ਤਕਨੀਕ ਨਾਲ ਭਰਪੂਰ ਭਾਰਤ ਅੱਜ ਕਿਸੇ ਅਧੀਨ ਨਹੀਂ
Saturday, Nov 01, 2025 - 03:30 PM (IST)
ਭਾਰਤ ਅੱਜ ਵਿਸ਼ਵ ਵਿਗਿਆਨਕ ਪੁਨਰ-ਜਾਗਰਣ ਦੀ ਦਹਿਲੀਜ਼ ’ਤੇ ਖੜ੍ਹਾ ਹੈ। ਤਕਨੀਕ ਨਾਲ ਭਰਪੂਰ ਭਾਰਤ ਕਿਸੇ ਦੇ ਪਿੱਛੇ ਨਹੀਂ ਚੱਲਦਾ, ਸਗੋਂ ਹੋਰਾਂ ਨੂੰ ਆਪਣੇ ਪਿੱਛੇ ਚੱਲਣ ਲਈ ਪ੍ਰੇਰਿਤ ਕਰ ਰਿਹਾ ਹੈ। ਪਿਛਲੇ ਇਕ ਦਹਾਕੇ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿਚ ਦੇਸ਼ ਨੇ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿਚ ਬੇਮਿਸਾਲ ਤਰੱਕੀ ਦੇਖੀ ਹੈ।
ਡਿਜੀਟਲ ਸਸ਼ਕਤੀਕਰਨ ਤੋਂ ਲੈ ਕੇ ਪੁਲਾੜ ਖੋਜ ਤੱਕ, ਆਤਮ-ਨਿਰਭਰ ਅਤੇ ਤਕਨੀਕ-ਪ੍ਰਧਾਨ ਭਾਰਤ ਦੀ ਰੂਪਰੇਖਾ ਹੁਣ ਸਪੱਸ਼ਟ ਤੌਰ ’ਤੇ ਦਿਸ ਰਹੀ ਹੈ। ਡਿਜੀਟਲ ਇੰਡੀਆ ਅਤੇ ਸਟਾਰਟਅੱਪ ਇੰਡੀਆ ਦੀਆਂ ਸਫ਼ਲਤਾਵਾਂ ਤੋਂ ਲੈ ਕੇ ਸਵੱਛ ਭਾਰਤ ਅਤੇ ਵਨ ਹੈਲਥ ਵਰਗੀਆਂ ਮੁਹਿੰਮਾਂ ਤੱਕ, ਦੇਸ਼ ਨੇ ਇਹ ਸਾਬਤ ਕੀਤਾ ਹੈ ਕਿ ਵਿਗਿਆਨ, ਤਕਨੀਕ ਅਤੇ ਨਵੀਨਤਾ ਰਾਹੀਂ ਵੱਡੇ ਪੱਧਰ ’ਤੇ ਬਦਲਾਅ ਲਿਆਂਦਾ ਜਾ ਸਕਦਾ ਹੈ।
ਯੂ. ਪੀ. ਆਈ. ਕ੍ਰਾਂਤੀ ਨੇ ਡਿਜੀਟਲ ਭੁਗਤਾਨ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ ਅਤੇ ਭਾਰਤ ਨੂੰ ਇਸ ਖੇਤਰ ਵਿਚ ਵਿਸ਼ਵ ਮੋਹਰੀ ਬਣਾ ਦਿੱਤਾ ਹੈ। ਭਾਰਤ ਦੀ ਜੈਵਿਕ-ਅਰਥਵਿਵਸਥਾ ਨੇ ਪਿਛਲੇ 10 ਸਾਲਾਂ ਵਿਚ ਜ਼ਬਰਦਸਤ ਤਰੱਕੀ ਕੀਤੀ ਹੈ। 2014 ਵਿਚ ਜਿੱਥੇ ਇਸ ਦਾ ਮੁੱਲ 10 ਅਰਬ ਡਾਲਰ ਸੀ, ਉੱਥੇ ਹੀ 2024 ਵਿਚ ਇਹ ਵਧ ਕੇ ਲਗਭਗ 165.7 ਅਰਬ ਡਾਲਰ ਹੋ ਗਿਆ ਹੈ।
ਭਾਰਤ ਹੁਣ ਬਾਇਓਫਿਊਲ, ਬਾਇਓਪਲਾਸਟਿਕ ਅਤੇ ਗ੍ਰੀਨ ਕੈਮੀਕਲਸ ਵਰਗੇ ਖੇਤਰਾਂ ਵਿਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਚੰਦਰਯਾਨ ਅਤੇ ਗਗਨਯਾਨ ਮਿਸ਼ਨਾਂ ਨੇ ਭਾਰਤ ਦੀ ਪਛਾਣ ਪੁਲਾੜ-ਤਾਕਤ ਭਰਪੂਰ ਦੇਸ਼ਾਂ ਵਿਚ ਮਜ਼ਬੂਤ ਕੀਤੀ ਹੈ, ਜਦੋਂ ਕਿ 5ਜੀ ਨੈੱਟਵਰਕ ਦੀ ਸ਼ੁਰੂਆਤ ਅਤੇ ਡਿਜੀਟਲ ਕੂਟਨੀਤੀ ਨੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਕੁਨੈਕਟੀਵਿਟੀ ਅਤੇ ਸਸ਼ਕਤੀਕਰਨ ਪਹੁੰਚਾਇਆ ਹੈ।
ਭਾਰਤ ਹੁਣ ਸਾਰਿਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਗਲੋਬਲ ਲੀਡਰ ਵਜੋਂ ਉੱਭਰ ਰਿਹਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੁੱਧੀ ਅਤੇ ਨਵੀਨਤਾ ਦਾ ਫ਼ਾਇਦਾ ਹਰ ਖੇਤਰ ਤੱਕ ਪਹੁੰਚੇ। ਭਾਵੇਂ ਉਹ ਖੇਤੀਬਾੜੀ ਹੋਵੇ, ਸਿਹਤ ਸੰਭਾਲ ਹੋਵੇ ਜਾਂ ਸ਼ਾਸਨ ਵਿਵਸਥਾ ਹੋਵੇ। ਦੇਸ਼ ਵਿਚ 100 ਤੋਂ ਵੱਧ ਯੂਨੀਕੌਰਨ ਕੰਪਨੀਆਂ ਅਤੇ ਨੌਜਵਾਨਾਂ ਵੱਲੋਂ ਸੰਚਾਲਿਤ ਸਟਾਰਟਅੱਪਸ ਦਾ ਮਜ਼ਬੂਤ ਨੈੱਟਵਰਕ ਭਾਰਤ ਦੀ ਵਿਗਿਆਨਕ ਅਤੇ ਉੱਦਮੀ ਭਾਵਨਾ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾ ਰਿਹਾ ਹੈ।
ਗ੍ਰੀਨ ਹਾਈਡ੍ਰੋਜਨ, ਕੁਆਂਟਮ ਵਿਗਿਆਨ ਅਤੇ ਤਕਨੀਕ, ਸੈਮੀਕੰਡਕਟਰ ਨਿਰਮਾਣ ਅਤੇ ਸਟੀਕ ਖੇਤੀਬਾੜੀ ਵਰਗੇ ਖੇਤਰਾਂ ਵਿਚ ਭਾਰਤ ਦੀ ਤਰੱਕੀ ਇਹ ਦਿਖਾਉਂਦੀ ਹੈ ਕਿ ਭਾਰਤ ਹੁਣ ਸਿਰਫ਼ ਦੁਨੀਆ ਦੇ ਨਾਲ ਕਦਮ ਨਹੀਂ ਮਿਲਾ ਰਿਹਾ, ਸਗੋਂ ਭਵਿੱਖ ਦੀ ਦਿਸ਼ਾ ਤੈਅ ਕਰਨ ਵਿਚ ਮਦਦ ਕਰ ਰਿਹਾ ਹੈ। ਇਹ ਆਤਮ-ਨਿਰਭਰ ਭਾਰਤ ਦੀ ਕਹਾਣੀ ਹੈ। ਇਕ ਅਜਿਹਾ ਆਤਮ-ਵਿਸ਼ਵਾਸੀ ਅਤੇ ਦੂਰਦਰਸ਼ੀ ਭਾਰਤ, ਜੋ ਵਿਕਸਿਤ ਭਾਰਤ 2047 ਦੇ ਟੀਚੇ ਵੱਲ, ਆਪਣੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਤੱਕ, ਦ੍ਰਿੜ੍ਹਤਾ ਨਾਲ ਅੱਗੇ ਵਧ ਰਿਹਾ ਹੈ।
ਈ. ਐੱਸ. ਟੀ. ਆਈ. ਸੀ. : ਪ੍ਰਾਪਤੀ ਤੋਂ ਇੱਛਾ ਤੱਕ : ਇਸ ਤਰੱਕੀ ਦੇ ਪਿਛੋਕੜ ਵਿਚ 3 ਤੋਂ 5 ਨਵੰਬਰ, 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿਚ ਹੋਣ ਵਾਲਾ ਐਮਰਜਿੰਗ ਸਾਇੰਸ, ਟੈਕਨਾਲੋਜੀ ਐਂਡ ਇਨੋਵੇਸ਼ਨ ਕਨਕਲੇਵ ਇਕ ਦਲੇਰੀ ਵਾਲਾ ਨਵਾਂ ਕਦਮ ਹੈ। ਭਾਰਤ ਸਰਕਾਰ ਦੇ 13 ਮੰਤਰਾਲਿਆਂ ਵੱਲੋਂ ਆਯੋਜਿਤ ਇਹ ਸੰਮੇਲਨ ਸਿਰਫ਼ ਉਪਲਬਧੀਆਂ ਦਾ ਪ੍ਰਦਰਸ਼ਨ ਨਹੀਂ ਹੈ, ਸਗੋਂ ਇਹ ਸਹਿਯੋਗ, ਦੂਰ-ਦ੍ਰਿਸ਼ਟੀ ਅਤੇ ਰਾਸ਼ਟਰੀ ਰਣਨੀਤੀ ਦਾ ਮੰਚ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ ਹੱਥੋਂ ਉਦਘਾਟਨ ਕੀਤੇ ਜਾਣ ਵਾਲਾ ਈ. ਐੱਸ. ਟੀ. ਆਈ. ਸੀ. 2025 ਦੇਸ਼-ਵਿਦੇਸ਼ ਦੇ ਪ੍ਰਮੁੱਖ ਵਿਗਿਆਨੀਆਂ, ਇਨੋਵੇਟਰਸ, ਨੀਤੀ ਨਿਰਮਾਤਾਵਾਂ ਅਤੇ ਮਾਹਿਰਾਂ ਨੂੰ ਇਕੱਠਾ ਕਰੇਗਾ ਤਾਂ ਕਿ ਉੱਭਰਦੀਆਂ ਤਕਨੀਕਾਂ ਦੇ ਭਵਿੱਖ ’ਤੇ ਵਿਚਾਰ-ਵਟਾਂਦਰਾ ਕਰ ਸਕੀਏ।
ਈ. ਐੱਸ. ਟੀ. ਆਈ. ਸੀ. ਨੂੰ ਵਿਗਿਆਨ ਅਤੇ ਟੈਕਨਾਲੋਜੀ ਵਿਚ ਆਤਮ-ਨਿਰਭਰ ਭਾਰਤ ਲਈ ਅਹਿਮ 11 ਵਿਸ਼ਿਆਂ ’ਤੇ ਕੇਂਦ੍ਰਿਤ ਕੀਤਾ ਗਿਆ ਹੈ। ਇਹ ਸੰਮੇਲਨ ਇਕ ਅਜਿਹਾ ਕੇਂਦਰੀ ਮੰਚ ਬਣੇਗਾ, ਜਿੱਥੇ ਰਣਨੀਤਿਕ ਸੰਵਾਦ, ਸਹਿਯੋਗ ਅਤੇ ਭਾਰਤ ਦੀਆਂ ਸਭ ਤੋਂ ਵਧੀਆ ਉਪਲਬਧੀਆਂ ਨੂੰ ਪੇਸ਼ ਕੀਤਾ ਜਾਵੇਗਾ। ਮੌਜੂਦਾ ਉਪਲਬਧੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ, ਇਹ ਸੰਮੇਲਨ ਨਵੇਂ ਵਿਚਾਰਾਂ ’ਤੇ ਮੰਥਨ ਕਰਨ, ਕਮੀਆਂ ਦੀ ਪਛਾਣ ਕਰਨ ਅਤੇ ਨੀਤੀ-ਨਿਰਮਾਣ ਵਿਚ ਸੁਧਾਰ ਦਾ ਮੌਕਾ ਵੀ ਪ੍ਰਦਾਨ ਕਰੇਗਾ ਤਾਂ ਕਿ ਭਾਰਤ ਦੀ ਵਿਗਿਆਨਕ ਤਰੱਕੀ ਸਮਾਜ ਦੀਆਂ ਜ਼ਰੂਰਤਾਂ ਅਤੇ ਵਿਸ਼ਵ-ਵਿਆਪੀ ਮੌਕਿਆਂ ਦੇ ਨਾਲ ਤਾਲਮੇਲ ਵਿਚ ਬਣੀ ਰਹੇ।
ਵਿਕਸਿਤ ਭਾਰਤ 2047 ਵੱਲ : ਕਈ ਮਾਅਨਿਆਂ ਵਿਚ, ਈ. ਐੱਸ. ਟੀ. ਆਈ. ਸੀ. ਭਾਰਤ ਦੇ ਵਧਦੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਇਕ ਅਜਿਹਾ ਆਤਮ-ਵਿਸ਼ਵਾਸ ਜੋ ਗਿਆਨ ਅਤੇ ਨਵੀਨਤਾ ਦੇ ਖੇਤਰ ਵਿਚ ਭਾਰਤ ਨੂੰ ਵਿਸ਼ਵ-ਵਿਆਪੀ ਅਗਵਾਈ ਵੱਲ ਲੈ ਕੇ ਜਾ ਰਿਹਾ ਹੈ। ਇਹ ਇਕ ਰਾਸ਼ਟਰੀ ਮਿਸ਼ਨ ਹੈ, ਜਿਸ ਦਾ ਉਦੇਸ਼ ਹੈ-ਕਲਪਨਾ ਸ਼ਕਤੀ ਨੂੰ ਜਗਾਉਣਾ, ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਭਵਿੱਖ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨਾ।
ਈ. ਐੱਸ. ਟੀ. ਆਈ. ਸੀ. 2025 ਵਿਚ ਵਿਚਾਰਵਾਨ ਆਗੂਆਂ, ਨੋਬਲ ਪੁਰਸਕਾਰ ਜੇਤੂਆਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਮੋਢੀਆਂ ਨੂੰ ਇਕੱਠੇ ਲਿਆਂਦਾ ਜਾਵੇਗਾ ਤਾਂ ਕਿ ਭਾਰਤ ਨੂੰ ਇਕ ਵਿਗਿਆਨਕ ਮਹਾਸ਼ਕਤੀ ਅਤੇ ਨਵੀਨਤਾ-ਆਧਾਰਿਤ ਵਿਕਾਸ ਦੇ ਵਿਸ਼ਵ ਕੇਂਦਰ ਵਜੋਂ ਸਥਾਪਿਤ ਕੀਤਾ ਜਾ ਸਕੇ। ਜਿਵੇਂ-ਜਿਵੇਂ ਭਾਰਤ 2047 ਵੱਲ ਵਧ ਰਿਹਾ ਹੈ, ਈ. ਐੱਸ. ਟੀ. ਆਈ. ਸੀ. ਇਕ ਪ੍ਰੇਰਕ ਤਾਕਤ ਅਤੇ ਪ੍ਰਤੀਕ ਦੋਵਾਂ ਦੇ ਰੂਪ ਵਿਚ ਖੜ੍ਹਾ ਹੈ।
-ਡਾ. ਜਿਤੇਂਦਰ ਸਿੰਘ
(ਕੇਂਦਰੀ ਮੰਤਰੀ, ਭਾਰਤ ਸਰਕਾਰ)
