ਜੈਸ਼ੰਕਰ ਜਾਣਗੇ ਪਾਕਿ-ਐੱਸ.ਸੀ.ਓ. ਬੈਠਕ ’ਚ ਹਿੱਸਾ ਲੈਣ, ਪਾਕਿਸਤਾਨ ਨਾਲ ਸਬੰਧ ਸੁਧਰਨ ਦਾ ਮੌਕਾ!

Sunday, Oct 06, 2024 - 03:53 AM (IST)

ਹੋਂਦ ’ਚ ਆਉਣ ਦੇ ਬਾਅਦ ਤੋਂ ਭਾਰਤ ਦੇ ਵਿਰੁੱਧ ਵਾਰ-ਵਾਰ ਜੰਗ ਲੜ ਕੇ ਕਰਾਰੀ ਹਾਰ ਖਾ ਚੁੱਕੇ ਪਾਕਿਸਤਾਨ ਦੇ ਹਾਕਮਾਂ ਨੇ ਅਜੇ ਵੀ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਬੰਦ ਨਹੀਂ ਕੀਤੀਆਂ ਅਤੇ ਆਪਣੇ ਪਾਲੇ ਹੋਏ ਅੱਤਵਾਦੀਆਂ ਰਾਹੀਂ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਜਾਰੀ ਰੱਖਣ ਦੇ ਇਲਾਵਾ ਭਾਰਤ ਦੀ ਅਰਥਵਿਵਸਥਾ ਤਬਾਹ ਕਰਨ ਲਈ ਜਾਅਲੀ ਕਰੰਸੀ, ਨੌਜਵਾਨਾਂ ਨੂੰ ਤਬਾਹ ਕਰਨ ਲਈ ਨਸ਼ੇ ਅਤੇ ਖੂਨ-ਖਰਾਬੇ ਲਈ ਹਥਿਆਰ ਭੇਜਣਾ ਜਾਰੀ ਰੱਖਿਆ ਹੋਇਆ ਹੈ।

ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਅਗਸਤ ਮਹੀਨੇ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15-16 ਅਕਤੂਬਰ ਨੂੰ ਇਸਲਾਮਾਬਾਦ ’ਚ ਹੋਣ ਵਾਲੇ ‘ਸ਼ੰਘਾਈ ਸਹਿਯੋਗ ਸੰਗਠਨ’ (ਐੱਸ.ਸੀ.ਓ.) ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਸੱਦਾ ਭੇਜਿਆ ਸੀ।

ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਤਣਾਅਪੂਰਨ ਸਬੰਧਾਂ ਦੇ ਲੰਬੇ ਇਤਿਹਾਸ ਦੇ ਕਾਰਨ ਪਹਿਲਾਂ ਭਾਰਤ ਨੇ ਇਸ ਸੱਦੇ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਹੁਣ ਭਾਰਤ ਸਰਕਾਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਉਕਤ ਸੰਮੇਲਨ ’ਚ ਹਿੱਸਾ ਲੈਣ ਲਈ ਭੇਜਣ ਦਾ ਫੈਸਲਾ ਕੀਤਾ ਹੈ, ਜਿੱਥੇ ਉਹ ਇਸਲਾਮਾਬਾਦ ’ਚ ‘ਸ਼ੰਘਾਈ ਸਹਿਯੋਗ ਸੰਗਠਨ’ (ਐੱਸ.ਸੀ.ਓ.) ਦੇ ‘ਹੈੱਡਸ ਆਫ ਗਵਰਨਮੈਂਟ’ ਸੰਮੇਲਨ ’ਚ ਸ਼ਾਮਲ ਹੋਣਗੇ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਦੇ ਅਨੁਸਾਰ, ਪਿਛਲੇ 9 ਸਾਲਾਂ ’ਚ ਭਾਰਤ ਦੇ ਕਿਸੇ ਮੰਤਰੀ ਦੀ ਪਾਕਿਸਤਾਨ ਯਾਤਰਾ ਦਾ ਇਹ ਪਹਿਲਾ ਮੌਕਾ ਹੋਵੇਗਾ। ਇਸ ਤੋਂ ਪਹਿਲਾਂ 25 ਦਸੰਬਰ, 2015 ਨੂੰ ਇਕ ਸਰਪ੍ਰਾਈਜ਼ ਵਿਜ਼ਿਟ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਦੋਹਤੀ ਮੇਹਰੂਨਿਸਾ ਦੇ ਵਿਆਹ ਸਮਾਗਮ ’ਚ ਪਹੁੰਚ ਕੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ ਅਤੇ ਉਸੇ ਸਾਲ ਭਾਰਤ ਦੀ ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਪਾਕਿਸਤਾਨ ਦੇ ਦੌਰੇ ’ਤੇ ਗਈ ਸੀ।

ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਕਿਉਂਕਿ ਇਹ ਯਾਤਰਾ ‘ਸ਼ੰਘਾਈ ਸਹਿਯੋਗ ਸੰਗਠਨ’ ਸੰਮੇਲਨ ਲਈ ਹੈ, ਇਸ ਲਈ ਇਸ ਦਾ ਵੱਧ ਮਤਲਬ ਨਹੀਂ ਕੱਢਣਾ ਚਾਹੀਦਾ। ਇਹ ਯਾਤਰਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਭਾਰਤ ਯੂਰੇਸ਼ੀਅਨ ਬਲਾਕ ਨੂੰ ਕਿੰਨਾ ਮਹੱਤਵ ਦਿੰਦਾ ਹੈ।

ਇਸਲਾਮਾਬਾਦ ’ਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਅਜੇ ਬਿਸਾਰੀਆ ਦਾ ਕਹਿਣਾ ਹੈ ਕਿ ਹੁਣ ਗੇਂਦ ਪੂਰੀ ਤਰ੍ਹਾਂ ਪਾਕਿਸਤਾਨ ਦੇ ਪਾਲੇ ’ਚ ਹੈ ਕਿਉਂਕਿ ਜੈਸ਼ੰਕਰ ਨੂੰ ਭੇਜ ਕੇ ਭਾਰਤ ਨੇ ਇਕ ਦਲੇਰੀ ਭਰਿਆ ਕਦਮ ਚੁੱਕਿਆ ਹੈ ਜੋ ਇਸ ਤਣਾਅਗ੍ਰਸਤ ਰਿਸ਼ਤੇ ਨੂੰ ਸੁਧਾਰਨ ਦੀ ਭਾਰਤ ਦੀ ਇੱਛਾ ਦਾ ਸੰਕੇਤ ਦਿੰਦਾ ਹੈ।

ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਭਾਰਤ ਦੇ ਨਾਲ ਸਬੰਧ ਸੁਧਾਰਨ ਦੀ ਦਿਸ਼ਾ ’ਚ ਹਾਂਪੱਖੀ ਕਦਮ ਚੁੱਕਦੇ ਹੋਏ ਭਾਰਤ ਵਿਰੋਧੀ ਸਰਗਰਮੀਆਂ ਬੰਦ ਕਰੇ। ਇਸੇ ’ਚ ਦੋਵਾਂ ਦੇਸ਼ਾਂ ਦੀ ਖੁਸ਼ਹਾਲੀ ਸ਼ਾਮਲ ਹੈ। ਬਕੌਲ ਸ਼ਾਇਰ :

ਦੋ ਕਦਮ ਤੁਮ ਭੀ ਚਲੋ, ਦੋ ਕਦਮ ਹਮ ਭੀ ਚਲੇਂ,

ਮੰਜ਼ਿਲੇਂ ਪਿਆਰ ਕੀ ਆਏਂਗੀ, ਚਲਤੇ-ਚਲਤੇ।

-ਵਿਜੇ ਕੁਮਾਰ


Harpreet SIngh

Content Editor

Related News