ਵਧ ਰਹੀ ਨਸ਼ੇ ਦੀ ਆਦਤ, ਪਰਿਵਾਰ ਹੋ ਰਹੇ ਤਬਾਹ!
Friday, Jul 18, 2025 - 02:21 AM (IST)

ਭਾਰਤ ’ਚ ਬਾਲਗਾਂ ਅਤੇ ਨਾਬਾਲਗਾਂ ’ਚ ਨਸ਼ੇ ਦੀ ਆਦਤ ਵਧਦੀ ਜਾ ਰਹੀ ਹੈ। ਨਸ਼ੇ ’ਚ ਚੰਗੇ-ਬੁਰੇ ਅਤੇ ਸਹੀ-ਗਲਤ ’ਚ ਫਰਕ ਨਾ ਕਰ ਸਕਣ ਦੇ ਕਾਰਨ ਲੋਕ ਅਜਿਹੇ ਅਪਰਾਧ ਕਰ ਬੈਠਦੇ ਹਨ, ਜਿਨ੍ਹਾਂ ਨੂੰ ਕਰਨ ਬਾਰੇ ਉਹ ਹੋਸ਼ ’ਚ ਰਹਿ ਕੇ ਸੋਚ ਵੀ ਨਹੀਂ ਸਕਦੇ। ਨਸ਼ੇ ਦੇ ਭੈੜੇ ਨਤੀਜਿਆਂ ਦੀਆਂ 100 ਦਿਨਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 27 ਮਾਰਚ, 2025 ਨੂੰ ‘ਦਰਭੰਗਾ’ (ਬਿਹਾਰ) ਦੇ ਇਕ ਪਿੰਡ ’ਚ ‘ਭੰਗ’ ਦੇ ਨਸ਼ੇ ’ਚ ਧੁੱਤ 10 ਬਦਮਾਸ਼ ਇਕ ਮਹਿਲਾ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਏ।
* 17 ਮਈ ਨੂੰ ‘ਪਟਨਾ’ (ਬਿਹਾਰ) ਦੇ ‘ਸ਼ਾਹਪੁਰ ਦਿਆਰਾ’ ’ਚ ਇਕ 35 ਸਾਲਾ ਨਸ਼ੇੜੀ ਨੌਜਵਾਨ ਨੇ 3 ਸਾਲ ਦੀ ਬੱਚੀ ਨੂੰ ਮੱਕੀ ਦੇ ਖੇਤ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ ਅਤੇ ਲਹੂ-ਲੁਹਾਨ ਕਰ ਕੇ ਉਸ ਨੂੰ ਉੱਥੇ ਹੀ ਛੱਡ ਕੇ ਦੌੜ ਗਿਆ।
* 22 ਮਈ ਨੂੰ ‘ਚੇਨਈ’ (ਤਾਮਿਲਨਾਡੂ) ’ਚ ‘ਸੈਂਥਿਲ’ ਨਾਂ ਦੇ ਇਕ ਕਾਂਸਟੇਬਲ ਨੇ ਨਸ਼ੇ ਦੀ ਹਾਲਤ ’ਚ ਆਪਣੀ ਕਾਰ ਚਲਾਉਂਦੇ ਹੋਏ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸੇ ਦੇ ਅਪਰਾਧ ਬੋਧ ’ਚ ਅਗਲੇ ਦਿਨ ‘ਸੈਂਥਿਲ’ ਨੇ ਆਤਮ- ਹੱਤਿਆ ਕਰ ਲਈ।
* 18 ਜੂਨ ਨੂੰ ‘ਪਾਨੀਪਤ’ (ਹਰਿਆਣਾ) ਦੀ ਪੁਲਸ ਨੇ ਨਸ਼ੇ ਦੀ ਖਾਤਿਰ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 8 ਮੋਬਾਈਲ ਫੋਨ ਅਤੇ ਨਕਦ ਰਾਸ਼ੀ ਬਰਾਮਦ ਕੀਤੀ।
* 27 ਜੂਨ ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਦੇ ‘ਨੈਨੀ’ ’ਚ ਨਸ਼ੇ ਦੀ ਲਤ ਪੂਰੀ ਕਰਨ ਦੇ ਲਈ ਲੁੱਟ-ਖੋਹ ਕਰਨ ਵਾਲੇ 4 ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੁੱਟਿਆ ਗਿਆ ਮੋਬਾਈਲ ਅਤੇ ਖੋਹਿਆ ਗਿਆ ਆਟੋਰਿਕਸ਼ਾ ਬਰਾਮਦ ਕੀਤਾ।
* 1 ਜੁਲਾਈ ਨੂੰ ‘ਸੀਕਰ’ (ਰਾਜਸਥਾਨ) ’ਚ ‘ਚਰਸ’ ਅਤੇ ‘ਸਮੈਕ’ ਦਾ ਨਸ਼ਾ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
* 2 ਜੁਲਾਈ ਨੂੰ ‘ਸਿਰੋਹੀ’ (ਰਾਜਸਥਾਨ) ’ਚ ਜਦੋਂ ਇਕ ਵਿਅਕਤੀ ਦੀ ਪਤਨੀ ਮਜ਼ਦੂਰੀ ਕਰਨ ਗਈ ਹੋਈ ਸੀ ਤਾਂ ਸ਼ਰਾਬ ਦੇ ਨਸ਼ੇ ’ਚ ਵਿਅਕਤੀ ਨੇ ਆਪਣੀ 8 ਸਾਲਾ ਬੇਟੀ ਨਾਲ ਜਬਰ-ਜ਼ਨਾਹ ਕਰ ਦਿੱਤਾ।
* 6 ਜੁਲਾਈ ਨੂੰ ‘ਬਰਕਾਕਾਨਾ’ (ਝਾਰਖੰਡ) ’ਚ ਨਸ਼ੇ ਦੇ ਲਈ ਪੈਸੇ ਦੇ ਜੁਗਾੜ ਨੂੰ ਲੈ ਕੇ ਹੋਏ ਵਿਵਾਦ ’ਚ 2 ਨਾਬਾਲਗਾਂ ਨੇ ਆਪਣੀ ਤੀਜੇ ਸਾਥੀ ਦੀ ਹੱਤਿਆ ਕਰ ਦਿੱਤੀ।
* 6 ਜੁਲਾਈ ਨੂੰ ਹੀ ‘ਛਿਪਾਵਰ ਖੇੜਾ’ (ਮੱਧ ਪ੍ਰਦੇਸ਼) ਨਿਵਾਸੀ ‘ਰਣਜੀਤ ਨਾਥ’ ਨੂੰ ਸਵੇਰ ਦੇ ਸਮੇਂ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਉਸ ਨੇ ਆਪਣੀ ਪਤਨੀ ‘ਇੰਦਰਾ ਬਾਈ’ ਦੀ ਧੌਣ ’ਤੇ ਕੁਲਹਾੜੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 11 ਜੁਲਾਈ ਨੂੰ ‘ਗੋਰਖਪੁਰ’ (ਉੱਤਰ ਪ੍ਰਦੇਸ਼) ’ਚ ਪਤਨੀ ਵਲੋਂ ਸ਼ਰਾਬ ਲਈ ਪੈਸੇ ਨਾ ਦੇਣ ’ਤੇ ਗੁੱਸੇ ’ਚ ਆ ਕੇ ਇਕ ਵਿਅਕਤੀ ਨੇ ਨੇੜੇ ਹੀ ਪਏ ਹੈਂਡਪੰਪ ਦੇ ਹੱਥੇ ਨਾਲ ਆਪਣੀ ਪਤਨੀ ’ਤੇ ਵਾਰ ਕਰ ਕੇ ਉਸ ਦੀ ਜਾਨ ਲੈ ਲਈ।
* 15 ਜੁਲਾਈ ਨੂੰ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ਦੇ ‘ਤਿਲਹਰ’ ’ਚ ‘ਓਮਕਾਰ’ ਨਾਂ ਦੇ ਵਿਅਕਤੀ ਨੇ ਆਪਣੇ ਨਸ਼ੇੜੀ ਬੇਟੇ ‘ਹਰਸ਼ਵਰਧਨ’ (32) ਦੀ ਨਸ਼ੇ ਦੀ ਲਤ ਤੋਂ ਤੰਗ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ। ਨਸ਼ੇ ਦੀ ਖਾਤਿਰ ‘ਹਰਸ਼ਵਰਧਨ’ ਨੇ ਆਪਣੇ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਤੱਕ ਉਖਾੜ ਕੇ ਵੇਚ ਦਿੱਤੇ ਸਨ।
* 15 ਜੁਲਾਈ ਨੂੰ ਹੀ ‘ਭਰਤਪੁਰ’ (ਰਾਜਸਥਾਨ) ਦੇ ‘ਸੂਤੀ ਫੁਲਵਾਰਾ’ ਪਿੰਡ ’ਚ ਦੁਕਾਨਦਾਰ ਵਲੋਂ 5 ਬਦਮਾਸ਼ਾਂ ਨੂੰ ਉਧਾਰ ਸਾਮਾਨ ਅਤੇ ਸ਼ਰਾਬ ਦੇ ਲਈ 1500 ਰੁਪਏ ਨਾ ਦੇਣ ’ਤੇ ਉਨ੍ਹਾਂ ਨੇ ਗੋਲੀ ਮਾਰ ਕੇ ਦੁਕਾਨਦਾਰ ਦੀ ਹੱਤਿਆ ਕਰ ਦਿੱਤੀ।
* 15 ਜੁਲਾਈ ਨੂੰ ਹੀ ‘ਮੁਕਤਸਰ’ (ਪੰਜਾਬ) ’ਚ ਸ਼ਰਾਬ ਪੀ ਕੇ ਆਪਣੀ ਨਾਬਾਲਗ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ।
* 15 ਜੁਲਾਈ ਨੂੰ ਹੀ ‘ਗੁਹਾਟੀ’ (ਅਸਾਮ) ’ਚ ਇਕ ਮਹਿਲਾ ਨੇ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਲਤ ਤੋਂ ਤੰਗ ਆ ਕੇ ਉਸ ਦੀ ਹੱਤਿਆ ਕਰ ਦਿੱਤੀ।
* 15 ਜੁਲਾਈ ਨੂੰ ਹੀ ‘ਹਮੀਰਪੁਰ’ (ਹਿਮਾਚਲ ਪ੍ਰਦੇਸ਼) ’ਚ ਇਕ ਮਹਿਲਾ ਵਲੋਂ ‘ਚਿੱਟੇ’ ਦੀ ਲਤ ਪੂਰੀ ਕਰਨ ਲਈ ਆਪਣੇ ਪਿਤਾ ਦੀ ਕਾਰ ਚੋਰੀ ਕਰ ਕੇ 90,000 ਰੁਪਏ ’ਚ ਵੇਚ ਦੇਣ ਦੇ ਦੋਸ਼ ’ਚ ਮਹਿਲਾ ਦੇ ਪਿਤਾ ਨੇ ਪੁਲਸ ’ਚ ਉਸ ਦੇ ਵਿਰੁੱਧ ਕੇਸ ਦਰਜ ਕਰਵਾਇਆ।
* 16 ਜੁਲਾਈ ਨੂੰ ‘ਮਯੂਰਭੰਜ’ (ਓਡਿਸ਼ਾ) ’ਚ ਨਸ਼ੇ ’ਚ ਧੁੱਤ ਇਕ ਆਟੋ ਚਾਲਕ ਨੇ ਆਪਣੇ ਮਾਤਾ-ਪਿਤਾ ਦੀ ਹਥੌੜੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
ਇਹ ਤਾਂ ਸਿਰਫ ਕੁਝ ਉਦਾਹਰਣਾਂ ਹੀ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਵਾਰਦਾਤਾਂ ਨਾਲ ਪਰਿਵਾਰ ਤਬਾਹ ਹੋ ਰਹੇ ਹੋਣਗੇ। ਇਸ ਲਈ ਦੇਸ਼ ਦੇ ਸਾਰੇ ਸੂਬਿਆਂ ’ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ, ਨਸ਼ੇ ਦੇ ਸੌਦਾਗਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ, ਨਸ਼ਿਆਂ ਦੀ ਸਪਲਾਈ ਚੇਨ ਤੋੜਨ, ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨਾਂ ਅਤੇ ਹੋਰਨਾਂ ਲੋਕਾਂ ਦੇ ਇਲਾਜ ਲਈ ਵੱਧ ਤੋਂ ਵੱਧ ਸਰਕਾਰੀ ਨਸ਼ਾ ਮੁਕਤੀ ਕੇਂਦਰ ਖੋਲ੍ਹਣ ਦੀ ਲੋੜ ਹੈ।
–ਵਿਜੇ ਕੁਮਾਰ