ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
Thursday, Jun 25, 2026 - 03:50 PM (IST)
ਪੂਰੇ ਵਿਸ਼ਵ ਦੀ ਸਿਆਸਤ ਅੰਦਰ ਜੇਕਰ ਗਹੁ ਨਾਲ ਝਾਤ ਮਾਰੀ ਜਾਏ ਤਾਂ ਇਸ ’ਚ ਕਈ ਤਰ੍ਹਾਂ ਦੇ ਅਜ਼ਬ-ਗਜ਼ਬ ਉਤਰਾਅ- ਚੜਾਅ ਸਮੁੰਦਰੀ ਜਵਾਰ-ਭਾਟੇ ਨਾਲੋਂ ਵੀ ਉਥਲ -ਉਥਲ ਭਰੇ ਵੇਖਣ ਨੂੰ ਮਿਲ ਰਹੇ ਹਨ। ਹਿੰਸਕ, ਮਾਰੂ, ਨਸਲ ਘਾਤੀ, ਤਬਾਹੀ ਭਰੀਆਂ ਜੰਗਾਂ ਨਾਲੋਂ ਵੀ ਅਚਨਚੇਤ ਦਿਲੋ ਦਿਮਾਗ ਚਕਰਾਅ ਦੇਣ ਵਾਲੀਆਂ ਘਟਨਾਵਾਂ ਰਾਜਨੀਤਿਕ, ਡਿਪਲੋਮੈਟਿਕ, ਆਰਥਿਕ ਕਾਰੋਬਾਰ, ਜੀਓ ਪੋਲੀਟੀਕਲ ਖੇਤਰਾਂ ’ਚ ਵੇਖਣ ਨੂੰ ਮਿਲ ਰਹੀਆਂ ਹਨ ।
ਲੋਕਤੰਤਰ ਦੀ ਮਾਂ ਵਜੋਂ ਜਾਣੇ ਜਾਂਦੇ ਬ੍ਰਿਟੇਨ ’ਚ ਜਦ ਤੋਂ ਇਹ ਦੇਸ਼ ਯੂਰਪੀਅਨ ਯੂਨੀਅਨ ਨਾਲੋਂ ਵੱਖ ਹੋਇਆ ਹੈ, ਕੋਈ ਪ੍ਰਧਾਨ ਮੰਤਰੀ ਟਿਕ ਹੀ ਨਹੀਂ ਰਿਹਾ। ਪਿਛਲੇ 10 ਸਾਲਾਂ ’ਚ 6 ਪ੍ਰਧਾਨ ਮੰਤਰੀ ਇਸ ਸਿਆਸੀ ਉਥਲ ਪੁਥਲ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ 7ਵਾਂ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹੈ। ਇਨ੍ਹਾਂ ’ਚ ਪੰਜ ਪਹਿਲਿਆਂ ’ਚ ਜਿਵੇਂ ਡੇਵਿਡ ਕਾਮਰਾਨ, ਥਰੇਸਾ ਮੇਅ, ਬੋਰਿਸ ਜਾਨਸਨ, ਲਿਜ ਟਰਸ ਅਤੇ ਰਿਸ਼ੀ ਸੂਨਕ ’ਚ ਛੇਵਾਂ ਅਜੋਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੀ ਸ਼ਾਮਿਲ ਹੋ ਗਿਆ ਹੈ। ਅੰਦਰੂਨੀ ਅਤੇ ਬਾਹਰੀ ਦਬਾਵਾਂ ਕਰ ਕੇ 22 ਜੂਨ, 2026 ਨੂੰ ਟੀ ਸਟਾਰਮਰ ਨੇ ਲੇਬਰ ਪਾਰਟੀ ਦੇ ਆਗੂ ਵਜੋਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੀ ਥਾਂ ਹੁਣੇ-ਹੁਣੇ ਮੇਕਰਫੀਲਡ ਉਪ ਚੋਣ ’ਚ ਜਿਤੇ ਮੈਂਬਰ ਪਾਰਲੀਮੈਂਟ ਸਾਬਕਾ ਮੇਅਰ ਗਰੇਟਰ ਮਾਨਚੈਸਟਰ ਐੱਨ. ਡੀ. ਬ੍ਰਨਹਮ ਦਾ ਲੇਬਰ ਪਾਰਟੀ ਦਾ ਆਗੂ ਅਤੇ ਪ੍ਰਧਾਨ ਮੰਤਰੀ ਚੁਣਿਆ ਜਾਣਾ ਲਗਭਗ ਤੈਅ ਹੈ, ਭਾਵੇਂ ਲੇਬਰ ਪਾਰਟੀ ਐੱਮ. ਪੀ. ਏ. ਆਈ ਕਾਰਨਸ ਸਾਬਕਾ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਮੁੱਖ ਸਕੱਤਰ ਡਾਰੇਨ ਉਨ੍ਹਾਂ ਨੂੰ ਚੁਣੌਤੀ ਦੇਣ ਦਾ ਮਨ ਬਣਾ ਰਹੇ ਹਨ । ਸਪਸ਼ਟ ਹੋ ਚੁੱਕਾ ਹੈ ਕਿ ਉਹ ਸਫਲ ਨਹੀਂ ਹੋਣਗੇ । ਨਵੇਂ ਪ੍ਰਧਾਨ ਮੰਤਰੀ ਵੱਲੋਂ ਸਹੁੰ ਚੁੱਕਣ ਤੱਕ ਕੀਰ ਸਟਾਰਮਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ।
ਕੀਰ ਸਟਾਰਮਰ ਨੂੰ ਅਪ੍ਰੈਲ, 2020 ’ਚ ਲੇਬਰ ਪਾਰਟੀ ਦਾ ਆਗੂ ਚੁਣਿਆ ਗਿਆ ਸੀ । ਸਨ 2024 ’ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਬੁਰੀ ਤਰ੍ਹਾਂ ਸ਼ਿਕਸਤ ਦੇ ਕੇ ਉਹ 5 ਜੁਲਾਈ, 2024 ਨੂੰ ਪ੍ਰਧਾਨ ਮੰਤਰੀ ਬਣਿਆ ਸੀ ਪਰ ਕੌਣ ਜਾਣਦਾ ਸੀ ਕਿ ਨਿਰਦਈ ਰਾਜਨੀਤੀ ਅਤੇ ਡਿਪਲੋਮੇਸੀ ਉਸ ਦੀਆਂ ਕੁਝ ਇਕ ਇਤਿਹਾਸਕ ਗਲਤੀਆਂ ਕਰ ਕੇ ਦੋ ਸਾਲਾਂ ’ਚ ਹੀ ਉਸ ਦੀ ਉੱਚੀ ਉਡਾਣ ਭਰਨ ਦੇ ਸਮਰੱਥ ਖੰਭ ਕੱਟ ਕੇ ਰੱਖ ਦੇਵੇਗੀ ਅਤੇ ਉਹ ਰਾਜਨੀਤੀ ਦੇ ਅਾਸਮਾਨ ਤੋਂ ਧੜਾਮ ਥੱਲੇ ਡਿਗ ਪਵੇਗਾ।
ਦਰਅਸਲ ਕਰੀਬ ਇਕ ਦਹਾਕਾ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਅਤੇ ਛੇ ਸਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹਿਣ ਵਾਲੇ ਡੇਵਡ ਕਾਮਰਾਨ ਇਸ ਕਰ ਕੇ ਰਾਜਨੀਤੀ ਦੀ ਬਲੀ ਚੜ੍ਹ ਗਿਆ ਕਿਉਂਕਿ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਬਾਰੇ ਉਹ ਬ੍ਰਿਟਿਸ਼ ਵੋਟਰਾਂ ਦੀ ਨਬਜ਼ ਨਾ ਪਛਾਣ ਸਕਿਆ। ਉਸਨੇ ਇਸ ਦਾ ਵਿਰੋਧ ਕੀਤਾ ਸੀ ਜਿਸ ’ਚ ਉਸ ਨੂੰ 23 ਜੂਨ, 2016 ਨੂੰ ਕਰਾਏ ਗਏ ਜਨਮਤ ਸੰਗ੍ਰਹਿ ’ਚ ਹਾਰ ਦਾ ਮੂੰਹ ਵੇਖਣਾ ਪਿਆ। ਨਤੀਜੇ ਵਜੋਂ ਉਸਨੇ 12 ਸਤੰਬਰ, 2016 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ।
ਇਕ ਤੋਂ ਬਾਅਦ ਇਕ ਪ੍ਰਧਾਨ ਮੰਤਰੀ :
ਡੇਵਿਡ ਕਾਮਰਾਨ ਦੀ ਥਾਂ ਥਰੇਸਾ ਮੇਅ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣੀ ਪਰ ਉਹ ਬਰੈਗਜਿਟ (ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਵਾਲੀ ਸੰਧੀ) ਸੰਧੀ ਸਿਰੇ ਚੜ੍ਹਾਉਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ। ਕੰਜ਼ਰਵੇਟਿਵ ਪਾਰਟੀ ਨੇ ਉਸ ਨੂੰ ਚਲਦਾ ਕਰ ਕੇ ਬੋਰਿਸ ਜੋਨਸਨ ਨੂੰ ਪ੍ਰਧਾਨ ਮੰਤਰੀਸ਼ਿਪ ਸੌਂਪੀ । ਉਸਨੇ ਬ੍ਰੈਗਜਿਟ ਸੰਧੀ ਤਾਂ ਸਿਰੇ ਚੜ੍ਹਾ ਲਈ ਪਰ ਕੋਵਿਡ -19 ਵੇਲੇ ਦੇਸ਼ ਦੀ ਅਗਵਾਈ ਕਰਨ ’ਚ ਅਸਫਲ ਰਿਹਾ, ਸਗੋਂ ਸ਼ਰਮਨਾਕ ਢੰਗ ਨਾਲ 10 ਡਾਊਨਿੰਗ ਸਟ੍ਰੀਟ ਵਿਖੇ ਗੁਪਤ ਪਾਰਟੀਅਾਂ ਕਰਦਾ ਰਿਹਾ। ਨਤੀਜੇ ਵਜੋਂ ਉਸ ਨੂੰ ਸੱਤਾ ’ਚੋਂ ਲਾਂਭੇ ਕਰ ਕੇ ਪਾਰਟੀ ਲਿਜ ਟਰੇਸ ਨੂੰ ਪ੍ਰਧਾਨ ਮੰਤਰੀ ਵਜੋਂ ਅੱਗੇ ਲੈ ਕੇ ਆਈ ਪਰ ਦੇਸ਼ ਦੀ ਗਰਕ ਰਹੀ ਆਰਥਿਕ ਵਿਵਸਥਾ ਨੂੰ ਡੱਕਾ ਲਾਉਣ ’ਚ ਨਾਕਾਮ ਰਹਿਣ ਕਰ ਕੇ 45 ਦਿਨਾਂ ’ਚ ਚਲਦੀ ਬਣੀ। ਉਸ ਦੀ ਥਾਂ ਕੰਜ਼ਰਵੇਟਿਵ ਪਾਰਟੀ ਭਾਰਤੀ ਪਿਛੋਕੜ ਵਾਲੇ ਆਗੂ ਰਿਸ਼ੀ ਸੂਨਕ ਨੂੰ ਪ੍ਰਧਾਨ ਮੰਤਰੀ ਵਜੋਂ ਲੈ ਕੇ ਆਈ ਪਰ ਉਨ੍ਹਾਂ ਦੀ ਅਗਵਾਈ ’ਚ ਸਨ 2024 ’ਚ ਹੋਈਆਂ ਪਾਰਲੀਮੈਂਟਰੀ ਚੋਣਾਂ ’ਚ ਪਾਰਟੀ ਨੂੰ ਲੇਬਰ ਪਾਰਟੀ ਹੱਥੋਂ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ।
ਕੀਰ ਦੀਆਂ ਨਾਕਾਮੀਆਂ :
ਭਾਵੇਂ ਉਸਨੇ ਯੂਰਪੀਅਨ ਯੂਨੀਅਨ ਨਾਲ ਗੂੜ੍ਹੇ ਸਬੰਧ ਬਣਾਏ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਫ ਟੈਰਰ ਦਾ ਮੁਕਾਬਲਾ ਕੀਤਾ, ਉਸ ਵੱਲੋਂ ਈਰਾਨ ’ਤੇ ਹਮਲੇ ਦਾ ਵਿਰੋਧ ਕੀਤਾ ਗਿਆ, ਜਿਸ ਕਰ ਕੇ ਨਾਟੋ ਹਮਜੋਲੀਆਂ ਨੇ ਟਰੰਪ ਦੀ ਮਦਦ ਨਾ ਕੀਤੀ। ਉਸਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮਿਲ ਕੇ ਰੂਸ ਵਿਰੁੱਧ ਜੰਗ ’ਚ ਯੂਕ੍ਰੇਨ ਦੀ ਮਦਦ ਕੀਤੀ ਪਰ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ’ਚੋਂ ਬਾਹਰ ਦਾ ਰਸਤਾ ਵਿਖਾਉਣ, ਸਨਅਤ ਨੂੰ ਮੁੜ ਲੀਹਾਂ ’ਤੇ ਲਿਆਉਣ, ਜਨਤਕ ਸੇਵਾਵਾਂ ਨੂੰ ਮੁੜ ਪੈਰੀਂ ਖੜ੍ਹਾ ਕਰਨ ਅਤੇ ਬਰਤਾਨਵੀ ਫੌਜੀ ਸ਼ਕਤੀ ਨੂੰ ਮੁੜ ਤਾਕਤਵਰ ਬਣਾਉਣ ਦੇ ਵਾਅਦੇ ਪੂਰੇ ਨਾ ਕਰ ਸਕਿਆ। ਅਮਰੀਕਾ ’ਚ ਆਪਣੇ ਸਾਬਕਾ ਚੀਫ ਆਫ ਸਟਾਫ ਦੀ ਸਲਾਹ ’ਤੇ ਬਦਨਾਮ ਐਪਸਟੀਨ ਨਾਲ ਸਬੰਧ ਰੱਖਣ ਵਾਲੇ ਪੀਟਰ ਮੈਟਲਸਨ ਨੂੰ ਅਮਰੀਕਾ ਦਾ ਰਾਜਦੂਤ ਥਾਪਣ ਕਰ ਕੇ ਉਹ ਬੁਰੀ ਤਰ੍ਹਾਂ ਘਿਰ ਗਿਆ। ਉਧਰ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਬਹੁਤ ਨਿਕੰਮਾ ਪ੍ਰਧਾਨ ਮੰਤਰੀ ਹੋਣ ਦਾ ਸਰਟੀਫਿਕੇਟ ਦਿੰਦਿਆਂ ਹੋਰ ਬਦਨਾਮ ਕਰ ਦਿੱਤਾ ।
ਬ੍ਰਿਟਿਸ਼ ਆਰਥਵਿਵਸਥਾ :
ਕੀਰ ਸਟਾਰਮਰ ਦੇ ਪੰਜ ਪਿਛਲੇ ਅਧਿਕਾਰੀ ਪ੍ਰਧਾਨ ਮੰਤਰੀਆਂ ਨੇ ਬ੍ਰਿਟੇਨ ਦੀ ਘਟਦੀ ਵਿਕਾਸ ਸਮੱਸਿਆ ਨੂੰ ਸੁਧਾਰਨ ਦਾ ਯਤਨ ਕੀਤਾ ਪਰ ਬੁਰੀ ਤਰ੍ਹਾਂ ਅਸਫਲ ਰਹੇ। ਉਲਟਾ ਕਰਜ਼ਾ ਵਧਦਾ ਗਿਆ। ਮੂਲ ਢਾਂਚਾ ਲੀਰੋ ਲੀਰ ਹੁੰਦਾ ਗਿਆ। ਦੇਸ਼ ’ਚ ਰੈਣਬਸੇਰਾ ਕਰਨ ਵਾਲੇ ਘਰਾਂ ਦੀ ਘਾਟ ਅਤੇ ਰਾਸ਼ਟਰੀ ਜੀ. ਡੀ. ਪੀ. ਦਾ ਵਿਕਾਸ ਇਕ ਪ੍ਰਤੀਸ਼ਤ ਤੱਕ ਸੀਮਤ ਹੋਣ ਕਰ ਕੇ ਦੇਸ਼ ਆਰਥਿਕ ਮੰਦਹਾਲੀ ਦੀ ਦਲਦਲ ’ਚ ਫਸਦਾ ਚਲਾ ਗਿਆ। ਲੇਬਰ ਪਾਰਟੀ ਦੀ ਕੀਰ ਸਟਾਰਮਰ ਸਰਕਾਰ ਵੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕਰ ਸਕੀ।
ਨਵੇਂ ਆਗੂ ਤੋਂ ਆਸ :
ਬ੍ਰਿਟੇਨ ਅੰਦਰ ਲੇਬਰ ਪਾਰਟੀ ਦੇ ਨਵੇਂ ਆਗੂ ਅਤੇ ਪ੍ਰਧਾਨ ਮੰਤਰੀ ਐੱਨ. ਡੀ. ਬਰਨਹਮ ਲਈ ਆਰਥਿਕ ਸੁਧਾਰ ਮੁਢਲੇ ਢਾਂਚੇ ਦੀ ਉਸਾਰੀ, ਤੇਲ ਗੈਸ ਕੀਮਤਾਂ ’ਚ ਕਟੌਤੀ, ਸਸਤੇ ਘਰਾਂ ਦੀ ਉਸਾਰੀ ਅਤੇ ਪ੍ਰਵਾਸ ਸਮੱਸਿਆਵਾਂ ਬਣੀਆਂ ਰਹਿਣਗੀਆਂ। ਕੌਮਾਂਤਰੀ ਮੁਦਰਾ ਫੰਡ ਦੀ ਰਿਪੋਰਟ ਅਨੁਸਾਰ ਬ੍ਰਿਟੇਨ ਦੀ ਜੀ. ਡੀ. ਪੀ. ਦੀ ਵਿਕਾਸ ਦਰ 0.8 ਫੀਸਦੀ ਰਹਿ ਗਈ ਹੈ ਜਿਵੇਂ ਕਿ ਅਪ੍ਰੈਲ ਮਹੀਨੇ ਦੇ ਰੁਝਾਨ ਦਰਸਾਅ ਰਹੇ ਹਨ ।
ਰੇਨ ਨਿਊਟਨ ਸਮਿਥ ਸੀ. ਈ.ਓ. ਵਪਾਰ ਸਨਅਤ ਕਨਫੈਡਰੇਸ਼ਨ ਅਨੁਸਾਰ ਆਰਥਿਕ ਚੁਣੌਤੀਆਂ ਪ੍ਰਧਾਨ ਮੰਤਰੀ ਤਬਦੀਲੀ ਨਾਲ ਖਤਮ ਹੋਣ ਵਾਲੀਆਂ ਨਹੀਂ | ਵਪਾਰ ਕਰਨ ਦੀ ਦਰ ’ਚ ਸੁਧਾਰਾਂ ਬਗੈਰ ਰਹਿਣ-ਸਹਿਣ ਦੀ ਦਰ ’ਚ ਸੁਧਾਰ ਨਹੀਂ ਆ ਸਕਦਾ ।
ਅਗਲੇ ਹਫਤਿਆਂ ’ਚ ਵਿਧੀਵੱਤ ਚੋਣ ਤੋਂ ਪਹਿਲਾਂ ਐਡੀ ਬਰਨਹਮ ਆਪਣੀ ਟੀਮ ਸਮੇਤ ਲੇਬਰ ਪਾਰਟੀ ਨੂੰ ਇਕਜੁੱਟ ਕਰਨ ਲਈ ਨੀਤੀਗਤ ਪਲੇਟਫਾਰਮ ਤਿਆਰ ਕਰੇਗਾ, ਜੋ ਪਿਛਲੇ ਕੁਝ ਮਹੀਨਿਆਂ ਤੋਂ ਖਖੜੀ -ਖਖੜੀ ਹੋਈ ਪਈ ਹੈ। ਉਸ ਨੇ ਭਰੋਸਾ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦੇ ਹੁਨਰ ਨੂੰ ਨਵੀਂ ਸਰਕਾਰ ’ਚ ਸ਼ਾਮਿਲ ਕਰੇਗਾ। ਨਵਾਂ ਪ੍ਰਧਾਨ ਮੰਤਰੀ ਸਤੰਬਰ, 2026 ਤੱਕ ਚਾਰਜ ਸੰਭਾਲ ਲਵੇਗਾ ।
ਦਰਬਾਰਾ ਸਿੰਘ ਕਾਹਲੋਂ
(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ/
ਕਿੰਗਸਟਨ -ਕੈਨੇਡਾ)
