ਊਧਵ ਅਤੇ ਸ਼ਰਦ ਪਵਾਰ ਲਈ ਮਹਾਰਾਸ਼ਟਰ ਦੀ ਸਿਆਸਤ ’ਚ ਵਾਪਸ ਪਰਤਣਾ ਔਖਾ

Monday, Nov 25, 2024 - 05:40 PM (IST)

ਊਧਵ ਅਤੇ ਸ਼ਰਦ ਪਵਾਰ ਲਈ ਮਹਾਰਾਸ਼ਟਰ ਦੀ ਸਿਆਸਤ ’ਚ ਵਾਪਸ ਪਰਤਣਾ ਔਖਾ

ਹਰਿਆਣਾ ਦੇ ਬਾਅਦ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵੀ ਪ੍ਰਚੰਡ ਜਿੱਤ ਨਾਲ ਭਾਜਪਾ ਦਾ ਉਹ ਆਤਮ-ਸਨਮਾਨ ਪਰਤ ਆਵੇਗਾ, ਜੋ ਲੋਕ ਸਭਾ ’ਚ ਇਕੱਲੇ ਦਮ ’ਤੇ ਬਹੁਮਤ ਤੋਂ ਵਾਂਝੇ ਰਹਿਣ ’ਤੇ ਡਾਵਾਂਡੋਲ ਲੱਗ ਰਿਹਾ ਸੀ। ਦੂਜੇ ਪਾਸੇ ਹੱਥ ਆਉਂਦੀ ਸੱਤਾ ਹਰਿਆਣਾ ਦੇ ਬਾਅਦ ਮਹਾਰਾਸ਼ਟਰ ’ਚ ਵੀ ਤਿਲਕ ਜਾਣ ਦੇ ਸਦਮੇ ਤੋਂ ਉੱਭਰ ਸਕਣਾ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਲਈ ਸੌਖਾ ਨਹੀਂ ਹੋਵੇਗਾ।
ਇਨ੍ਹਾਂ ਚੋਣ ਨਤੀਜਿਆਂ ਦਾ ਮਨੋਵਿਗਿਆਨਕ ਅਸਰ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ। ਬਿਹਾਰ ’ਚ ਹੋਈਆਂ ਚਾਰ ਵਿਧਾਨ ਸਭਾ ਉਪ ਚੋਣਾਂ ’ਚ ਰਾਜਗ ਦੀ ਜਿੱਤ ‘ਇੰਡੀਆ’ ਲਈ ਖਤਰੇ ਦਾ ਹੀ ਸੰਕੇਤ ਹੈ। ਪੰਜਾਬ ’ਚ ਚਾਰ ’ਚੋਂ ਤਿੰਨ ਵਿਧਾਨ ਸਭਾ ਉਪ ਚੋਣਾਂ ਜਿੱਤ ਲੈਣ ਨੂੰ ਦਿੱਲੀ ਦਾ ਸੈਮੀਫਾਈਨਲ ਦੱਸ ਰਹੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਜਾਣਦੇ ਹਨ ਕਿ ਦਿੱਲੀ ’ਚ ਸੱਤਾ ਦੀ ਜੰਗ ਇਸ ਵਾਰ ਪਿਛਲੀ ਵਾਰ ਜਿੰਨੀ ਸੌਖੀ ਨਹੀਂ ਹੋਵੇਗੀ।

ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਮਹਾਰਾਸ਼ਟਰ ’ਚ ਸੱਤਾਧਾਰੀ ਮਹਾਯੁਤੀ ’ਤੇ ਵਿਰੋਧੀ ਗੱਠਜੋੜ ਮਹਾ ਵਿਕਾਸ ਆਘਾੜੀ ਭਾਰੀ ਪੈਂਦਾ ਨਜ਼ਰ ਆਇਆ ਸੀ। ਲੋਕ ਸਭਾ ਚੋਣਾਂ ’ਚ ਲਗਭਗ ਇਕ ਤਿਹਾਈ ਸੀਟਾਂ ’ਤੇ ਸੁੰਗੜ ਜਾਣ ਦੇ ਬਾਵਜੂਦ ਮਹਾਯੁਤੀ ਲਈ ਤਸੱਲੀ ਦੀ ਗੱਲ ਸੀ ਕਿ ਵਿਧਾਨ ਸਭਾ ਹਲਕਿਆਂ ’ਚ ਬੜ੍ਹਤ ਦੇ ਮਾਮਲੇ ’ਚ ਫਾਸਲਾ ਵੱਧ ਨਹੀਂ ਸੀ। ਵੋਟ ਫੀਸਦੀ ’ਚ ਵੱਧ ਫਰਕ ਨਹੀਂ ਸੀ।

ਇਸ ਲਈ ਮਹਾਯੁਤੀ ਨੇ ਹਿੰਮਤ ਹਾਰੇ ਬਿਨਾਂ ਜ਼ਮੀਨੀ ਸਿਆਸਤ ਅਤੇ ਚੋਣਾਂ ਦੇ ਪ੍ਰਬੰਧਨ ਦੀ ਬਿਸਾਤ ਵਿਛਾਈ ਅਤੇ ਹਾਰੀ ਹੋਈ ਜਾਪ ਰਹੀ ਬਾਜ਼ੀ ਇਸ ਤਰ੍ਹਾਂ ਪਲਟ ਦਿੱਤੀ ਕਿ ਚੁਣੌਤੀ ਦੇਣ ਵਾਲੇ ਚਿਹਰੇ ਊਧਵ ਠਾਕਰੇ ਨੂੰ ਵੀ ਕਹਿਣਾ ਪਿਆ ਕਿ ਇਹ ਤਾਂ ਸੁਨਾਮੀ ਹੈ। ਅਕਸਰ ਹਾਰ ਦੇ ਬਾਅਦ ਈ. ਵੀ. ਐੱਮ. ਸਮੇਤ ਚੋਣ ਪ੍ਰਕਿਰਿਆ ’ਤੇ ਉਂਗਲੀ ਉਠਾਉਣ ਵਾਲੀ ਵਿਰੋਧੀ ਧਿਰ ਨੇ ਫਿਲਹਾਲ ਤਾਂ ਸਮੀਖਿਆ ਅਤੇ ਸਵੈ-ਪੜਚੋਲ ਦੀ ਗੱਲ ਹੀ ਕਹੀ ਹੈ।

ਦਰਅਸਲ ਇਹ ਵਿਰੋਧੀ ਧਿਰ ਲਈ ਸਮੀਖਿਆ ਤੋਂ ਵੀ ਵੱਧ ਸਵੈ-ਪੜਚੋਲ ਦੀ ਘੜੀ ਹੈ। ਆਖਿਰ ਕੁਝ ਤਾਂ ਕਾਰਨ ਹਨ ਕਿ ਵਿਰੋਧੀ ਧਿਰ ਜਿੱਤੀ ਦਿਸ ਰਹੀ ਬਾਜ਼ੀ ਵੀ ਹਾਰ ਜਾਂਦੀ ਹੈ ਅਤੇ ਭਾਜਪਾ ਜਾਂ ਉਸਦੀ ਅਗਵਾਈ ਵਾਲਾ ਗੱਠਜੋੜ ਹਾਰੀ ਹੋਈ ਦਿਸ ਰਹੀ ਬਾਜ਼ੀ ਵੀ ਜਿੱਤ ਜਾਂਦਾ ਹੈ।

ਮਹਾਰਾਸ਼ਟਰ ਤਾਂ ਹਰਿਆਣਾ ਤੋਂ ਵੀ 2 ਕਦਮ ਅੱਗੇ ਨਿਕਲ ਗਿਆ। ਲੋਕ ਸਭਾ ਚੋਣਾਂ ’ਚ ਭਾਜਪਾ ਦੀ ਮਹਾਯੁਤੀ ਮਹਾਰਾਸ਼ਟਰ ’ਚ 48 ਤੋਂ 17 ਸੀਟਾਂ ’ਤੇ ਸੁੰਗੜ ਗਈ ਸੀ। ਭਾਜਪਾ ਦੇ ਹਿੱਸੇ ਤਾਂ ਸਿਰਫ 9 ਸੀਟਾਂ ਹੀ ਆਈਆਂ ਸਨ।

ਜਿਸ ਤਰ੍ਹਾਂ ਇਸ ਵਾਰ ਹਰਿਆਣਾ ਦੇ ਨਾਲ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਨਹੀਂ ਕਰਵਾਈਆਂ ਗਈਆਂ ਅਤੇ ਲੋਕ ਸਭਾ ਚੋਣਾਂ ਦੇ ਬਾਅਦ ਤੋਂ ਲੋਕ ਭਰਮਾਉਣੀਆਂ ਯੋਜਨਾਵਾਂ ਅਤੇ ਐਲਾਨਾਂ ਦੀ ਝੜੀ ਲਗਾ ਦਿੱਤੀ ਗਈ, ਉਸ ਤੋਂ ਵੀ ਸੰਕੇਤ ਇਹੀ ਗਿਆ ਕਿ ਭਾਜਪਾ ਨੂੰ ਸੱਤਾ ਦੀ ਜੰਗ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੈ।

ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਬਾਅਦ ਸਭ ਤੋਂ ਵਧੀਆ ਸਫਲਤਾ ਦਰ ਰਾਕਾਂਪਾ ਦੀ ਹੀ ਰਹੀ ਹੈ। ਪਿਛਲੀ ਵਾਰ ਊਧਵ ਦੀ ਸ਼ਿਵ ਸੈਨਾ ਨਾਲ ਗੱਠਜੋੜ ਦੇ ਬਾਵਜੂਦ 74 ਸੀਟਾਂ ਹੀ ਜਿੱਤ ਸਕੀ ਭਾਜਪਾ ਨੇ ਇਸ ਵਾਰ 132 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ 100 ਤੋਂ ਵੱਧ ਸੀਟਾਂ ਲੜ ਕੇ ਵੀ 15 ਸੀਟਾਂ ਹੀ ਜਿੱਤ ਸਕੀ।

ਅਜੀਤ ਪਵਾਰ ਦੀ ਪਾਰਟੀ ਵੀ 53 ਸੀਟਾਂ ਲੜ ਕੇ 41 ਸੀਟਾਂ ਜਿੱਤਣ ’ਚ ਸਫਲ ਰਹੀ, ਜਦ ਕਿ ਚਾਚਾ ਸ਼ਰਦ ਪਵਾਰ ਦੀ ਪਾਰਟੀ 82 ਸੀਟਾਂ ’ਤੇ ਲੜ ਕੇ 10 ਸੀਟਾਂ ਹੀ ਜਿੱਤ ਸਕੀ। ਇਹ ਸਾਧਾਰਨ ਪ੍ਰਦਰਸ਼ਨ ਨਹੀਂ ਹੈ ਕਿਉਂਕਿ 6 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ’ਚ ਸ਼ਰਦ ਪਵਾਰ ਦੀ ਰਾਕਾਂਪਾ ਦੀ ਸਫਲਤਾ ਦਰ ਸਭ ਤੋਂ ਬਿਹਤਰ 80 ਫੀਸਦੀ ਰਹੀ ਸੀ, ਜਦ ਕਿ ਅਜੀਤ ਦੀ ਰਾਕਾਂਪਾ ਦੀ ਸਫਲਤਾ ਦਰ ਸਭ ਤੋਂ ਘੱਟ 25 ਫੀਸਦੀ ਸੀ।

ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੇ ਲੋਕ ਸਭਾ ਚੋਣਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਵਿਧਾਨ ਸਭਾ ਚੋਣਾਂ ’ਚ ਤਾਂ ਉਸਨੇ ਊਧਵ ਠਾਕਰੇ ਦੀ ਸ਼ਿਵ ਸੈਨਾ ਨੂੰ ਬੜਾ ਪਿੱਛੇ ਛੱਡ ਦਿੱਤਾ ਹੈ।

ਸ਼ਿੰਦੇ 81 ਸੀਟਾਂ ਲੜ ਕੇ 57 ਜਿੱਤਣ ’ਚ ਸਫਲ ਹੋ ਗਏ, ਜਦਕਿ ਊਧਵ 97 ਸੀਟਾਂ ’ਤੇ ਲੜ ਕੇ 20 ਹੀ ਜਿੱਤ ਸਕੇ। ਜ਼ਾਹਿਰ ਹੈ, ਬਟਵਾਰੇ ਦੇ ਬਾਅਦ ਤੋਂ ਜਾਰੀ ਅਸਲੀ-ਨਕਲੀ ਸ਼ਿਵ ਸੈਨਾ ਅਤੇ ਰਾਕਾਂਪਾ ਵਿਵਾਦ ’ਚ ਜਨਤਾ ਜਨਾਰਦਨ ਨੇ ਵੀ ਆਪਣਾ ਫੈਸਲਾ ਸੁਣਾ ਦਿੱਤਾ ਹੈ।

ਸਿਆਸਤ ’ਚ ਭਵਿੱਖਬਾਣੀ ਕਰਨੀ ਜੋਖਮ ਭਰਿਆ ਕੰਮ ਹੈ, ਪਰ ਊਧਵ ਠਾਕਰੇ ਅਤੇ ਸ਼ਰਦ ਪਵਾਰ ਲਈ ਮਹਾਰਾਸ਼ਟਰ ਦੀ ਸਿਆਸਤ ਦੀ ਮੁੱਖ ਧਾਰਾ ’ਚ ਵਾਪਸ ਪਰਤਣਾ ਸੌਖਾ ਨਹੀਂ ਹੋਵੇਗਾ। ਬੇਸ਼ੱਕ ਇਹ ਚੋਣ ਨਤੀਜੇ ਕਿਸੇ ਗੱਠਜੋੜ ਦੇ ਸੁਮੇਲ ਜਾਂ ਬੇਮੇਲ ਹੋਣ ਦਾ ਸਬੂਤ ਨਹੀਂ ਮੰਨੇ ਜਾ ਸਕਦੇ ਕਿਉਂਕਿ ਲੋਕ ਸਭਾ ਚੋਣਾਂ ’ਚ ਆਘਾੜੀ ਨੂੰ ਵੋਟਰਾਂ ਦਾ ਸਮਰਥਨ ਮਿਲਿਆ ਤਾਂ ਵਿਧਾਨ ਸਭਾ ਚੋਣਾਂ ’ਚ ਮਹਾਯੁਤੀ ਨੂੰ ਮਿਲਿਆ ਹੈ।

ਚੋਣਾਂ ਦੇ ਮੁੱਦੇ ਕਿਸੇ ਹੱਦ ਤੱਕ ਇਕਸਾਰ ਹੋਣ ਦੇ ਬਾਵਜੂਦ ਝਾਰਖੰਡ ’ਚ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਦੀ ਜਿੱਤ ਮਹਾਰਾਸ਼ਟਰ ਦੇ ਲੋਕ ਫਤਵੇ ਦੇ ਵਿਸ਼ਲੇਸ਼ਣ ਨੂੰ ਹੋਰ ਵੀ ਮੁਸ਼ਕਲ ਬਣਾ ਦਿੰਦੀ ਹੈ। ਭਾਜਪਾ ਦੀ ਹਰ ਸੰਭਵ ਕਵਾਇਦ ਦੇ ਬਾਵਜੂਦ ਹੇਮੰਤ ਸੋਰੇਨ ਦੀ ਅਗਵਾਈ ’ਚ ਝਾਰਖੰਡ ਮੁਕਤੀ ਮੋਰਚਾ-ਕਾਂਗਰਸ-ਰਾਜਦ-ਖੱਬੇਪੱਖੀ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਲੋਕ ਫਤਵਾ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੀ ਭਰੋਸੇਯੋਗਤਾ ’ਤੇ ਵੀ ਵਿਚਾਰ ਕਰਨ ਦੀ ਲੋੜ ਨੂੰ ਦਰਸਾਉਂਦਾ ਹੈ।

ਯਕੀਨਨ ਹੀ ਮਹਾਰਾਸ਼ਟਰ ਅਤੇ ਝਾਰਖੰਡ ਦੇ ਲੋਕ ਫਤਵੇ ਦਾ ਸਭ ਤੋਂ ਹਾਂਪੱਖੀ ਪੱਖ ਇਹ ਹੈ ਕਿ ਵੋਟਰਾਂ ਨੇ ਸਥਿਰ ਸਰਕਾਰ ਲਈ ਸਪੱਸ਼ਟ ਲੋਕ ਫਤਵਾ ਦਿੱਤਾ ਹੈ। 24 ਸਾਲ ਪਹਿਲਾਂ ਵੱਖਰਾ ਸੂਬਾ ਬਣਿਆ ਝਾਰਖੰਡ ਸਿਆਸੀ ਅਸਥਿਰਤਾ ਲਈ ਬਦਨਾਮ ਰਿਹਾ ਹੈ। ਮਹਾਰਾਸ਼ਟਰ ’ਚ ਪਿਛਲੇ 5 ਸਾਲ ਜੋੜ-ਤੋੜ ਅਤੇ ਗੱਠਜੋੜ ਦੀ ਸਿਆਸਤ ਦੇ ਹੀ ਨਾ ਰਹੇ।

ਲੋਕ ਭਰਮਾਉਣੀਆਂ ਯੋਜਨਾਵਾਂ ਅਤੇ ਐਲਾਨ ਵੋਟਰਾਂ ਨੂੰ ਆਕਰਸ਼ਿਤ ਕਰਨ ’ਚ ਯਕੀਨਨ ਹੀ ਸਫਲ ਰਹਿੰਦੇ ਹਨ ਪਰ ਲੋਕਾਂ ਦੀਆਂ ਆਸਾਂ ’ਤੇ ਖਰਾ ਨਾ ਉਤਰਨ ’ਤੇ ਹੋਣ ਵਾਲੀ ਲੋਕਾਂ ਦੀ ਪ੍ਰਤੀਕਿਰਿਆ ਵੀ ਬੜੀ ਤੇਜ਼ ਹੁੰਦੀ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News