ਅੱਤਵਾਦੀਆਂ ਨੂੰ ਸ਼ਹਿ ਦੇਣੀ ਪਾਕਿਸਤਾਨ ਦਾ ਦਸਤੂਰ
Wednesday, Jul 23, 2025 - 06:33 PM (IST)

ਇਕ ਕੌਮੀ ਅਖਬਾਰ ’ਚ 29 ਜੂਨ ਨੂੰ ਪ੍ਰਕਾਸ਼ਿਤ ਖਬਰ ਅਨੁਸਾਰ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵਲੋਂ ਪਾਕਿਸਤਾਨ ਦੇ ਜਿਹੜੇ ਚੋਣਵੇਂ ਅੱਤਵਾਦੀ ਕੈਂਪਾਂ ਦਾ ਮਲੀਆਮੇਟ ਕੀਤਾ ਗਿਆ ਸੀ, ਉਨ੍ਹਾਂ ਦੀ ਮੁੜ-ਉਸਾਰੀ ਦੇ ਸੰਕੇਤ ਉੱਚ ਪੱਧਰੀ ਖੁਫੀਆ ਤੰਤਰ ਪ੍ਰਣਾਲੀ ਜ਼ਰੀਏ ਪ੍ਰਾਪਤ ਹੋ ਰਹੇ ਹਨ।
22 ਅਪ੍ਰੈਲ ਨੂੰ ਪਹਿਲਗਾਮ ਵਿਖੇ ਪਾਕਿਸਤਾਨ ਦੇ ਸਿਖਲਾਈ ਪ੍ਰਾਪਤ ਪਾਲਤੂ ਅੱਤਵਾਦੀਆਂ ਦੇ ਕਾਇਰਤਾ ਪੂਰਨ ਹਮਲੇ ਦੌਰਾਨ ਮਾਰੇ ਗਏ 26 ਨਾਗਰਿਕਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਖਾਤਿਰ ਆਪ੍ਰੇਸ਼ਨ ਸਿੰਧੂਰ ਅਧੀਨ 7 ਅਤੇ 10 ਮਈ ਦੇ ਦਰਮਿਆਨ ਮਕਬੂਜ਼ਾ ਕਸ਼ਮੀਰ ਤੇ ਪਾਕਿਸਤਾਨ ’ਚ ਸਥਾਪਤ 9 ਅੱਤਵਾਦੀ ਕੈਪਾਂ ਨੂੰ ਉਡਾ ਦਿੱਤਾ ਗਿਆ ਸੀ ਤੇ ਕੁਝ ਮਿਲਟਰੀ ਟਿਕਾਣਿਆਂ ਨੂੰ ਨੁਕਸਾਨ ਵੀ ਪਹੁੰਚਿਆ। ਆਪ੍ਰੇਸ਼ਨ ਦੌਰਾਨ ਪਾਕਿਸਤਾਨ ਦੇ 100 ਤੋਂ ਵੀ ਵੱਧ ਅੱਤਵਾਦੀ ਤੇ ਤਕਰੀਬਨ 40 ਫੌਜੀ ਅਧਿਕਾਰੀ ਵੀ ਮਾਰੇ ਗਏ ਤੇ ਕੁਝ ਜ਼ਖਮੀ ਹੋਏ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਤਾਂ ਪਹਿਲਾਂ ਹੀ ਜਨਤਕ ਤੌਰ ’ਤੇ ਸਪੱਸ਼ਟ ਕੀਤਾ ਸੀ ਕਿ ਬਰਬਾਦ ਕੀਤੇ ਗਏ ਅੱਤਵਾਦੀ ਢਾਂਚਿਆਂ ਦੀ ਮੁੜ-ਉਸਾਰੀ ਕੀਤੀ ਜਾਵੇਗੀ। ਹੁਣ ਪਾਕਿਸਤਾਨ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਰਾਚੀ ਵਿਖੇ ਨੇਵਲ ਅਕੈਡਮੀ ਦੇ ਪਾਸਿੰਗ ਆਊਟ ਸਮਾਰੋਹ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਜਾਇਜ਼ ਠਹਿਰਾਇਆ। ਇਹ ਤਾਂ ਫਿਰ ਪਾਕਿਸਤਾਨ ਦਾ ਰਣਨੀਤਿਕ ਦਸਤੂਰ ਬੋਲਦਾ ਹੈ, ਜਿਸ ਬਾਰੇ ਵਿਚਾਰ ਚਰਚਾ ਕਰਨਾ ਲਾਜ਼ਮੀ ਹੋਵੇਗਾ।
ਦਸਤੂਰ ਕਿਵੇਂ : ਦੇਸ਼ ਦੀ ਵੰਡ ਤੋਂ ਤੁਰੰਤ ਬਾਅਦ 22 ਅਕਤੂਬਰ, 1947 ਨੂੰ ਪਾਕਿਸਤਾਨ ਵਾਲੇ ਪਾਸਿਓਂ ਲਗਭਗ 5000 ਧਾੜਵੀ ਦੋਮੀਲ, ਮੁਜ਼ੱਫਰਾਬਾਦ ਉਪਰ ਹਮਲਾ ਕਰਨ ਪਿੱਛੋਂ ਬਾਰਾਮੂਲਾ, ਪੱਟਣ ਦੇ ਇਰਦ-ਗਿਰਦ ਇਲਾਕਿਆਂ ਨੂੰ ਕਬਜ਼ੇ ਹੇਠ ਲੈਂਦਿਆਂ ਸ਼੍ਰੀਨਗਰ ਦੇ ਹਵਾਈ ਅੱਡੇ ਦੇ ਆਲੇ-ਦੁਆਲੇ ਪਹੁੰਚ ਗਏ। 26 ਅਕਤੂਬਰ ਦੀ ਸ਼ਾਮ ਨੂੰ ਰਿਆਸਤ ਦੇ ਮਹਾਰਾਜਾ ਹਰੀ ਸਿੰਘ ਵਲੋਂ ਗੱਦੀਨਸ਼ੀਨੀ ਬਾਰੇ ਕਾਨੂੰਨੀ ਦਸਤਾਵੇਜ਼ ਭਾਰਤ ਨੂੰ ਸੌਂਪਣ ਨਾਲ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ। ਭਾਰਤੀ ਫੌਜ ਨੇ ਧਾੜਵੀਆਂ ਨੂੰ ਵਾਪਸ ਮੁਜ਼ੱਫਰਾਬਾਦ ਵੱਲ ਧੱਕ ਦਿੱਤਾ। ਨਿਰਾਸ਼ਾਜਨਕ ਹਾਲਤ ’ਚ ਮੁਹੰਮਦ ਅਲੀ ਜਿੱਨਾਹ ਨੇ ਪਾਕਿ ਫੌਜ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਵੇ ਤੇ ਕਸ਼ਮੀਰ ਨੂੰ ਹਾਸਲ ਕਰੇ ਪਰ ਉਸ ਨੂੰ ਸਫਲਤਾ ਨਹੀਂ ਮਿਲੀ।
ਬਦਲਾ ਲੈਣ ਦੀ ਭਾਵਨਾ ਨਾਲ ਪਾਕਿ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਆਯੂਥ ਖਾਨ ਨੇ ਪਾਕਿ ਕਬਜ਼ੇ ਹੇਠਲੇ ਕਸ਼ਮੀਰ ਅੰਦਰ 1965 ਦੇ ਸ਼ੁਰੂ ’ਚ 4 ਗੁਰਿੱਲਾ ਸਿਖਲਾਈ ਕੈਂਪ ਸਥਾਪਤ ਕਰਕੇ ਇਕ ਨਵੀਂ ਰਵਾਇਤ ਕਾਇਮ ਕਰ ਦਿੱਤੀ। ਅਗਸਤ 1965 ਦੇ ਪਹਿਲੇ ਹਫਤੇ ‘ਆਪ੍ਰੇਸ਼ਨ ਜਿਬਰਾਲਟਰ’ ਦੇ ਨਾਂ ਹੇਠ ਤਕਰੀਬਨ 9000 ਘੁਸਪੈਠੀਆਂ ਨੂੰ ਸਖਤ ਸਿਖਲਾਈ ਦੇ ਕੇ ਲੋੜੀਂਦੇ ਹਥਿਆਰ ਅਤੇ ਸਾਜ਼ੋ-ਸਾਮਾਨ ਨਾਲ, 8 ਟਾਸਕ ਫੋਰਸਿਸ ’ਚ ਵੰਡ ਕੇ ਇਸਲਾਮ ਦੇ ਨਾਅਰੇ ਹੇਠ ਜੰਮੂ-ਕਸ਼ਮੀਰ ’ਚ ਕਾਰਗਿਲ ਤੋਂ ਲੈ ਕੇ ਜੰਮੂ ਦੇ ਪੱਛਮ ਵੱਲ ਨੂੰ ਭੇਜ ਦਿੱਤਾ। 5 ਅਗਸਤ ਤੱਕ ਇਹ ਟੁਕੜੀਆਂ ਬਿਨਾਂ ਕਿਸੇ ਰੁਕਾਵਟ ਦੇ ਆਪੋ-ਆਪਣੇ ਨਿਰਧਾਰਤ ਸਥਾਨਾਂ ਵੱਲ ਪ੍ਰਵੇਸ਼ ਕਰ ਗਈਆਂ ਪਰ ਦੇਸ਼ ਦੇ ਹਾਕਮਾਂ ਨੂੰ ਇਸ ਘੁਸਪੈਠ ਬਾਰੇ ਸੂਹ ਤੱਕ ਨਹੀਂ ਮਿਲੀ। ਫਿਰ ਅਗਸਤ-ਸਤੰਬਰ 1965 ’ਚ ਪਾਕਿਸਤਾਨ ਨੇ ਜੰਗ ਦਾ ਬਿਗੁਲ ਵਜਾ ਦਿੱਤਾ ਪਰ ਭਾਰਤੀ ਫੌਜਾਂ ਨੇ ਪੀ. ਓ. ਕੇ. ’ਚ ਦਾਖਲ ਹੋ ਕੇ ਅੱਤਵਾਦੀ ਕੈਂਪ ਖਦੇੜੇ ਤੇ ਪਾਕਿਸਤਾਨ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਿਖਲਾਈ ਕੈਂਪਾਂ ਦਾ ਦਸਤੂਰ ਕਾਇਮ ਰੱਖਿਆ। ਕੈਂਪਾਂ ਰਾਹੀਂ ਹੀ ਕਾਰਗਿਲ ਇਲਾਕੇ ’ਚ ਅਪ੍ਰੈਲ-ਮਈ 1998 ’ਚ ਘੁਸਪੈਠ ਹੋਈ।
13 ਦਸੰਬਰ, 2001 ਨੂੰ ਸੰਸਦ ’ਤੇ ਹਮਲੇ ਉਪਰੰਤ ਭਾਰਤ ਨੇ ‘ਆਪ੍ਰੇਸ਼ਨ ਪਰਾਕ੍ਰਮ’ ਤਹਿਤ ਫੌਜ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਾਕਿਸਤਾਨੀ ਅੱਤਵਾਦੀਆਂ ਨੇ ਕਾਲੂ ਚੱਕ ਦੇ ਫੌਜੀ ਕੈਂਪ ’ਤੇ 14 ਮਈ, 2002 ਨੂੰ ਘਾਤਕ ਹਮਲਾ ਕੀਤਾ। ਅਮਰੀਕਾ ਦੀ ਦਖਲਅੰਦਾਜ਼ੀ ਕਰਕੇ ਜੰਗ ਤਾਂ ਟਲ ਗਈ ਪਰ ਪਾਕਿਸਤਾਨ ਦਸਤੂਰ ਅਨੁਸਾਰ ਅੱਤਵਾਦੀ ਕੈਂਪਾਂ ਨੂੰ ਮਜ਼ਬੂਤ ਕਰਦਾ ਗਿਆ। 26 ਨਵੰਬਰ, 2008 ਨੂੰ ਮੁੰਬਈ ਉਪਰ ਕੀਤੇ ਗਏ ਹਮਲੇ ਬਾਰੇ ਦੇਸ਼ ਤੇ ਵਿਦੇਸ਼ੀ ਸਮੂਹ ਪੜਤਾਲ ਕਰਨ ਵਾਲੀਆਂ ਸੰਸਥਾਵਾਂ ਨੇ ਇਹ ਸਹਿਮਤੀ ਪ੍ਰਗਟਾਈ ਕਿ ਹਮਲਾਵਰਾਂ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ’ਚ ਸਥਾਪਿਤ ਅੱਤਵਾਦੀ ਕੈਂਪਾਂ ਅੰਦਰ ਵਿਸ਼ੇਸ਼ ਮੁਹਾਰਤ ਵਾਲੀ ਸਖਤ ਗੁਰਿੱਲਾ ਸਿਖਲਾਈ ਹਾਸਲ ਕਰਨ ਉਪਰੰਤ ਆਪ੍ਰੇਸ਼ਨ ਆਰੰਭਿਆ। ਪਾਕਿ ਫਿਰ ਵੀ ਬਾਜ਼ ਨਹੀਂ ਆਇਆ ਤੇ ਕੈਂਪਾਂ ਦੀ ਸਰਪ੍ਰਸਤੀ ਹੇਠ ਪਠਾਨਕੋਟ, ਉੜੀ, ਪੁਲਵਾਮਾ, ਸਗੋਂ ਜੰਮੂ ਦੇ 9 ਜ਼ਿਲਿਆਂ ਵਿਸ਼ੇਸ਼ ਤੌਰ ’ਤੇ ਪੁੰਛ-ਰਾਜੌਰੀ ਸੈਕਟਰ ’ਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਿਗਆ। ਇੱਥੋਂ ਡਰ ਕੇ ਰਾਜੌਰੀ ਦੇ ਇਕ ਪਿੰਡ ’ਚ ਗਏ ਔਰਤਾਂ, ਬੱਚਿਆਂ ’ਤੇ ਧਰਮ ਦੀ ਪਛਾਣ ਆਧਾਰਿਤ ਹਮਲੇ ਜਾਰੀ ਰਹੇ ਤੇ ਇਸ ਕਿਸਮ ਦੀ ਵਿਧੀ ਪਹਿਲਗਾਮ ਵਿਖੇ ਵੀ ਅਪਣਾਈ ਗਈ। ਹੁਣ ਕੈਂਪਾਂ ਦੇ ਵਿਸਥਾਰ ਨੇ ਦਿੱਤੀ ਇਕ ਨਵੀਂ ਚੁਣੌਤੀ।
ਬਾਜ ਵਾਲੀ ਨਜ਼ਰ : ਭਾਰਤੀ ਫੌਜ ਨੇ 1965 ਦੀ ਜੰਗ ਦੌਰਾਨ ਉੜੀ-ਹਾਜੀਪੀਰ-ਪੁੰਛ, ਤਿਥਵਾਲ ਤੇ ਕਾਰਗਿਲ ਸੈਕਟਰ ਦਾ 270 ਵਰਗ ਮੀਲ ਵਾਲਾ ਮਕਬੂਜ਼ਾ ਕਸ਼ਮੀਰ ਦਾ ਇਲਾਕਾ ਜਿੱਤ ਕੇ ਉਥੇ ਸਥਾਪਤ ਸਾਰੇ ਅੱਤਵਾਦੀ ਕੈਂਪਾਂ ਦਾ ਸਫਾਇਆ ਕਰ ਦਿੱਤਾ। ਕਸ਼ਮੀਰ ਵਾਦੀ ਅੰਦਰ ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੀ ਪੁੰਛ-ਕਹੂਟਾ-ਉੜੀ ਸੈਕਟਰ ਵਾਲੀ ਸੜਕ ਜੋ ਕਿ ਪਾਕਿ ਨੇ ਅਣ-ਅਧਿਕਾਰਤ ਤੌਰ ’ਤੇ ਕਬਜ਼ੇ ਹੇਠ ਕਰ ਰੱਖੀ ਸੀ, ਉਸ ਨੂੰ ਫੌਜ ਨੇ 4 ਸਤੰਬਰ ਨੂੰ ਚਾਲੂ ਕਰਕੇ ਵਾਪਸ ਭਾਰਤ ਸਰਕਾਰ (ਜੰਮੂ-ਕਸ਼ਮੀਰ) ਦੇ ਹਵਾਲੇ ਕਰ ਦਿੱਤਾ। ਹਾਜੀਪੀਰ ਦੇ ਉੱਤਰੀ ਸੈਕਟਰ ਅਧੀਨ 15 ਪਿੰਡਾਂ ਅਤੇ ਦੱਖਣੀ ਹਿੱਸੇ ਵਾਲੇ 85 ਪਿੰਡਾਂ ਦੀ ਕੁਲ ਆਬਾਦੀ 15 ਹਜ਼ਾਰ ਦੇ ਕਰੀਬ ਨੂੰ ਇਕੱਠਿਆਂ ਕਰਕੇ ਇਕ ਤਹਿਸੀਲ ਬਣਾ ਦਿੱਤੀ ਗਈ ਅਤੇ ਉੱਥੇ ਤਿਰੰਗਾ ਲਹਿਰਾਉਣ ਲੱਗਾ।
ਇਸ ਇਲਾਕੇ ਦੀ ਦੇਖ-ਰੇਖ ਲਈ ਇਕ ਸਹਾਇਕ ਕਮਿਸ਼ਨਰ, ਇਕ ਤਹਿਸੀਲਦਾਰ, ਦੋ ਨਾਇਬ, 5 ਹੋਰ ਮਾਲ ਅਫਸਰ ਅਤੇ 20 ਪਟਵਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜੋ ਲੋਕ ਪਿੰਡਾਂ ਦੇ ਪਿੰਡ ਖਾਲੀ ਕਰ ਕੇ ਰਾਵਲਪਿੰਡੀ ਆਦਿ ਵੱਲ ਨੂੰ ਚਲੇ ਗਏ ਸਨ, ਮੁੜ ਆਪਣੇ ਵਤਨ ਨੂੰ ਪਰਤਣ ਲੱਗੇ। ਅਵਾਮ ਨੂੰ ਰਾਸ਼ਨ-ਪਾਣੀ ਪਹੁੰਚਾਇਆ ਗਿਆ ਤੇ ਭਾਰਤੀ ਕਰੰਸੀ ਵੀ ਵੰਡੀ ਗਈ। ਕਾਸ਼! ਤਾਸ਼ਕੰਤ ਸਮਝੌਤੇ ਤਹਿਤ ਇਹ ਇਲਾਕਾ ਵਾਪਸ ਪਾਕਿਸਤਾਨ ਨੂੰ ਨਾ ਸੌਂਪਿਆ ਜਾਂਦਾ। ਫਿਰ ਨਾ ਅੱਤਵਾਦੀ ਕੈਂਪ ਇੱਥੇ ਹੁਦੇ ਤੇ ਨਾ ਹੀ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਤੇ ਆਪ੍ਰੇਸ਼ਨ ਸਿੰਧੂਰ ਦੀ ਲੋੜ ਪੈਂਦੀ। ਜੰਗ ਜਿੱਤੀ ਫੌਜ ਨੇ ਹਾਰ ਗਏ ਸਿਆਸਤਦਾਨ!
ਜਿਸ ਤੀਬਰਤਾ ਨਾਲ ਪਾਕਿਸਤਾਨ ਅੱਤਵਾਦੀ ਕੈਂਪਾਂ ਦਾ ਨਵੀਨੀਕਰਨ ਤੇ ਵਿਸਥਾਰ ਕਰਕੇ ਬਹੁਗਿਣਤੀ ਵਾਲੇ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ, ਸਵੈ-ਨਿਰਭਰ ਛੋਟੇ-ਛੋਟੇ ਆਕਾਰ ਵਾਲੇ ਕੈਂਪਾਂ ਨੂੰ ਐੱਲ. ਓ. ਸੀ. ਦੇ ਇਰਦ-ਗਿਰਦ ਜੰਗਲ ਭਰਪੂਰ ਇਲਾਕੇ ’ਚ ਤਾਇਨਾਤ ਕਰ ਰਿਹਾ ਹੈ, ਉਨ੍ਹਾਂ ਨਾਲ ਨਜਿੱਠਤਾ ਵੀ ਭਾਰਤ ਲਈ ਇਕ ਵੱਡੀ ਚੁਣੌਤੀ ਹੋਵੇਗੀ। ਜੰਗ ਲੜ ਕੇ ਪੀ. ਓ. ਕੇ. ਹਾਸਲ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਉਥੇ ਮੁਕਤੀ ਵਾਹਿਣੀ ਵਰਗੀ ਫੋਰਸ ਹੀ ਮਕਬੂਜ਼ਾ ਕਸ਼ਮੀਰ ’ਚ ਇਨਕਲਾਬ ਲਿਆ ਸਕਦੀ ਹੈ, ਜਿਸ ਲਈ ਕੇਵਲ ਭਾਰਤ ਹੀ ਮਦਦਗਾਰ ਸਿੱਧ ਹੋ ਸਕਦਾ ਹੈ।
ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ