ਹਿੰਸਾ ਦਾ ਨੰਗਾ ਨਾਚ : ਸਮਾਜ ਕਿਸ ਦਿਸ਼ਾ ’ਚ ਵਧ ਰਿਹਾ?
Wednesday, Jul 16, 2025 - 05:44 PM (IST)

ਅੱਜ ਹਿੰਸਾ ਦੀਆਂ ਖਬਰਾਂ ਸੁਰਖੀਆਂ ’ਚ ਰਹਿੰਦੀਆਂ ਹਨ। ਕਿਸੇ ਵੀ ਦਿਨ ਦੇ ਕਿਸੇ ਵੀ ਅਖਬਾਰ ਨੂੰ ਚੁੱਕ ਲਵੋ ਤਾਂ ਸਮਾਜਿਕ ਫੁੱਟ ਦੀਆਂ ਖਬਰਾਂ ਸੁਰਖੀਆਂ ’ਚ ਰਹਿੰਦੀਆਂ ਹਨ। ਭੀੜ-ਭੜੱਕੇ ਵਾਲੀਆਂ ਸੜਕਾਂ ’ਤੇ ਦਿਨ-ਦਿਹਾੜੇ ਕਤਲ ਹੁੰਦੇ ਹਨ। ਹਰੇਕ ਮਿੰਟ ’ਚ ਜਬਰ-ਜ਼ਨਾਹ ਦੀਆਂ 7 ਘਟਨਾਵਾਂ ਹੁੰਦੀਆਂ ਹਨ ਅਤੇ ਉਸ ਦੇ ਇਲਾਵਾ ਦਾਜ ਦੇ ਕਾਰਨ ਔਰਤਾਂ ਦੀ ਮੌਤ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅੱਜ ਆਧੁਨਿਕ ਭਾਰਤ ’ਚ ਘਿਨੌਣੇਪਨ ਅਤੇ ਜੰਗਲੀਪਨ ਵਧ ਗਏ ਹਨ।
ਬਿਹਾਰ ’ਚ ਚੋਣਾਂ ਹੋਣ ਵਾਲੀਆਂ ਹਨ ਅਤੇ ਬੀਤੇ 10 ਦਿਨਾਂ ’ਚ ਉੱਥੇ ਇਕ ਦੇ ਬਾਅਦ ਇਕ ਕਤਲ ਹੋਏ ਹਨ ਜਿਨ੍ਹਾਂ ’ਚ ਵਪਾਰੀਆਂ, ਸਿਆਸੀ ਆਗੂਆਂ, ਵਕੀਲਾਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪੁਲਸ ਇਸ ਦਾ ਦੋਸ਼ ਨਾਜਾਇਜ਼ ਹਥਿਆਰਾਂ ਅਤੇ ਗੋਲਾ-ਬਾਰੂਦ ਨੂੰ ਦੇ ਰਹੀ ਹੈ। ਹਰਿਆਣਾ ਦੇ ਗੁਰੂਗ੍ਰਾਮ ’ਚ ਇਕ ਪਿਤਾ ਨੇ ਸੂਬਾ ਪੱਧਰੀ ਟੈਨਿਸ ਖਿਡਾਰਨ ਆਪਣੀ ਪੁੱਤਰੀ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਹ ਆਪਣੀ ਧੀ ਦੀ ਜੀਵਨਸ਼ੈਲੀ ਬਾਰੇ ਸਮਾਜ ਦੇ ਤਾਅਨਿਆਂ ਤੋਂ ਪ੍ਰੇਸ਼ਾਨ ਹੋ ਗਿਆ ਸੀ।
ਮੇਘਾਲਿਆ ’ਚ ਇੰਦੌਰ ਦੀ ਇਕ ਔਰਤ ਨੇ ਆਪਣੇ ਹਨੀਮੂਨ ਦੌਰਾਨ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਮੰਨਿਆ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਕਾਤਲਾਂ ਨੂੰ ਭਾੜੇ ’ਤੇ ਲਿਆ ਸੀ। ਮੇਰਠ ਦੀ ਵੀ ਇਹੀ ਸਥਿਤੀ ਹੈ ਿਜੱਥੇ ਇਕ 25 ਸਾਲਾ ਮਰਚੈਂਟ ਨੇਵੀ ਦੇ ਸਾਬਕਾ ਅਧਿਕਾਰੀ ਨੂੰ ਉਸ ਦੀ ਪਤਨੀ ਅਤੇ ਪ੍ਰੇਮੀ ਨੇ ਮਾਰ ਦਿੱਤਾ ਅਤੇ ਲਾਸ਼ ਨੂੰ 15 ਟੁਕੜਿਆਂ ’ਚ ਕੱਟ ਕੇ ਇਕ ਡਰੰਮ ’ਚ ਭਰ ਦਿੱਤਾ। ਉਹ ਉਦੋਂ ਫੜੇ ਗਏ ਜਦੋਂ ਉਸਦੀ 6 ਸਾਲਾ ਧੀ ਨੇ ਕਿਹਾ ਕਿ ਪਾਪਾ ਡਰੰਮ ’ਚ ਹਨ। ਹਰਿਆਣਾ ਦੇ ਭਿਵਾਨੀ ’ਚ ਇਕ ਸੋਸ਼ਲ ਮੀਡੀਆ ਇਨਫਊਐਂਸਰ ਨੇ ਮੰਨਿਆ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕੀਤਾ। ਆਮਚੀ ਮੁੰਬਈ ’ਚ ਆਟੋ ਡਰਾਈਵਰ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ।
ਅੱਜ ਜ਼ੋਰਾਵਰ ਮਾਫੀਆ ਡਾਨ ਅਤੇ ਨੇਤਾਵਾਂ ’ਚ ਫਰਕ ਕਰਨਾ ਔਖਾ ਹੋ ਗਿਆ ਹੈ। ਸਭ ਇਕ ਰੰਗ ’ਚ ਰੰਗੇ ਹੋਏ ਹਨ। ਕੋਲਕਾਤਾ ’ਚ 24 ਸਾਲਾ ਕਾਨੂੰਨ ਦੀ ਪੜ੍ਹਾਈ ਦੀ ਵਿਦਿਆਰਥਣ ਨਾਲ ਤ੍ਰਿਣਮੂਲ ਵਿਦਿਆਰਥੀ ਪ੍ਰੀਸ਼ਦ ਦੇ ਸਾਬਕਾ ਨੇਤਾ ਵਲੋਂ ਕਾਲਜ ਦੇ ਅੰਦਰ ਹੀ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ।
ਇਸ ਤੋਂ 3 ਮਹੀਨੇ ਪਹਿਲਾਂ ਇਕ ਗ੍ਰੈਜੂਏਟ ਵਿਦਿਆਰਥਣ ਦਾ ਜਬਰ-ਜ਼ਨਾਹ ਅਤੇ ਕਤਲ ਕੀਤਾ ਿਗਆ। ਕਰਨਾਟਕ ਦੇ ਹੰਪੀ ’ਚ 2 ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਿਗਆ ਅਤੇ 3 ਵਿਅਕਤੀਆਂ ਨੂੰ ਨਹਿਰ ’ਚ ਸੁੱਟਿਆ ਗਿਆ। ਹਰਿਆਣਾ ’ਚ ਇਕ 80 ਸਾਲਾ ਬਜ਼ੁਰਗ ਨੇ ਇਕ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ ਪਰ ਇਨ੍ਹਾਂ ਸਾਰੀਆਂ ਖਬਰਾਂ ਤੋਂ ਕੋਈ ਪ੍ਰੇਸ਼ਾਨ ਨਹੀਂ ਹੁੰਦਾ।
ਦੇਸ਼ ਦੀ ਰਾਜਧਾਨੀ ’ਚ ਗੈਂਗਵਾਰ ਆਮ ਗੱਲ ਹੈ। ਤ੍ਰਾਸਦੀ ਦੇਖੋ ਕਿ ਅਜਿਹੇ ਗੈਂਗ ਜੇਲ ’ਚੋਂ ਵੀ ਆਪਣਾ ਕੰਮ ਕਰਦੇ ਹਨ ਪਰ ਕਿਵੇਂ? ਕੀ ਜੇਲ ਮੁਲਾਜ਼ਮ ਵੀ ਉਨ੍ਹਾਂ ਨਾਲ ਰਲੇ ਹੋਏ ਹਨ ਅਤੇ ਕੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਪੂਰੇ ਦੇਸ਼ ’ਚ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਹਮਲਾਵਰਪੁਣਾ ਵਧ ਰਿਹਾ ਹੈ ਅਤੇ ਇਸ ਕਾਰਨ ਨਾਗਰਿਕਾਂ ’ਚ ਜ਼ਹਿਰ ਭਰ ਰਿਹਾ ਹੈ ਅਤੇ ਉਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਯਕੀਨੀ ਤੌਰ ’ਤੇ ਲੋਕਾਂ ਕੋਲ ਨਾਰਾਜ਼ ਹੋਣ ਦੇ ਕਈ ਕਾਰਨ ਹਨ ਜਿਨ੍ਹਾਂ ’ਚ ਬੇਰੁਜ਼ਗਾਰੀ, ਮਹਿੰਗਾਈ, ਕਾਨੂੰਨ ਵਿਵਸਥਾ ਆਦਿ ਦੀ ਘਾਟ ਸ਼ਾਮਲ ਹਨ। ਤਕਨਾਲੋਜੀ ਅਤੇ ਸੋਸ਼ਲ ਮੀਡੀਆ ਕਾਰਨ ਲੋਕਾਂ ’ਚ ਧਰੁਵੀਕਰਨ ਵੀ ਵਧ ਰਿਹਾ ਹੈ। ਨਫਰਤ ਦੀ ਸਿਆਸਤ, ਫਿਰਕੂਪੁਣਾ, ਧਾਰਮਿਕ ਨਫਰਤ ਆਦਿ ਦੇ ਸੰਬੰਧ ’ਚ ਹਿੰਸਕ ਵਿਸ਼ਾ-ਵਸਤੂ ਪਰੋਸੀ ਜਾ ਰਹੀ ਹੈ ਜਿਸ ਕਾਰਨ ਆਨਲਾਈਨ ਅਤੇ ਆਫਲਾਈਨ ਭੀੜ ਵਲੋਂ ਹਿੰਸਾ ਕੀਤੀ ਜਾ ਰਹੀ ਹੈ।
ਨਿਰਦੋਸ਼ ਮਨ ਦੂਸ਼ਿਤ ਹੋ ਰਹੇ ਹਨ ਅਤੇ ਉਨ੍ਹਾਂ ਦੇ ਮਨਾਂ ’ਚ ਨਫਰਤ ਭਰੀ ਜਾ ਰਹੀ ਹੈ ਅਤੇ ਇਹ ਦੱਸਦਾ ਹੈ ਕਿ ਸਾਡਾ ਸਮਾਜ ਨੈਤਿਕ ਤੌਰ ’ਤੇ ਕਿੰਨਾ ਦੀਵਾਲੀਆ ਹੋ ਗਿਆ ਹੈ।
ਇਸ ਲਈ ਕੌਣ ਦੋਸ਼ੀ ਹੈ? ਇਸ ਲਈ ਰਾਜਨੇਤਾ, ਨੌਕਰਸ਼ਾਹ, ਪੁਲਸ, ਸੁਰੱਖਿਅਤ ਅਪਰਾਧੀ ਸਾਰੇ ਜ਼ਿੰਮੇਵਾਰ ਹਨ। ਸਿਆਸੀ ਆਗੂ ਅਤੇ ਪੁਲਸ ਇਕ ਸਿੱਕੇ ਦੇ ਦੋ ਪਹਿਲੂ ਹਨ। ਦੋਵਾਂ ਨੂੰ ਅੱਜ ਖਤਰਨਾਕ ਮੰਨਿਆ ਜਾਂਦਾ ਹੈ। ਇਕ ਗਰਮ ਨੌਜਵਾਨ ਖੂਨ ਜੋ ਛੋਟੀਆਂ-ਛੋਟੀਆਂ ਗੱਲਾਂ ’ਤੇ ਕਤਲ ਲਈ ਤਿਆਰ ਰਹਿੰਦਾ ਹੈ, ਇਸ ਵਾਤਾਵਰਣ ’ਚ ਕੀ ਅਪਰਾਧਿਕ ਮਾਫੀਆ ਡਾਨ ਪਿੱਛੇ ਰਹਿ ਸਕਦੇ ਹਨ, ਜਿਨ੍ਹਾਂ ਨੇ ਹੁਣ ਮਾਮਲਿਆਂ ਦੇ ਹੱਲ ਲਈ ਅਦਾਲਤ ਤੋਂ ਬਾਹਰ ਦਾ ਰਸਤਾ ਅਪਣਾ ਲਿਆ ਹੈ ਅਤੇ ਜਬਰੀ ਵਸੂਲੀ ਕਰਦੇ ਹਨ।
ਸੱਚਾਈ ਇਹ ਹੈ ਕਿ ਅਸੀਂ ਸਿਆਸੀ ਅਤੇ ਆਰਥਿਕ ਆਜ਼ਾਦੀ ਹਾਸਲ ਕਰ ਲਈ ਹੈ ਪਰ ਅੱਜ ਵੀ ਅਸੀਂ ਸਮਾਜ ਦੇ ਸ਼ਰਾਰਤੀ ਤੱਤਾਂ ਦੇ ਬੰਧਕ ਹਾਂ। ਇਕ ਪਾਸੜ ਆਰਥਿਕ ਵਿਕਾਸ ਕਾਰਨ ਅਾਬਾਦੀ ਦਾ ਇਕ ਵੱਡਾ ਵਰਗ ਵਾਂਝਾ ਹੈ, ਜਿਸ ਨੂੰ ਅਸੀਂ ਪੱਛਮੀ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਮਾਪਦੰਡਾਂ ਨਾਲ ਨਹੀਂ ਜੋੜ ਸਕਦੇ। ਮੂਲ ਤੌਰ ’ਤੇ ਗੁੰਡਾਗਰਦੀ ਅਤੇ ਦਾਦਾਗਿਰੀ ਦੀ ਪ੍ਰਵਾਨਗੀ ਕਾਰਨ ਅਜਿਹਾ ਕਰਨ ਵਾਲਾ ਦਾਅਵਾ ਕਰਦਾ ਹੈ ਕਿ ਉਸ ਨੂੰ ਲੋਕਤੰਤਰੀ ਪ੍ਰਵਾਨਗੀ ਹਾਸਲ ਹੈ ਅਤੇ ਇਹ ਦੱਸਦਾ ਹੈ ਕਿ ਤੇਜ਼ ਨਿਆਂ ਦੇ ਵਿਚਾਰ ਨੂੰ ਸਮਾਜਿਕ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਜੇਕਰ ਆਮ ਆਦਮੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਵਾਰ-ਵਾਰ ਅਜਿਹੀਆਂ ਘਟਨਾਵਾਂ ਕਾਰਨ ਉਸ ਦਾ ਮਨ ਭ੍ਰਮਿਤ ਹੋ ਜਾਂਦਾ ਹੈ।
ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਸ ਦਾ ਕਾਰਨ ਸਾਡੀ ਅਸਫਲ ਸਜ਼ਾ ਨਿਆਂ ਵਿਵਸਥਾ ਅਤੇ ਪੁਲਸ ਦੀ ਧੱਕੇਸ਼ਾਹੀ ਹੈ। ਇੱਥੇ ਲੋਕਾਂ ਨੂੰ ਡਰਾਉਣ ਦੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਜਿੱਥੇ ਅਣਅਧਿਕਾਰਤ ਨਿਰਮਾਣ ਜਾਂ ਰਾਸ਼ਟਰੀ ਵਿਕਾਸ ਲਈ ਲੋੜ ਦੇ ਕਾਰਨ ਉਚਿਤ ਪ੍ਰਕਿਰਿਆ ਅਪਣਾਏ ਬਿਨਾਂ ਲੋਕਾਂ ਦੇ ਘਰਾਂ ਨੂੰ ਢਹਿ-ਢੇਰੀ ਕੀਤਾ ਜਾਂਦਾ ਹੈ। ਨਤੀਜੇ ਵਜੋਂ ਇਸ ਨੂੰ ਅਦਾਲਤਾਂ ’ਚ ਚੁਣੌਤੀ ਦੇਣਾ ਅਸੰਭਵ ਬਣਾ ਦਿੱਤਾ ਜਾਂਦਾ ਹੈ। ਦਰਅਸਲ ਕੁਝ ਸੂਬੇ ਮੁਕਾਬਲਿਆਂ ’ਚ ਕਤਲਾਂ ਦੇ ਆਧਾਰ ’ਤੇ ਆਪਣੇ ਸ਼ਾਸਨ ਦੇ ਰਿਕਾਰਡ ਬਾਰੇ ਸ਼ੇਖੀਆਂ ਮਾਰਦੇ ਹਨ। ਇਸ ਸੰਬੰਧ ’ਚ ਸ਼ੱਕੀ ਜਬਰ-ਜ਼ਨਾਹੀਆਂ ਨੂੰ ਤੇਲੰਗਾਨਾ ਪੁਲਸ ਵਲੋਂ ਮਾਰ ਦਿੱਤਾ ਜਾਣਾ ਇਕ ਉਦਾਹਰਣ ਹੈ।
ਸ਼ਾਇਦ ਲੋਕਾਂ ਵਲੋਂ ਕਾਨੂੰਨ ਨੂੰ ਆਪਣੇ ਹੱਥ ’ਚ ਲੈਣ ਦਾ ਇਕ ਵੱਡਾ ਮੁੱਖ ਕਾਰਨ ਇਹ ਵੀ ਹੈ ਕਿ ਕਾਨੂੰਨ ਅਕਸਰ ਜਾਂ ਤਾਂ ਇਕ ਵਿਰੋਧਕਰਤਾ ਬਣ ਜਾਂਦਾ ਹੈ ਜਾਂ ਮੂਕਦਰਸ਼ਕ ਬਣ ਜਾਂਦਾ ਹੈ, ਜਿਸ ਕਾਰਨ ਅਰਾਜਕਤਾ ਵਧਦੀ ਜਾ ਰਹੀ ਹੈ, ਜਿੱਥੇ ਕਾਨੂੰਨੀ ਭੁੁੱਲ ਅਤੇ ਉਚਿਤ ਪ੍ਰਕਿਰਿਆ ਨੂੰ ਤੋੜਿਆ-ਮਰੋੜਿਆ ਜਾਂਦਾ ਹੈ।
ਫਿਰ ਇਸ ਸਮੱਸਿਆ ਦਾ ਹੱਲ ਕੀ ਹੈ? ਅਜਿਹੇ ਵਾਤਾਵਰਣ ’ਚ ਜਿੱਥੇ ਆਪਣਾ ਹੱਕ ਮੰਗਣ ਲਈ ਤਾਕਤ ਦੀ ਵਰਤੋਂ ਕਰਨੀ ਸਾਡੀ ਪ੍ਰਵਿਰਤੀ ਬਣ ਗਈ ਹੈ, ਉੱਥੇ ਸਾਨੂੰ ਸਮਝਣਾ ਹੋਵੇਗਾ ਕਿ ਲੋਕਤੰਤਰ ਇਕ ਅਜਿਹੀ ਵੇਸਵਾ ਨਹੀਂ ਹੈ ਜਿਸ ਨੂੰ ਸੜਕ ’ਤੇ ਬੰਦੂਕ ਦੀ ਨੋਕ ’ਤੇ ਮਰਦਾਂ ਵਲੋਂ ਚੁੱਕ ਲਿਆ ਜਾਵੇ। ਇਕ ਅਜਿਹੇ ਵਾਤਾਵਰਣ ’ਚ ਜਿੱਥੇ ਸੁਸ਼ਾਸਨ ਅਤੇ ਜਵਾਬਦੇਹੀ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੋਵੇ, ਸਾਨੂੰ ਇਸ ਗਿਰਾਵਟ ’ਤੇ ਰੋਕ ਲਾਉਣੀ ਹੋਵੇਗੀ। ਸਾਨੂੰ ਸਮੂਹਿਕ ਗੱੁਸੇ ਰਾਹੀਂ ਇਸ ਹਿੰਸਾ ਦੇ ਨੰਗੇ ਨਾਚ ਤੋਂ ਮੁਕਤੀ ਹਾਸਲ ਕਰਨੀ ਹੋਵੇਗੀ। ਸਖਤ ਅਤੇ ਸਮੇਂ ਸਿਰ ਕਾਰਵਾਈ ਜ਼ਰੂਰੀ ਹੈ। ਨਹੀਂ ਤਾਂ ਜਿਵੇਂ ਮਿਰਜ਼ਾ ਫਿਦਵੀ ਨੇ ਕਿਹਾ ਸੀ, ‘‘ਡੈਮੋਕ੍ਰੇਸੀ ਦਾ ਜਨਾਜ਼ਾ ਹੈ, ਜ਼ਰਾ ਧੂਮ ਸੇ ਨਿਕਲੇ।’’
ਪੂਨਮ ਆਈ. ਕੌਸ਼ਿਸ਼