸੀਂ ਸੁਣਦੇ ਹਾਂ ਕਿ ਮਨੁੱਖ ਸੁਭਾਅ ਤੋਂ ਹੀ ਵੱਧ ਤੋਂ ਵੱਧ ਔਰਤਾਂ ਨਾਲ ਜਿਨਸੀ ਸੰਬੰਧ ਬਣਾਉਣ ਵੱਲ ਝੁਕਾਅ ਰੱਖਦਾ ਹੈ। ਮੁੱਢਲੇ ਮਨੁੱਖੀ ਸਮਾਜ ਵਿਚ, ਇਹ ਬਹੁ-ਵਿਆਹ (ਪੋਲੀਗੇਮੀ) ਕਿਸੇ ਹੋਰ ਮਰਦ ਜਾਂ ਔਰਤ ਨਾਲ ਰਹਿਣਾ, ਆਮ ਮੰਨਿਆ ਜਾਂਦਾ ਸੀ। ਜਿਵੇਂ-ਜਿਵੇਂ ਸਮਾਜ ਅਤੇ ਸਭਿਅਤਾ ਵਿਕਸਤ ਹੋਈ, ਕੁਝ ਨਿਯਮ ਅਤੇ ਕਦਰਾਂ-ਕੀਮਤਾਂ ਨਿਰਧਾਰਤ ਹੋਣ ਲੱਗੀਆਂ। ਉਨ੍ਹਾਂ ਵਿਚੋਂ ਇਕ ਸੀ ਆਦਮੀ ਅਤੇ ਔਰਤ ਵਿਚਕਾਰ ਵਿਆਹ ਦਾ ਰਿਸ਼ਤਾ। ਕਿਉਂ ਅੱਜਕੱਲ੍ਹ ਇਸ ਪਵਿੱਤਰ ਰਿਸ਼ਤੇ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਸੁਣਦੀਆਂ ਹਨ ਅਤੇ ਆਲੇ-ਦੁਆਲੇ ਨਜ਼ਰ ਵੀ ਆਉਂਦੀਆਂ ਹਨ? ਇਸ ਉਲਝਣ ਵਿਚ, ਬਹੁਤ ਸਾਰੇ ਮਰਦ ਅਤੇ ਔਰਤਾਂ ਅਜੇ ਵੀ ਵਿਆਹ ਤੋਂ ਬਾਹਰਲੇ ਸਬੰਧਾਂ ਨਾਲ ਸੰਤੁਲਨ ਬਣਾਉਣ ਦੀ ਸਫਲ ਅਤੇ ਅਸਫਲ ਕੋਸ਼ਿਸ਼ ਕਰ ਰਹੇ ਹਨ।

ਡਾ. ਵਰਿੰਦਰ ਭਾਟੀਆ


author

DIsha

Content Editor

Related News