ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਰਹੀ ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’

Thursday, May 29, 2025 - 06:59 PM (IST)

ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਰਹੀ ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’

ਆਪ੍ਰੇਸ਼ਨ ਸਿੰਧੂਰ ਦੌਰਾਨ 4 ਦਿਨਾਂ ਤੱਕ ਚੱਲੀ ਸੀਮਤ ਜੰਗ ਨੇ ਭਾਰਤ ਨੂੰ ਅੱਤਵਾਦ ਵਿਰੁੱਧ ਆਪਣੀ ਨੀਤੀ ’ਚ ਪਹਿਲੀ ਵਾਰ ਇਕ ਮੂਲੋਂ ਤਬਦੀਲੀ ਕਰਨ ਲਈ ਮਜਬੂਰ ਕੀਤਾ। ਪਹਿਲੀ ਵਾਰ ਦੇਸ਼ ਨੇ ਭਵਿੱਖ ’ਚ ਸਰਹੱਦ ਪਾਰੋਂ ਹੋਈ ਕਿਸੇ ਵੀ ਅੱਤਵਾਦੀ ਘਟਨਾ ਨੂੰ ਦੇਸ਼ ਦੇ ਵਿਰੁੱਧ ਜੰਗ ਮੰਨਣ ਦਾ ਨੀਤੀ ਅਨੁਸਾਰ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਦਾ ਪੱਕਾ ਇਰਾਦਾ ਅਤੇ ਸਖਤ ਤੇਵਰ ਪਿਛਲੀਆਂ ਸਰਕਾਰਾਂ ਨਾਲੋਂ ਬਿਲਕੁਲ ਅਲੱਗ ਹੈ। ਕਾਂਗਰਸ ਦੀਆਂ ਸਰਕਾਰਾਂ ਤਾਂ ਅਮਨ ਦੇ ਕਬੂਤਰ ਉਡਾਉਣ ’ਚ ਹੀ ਰੁੱਝੀਆਂ ਰਹੀਆਂ ਸਨ। ਦਹਾਕਿਆਂ ਤੋਂ ਪਾਕਿਸਤਾਨ ਸਮਰਥਿਤ ਅੱਤਵਾਦ ਦਾ ਡੰਗ ਸਹਿਣ ਵਾਲੇ ਦੇਸ਼ ’ਚ ਜਦੋਂ ‘ਅਪੀਲ ਨਹੀਂ ਹੁਣ ਜੰਗ ਹੋਵੇਗੀ’ ਦਾ ਜੰਗ ਦਾ ਨਾਅਰਾ ਗੂੰਜਣ ਲੱਗਾ ਤਾਂ ਉਸ ਦੇ ਪਿੱਛੇ ਵੀ ਮੋਦੀ ਪ੍ਰਤੀ ਭਰੋਸਾ ਹੀ ਸੀ।

ਇਸ ਦੀਆਂ ਗੂੰਜਾਂ ਅਜੇ ਵੀ ਸੁਣਾਈ ਦੇ ਰਹੀਆਂ ਹਨ ਪਰ ਜਦੋਂ ਸਾਡੀ ਫੌਜ ਪਾਕਿਸਤਾਨ ’ਤੇ ਭਾਰੂ ਹੋ ਰਹੀ ਸੀ ਤਾਂ ਅਚਾਨਕ ਜੰਗਬੰਦੀ ਦੇ ਐਲਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦੇਸ਼ ਦੇ ਆਮ ਆਦਮੀ ਲਈ ਇਸ ਰਣਨੀਤੀ ਨੂੰ ਸਮਝਣਾ ਸੱਚਮੁੱਚ ਮੁਸ਼ਕਲ ਸੀ। ਸ਼ਾਇਦ ਇਸ ਰਾਹੀਂ, ਮੋਦੀ ਸਰਕਾਰ ਇਸ਼ਾਰਿਆਂ ’ਚ ਦੇਸ਼ ਅਤੇ ਦੁਨੀਆ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਇਕ ਉਦਾਰ ਲੋਕਤੰਤਰ ਦੇ ਫੈਸਲੇ ਰਣਨੀਤਕ ਅਤੇ ਦੂਰਗਾਮੀ ਫੈਸਲਿਆਂ ਦੁਆਰਾ ਪ੍ਰਭਾਵਿਤ ਹੁੰਦੇ ਹਨ, ਨਾ ਕਿ ਪਾਕਿਸਤਾਨ ਵਰਗੇ ਜਿਹਾਦੀ ਜੰਗਬਾਜ਼ਾਂ ਦੁਆਰਾ।

ਦੇਸ਼ ਸੀਮਤ ਉਦੇਸ਼ਾਂ ਵਾਲੀ ਇਸ ਸਫਲਤਾ ਤੋਂ ਖੁਸ਼ ਹੈ ਪਰ ਥੋੜ੍ਹਾ ਨਿਰਾਸ਼ ਵੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਜਲਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ ਵੀ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਗਾਰੰਟੀ ਦੇ ਕਿ ਉਹ ਭਵਿੱਖ ’ਚ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ।

ਬਹੁਤ ਸਾਰੇ ਸਵਾਲਾਂ ਦਾ ਅਜੇ ਵੀ ਜਵਾਬ ਨਹੀਂ ਹੈ ਜਿਵੇਂ ਕਿ, ਕੀ ‘ਆਪ੍ਰੇਸ਼ਨ ਸਿੰਧੂਰ’ ਨੂੰ ਇਕ ਫੈਸਲਾਕੁੰਨ ਜਿੱਤ ਮੰਨਿਆ ਜਾਣਾ ਚਾਹੀਦਾ ਹੈ ਜਾਂ ਇਕ ਮਹਿਜ਼ ਰਣਨੀਤਕ ਸਫਲਤਾ, ਜੋ ਕਿ ਜਿਹਾਦੀ ਪਾਕਿਸਤਾਨ ਲਈ ਸਿਰਫ਼ ਇਕ ਸੁਨੇਹਾ ਸੀ ਅਤੇ ਇਕ ਖ਼ਤਰਨਾਕ ਚਿਤਾਵਨੀ ਨਹੀਂ? ਕੀ ਪਾਕਿਸਤਾਨ ਇਸ ਤੋਂ ਬਾਅਦ ਭਾਰਤ ਵਿਰੁੱਧ ਅੱਤਵਾਦ ਬੰਦ ਕਰ ਦੇਵੇਗਾ? ਕੀ ਦੁਨੀਆ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨੂੰ ਇਕ ਅੱਤਵਾਦੀ ਦੇਸ਼ ਮੰਨੇਗੀ?

ਕੀ ਸਾਡੀ ਸੰਜਮੀ ਵਿਦੇਸ਼ ਨੀਤੀ ਇਕ ਫੈਸਲਾਕੁੰਨ ਜੰਗ ਲੜਨ ’ਚ ਰੁਕਾਵਟ ਹੈ? ਕੀ ਅਮਰੀਕਾ, ਜੋ ਭਾਰਤ ਨੂੰ ਆਪਣਾ ‘ਰਣਨੀਤਕ ਭਾਈਵਾਲ’ ਕਹਿੰਦਾ ਹੈ, ਨੇ ਭਾਰਤ-ਪਾਕਿਸਤਾਨ ਨੂੰ ਦੁਬਾਰਾ ‘ਹਾਈਫਨੇਟ’ ਕਰਕੇ ਆਪਣੇ ਉੱਭਰ ਰਹੇ ਅੰਤਰਰਾਸ਼ਟਰੀ ਕੱਦ ਨੂੰ ਘਟਾ ਦਿੱਤਾ ਹੈ?

ਅਜਿਹੇ ਕਈ ਸਵਾਲ ਦੇਸ਼ਵਾਸੀਆਂ ਦੇ ਮਨ ’ਚ ਹਨ ਜਿਨ੍ਹਾਂ ਦਾ ਉੱਤਰ ਸ਼ਾਇਦ ਨਾ ਮਿਲ ਸਕੇ ਪਰ ਉਨ੍ਹਾਂ ਨੂੰ ਜਾਣਨਾ ਜ਼ਰੂਰੀ ਹੈ। ਕਸ਼ਮੀਰ ਦੇ ਬਹਾਨੇ ਪਾਕਿਸਤਾਨ ਭਾਰਤ ਨਾਲ ਹੁਣ ਤਕ ਜੋ ‘ਅਣ-ਐਲਾਨੀ ਜੰਗ’ ਲੜ ਰਿਹਾ ਹੈ ਕੀ ਉਹ ਸਿਰਫ ਇਕ ‘ਟੈਰੀਟੋਰੀਅਲ ਵਾਰ’ ਹੈ? ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਇਸ ਨੂੰ ਨਵੇਂ ਚਸ਼ਮੇ ਨਾਲ ਦੇਖੀਏ ਅਤੇ ਇਸ ਦੇ ਪਿੱਛੇ ਲੁਕੇ ਪਾਕਿਸਤਾਨ ਦੇ ਪੋਲੀਟੀਕਲ ਏਜੰਡੇ ਸਮਝੀਏ।

ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’ ਨੇ ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਲਿਆ ਹੈ ਜਿਸ ਨੂੰ ਤੁਰਕੀ ਅਤੇ ਅਜ਼ਰਬੈਜਾਨ ਵਰਗੇ ਇਸਲਾਮਿਕ ਦੇਸ਼ਾਂ ਦਾ ਸਪੱਸ਼ਟ ਸਮਰਥਨ ਮਿਲ ਰਿਹਾ ਹੈ। ਜਨਰਲ ਮੁਨੀਰ ਦੇ ਭੜਕਾਊ ਭਾਸ਼ਣ ਜਿਸ ਤੋਂ ਬਾਅਦ ਪਹਿਲਗਾਮ ’ਚ ਧਰਮ ਪੁੱਛ ਕੇ ਸੈਲਾਨੀਆਂ ਦੀ ਹੱਤਿਆ ਕੀਤੀ ਗਈ, ਉਹ ਤਾਂ ਬੇਸ਼ੱਕ ਇਸਲਾਮੀ ਜਿਹਾਦ ਸੀ, ਕੋਈ ਸਿਆਸੀ ਤਹਿਰੀਕ ਨਹੀਂ।

ਸਮਾਂ ਆ ਗਿਆ ਹੈ ਕਿ ਭਾਰਤ ਆਪਣਾ ਨੈਰੇਟਿਵ ਬਦਲੇ ਅਤੇ ਅਜਿਹੀਆਂ ਘਟਨਾਵਾਂ ਨੂੰ ਸਰਹੱਦ ਪਾਰ ਜਾਂ ਪਾਕਿ ਸਮਰਥਿਤ ਅੱਤਵਾਦ ਕਹਿਣ ਦੀ ਬਜਾਏ ਖੁੱਲ੍ਹ ਕੇ ਹਿੰਦੂ-ਬਹੁਤਾਤ ਵਾਲੇ ਭਾਰਤ ਵਿਰੁੱਧ ਜਿਹਾਦ ਕਹਿਣਾ ਸ਼ੁਰੂ ਕਰੇ।

ਪੱਛਮ ਦੇ ਛੋਟੇ-ਛੋਟੇ ਦੇਸ਼ ਜੋ ਭਾਰਤ ਵਰਗੇ ਦੇਸ਼ਾਂ ਨੂੰ ਸੈਕੂਲਰਿਜ਼ਮ, ਉਦਾਰਵਾਦ ਅਤੇ ਪ੍ਰਜਾਤੰਤਰਿਕ ਕੀਮਤਾਂ ’ਤੇ ਉਪਦੇਸ਼ ਦਿੰਦੇ ਨਹੀਂ ਥੱਕਦੇ, ਉਨ੍ਹਾਂ ਦੀਆਂ ਘਿਨੌਣੀਆਂ ਅਤੇ ਲੁਕਵੀਆਂ ਉਦਾਰਵਾਦੀ ਨੀਤੀਆਂ ਕਾਰਨ ਉਨ੍ਹਾਂ ਦੇ ਆਪਣੇ ਦੇਸ਼ ਕੱਟੜ ਜਿਹਾਦੀਆਂ ਅਤੇ ਇਸਲਾਮਿਸਟਾਂ ਦੇ ਗੜ੍ਹ ਬਣ ਚੁੱਕੇ ਹਨ। ਉਨ੍ਹਾਂ ਨਾਲ ਨਜਿੱਠਣ ਦਾ ਕੋਈ ਕਾਰਗਰ ਤਰੀਕਾ ਉਨ੍ਹਾਂ ਕੋਲ ਨਹੀਂ ਹੈ।

ਵਿਸ਼ਵ ਪੱਧਰ ’ਤੇ ਸਿਰਫ ਭਾਰਤ ਅਤੇ ਇਜ਼ਰਾਈਲ ਹੀ 2 ਅਜਿਹੇ ਦੇਸ਼ ਹਨ ਜੋ ਪਾਲੀਟੀਕਲ ਇਸਲਾਮ ਅਤੇ ਉਸ ਦੇ ਜਿਹਾਦੀ ਏਜੰਡੇ ਦੇ ਖਿਲਾਫ ਡਟ ਕੇ ਮੁਕਾਬਲਾ ਕਰ ਰਹੇ ਹਨ। ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਦਾ ਪੂਰਾ ਨੈਰੇਟਿਵ ਵਿਸ਼ਵ ਭਾਈਚਾਰੇ ਦੇ ਸਾਹਮਣੇ ਪਾਕਿਸਤਾਨ ਨੂੰ ਅੱਤਵਾਦ ਦੇ ਨਾਲ-ਨਾਲ ਇਕ ਇਸਲਾਮੀ ਜਿਹਾਦ ਚਲਾਉਣ ਵਾਲੇ ਮੁਲਕ ਦੇ ਰੂਪ ’ਚ ਐਕਸਪੋਜ਼ ਕਰਨ ’ਤੇ ਵੀ ਹੋਣਾ ਚਾਹੀਦਾ ਹੈ।

‘ਆਪ੍ਰੇਸ਼ਨ ਸਿੰਧੂਰ’ ਰਾਹੀਂ ਮੋਦੀ ਸਰਕਾਰ ਨੇ ਜਿਸ ਸਖਤ ਪਰ ਸੰਜਮੀ ਰੁਖ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਕੌਮਾਂਤਰੀ ਮਾਮਲਿਆਂ ਦੇ ਮਾਹਿਰਾਂ ਨੇ ਵੀ ਨੋਟ ਕੀਤਾ ਹੈ। ਕੌਮਾਂਤਰੀ ਰਾਜਨੀਤੀ ਦੇ ਮੰਨੇ-ਪ੍ਰਮੰਨੇ ਮਾਹਿਰ ਜਾਨ ਮੀਅਰਸਹਾਈਮਰ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਭਾਰਤ ਨੇ ਪਾਕਿਸਤਾਨ ਪ੍ਰਤੀ ਇਕ ਨਵਾਂ ਸੁਰੱਖਿਆ ਦ੍ਰਿਸ਼ਟੀਕੋਣ ਅਪਣਾਇਆ ਹੈ ਜਿਸ ’ਚ ਸੀਮਤ ਫੌਜੀ ਕਾਰਵਾਈ ਦੇ ਜ਼ਰੀਏ ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਨਾ ਕਿ ਆਮ ਨਾਗਰਿਕਾਂ ਜਾਂ ਫੌਜੀ ਅਦਾਰਿਆਂ ਨੂੰ।

ਹਾਲਾਂਕਿ ਭਾਰਤੀ ਫੌਜੀ ਕਾਰਵਾਈ ’ਚ ਪਾਕਿਸਤਾਨੀ ਹਵਾਈ ਫੌਜ ਦੇ ਕਈ ਹਵਾਈ ਅੱਡੇ ਤਬਾਹ ਕਰ ਦਿੱਤੇ ਗਏ। ਇਸ ’ਚ ਸ਼ੱਕ ਨਹੀਂ ਕਿ ਭਾਰਤ ਨੇ ਪਾਕਿਸਤਾਨ ਦੀ ਪ੍ਰਮਾਣੂ ਜੰਗ ਦੀ ਧਮਕੀ ਨੂੰ ਵੀ ਖੋਖਲਾ ਸਾਬਿਤ ਕਰ ਦਿੱਤਾ।

ਪ੍ਰਸਿੱਧ ਪੱਤਰਕਾਰ ਫਰੀਦ ਜਕਾਰੀਆ ਨੇ ਵੀ ਕਿਹਾ ਕਿ ਭਾਰਤ ਨੂੰ ਲੰਬੇ ਸਮੇਂ ਦੀ ਰਣਨੀਤੀ ਤਹਿਤ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੂੰ ਵੱਡੀ ਪੱਧਰ ’ਤੇ ਸੰਘਰਸ਼ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਪਰ ਹੁਣ ਭਾਰਤ ਨੂੰ ਆਪਣੀ ਸੁਰੱਖਿਆ ਨੀਤੀ ਅਤੇ ਨੈਰੇਟਿਵ ’ਚ ਬਦਲਾਅ ਲਿਆਉਣ ਦੀ ਲੋੜ ਹੈ। ਪਾਕਿਸਤਾਨ ਸਪਾਂਸਰਡ ਅੱਤਵਾਦ ਨੂੰ ਸਿਰਫ ਇਕ ਸੀਮਤ ਸਮੱਸਿਆ ਮੰਨਣ ਦੀ ਬਜਾਏ ਇਸ ਨੂੰ ਇਕ ‘ਇਸਲਾਮੀ ਜਿਹਾਦ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ।

ਪਾਕਿਸਤਾਨ ਦਾ ਉਦੇਸ਼ ਸਿਰਫ ਖੇਤਰੀ ਨਹੀਂ ਸਗੋਂ ਭਾਰਤ ਨੂੰ ਧਾਰਮਿਕ ਅਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਕਰਨਾ ਹੈ। ਇਸ ਲਈ ਭਾਰਤ ਨੂੰ ਆਪਣੀ ਸੁਰੱਖਿਆ ਰਣਨੀਤੀ ਨੂੰ ਇਸ ਨੈਰੇਟਿਵ ਦੇ ਅਨੁਸਾਰ ਮੁੜ ਤਿਆਰ ਕਰਨਾ ਹੋਵੇਗਾ, ਜਿਸ ਨਾਲ ਅਸੀਂ ਪਾਕਿਸਤਾਨ ਦੀਆਂ ਜਿਹਾਦੀ ਸਰਗਰਮੀਆਂ ਨੂੰ ਸਪੱਸ਼ਟ ਰੂਪ ਨਾਲ ਪਛਾਣ ਸਕੀਏ ਅਤੇ ਉਨ੍ਹਾਂ ਦਾ ਮੁਕਾਬਲਾ ਕਰ ਸਕੀਏ।

ਮਿਹਿਰ ਭੋਲੇ


author

Rakesh

Content Editor

Related News