‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ

Sunday, Jul 19, 2026 - 03:52 PM (IST)

‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ

‘ਸਤਲੁਜ’ ਫ਼ਿਲਮ ’ਚ ਕੁਝ ਅਜਿਹੇ ਪਲ ਹਨ ਜਦੋਂ ਪੰਜਾਬ ਪੁਲਸ ਦੇ ਅਨੈਤਿਕ ਤੌਰ-ਤਰੀਕੇ ਤੁਹਾਡਾ ਦਿਲ ਦਹਿਲਾ ਦਿੰਦੇ ਹਨ। 1988 ’ਚ, ਪੰਜਾਬ ਦੀ ਰਿਪੋਰਟਿੰਗ ਕਰਦੇ ਸਮੇਂ, ਮੈਂ ਖ਼ਾਲਿਸਤਾਨ ਲਈ ਲੜਨ ਵਾਲੇ ਅੱਤਵਾਦੀਆਂ ਵਲੋਂ ਆਮ ਲੋਕਾਂ ’ਤੇ ਢਾਹੇ ਗਏ ਭਿਆਨਕ ਜ਼ੁਲਮ ਨੂੰ ਦੇਖਿਆ ਸੀ। ਉਦੋਂ ਵੀ ਮੇਰਾ ਦਿਲ ਦਹਿਲ ਗਿਆ ਸੀ। ਕਹਾਣੀ ਦਾ ਇਹ ਹਿੱਸਾ ਫ਼ਿਲਮ ’ਚੋਂ ਪੂਰੀ ਤਰ੍ਹਾਂ ਗਾਇਬ ਹੈ। ‘ਸਤਲੁਜ’ ਉਨ੍ਹਾਂ ਲੋਕਾਂ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਦੀ ਇਨਸਾਫ਼ ਦੀ ਭਾਲ ਹਰ ਮੋੜ ’ਤੇ ਨਾਕਾਮ ਕਰ ਦਿੱਤੀ ਗਈ।

ਇਹ ਸਾਨੂੰ ਜਸਵੰਤ ਸਿੰਘ ਖਾਲੜਾ ਵਲੋਂ ਪੁਲਸ ਤੋਂ ਹਜ਼ਾਰਾਂ ਗਾਇਬ ਹੋਏ ਲੋਕਾਂ ਦਾ ਹਿਸਾਬ ਮੰਗਣ ਦੇ ਸਫ਼ਰ ’ਤੇ ਲਿਜਾਂਦੀ ਹੈ ਪਰ ਜਿਵੇਂ ਕਿ ਲਗਭਗ ਸਾਰੀਆਂ ਕਹਾਣੀਆਂ ’ਚ ਹੁੰਦਾ ਹੈ, ਇਸਦੇ ਵੀ ਕਈ ਪਹਿਲੂ ਹਨ। ‘ਸਤਲੁਜ’ ਅੱਤਵਾਦੀਆਂ ਵਲੋਂ ਫੈਲਾਈ ਗਈ ਹਿੰਸਾ ਅਤੇ ਖੌਫ਼ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੰਦੀ ਹੈ।

ਇਹ ਅਕਤੂਬਰ 1988 ਦੀ ਗੱਲ ਹੈ, ਜਦੋਂ ਮੈਂ ਇਕ ਵੀਡੀਓ—‘ਦਿ ਚਿਲਡਰਨ ਆਫ਼ ਪੰਜਾਬ’ (ਪੰਜਾਬ ਦੇ ਬੱਚੇ) ਦਾ ਸੰਪਾਦਨ ਕਰ ਰਹੀ ਸੀ—ਚਾਰੋਂ ਤਰਫ਼ ਦੁੱਖ ਦਾ ਮਾਹੌਲ ਡੂੰਘਾ ਸੀ। ਇਕ ਅੱਠ ਸਾਲ ਦੇ ਲੜਕੇ ਨੇ ਕਿਹਾ, ‘ਪੰਜਾਬ ਕਦੇ ਇਕ ਖੂਬਸੂਰਤ ਜਗ੍ਹਾ ਹੋਇਆ ਕਰਦਾ ਸੀ। ਹੁਣ ਅਸੀਂ ਇਸ ਡਰ ’ਚ ਜਿਊਂਦੇ ਹਾਂ ਕਿ ਕਿਸੇ ਵੀ ਪਲ ਅੱਤਵਾਦੀ ਸਾਡੇ ਘਰ ਆ ਜਾਣਗੇ।’ ਫਿਰ ਉਹ ਰੋ ਪਿਆ ਅਤੇ ਪੰਜਾਬੀ ’ਚ ਬੋਲਿਆ, ‘ਆਂਟੀ ਜੀ, ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਅਸੀਂ ਕਿੰਨਾ ਦੁੱਖ ਝੱਲਿਆ ਹੈ।’

ਅੱਤਵਾਦੀਆਂ ਨੇ ਉਸਦੇ 18 ਸਾਲ ਦੇ ਵੱਡੇ ਭਰਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਛੋਟਾ ਭਰਾ ਉਸ ਨੂੰ ਬਹੁਤ ਯਾਦ ਕਰਦਾ ਸੀ। ਇਕ ਬੱਚਾ ਬੱਸ ’ਚ ਹੋਏ ਬੰਬ ਧਮਾਕੇ ’ਚ ਅੰਨ੍ਹਾ ਹੋ ਗਿਆ ਸੀ। ਇੰਟਰਵਿਊ ਸਮੇਂ, ਉਸ ਨੂੰ ਇਹ ਨਹੀਂ ਪਤਾ ਸੀ ਕਿ ਜਦੋਂ ਉਸ ਦੀਆਂ ਅੱਖਾਂ ਤੋਂ ਪੱਟੀਆਂ ਹਟਾਈਆਂ ਜਾਣਗੀਆਂ, ਤਾਂ ਉਹ ਅੰਨ੍ਹਾ ਹੋ ਚੁੱਕਾ ਹੋਵੇਗਾ। ਉਸ ਦੇ ਬਿਸਤਰੇ ਕੋਲ ਬੈਠੀ ਉਸਦੀ ਮਾਂ ਸਦਮੇ ਨਾਲ ਗੂੰਗੀ ਹੋ ਗਈ ਸੀ। ਅੱਠ ਸਾਲ ਦੇ ਦੋ ਗੁਆਂਢੀ ਬੱਚੇ ਜੋ ਹਰ ਦਿਨ ਇਕ ਹੀ ਜਗ੍ਹਾ ਇਕੱਠੇ ਖੇਡਦੇ ਸਨ, ਉਸੇ ਜਗ੍ਹਾ ’ਤੇ ਹੋਏ ਬੰਬ ਧਮਾਕੇ ’ਚ ਮਾਰੇ ਗਏ। ਇਕ ਹਿੰਦੂ ਸੀ, ਦੂਜਾ ਸਿੱਖ। ਦੋਵੇਂ ਪਰਿਵਾਰ ਗ਼ਮ ’ਚ ਇਕ-ਦੂਜੇ ’ਚ ਸਿਮਟ ਗਏ ਸਨ।

1984 ’ਚ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਅੰਗਰੱਖਿਅਕਾਂ ਵਲੋਂ ਹੱਤਿਆ ਕੀਤੇ ਜਾਣ ਅਤੇ ਉਸ ਤੋਂ ਬਾਅਦ ਦਿੱਲੀ ’ਚ ਸਿੱਖਾਂ ਦੇ ਭਿਆਨਕ ਕਤਲੇਆਮ ਤੋਂ ਬਾਅਦ, ਪੰਜਾਬ ’ਚ ਗੁੱਸਾ ਭੜਕ ਉੱਠਿਆ। ਉਹ ਹਜ਼ਾਰਾਂ ਲੋਕ ਅੱਤਵਾਦੀਆਂ ਨਾਲ ਜੁੜ ਗਏ, ਜੋ ਇਕ ਆਜ਼ਾਦ ਖ਼ਾਲਿਸਤਾਨ ਬਣਾਉਣ ’ਚ ਵਿਸ਼ਵਾਸ ਰੱਖਦੇ ਸਨ। ਰਾਜੀਵ ਗਾਂਧੀ ਨੇ, ਆਸਾਮ ਤੋਂ ਕੇ. ਪੀ. ਐੱਸ. ਗਿੱਲ ਨੂੰ ਪੰਜਾਬ ’ਚ ਹਿੰਸਾ ਨੂੰ ਦਬਾਉਣ ਲਈ ਨਿਯੁਕਤ ਕੀਤਾ। ਇਸ ਤੋਂ ਬਾਅਦ ਜੋ ਹੋਇਆ ਉਹ ਇਸ ਮਾਮਲੇ ’ਚ ਅਜਿਹਾ ਸੀ ਕਿ ਬੀਮਾਰੀ ਨੂੰ ਠੀਕ ਕਰਨ ਲਈ ਮਰੀਜ਼ ਨੂੰ ਹੀ ਮਾਰ ਦਿਓ। ਕੰਵਲਜੀਤ ਸਿੰਘ, ਜੋ ਡੀ. ਜੀ. ਪੀ. ਇੰਦਰਪਾਲ ਸਿੰਘ ਬਿੱਟਾ ਦੀ ਭੂਮਿਕਾ ਨਿਭਾਅ ਰਹੇ ਹਨ, ਹੂਬਹੂ ਗਿੱਲ ਦੀ ਯਾਦ ਦਿਵਾਉਂਦੇ ਹਨ।

ਜਿਵੇਂ ਕਿ ਫ਼ਿਲਮ ’ਚ ਦਿਖਾਇਆ ਗਿਆ ਹੈ, ਗਿੱਲ ਅਤੇ ਉਨ੍ਹਾਂ ਦੇ ਲੋਕ ਬੇਰਹਿਮ ਸਨ। ਲਾਪਤਾ ਨੌਜਵਾਨਾਂ ਬਾਰੇ ਬਾਅਦ ’ਚ ਇੰਟਰਵਿਊ ’ਚ, ਗਿੱਲ ਨੂੰ ਕੋਈ ਪਛਤਾਵਾ ਨਹੀਂ ਸੀ। ਉਨ੍ਹਾਂ ਦੀਆਂ ਨਜ਼ਰਾਂ ’ਚ, ਉਹ ਜੰਗ ’ਚ ਇਕ ਫੌਜੀ ਸਨ ਅਤੇ ਜੰਗ ’ਚ ਦੁਸ਼ਮਣ ਦਾ ਖ਼ਾਤਮਾ ਹੋਣਾ ਹੀ ਚਾਹੀਦਾ ਹੈ ਪਰ ਜੰਗ ’ਚ, ਵਰਦੀ ਤੁਹਾਡੇ ਦੁਸ਼ਮਣ ਦੀ ਪਛਾਣ ਕਰਵਾਉਂਦੀ ਹੈ। ਗਿੱਲ ਨੇ ਉਹ ਕੀਤਾ, ਜਿਸ ਨੂੰ ਹੁਣ ਬਿਨਾਂ ਕਿਸੇ ਜਵਾਬਦੇਹੀ ਦੇ ‘ਪ੍ਰੋਫਾਈਲ ਟਾਰਗੈਟਿੰਗ’ ਕਿਹਾ ਜਾਂਦਾ ਹੈ। ਨੌਜਵਾਨਾਂ ਨੂੰ ਬੱਸਾਂ, ਟ੍ਰੇਨਾਂ, ਮੋਟਰਸਾਈਕਲਾਂ ਤੋਂ ਉਤਾਰ ਦਿੱਤਾ ਜਾਂਦਾ ਸੀ ਅਤੇ ਉਹ ਇਸ ਤਰ੍ਹਾਂ ਲਿਜਾਏ ਜਾਂਦੇ ਸਨ ਕਿ ਫਿਰ ਕਦੇ ਦਿਖਾਈ ਨਹੀਂ ਦਿੰਦੇ ਸਨ। ਪੁਲਸ ਨੇ ਆਪਣੇ ਸਬੂਤ ਮਿਟਾ ਦਿੱਤੇ ਅਤੇ ਗ੍ਰਿਫ਼ਤਾਰੀਆਂ, ਮੌਤਾਂ ਅਤੇ ਅੰਤਿਮ ਸੰਸਕਾਰਾਂ ਦੀਆਂ ਫਾਈਲਾਂ ਨਸ਼ਟ ਕਰ ਦਿੱਤੀਆਂ।

ਖ਼ਾਲਿਸਤਾਨ ਦੇ ਲੜਾਕਿਆਂ ਦਾ ਕਹਿਰ ਇਸ ਤੋਂ ਵੀ ਬਦਤਰ ਸੀ ਅਤੇ ਇਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਹਿੰਦੂਆਂ ਨੂੰ ਵੱਖ ਕਰ ਦਿੱਤਾ ਗਿਆ ਅਤੇ ਔਰਤਾਂ ਤੇ ਬੱਚਿਆਂ ਸਮੇਤ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਗਈ। ਖ਼ਾਲਿਸਤਾਨ ਦੇ ਲੜਾਕਿਆਂ ਨੇ ਨਾਗਰਿਕਾਂ ਅਤੇ ਅਧਿਕਾਰੀਆਂ ’ਤੇ ਭਿਆਨਕ ਹਮਲੇ ਕੀਤੇ, ਜਿਸ ਦੌਰਾਨ 21,000 ਤੋਂ ਵੱਧ ਲੋਕ ਮਾਰੇ ਗਏ।

ਜੁਲਾਈ 1987 ’ਚ ਲਾਲੜੂ ’ਚ 38 ਹਿੰਦੂਆਂ ਨੂੰ ਬੱਸ ’ਚੋਂ ਉਤਾਰ ਕੇ ਮਾਰ ਦਿੱਤਾ ਗਿਆ। ਅਗਲੇ ਦਿਨ ਫ਼ਤਿਹਾਬਾਦ ’ਚ 34 ਹਿੰਦੂ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੂਨ 1991 ’ਚ ਲੁਧਿਆਣਾ ਦੇ ਕੋਲ ਇਕ ਟ੍ਰੇਨ ’ਚ 76 ਹਿੰਦੂਆਂ ਦਾ ਕਤਲ ਕਰ ਦਿੱਤਾ ਗਿਆ। ਦਸੰਬਰ 1991 ’ਚ ਇਕ ਹੋਰ ਟ੍ਰੇਨ ਹਮਲੇ ’ਚ 52 ਹੋਰ ਹਿੰਦੂ ਮਾਰੇ ਗਏ।

ਜੂਨ 1991 ’ਚ ਯੂ. ਪੀ. ਅਤੇ ਬਿਹਾਰ ਤੋਂ ਟ੍ਰੇਨਾਂ ’ਚ ਆ ਰਹੇ 126 ਪ੍ਰਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ, ਜਨਰਲ ਅਰੁਣ ਵੈਦਿਆ ਅਤੇ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਦਰਜਨਾਂ ਹੇਠਲੀ ਅਦਾਲਤ ਦੇ ਜੱਜਾਂ, ਮੈਜਿਸਟ੍ਰੇਟਾਂ ਅਤੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮਾਰ ਦਿੱਤਾ ਗਿਆ। ਪੁਲਸ ਅਤੇ ਸਰਕਾਰ ਨੂੰ ਜਵਾਬਦੇਹ ਹੋਣਾ ਹੀ ਹੋਵੇਗਾ।

‘ਸਤਲੁਜ’ ਇਹੀ ਮੰਗ ਕਰਦੀ ਹੈ ਪਰ ਉਹੀ ਮਾਪਦੰਡ ਉਨ੍ਹਾਂ ਅੱਤਵਾਦੀਆਂ ’ਤੇ ਕਿਉਂ ਨਹੀਂ ਲਾਗੂ ਕੀਤੇ ਜਾਂਦੇ ਜਿਨ੍ਹਾਂ ਨੇ ਅਜਿਹੇ ਘਿਨੌਣੇ ਕਾਰੇ ਕੀਤੇ? ਕੀ ਇਹ ਗਿੱਲ ਦੀ ਸਖ਼ਤ ਕਾਰਵਾਈ ਨੂੰ ਸਹੀ ਠਹਿਰਾਉਂਦਾ ਹੈ? ਉਸ ਸਮੇਂ ਦਾ ਇਹ ਨਿਯਮ ਅਤੇ ਆਦਤ ਬਣ ਗਈ ਸੀ ਕਿ ਜੋ ਕੋਈ ਵੀ ਪ੍ਰੇਸ਼ਾਨੀ ਖੜ੍ਹੀ ਕਰੇ, ਉਸ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ।

ਖਾਲੜਾ ਨੂੰ ਇਕ ਮਨੁੱਖੀ ਅਧਿਕਾਰ ਵਰਕਰ ਦੇ ਰੂਪ ’ਚ ਦਿਖਾਇਆ ਗਿਆ ਹੈ ਜੋ ਸਾਰੇ ਉਚਿਤ ਮਾਧਿਅਮਾਂ ਨਾਲ ਜਵਾਬ ਤਲਾਸ਼ ਰਿਹਾ ਹੈ। ਹਾਂ, ਇਹ ਅੰਸ਼ਿਕ ਰੂਪ ਨਾਲ ਸਹੀ ਹੈ।

ਇਹ ਫ਼ਿਲਮ ਭਾਰਤ ’ਚ ਬੈਨ ਹੈ। ਇਹ ਉਲਟਾ ਅਸਰ ਪਾਉਣ ਵਾਲਾ ਹੈ, ਕਿਉਂਕਿ ਲੋਕ ਇਸ ਨੂੰ ਦੇਖਣ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ, ਜਿਵੇਂ ਕਿ ਮੈਂ ਲੱਭਿਆ। ‘ਸਤਲੁਜ’ ਇਕ ਅਜਿਹੀ ਕਹਾਣੀ ਕਹਿੰਦੀ ਹੈ ਜਿਸਦਾ ਦੱਸਿਆ ਜਾਣਾ ਜ਼ਰੂਰੀ ਸੀ ਪਰ ਇਹ ਪੂਰੀ ਕਹਾਣੀ ਨਹੀਂ ਹੈ। ਇਹ ਚਿੰਤਾਜਨਕ ਹੈ ਕਿ ਪੰਜਾਬ ਦੇ ਨੌਜਵਾਨ ਜੋ ਕੁਝ ਦਿਖਾਇਆ ਗਿਆ ਹੈ, ਉਸ ਤੋਂ ਭੜਕ ਸਕਦੇ ਹਨ।

ਜੇਕਰ ਪੰਜਾਬ ਦਾ ਇਤਿਹਾਸ ਸਾਨੂੰ ਕੁਝ ਸਿਖਾਉਂਦਾ ਹੈ, ਤਾਂ ਉਹ ਇਹ ਹੈ ਕਿ ਜਦੋਂ ਅਸੀਂ ਕਹਾਣੀ ਦਾ ਸਿਰਫ ਅੱਧਾ ਹਿੱਸਾ ਹੀ ਦੱਸਦੇ ਹਾਂ, ਤਾਂ ਅਗਲੀ ਪੀੜ੍ਹੀ ਇਸ ਨੂੰ ਪੂਰਾ ਸੱਚ ਮੰਨ ਬੈਠਦੀ ਹੈ। ਮੈਂ ਉਸ ਇਤਿਹਾਸ ਦੇ ਇਕ ਹਿੱਸੇ ਦੀ ਰਿਪੋਰਟਿੰਗ ਕੀਤੀ ਸੀ। ਇਹ ਫ਼ਿਲਮ ਦੂਜਾ ਹਿੱਸਾ ਦੱਸਦੀ ਹੈ। ਪੰਜਾਬ ਇਨ੍ਹਾਂ ਦੋਵਾਂ ਨੂੰ ਯਾਦ ਰੱਖਣ ਦਾ ਹੱਕਦਾਰ ਹੈ।

-ਮਧੂ ਤ੍ਰੇਹਨ


author

Harpreet SIngh

Content Editor

Related News