ਈਰਾਨ-ਇਜ਼ਰਾਈਲ ’ਚ ਵਧ ਰਹੇ ਤਣਾਅ ਨੂੰ ਲੈ ਕੇ ਕੀ ਭਾਰਤ ਦਾ ਮੌਨ ਰਹਿਣਾ ਸਹੀ?

Monday, Aug 05, 2024 - 02:39 AM (IST)

ਈਰਾਨ-ਇਜ਼ਰਾਈਲ ’ਚ ਵਧ ਰਹੇ ਤਣਾਅ ਨੂੰ ਲੈ ਕੇ ਕੀ ਭਾਰਤ ਦਾ ਮੌਨ ਰਹਿਣਾ ਸਹੀ?

ਇਜ਼ਰਾਈਲ ਅਤੇ ਈਰਾਨ ਦੋਵਾਂ ਨਾਲ ਚੰਗੇ ਸਬੰਧ ਹੋਣ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਤਣਾਅ ਦੇ ਮੁੱਦੇ ’ਤੇ ਭਾਰਤ ਮੌਨ ਹੈ। ਸੰਭਾਵਿਤ ਤੌਰ ’ਤੇ ਭਾਰਤ ਨੂੰ ਮੁੱਖ ਤੌਰ ’ਤੇ 3 ਕਾਰਨਾਂ ਕਰ ਕੇ ਪ੍ਰਭਾਵ ਪੈ ਸਕਦਾ ਹੈ। ਪਹਿਲਾ ਇਹ ਕਿ ਖੇਤਰ ’ਚ ਇਸ ਸਮੇਂ ਤਕਰੀਬਨ 18,000 ਭਾਰਤੀ ਇਜ਼ਰਾਈਲ ’ਚ ਅਤੇ 10,000 ਭਾਰਤੀ ਈਰਾਨ ’ਚ ਹਨ। ਇਹ ਲੋਕ ਉੱਥੇ ਕੰਮ ਕਰ ਰਹੇ ਹਨ। ਦੂਜਾ ਭਾਰਤ ਦਾ ਆਰਥਿਕ ਹਿੱਤ ਅਤੇ ਤੀਜਾ, ਇਸ ਖੇਤਰ ’ਚ ਭਾਰਤੀ ਰਣਨੀਤਕ ਲੋੜਾਂ ਨੂੰ ਲੈ ਕੇ ਹੈ।

ਬੀਤੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਚ ਹੋਏ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਸਮੂਹ ਦੇ ਸਿਆਸੀ ਮੁਖੀ ਇਸਮਾਈਲ ਹਾਨੀਯੇਹ ਦੀ ਹੱਤਿਆ ਨੂੰ ਲੈ ਕੇ ਈਰਾਨ ਅਤੇ ਇਜ਼ਰਾਈਲ ਦਰਮਿਆਨ ਵਧਦੇ ਤਣਾਅ ’ਤੇ ਭਾਰਤ ਦੀ ਇਕ ਹੋਰ ਦਿਨ ਦੀ ਚੁੱਪ, ਮਾਹਿਰਾਂ ਅਨੁਸਾਰ, ਦੋਵਾਂ ਦੇਸ਼ਾਂ ਨਾਲ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਭਾਰਤ ਦੇ ਆਗੂਆਂ ਦੀ ਦੁਵਿਧਾ ਨੂੰ ਹੀ ਦਰਸਾਉਂਦੀ ਹੈ।

ਵਰਨਣਯੋਗ ਹੈ ਕਿ ਇਸਮਾਈਲ ਹਾਨੀਯੇਹ, ਇਜ਼ਰਾਈਲ ਅਤੇ ਹੋਰ ਦੇਸ਼ਾਂ ਨਾਲ ਯੁੱਧਬੰਦੀ ਸਮਝੌਤੇ ਅਤੇ ਬੰਧਕਾਂ ਦੀ ਰਿਹਾਈ ਵਾਰਤਾ ਦੇ ਸੰਭਾਵਤ ਸਮਝੌਤੇ ਲਈ ਮੁੱਖ ਵਾਰਤਾਕਾਰ ਵੀ ਸਨ ਪਰ ਇਜ਼ਰਾਈਲ ਦੇ ਹੱਥੋਂ ਉਨ੍ਹਾਂ ਦੀ ਹੱਤਿਆ ਕਾਰਨ ਸ਼ਾਂਤੀ ਪ੍ਰਕਿਰਿਆ ’ਤੇ ਰੋਕ ਲੱਗ ਸਕਦੀ ਹੈ ਜੋ ਕਿ ਹੋ ਸਕਦਾ ਹੈ ਇਜ਼ਰਾਈਲ ਚਾਹੁੰਦਾ ਹੋਵੇ।

ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਇਜ਼ਰਾਈਲ ਅਤੇ ਲਿਬਨਾਨ ’ਚ ਭਾਰਤੀਆਂ ਲਈ ਯਾਤਰਾ ਸਲਾਹ ਜਾਰੀ ਕੀਤੀ ਹੈ ਅਤੇ ਇਸ ਖੇਤਰ ਦੇ ਹੋਰ ਹਿੱਸਿਆਂ ਲਈ ਯਾਤਰਾ ਸਲਾਹ ਨੂੰ ਵੀ ਅਪਡੇਟ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਹਾਨੀਯੇਹ ਦੀ ਹੱਤਿਆ ’ਤੇ ਭਾਰਤ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਜਾਵੇਗਾ।

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਦੇ ਸਹੁੰ-ਚੁੱਕ ਸਮਾਗਮ ’ਚ ਭਾਰਤ ਵੱਲੋਂ ਨਿਤਿਨ ਗਡਕਰੀ ਸ਼ਾਮਲ ਹੋਏ ਸਨ ਅਤੇ ਜਿਸ ਵੇਲੇ ਹਾਨੀਯੇਹ ਦੀ ਹੱਤਿਆ ਹੋਈ ਉਸ ਸਮੇਂ ਨਿਤਿਨ ਗਡਕਰੀ ਤਹਿਰਾਨ ’ਚ ਹੀ ਸਨ। ਇਸ ਨਾਲ ਵੀ ਨਵੀਂ ਦਿੱਲੀ ਦੀ ਦੁਵਿਧਾ ਵਧ ਗਈ ਹੈ।

ਹਾਲਾਂਕਿ ਭਾਰਤ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲਿਆਂ ਦੀ ਨਿੰਦਾ ਅੱਤਵਾਦੀ ਕਾਰੇ ਵਜੋਂ ਕੀਤੀ ਸੀ ਪਰ ਭਾਰਤ ਸਰਕਾਰ ਨੇ ਇਜ਼ਰਾਈਲ ਦੀ ਬੇਨਤੀ ਦੇ ਬਾਵਜੂਦ ਹਮਾਸ ’ਤੇ ਅੱਤਵਾਦੀ ਸਮੂਹ ਵਜੋਂ ਪਾਬੰਦੀ ਨਹੀਂ ਲਗਾਈ।

ਦੂਜੇ ਪਾਸੇ, ਹਮਲਿਆਂ ਪਿੱਛੋਂ ਇਜ਼ਰਾਈਲ ਵੱਲੋਂ ਫਿਲਸਤੀਨੀ ਮਜ਼ਦੂਰਾਂ ਨੂੰ ਹਟਾਏ ਜਾਣ ਪਿੱਛੋਂ ਉਨ੍ਹਾਂ ਨੌਕਰੀਆਂ ਨੂੰ ਭਰਨ ਲਈ ਭਾਰਤ ਤੋਂ ਲਗਭਗ 5,000 ਵਰਕਰਾਂ ਨੂੰ ਇਜ਼ਰਾਈਲ ਲਿਜਾਣ ਦੀ ਯੋਜਨਾ ਬਣਾਈ ਗਈ ਹੈ। ਏਅਰ ਇੰਡੀਆ ਨੇ ਇਸ ਹਫਤੇ ਲਈ ਤੇਲ ਅਵੀਵ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ ਅਤੇ ਜ਼ਿਆਦਾ ਯਾਤਰੀ ਸਲਾਹ ਜਾਰੀ ਕੀਤੇ ਜਾਣ ਦੀ ਉਮੀਦ ਹੈ, ਜਿਸ ਨਾਲ ਭਾਰਤੀ ਮਜ਼ਦੂਰਾਂ ਦਾ ਤਬਾਦਲਾ ਵੀ ਰੋਕ ਦਿੱਤਾ ਜਾ ਸਕਦਾ ਹੈ।

ਭਾਰਤ ਸਰਕਾਰ ਕੋਈ ਬਿਆਨ ਜਾਰੀ ਕਰਨਾ ਚਾਹੇਗੀ ਜਾਂ ਨਹੀਂ ਕਿਉਂਕਿ ਇੱਥੇ ਸੁਰੱਖਿਆ ਤੇ ਫੌਜੀ ਖੇਤਰਾਂ ’ਚ ਭਾਰਤ ਅਤੇ ਇਜ਼ਰਾਈਲ ਦੇ ਸਬੰਧ ਬਹੁਤ ਮਹੱਤਵ ਰੱਖਦੇ ਹਨ, ਉੱਥੇ ਹੀ ਈਰਾਨ ਨਾਲ ਵੀ ਭਾਰਤ ਦੀ ਅਹਿਮ ਆਰਥਿਕ ਸਾਂਝੇਦਾਰੀ ਹੈ।

ਹੋਰ ਜਾਣਕਾਰਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਈਰਾਨ ਅਤੇ ਇਜ਼ਰਾਈਲ ਤਣਾਅ ’ਤੇ ਆਪਣੇ ਰਵੱਈਏ ਦੀਆਂ ਆਪਣੀਆਂ ਦੋ ਹਾਲੀਆ ਪਹਿਲਕਦਮੀਆਂ ’ਤੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਤ ਹੋ ਸਕਦੀ ਹੈ। ਇਨ੍ਹਾਂ ’ਚੋਂ ਇਕ ਹੈ ਬੀਤੇ ਸਾਲ ਸਤੰਬਰ ’ਚ ਸ਼ੁਰੂ ਹੋਇਆ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਅਤੇ ਇਸ ਸਾਲ ਜੂਨ ’ਚ ਚਾਬਹਾਰ ਬੰਦਰਗਾਹ ਦੇ ਹੋਰ ਵਿਕਾਸ ਲਈ ਭਾਰਤ-ਈਰਾਨ ਦਰਮਿਆਨ ਹੋਇਆ 10 ਸਾਲ ਦਾ ਸਮਝੌਤਾ।

ਯੂ. ਏ. ਈ., ਜਾਰਡਨ ਅਤੇ ਗ੍ਰੀਸ ਸਮੇਤ ਵੱਖ-ਵੱਖ ਸਾਂਝੀਦਾਰਾਂ ਨਾਲ ਆਈ. ਐੱਮ. ਈ. ਈ. ਸੀ. ਯੋਜਨਾ ’ਤੇ ਦੁਵੱਲੀਆਂ ਵਾਰਤਾਵਾਂ ਹੋਈਆਂ ਹਨ ਪਰ ਸਾਰੇ ਆਈ. ਐੱਮ. ਈ. ਈ. ਸੀ. ਦੇਸ਼ਾਂ ਦੀ ਸੰਚਾਲਨ ਕਮੇਟੀ ਪੱਛਮੀ ਏਸ਼ੀਆਈ ਤਣਾਵਾਂ ਕਾਰਨ ਲਗਭਗ ਇਕ ਸਾਲ ਤੱਕ ਮੀਟਿੰਗ ਕਰਨ ’ਚ ਅਸਮਰੱਥ ਰਹੀ ਹੈ। ਇਸ ਖੇਤਰ ’ਚ ਕਿਸੇ ਵੀ ਸੰਘਰਸ਼ ਅਤੇ ਅਮਰੀਕਾ ਵੱਲੋਂ ਲਾਈ ਜਾਣ ਵਾਲੀ ਸੰਭਾਵਤ ਪਾਬੰਦੀ ਦਾ ਭਾਰਤ ਦੀਆਂ ਚਾਬਹਾਰ ਬੰਦਰਗਾਹ ਦੀਆਂ ਯੋਜਨਾਵਾਂ ’ਤੇ ਅਸਰ ਪਵੇਗਾ, ਜਿਨ੍ਹਾਂ ’ਚ ਅਫਗਾਨਿਸਤਾਨ ਤੇ ਮੱਧ ਏਸ਼ੀਆ ਲਈ ਜ਼ਮੀਨੀ ਕਨੈਕਟਿਵਿਟੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਭਾਰਤ-ਇਜ਼ਰਾਈਲ-ਯੂ. ਏ. ਈ.-ਅਮਰੀਕਾ ਪਹਿਲ ਅਤੇ ਭਾਰਤੀ ਮਾਲਵਾਹਕ ਮਾਰਗਾਂ ਨੂੰ ਰੂਸ ਨਾਲ ਜੋੜਨ ਦੀ ਯੋਜਨਾ ਅੰਤਰਰਾਸ਼ਟਰੀ ਉੱਤਰ-ਦੱਖਣ ਆਵਾਜਾਈ ਗਲਿਆਰੇ ਤੋਂ ਵੀ ਪ੍ਰਭਾਵਿਤ ਹੋ ਸਕਦੀ ਹੈ।

ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਭਾਰਤ ਦੀ ਦੁਵਿਧਾ ਸੁਭਾਵਕ ਹੀ ਲੱਗਦੀ ਹੈ ਕਿਉਂਕਿ ਈਰਾਨ ਨਾਲ ਭਾਰਤ ਦੇ ਸਬੰਧ ਬਹੁਤ ਪੁਰਾਣੇ ਹਨ। ਇਜ਼ਰਾਈਲ ਦੇ ਨਾਲ ਵੀ ਸਬੰਧ ਬੇਸ਼ੱਕ ਬਹੁਤ ਪੁਰਾਣੇ ਹਨ ਪਰ ਖੁੱਲ੍ਹੇ ਤੌਰ ’ਤੇ ਦੋਵਾਂ ਦੇਸ਼ਾਂ ਨੇ ਆਪਸੀ ਸਬੰਧਾਂ ਦਾ ਐਲਾਨ ਲਗਭਗ ਇਕ ਦਹਾਕਾ ਪਹਿਲਾਂ ਹੀ ਕੀਤਾ ਅਤੇ ਇਜ਼ਰਾਈਲ ਨੇ ਪ੍ਰਤੀਰੱਖਿਆ ਆਦਿ ਕਈ ਖੇਤਰਾਂ ’ਚ ਭਾਰਤ ਦੀ ਸਹਾਇਤਾ ਕੀਤੀ ਹੈ।

ਅਜਿਹੇ ’ਚ ਸਵਾਲ ਉੱਠਦਾ ਹੈ ਕਿ ਕੀ ਭਾਰਤੀ ਆਗੂਆਂ ਨੂੰ ਇਸ ਮੁੱਦੇ ’ਤੇ ਨਿਰਪੱਖ ਰਹਿਣ ਦੀ ਨੀਤੀ ਅਪਣਾਉਂਦੇ ਹੋਏ ਚੁੱਪ ਹੀ ਰਹਿਣ ਦੀ ਲੋੜ ਹੈ ਜਾਂ ਕੀ ਇਸ ’ਚ ਕੋਈ ਤਬਦੀਲੀ ਲਿਆਉਣੀ ਚਾਹੀਦੀ ਹੈ? ਕਿਉਂਕਿ ਇਹ ਸਮੱਸਿਆ ਰੂਸ ਅਤੇ ਯੂਕ੍ਰੇਨ ਯੁੱਧ ਤੋਂ ਬਹੁਤ ਵੱਖਰੀ ਹੈ ਜਿੱਥੇ ਭਾਰਤ ਰੂਸ ਦਾ ਪੁਰਾਣਾ ਦੋਸਤ ਹੈ।
-ਵਿਜੇ ਕੁਮਾਰ


author

Harpreet SIngh

Content Editor

Related News