ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਦੇ ਵਧਦੇ ਮਾਮਲੇ !

Thursday, Jun 05, 2025 - 03:31 AM (IST)

ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਦੇ ਵਧਦੇ ਮਾਮਲੇ !

ਪਿਛਲੇ ਕੁਝ ਸਮੇਂ ਤੋਂ ਗੈਰ-ਸਮਾਜਿਕ ਤੱਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਨਾਲ ਛੇੜਛਾੜ ਕਰ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਪਿਛਲੇ ਸਿਰਫ 3 ਮਹੀਨਿਆਂ ਦੌਰਾਨ ਕੀਤੀਆਂ ਗਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੇਠਾਂ ਦਰਜ ਹੈ :

* 3 ਮਾਰਚ ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਦੇ ‘ਮਾਂਡਾ’ ਇਲਾਕੇ ’ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਕੁਝ ਸ਼ਰਾਰਤੀ ਤੱਤਾਂ ਵਲੋਂ ਨੁਕਸਾਨ ਪਹੁੰਚਾਇਆ ਗਿਆ।

* 6 ਮਾਰਚ ਨੂੰ ‘ਮਊ’ (ਉੱਤਰ ਪ੍ਰਦੇਸ਼) ਜ਼ਿਲੇ ਦੇ ‘ਮਧੂਬਨ’ ਥਾਣਾ ਖੇਤਰ ਦੇ ‘ਭੇੜਕੁਲ’ ਪਿੰਡ ’ਚ ਰਾਤ ਦੇ ਸਮੇਂ ਕੁਝ ਅਰਾਜਕ ਤੱਤਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਿਰੁੱਧ ਇਲਾਕੇ ਦੇ ਲੋਕਾਂ ਨੇ ਭਾਰੀ ਰੋਸ ਪ੍ਰਗਟ ਕੀਤਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।

* 2 ਅਪ੍ਰੈਲ ਨੂੰ ‘ਬਟਾਲਾ’ (ਪੰਜਾਬ) ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਨਾਲ ਤੋੜ-ਭੰਨ ਕੀਤੀ ਗਈ।

* 13 ਅਪ੍ਰੈਲ ਨੂੰ ‘ਆਜ਼ਮਗੜ੍ਹ’ (ਉੱਤਰ ਪ੍ਰਦੇਸ਼) ਦੇ ‘ਤੈਯਬਪੁਰ’ ਪਿੰਡ ’ਚ ਸਥਿਤ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਅਰਾਜਕ ਤੱਤਾਂ ਨੇ ਨੁਕਸਾਨ ਪਹੁੰਚਾਇਆ, ਜਿਸ ’ਤੇ ਉਥੇ ਬਾਬਾ ਸਾਹਿਬ ਦੀ ਜੈਅੰਤੀ ਮਨਾਉਣ ਆਏ ਲੋਕਾਂ ’ਚ ਭਾਰੀ ਰੋਸ ਫੈਲ ਗਿਆ ਅਤੇ ਬੜੀ ਮੁਸ਼ਕਲ ਨਾਲ ਪੁਲਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ।

* 16 ਅਪ੍ਰੈਲ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ’ਚ ਡਾ. ਭੀਮ ਰਾਓ ਅੰਬੇਡਕਰ ਅਤੇ ਭਗਵਾਨ ਬੁੱਧ ਦੀਆਂ ਮੂਰਤੀਆਂ ਨੂੰ ਤੋੜੇ ਜਾਣ ਦੀ ਘਟਨਾ ਤੋਂ ਬਾਅਦ ਅਤਿਅੰਤ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਦਿਹਾਤੀਆਂ ਨੇ ਦੋਸ਼ ਲਗਾਇਆ ਕਿ ਇਹ ਘਟਨਾ ਜਾਤੀ ਹਿੰਸਾ ਭੜਕਾਉਣ ਦੀ ਸਾਜ਼ਿਸ਼ ਦੇ ਅਧੀਨ ਕੀਤੀ ਗਈ ਹੈ।

* 20 ਅਪ੍ਰੈਲ ਨੂੰ ‘ਸੋਨਭੱਦਰ’ (ਉੱਤਰ ਪ੍ਰਦੇਸ਼) ਦੇ ‘ਕਮਹਰੀਆ’ ਵਿਚ ਸ਼ਰਾਰਤੀ ਤੱਤਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜ ਦੇਣ ਦੇ ਸਿੱਟੇ ਵਜੋਂ ਪਿੰਡ ’ਚ ਤਣਾਅ ਦਾ ਮਾਹੌਲ ਬਣ ਗਿਆ।

* 30 ਅਪ੍ਰੈਲ ਨੂੰ ‘ਮੈਨਪੁਰੀ’ (ਉੱਤਰ ਪ੍ਰਦੇਸ਼) ਦੇ ਪਿੰਡ ‘ਚਿਤਾਯਨ ਨਗਰਿਆ’ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਸ਼ਰਾਰਤੀ ਤੱਤਾਂ ਵਲੋਂ ਨੁਕਸਾਨੇ ਜਾਣ ਵਿਰੁੱਧ ਖੇਤਰ ਦੇ ਲੋਕਾਂ ਨੇ ਭਾਰੀ ਰੋਸ ਪ੍ਰਗਟ ਕੀਤਾ।

* 3 ਮਈ ਨੂੰ ‘ਸੁਲਤਾਨਪੁਰ’ (ਉੱਤਰ ਪ੍ਰਦੇਸ਼) ਦੇ ‘ਮੋਤੀਗਰਪੁਰ’ ਵਿਚ ਅਰਾਜਕ ਤੱਤਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀਆਂ ਉਂਗਲੀਆਂ ਅਤੇ ਮੋਢਿਆਂ ਨੂੰ ਨੁਕਸਾਨ ਪਹੁੰਚਾਇਆ।

* 9 ਮਈ ਨੂੰ ‘ਧਾਰ’ (ਮੱਧ ਪ੍ਰਦੇਸ਼) ਦੇ ਪਿੰਡ ‘ਜੈਤਪੁਰਾ’ ਵਿਚ ਗੈਰ-ਸਮਾਜਿਕ ਤੱਤਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਦੂਜੀ ਵਾਰ ਨੁਕਸਾਨ ਪਹੁੰਚਾਇਆ ਅਤੇ ਉਸ ਨੂੰ ਉਖਾੜ ਕੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।

* 26 ਮਈ ਨੂੰ ‘ਸੰਤ ਕਬੀਰ ਨਗਰ’ (ਉੱਤਰ ਪ੍ਰਦੇਸ਼) ਦੇ ‘ਇਮਲੀ ਡੀਹਾ ਪਿੰਡ ’ਚ ਕੁਝ ਸ਼ਰਾਰਤੀ ਤੱਤਾਂ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਇਕ ਉਂਗਲੀ ਨੂੰ ਭੰਗ ਕਰ ਦਿੱਤਾ।

* ਅਤੇ ਹੁਣ 1 ਜੂਨ ਨੂੰ ‘ਫਿਲੌਰ’ (ਪੰਜਾਬ) ਦੇ ਪਿੰਡ ‘ਨੰਗਲ’ ਵਿਚ ਖਾਲਿਸਤਾਨੀ ਅੱਤਵਾਦੀ ਪਨੂੰ ਨੇ ਆਪਣੇ 2 ਗੁਰਗੇ ਭੇਜ ਕੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਚਿਹਰੇ ’ਤੇ ਕਾਲੀ ਸਿਆਹੀ ਦੀ ਸਪਰੇਅ ਕਰਵਾ ਦਿੱਤੀ। ਇਹੀ ਨਹੀਂ, ਪਨੂੰ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਾਬਾ ਸਾਹਿਬ ਦੇ ਪ੍ਰਤੀ ਅਪਸ਼ਬਦ ਵੀ ਕਹੇ ਤਾਂਕਿ ਪੰਜਾਬ ਦਾ ਵਾਤਾਵਰਣ ਖਰਾਬ ਕੀਤਾ ਜਾ ਸਕੇ।

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖ ਕੇ ਇਹ ਸਵਾਲ ਉਠਣਾ ਲਾਜ਼ਮੀ ਹੀ ਹੈ ਕਿ ਆਖਿਰ ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਨੂੰ ਖੰਡਿਤ ਕਰ ਕੇ ਕਿਸੇ ਨੂੰ ਕੀ ਹਾਸਲ ਹੋ ਸਕਦਾ ਹੈ।

ਡਾ. ਅੰਬੇਡਕਰ ਜੀਵਨ ਭਰ ਨਾ ਸਿਰਫ ਵਿਸ਼ੇਸ਼ ਤੌਰ ’ਤੇ ਸਮਾਜ ਦੇ ਸਰਵਹਾਰਾ ਵਰਗ ਸਗੋਂ ਸਾਰੇ ਵਰਗਾਂ ਦੇ ਲੋਕਾਂ ਦੇ ਹਿੱਤਾਂ ਦੇ ਲਈ ਸੰਘਰਸ਼ ਕਰਦੇ ਰਹੇ। ਉਨ੍ਹਾਂ ਦੀ ਵਿਦਵਤਾ ਦੇ ਕਾਰਨ ਹੀ ਉਨ੍ਹਾਂ ਦੀ ਪ੍ਰਧਾਨਗੀ ’ਚ ਆਜ਼ਾਦ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ।

ਉਲਟ ਹਾਲਾਤ ’ਚ ਸਖਤ ਸੰਘਰਸ਼ ਕਰ ਕੇ ਡਾ. ਅੰਬੇਡਕਰ ਦੇਸ਼ ਦੇ ਕਾਨੂੰਨ ਮੰਤਰੀ ਦੇ ਉੱਚੇ ਰੁਤਬੇ ਤਕ ਪਹੁੰਚੇ। ਅਜਿਹੇ ਮਹਾਨ ਵਿਅਕਤੀ ਦੀਆਂ ਮੂਰਤੀਆਂ ਤੋੜ ਕੇ ਉਨ੍ਹਾਂ ਦਾ ਨਿਰਾਦਰ ਕਰਨਾ ਬਿਲਕੁਲ ਉਚਿਤ ਨਹੀਂ। ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂਕਿ ਇਸ ਬੁਰਾਈ ’ਤੇ ਲਗਾਮ ਲੱਗੇ ਅਤੇ ਸਮਾਜ ’ਚ ਸੁਹਿਰਦਤਾ ਬਣੀ ਰਹੇ।

–ਵਿਜੇ ਕੁਮਾਰ


author

Inder Prajapati

Content Editor

Related News