ਆਯੁਰਵੈਦਿਕ ਦਵਾਈਆਂ ’ਤੇ ਡੂੰਘੀ ਵਿਗਿਆਨਕ ਖੋਜ

Monday, Jul 20, 2026 - 06:45 PM (IST)

ਆਯੁਰਵੈਦਿਕ ਦਵਾਈਆਂ ’ਤੇ ਡੂੰਘੀ ਵਿਗਿਆਨਕ ਖੋਜ

20 ਸਾਲ ਪਹਿਲਾਂ ਖੱਬੇਪੱਖੀ ਆਗੂ ਬ੍ਰਿੰਦਾ ਕਾਰਤ ਨੇ ਬਾਬਾ ਰਾਮਦੇਵ ਦੇ ਪਤੰਜਲੀ ਯੋਗ ਸੰਸਥਾਨ ਦੀਆਂ ਦਵਾਈਆਂ ਦੀ ਗੁਣਵੱਤਾ ’ਤੇ ਸਵਾਲ ਉਠਾਏ ਸਨ। ਉਦੋਂ ਇਹ ਬਹਿਸ ਮੀਡੀਆ ’ਚ ਛਾਈ ਰਹੀ ਸੀ। ਬ੍ਰਿੰਦਾ ਕਾਰਤ ਦੀ ਮਾਨਸਿਕਤਾ ਜਿਸ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਰਹੀ ਹੈ, ਉਸ ’ਚ ਅਜਿਹੇ ਵਿਵਾਦ ਖੜ੍ਹੇ ਕਰਨਾ ਆਮ ਗੱਲ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਆਯੁਰਵੇਦ ਦੀ ਭਰੋਸੇਯੋਗਤਾ ਅਤੇ ਗੁਣਵੱਤਾ ’ਤੇ ਸਵਾਲ ਖੜ੍ਹੇ ਕਰਨ ਵਾਲੇ ਲੋਕ ਕਦੇ ਐਲੋਪੈਥਿਕ ਦਵਾਈਆਂ ਬਾਰੇ ਅਜਿਹੇ ਖਦਸ਼ੇ ਜ਼ਾਹਿਰ ਨਹੀਂ ਕਰਦੇ। ਜਦੋਂ ਕਿ ਹਕੀਕਤ ਇਹ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਛੱਡੋ, ਵਿਕਸਿਤ ਦੇਸ਼ਾਂ ’ਚ ਵੀ ਬਹੁ-ਰਾਸ਼ਟਰੀ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਇਆਜਾਲ ਦੇ ਕਈ ਘਪਲੇ ਸਾਹਮਣੇ ਆਉਂਦੇ ਰਹੇ ਹਨ, ਜਿਨ੍ਹਾਂ ਨੂੰ ਪੈਸੇ, ਮੀਡੀਆ ਅਤੇ ਸੱਤਾ ਦੀ ਤਾਕਤ ਨਾਲ ਦਬਾਅ ਦਿੱਤਾ ਜਾਂਦਾ ਹੈ। ਇਹ ਅੰਗਰੇਜ਼ੀ ਦਵਾਈ ਵਾਲੀਆਂ ਕੰਪਨੀਆਂ ਸਾਡੀ ਜ਼ਿੰਦਗੀ ’ਚ ਕਿੰਨਾ ਜ਼ਹਿਰ ਘੋਲ ਰਹੀਆਂ ਹਨ, ਇਸ ’ਤੇ ਕਦੇ ਕੋਈ ਬਹਿਸ ਨਹੀਂ ਹੁੰਦੀ, ਜਦੋਂ ਕਿ ਪੁਰਾਣੀ ਕਹਾਵਤ ਹੈ ਕਿ ‘ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।’

ਖ਼ੈਰ, ਇਹ ਗੱਲ ਤਾਂ ਪੁਰਾਣੀ ਹੋ ਗਈ। ਨਵੀਂ ਗੱਲ ਤਾਂ ਇਹ ਹੈ ਕਿ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਪੱਛਮੀ ਜਗਤ ਦੀ ਇਸ ਚੁਣੌਤੀ ਨੂੰ ਬੜੀ ਮਜ਼ਬੂਤੀ ਨਾਲ ਸਵੀਕਾਰ ਕਰ ਲਿਆ ਹੈ। ਹੁਣ ਉਹ ਆਪਣੀ ਖੋਜ ਅਤੇ ਸ਼ਾਸਤਰੀ ਗ੍ਰੰਥਾਂ ’ਤੇ ਅਾਧਾਰਿਤ ਆਯੁਰਵੈਦਿਕ ਦਵਾਈਆਂ ਨੂੰ ਸਿੱਧਾ ਬਾਜ਼ਾਰ ’ਚ ਨਹੀਂ ਉਤਾਰ ਰਹੇ। ਹੁਣ ਉਨ੍ਹਾਂ ਨੇ ਹਰਿਦੁਆਰ ’ਚ ਹੀ, ‘ਪਤੰਜਲੀ ਰਿਸਰਚ ਇੰਸਟੀਚਿਊਟ’ ਦੀ ਸਥਾਪਨਾ ਕੀਤੀ ਹੈ, ਜਿੱਥੇ ਦੁਨੀਆ ਦੀਆਂ ਆਧੁਨਿਕ ਮਸ਼ੀਨਾਂ ਨਾਲ ਦਵਾਈਆਂ ਨੂੰ ਬਾਜ਼ਾਰ ’ਚ ਲਿਆਉਣ ਤੋਂ ਪਹਿਲਾਂ ਉਨ੍ਹਾਂ ’ਤੇ ਵਿਗਿਆਨਕ ਖੋਜ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਇਹ ਪਹਿਲ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ, ਜੋ ਆਯੁਰਵੈਦਿਕ ਦਵਾਈਆਂ ਦੀ ਵਿਗਿਆਨਕਤਾ ਨੂੰ ਚੁਣੌਤੀ ਦਿੰਦੇ ਆਏ ਹਨ।

ਪਿਛਲੇ ਹਫ਼ਤੇ ਹਰਿਦੁਆਰ ਯਾਤਰਾ ਦੌਰਾਨ ਮੈਨੂੰ ਇਸ ਖੋਜ ਸੰਸਥਾਨ ਨੂੰ ਦੇਖਣ ਦਾ ਮੌਕਾ ਮਿਲਿਆ। ਉੱਥੋਂ ਦੇ ਇਕ ਵਿਗਿਆਨੀ ਨੇ ਮੈਨੂੰ ਪੂਰੇ ਸੰਸਥਾਨ ਦਾ ਦੌਰਾ ਕਰਵਾਇਆ। ਇਸ ਸੰਸਥਾਨ ’ਚ ਕੈਂਸਰ, ਡਾਇਬੀਟੀਜ਼, ਸੋਜ, ਦਿਲ ਦੇ ਰੋਗ, ਛੂਤ ਦੇ ਰੋਗ ਅਤੇ ਚਮੜੀ ਦੇ ਰੋਗਾਂ ’ਤੇ ਵਿਸ਼ੇਸ਼ ਖੋਜ ਕੀਤੀ ਜਾ ਰਹੀ ਹੈ। ਇਸ ਸੰਸਥਾਨ ਦੀ ਕੈਮਿਸਟਰੀ ਲੈਬ ’ਚ ਆਯੁਰਵੈਦਿਕ ਦਵਾਈਆਂ ਨੂੰ ‘ਫਾਈਟੋ ਕੈਮਿਸਟਰੀ’ ਅਤੇ ‘ਐਨਾਲਿਟੀਕਲ ਕੈਮਿਸਟਰੀ’ ਦੀ ਦ੍ਰਿਸ਼ਟੀ ਤੋਂ ਪਰਖਿਆ ਜਾ ਰਿਹਾ ਹੈ। ਇਸੇ ਸੰਸਥਾਨ ਦੇ ਜੀਵ ਵਿਗਿਆਨ ਵਿਭਾਗ ’ਚ ਆਯੁਰਵੈਦਿਕ ਉਤਪਾਦਾਂ ਨੂੰ ਉਨ੍ਹਾਂ ਦੇ ਸਰੋਤ, ਜੜ੍ਹੀਆਂ-ਬੂਟੀਆਂ ਦੇ ਪੌਦੇ ਅਤੇ ਉਨ੍ਹਾਂ ’ਚੋਂ ਕੱਢੇ ਜਾਣ ਵਾਲੇ ਤੱਤਾਂ ਨੂੰ ਵੱਖ-ਵੱਖ ਪ੍ਰਜਾਤੀਆਂ ’ਤੇ ਪ੍ਰਯੋਗ ਕਰਕੇ ਉਨ੍ਹਾਂ ਦਾ ਡੂੰਘਾ ਵਿਗਿਆਨਕ ਅਧਿਐਨ ਕੀਤਾ ਜਾ ਰਿਹਾ ਹੈ। ਸੰਸਥਾਨ ਦੇ ਮਾਈਕ੍ਰੋਬਾਇਓਲੋਜੀ ਵਿਭਾਗ ’ਚ ਆਯੁਰਵੈਦਿਕ ਦਵਾਈਆਂ ਦੇ ਮਾਈਕ੍ਰੋਬਾਇਓਲੋਜੀਕਲ ਪ੍ਰੋਫਾਈਲ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ।

ਇਨ੍ਹਾਂ ਦਵਾਈਆਂ ਦੇ ਬੈਕਟੀਰੀਆ ਜਾਂ ਫੰਗਸ ਨਾਲ ਸਬੰਧਤ ਗੁਣਾਂ-ਦੋਸ਼ਾਂ ਨੂੰ ਆਧੁਨਿਕ ਮਸ਼ੀਨਾਂ ਨਾਲ ਪਰਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸੰਸਥਾਨ ਦੇ ਨੈਨੋ-ਟੈਕਨਾਲੋਜੀ ਵਿਭਾਗ ’ਚ ਦਵਾਈਆਂ ਦੀ ਮਾਤਰਾ ਨੂੰ ਘਟਾਉਣ ਅਤੇ ਉਨ੍ਹਾਂ ਦੇ ਸਾਈਡ-ਇਫੈਕਟਸ ਨੂੰ ਘੱਟ ਕਰਨ ਵਰਗੇ ਵਿਸ਼ਿਆਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਖੋਜ ਦੀ ਸਫ਼ਲਤਾ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਰੋਕਣ ’ਚ ਪ੍ਰਭਾਵਸ਼ਾਲੀ ਹੋ ਸਕਦੀ ਹੈ, ਅਜਿਹਾ ਇੱਥੇ ਖੋਜ ਕਰ ਰਹੇ ਵਿਗਿਆਨੀਆਂ ਦਾ ਵਿਸ਼ਵਾਸ ਹੈ।

ਇਸ ਤਰ੍ਹਾਂ ਦੇ ਪ੍ਰਯੋਗਾਂ ਲਈ ਆਮ ਤੌਰ ’ਤੇ ਪ੍ਰਯੋਗਸ਼ਾਲਾ ’ਚ ਰੱਖੇ ਜਾਣ ਵਾਲੇ ਕਾਫ਼ੀ ਗਿਣਤੀ ’ਚ ਜੀਵ-ਜੰਤੂ ਜਿਵੇਂ ਚੂਹੇ, ਖ਼ਰਗੋਸ਼, ਜੂੰਆਂ ਅਤੇ ਗਿਨੀਪਿਗ ਆਦਿ ਕੰਟਰੋਲਡ ਵਾਤਾਵਰਣ ’ਚ ਰੱਖੇ ਗਏ ਹਨ। ਉਨ੍ਹਾਂ ’ਤੇ ਦਵਾਈਆਂ ਦੇ ਪ੍ਰਯੋਗ ਕਰ ਕੇ ਉਨ੍ਹਾਂ ਦੇ ਪ੍ਰਭਾਵ ’ਤੇ ਖੋਜ ਕੀਤੀ ਜਾ ਰਹੀ ਹੈ। ਇਹ ਸਭ ਭਾਰਤ ਸਰਕਾਰ ਦੇ ‘ਵਣ ਅਤੇ ਵਾਤਾਵਰਣ ਮੰਤਰਾਲੇ’ ਵੱਲੋਂ ਨਿਰਧਾਰਿਤ ਮਾਪਦੰਡਾਂ ਅਧੀਨ ਕੀਤਾ ਜਾ ਰਿਹਾ ਹੈ।

ਸੰਸਥਾਨ ਦੇ ਦੌਰੇ ਦੌਰਾਨ ਮੈਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੇ ਵਿਗਿਆਨੀਆਂ ਨੂੰ ਬਹੁਤ ਸਾਰੇ ਅਜਿਹੇ ਸਵਾਲ ਪੁੱਛੇ ਜੋ ਇਕ ਆਮ ਵਿਅਕਤੀ ਦੇ ਦਿਮਾਗ ’ਚ ਉੱਠਦੇ ਹਨ। ਕਿਉਂਕਿ ਅੱਜ ਦੇਸ਼ ਦਾ ਮਾਹੌਲ ਅਜਿਹਾ ਹੈ ਕਿ ਇਸ਼ਤਿਹਾਰਾਂ ਦੇ ਸਹਾਰੇ ਤਮਾਮ ਨੁਕਸਾਨਦੇਹ ਪਦਾਰਥ ਅਤੇ ਦਵਾਈਆਂ ਬਾਜ਼ਾਰਾਂ ’ਚ ਧੜੱਲੇ ਨਾਲ ਵਿਕ ਰਹੀਆਂ ਹਨ, ਇਸ ਲਈ ਹਰ ਜਾਗਰੂਕ ਗਾਹਕ ਡੂੰਘੀ ਛਾਣਬੀਣ ਤੋਂ ਬਾਅਦ ਹੀ ਇਨ੍ਹਾਂ ਉਤਪਾਦਾਂ ’ਤੇ ਭਰੋਸਾ ਕਰ ਪਾਉਂਦਾ ਹੈ। ਪਤੰਜਲੀ ਖੋਜ ਸੰਸਥਾਨ ਦੀ ਇਹ ਪਹਿਲ ਆਮ ਖਪਤਕਾਰ ਦੇ ਭਰੋਸੇ ਨੂੰ ਮਜ਼ਬੂਤ ਕਰੇਗੀ, ਕਿਉਂਕਿ ਇਸ ਪ੍ਰਕਿਰਿਆ ’ਚੋਂ ਲੰਘਣ ਤੋਂ ਬਾਅਦ ਜੋ ਦਵਾਈ ਉਸ ਨੂੰ ਮਿਲੇਗੀ, ਉਸ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਨਹੀਂ ਲੱਗਣਗੇ। ਆਯੁਰਵੇਦ ਦੀਆਂ ਦਵਾਈਆਂ ਦੇ ਵਿਸ਼ੇ ’ਚ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਜੋ ਗ਼ਲਤ ਜਾਣਕਾਰੀ ਪ੍ਰਚਾਰੀ ਜਾਂਦੀ ਹੈ, ਉਸ ਨਾਲ ਨਜਿੱਠਣ ’ਚ ਇਸ ਸੰਸਥਾਨ ਦੀ ਖੋਜ ਇਕ ਕਾਰਗਰ ਹਥਿਆਰ ਸਾਬਤ ਹੋਵੇਗੀ।

ਇਸੇ ਚਰਚਾ ਦੌਰਾਨ ਮੈਂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਇਕ ਸੁਝਾਅ ਹੋਰ ਦਿੱਤਾ। ਇਸ ਸੁਝਾਅ ਦੇ ਪਿਛੋਕੜ ’ਚ ਉਹ ਗ੍ਰੰਥ ਸੀ, ‘ਆਹਾਰ ਸ਼ਾਸਤਰ’ ਜੋ ਮੈਂ ‘ਪੁਨਰਉੱਥਾਨ ਪ੍ਰਕਾਸ਼ਨ ਸੇਵਾ ਟਰੱਸਟ’, ਅਹਿਮਦਾਬਾਦ ਤੋਂ ਕੁਝ ਸਾਲ ਪਹਿਲਾਂ ਪ੍ਰਾਪਤ ਕੀਤਾ ਸੀ। ਇਸ ਗ੍ਰੰਥ ’ਚ ਡੂੰਘੀ ਖੋਜ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਭਾਰਤ ਦੇ ਕਿਸ ਸੂਬੇ ’ਚ, ਕਿਸ ਮੌਸਮ ’ਚ, ਕਿਸ ਧਾਤੂ ’ਚ ਅਤੇ ਕਿਵੇਂ ਭੋਜਨ ਪਕਾਇਆ ਜਾਵੇ, ਜੋ ਉੱਥੋਂ ਦੀ ਭੂਗੋਲਿਕ ਸਥਿਤੀ ਦੇ ਅਨੁਕੂਲ ਹੋਵੇ। ਇਸ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵੀ ਵਧੇਗੀ। ਮੇਰਾ ਸੁਝਾਅ ਹੈ ਕਿ ‘ਪਤੰਜਲੀ ਯੋਗ ਸੰਸਥਾਨ’ ਅਜਿਹੇ ਨੌਜਵਾਨ ਤਿਆਰ ਕਰੇ ਜੋ ਪਿੰਡ-ਪਿੰਡ ਘੁੰਮ ਕੇ ਘਰੇਲੂ ਔਰਤਾਂ ਨੂੰ ਸਿਹਤਮੰਦ ਰਵਾਇਤੀ ਭੋਜਨ ਬਣਾਉਣ ਦੀ ਸਿੱਖਿਆ ਦੇਣ।

ਅੱਜ ਮੋਮੋਜ਼, ਨੂਡਲਜ਼, ਬਰਗਰ, ਪੀਜ਼ਾ ਵਰਗੇ ਪਤਾ ਨਹੀਂ ਕਿੰਨੇ ਉਤਪਾਦ ਹਨ, ਜੋ ਹੁਣ ਭਾਰਤ ਦੀਆਂ ਨਾੜੀਆਂ ’ਚ ਪ੍ਰਵੇਸ਼ ਕਰ ਚੁੱਕੇ ਹਨ ਅਤੇ ਸਭ ਦੀ ਸਿਹਤ ਦਾ ਸੱਤਿਆਨਾਸ ਕਰ ਰਹੇ ਹਨ। ਇਹੀ ਹੈ ਬਾਜ਼ਾਰੂ ਸੰਸਕ੍ਰਿਤੀ। ਪਹਿਲਾਂ ਨਾ-ਖਾਣਯੋਗ ਚੀਜ਼ਾਂ ਖਾਓ, ਫਿਰ ਬਿਮਾਰ ਪਵੋ ਅਤੇ ਫਿਰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਓ। ਇਸ ਕੁਚੱਕਰ ਤੋਂ ਬਚਣ ਦਾ ਇਕੋ-ਇਕ ਤਰੀਕਾ ਹੈ ਕਿ ਅਸੀਂ ਆਪਣੇ ਖਾਣ-ਪੀਣ ਅਤੇ ਰੁਟੀਨ ਨੂੰ ਬਦਲੀਏ। ਮੈਨੂੰ ਖੁਸ਼ੀ ਹੋਈ ਕਿ ਮੇਰੇ ਇਸ ਸੁਝਾਅ ’ਤੇ ਆਚਾਰੀਆ ਬਾਲਕ੍ਰਿਸ਼ਨ ਨੇ ਤੁਰੰਤ ਆਪਣੇ ਲੋਕਾਂ ਨੂੰ ਨਿਰਦੇਸ਼ ਦਿੱਤਾ ਕਿ ਇਸ ਮਾਡਲ ਦੀ ਸੰਭਾਵਨਾ ਤਲਾਸ਼ਣ।
—ਵਿਨੀਤ ਨਾਰਾਇਣ


author

Shubam Kumar

Content Editor

Related News