ਡਾਕਟਰਾਂ ’ਤੇ ਵਧ ਰਹੇ ਹਮਲੇ, ਅਜਿਹੇ ’ਚ ਕਿਵੇਂ ਕਰ ਸਕਣਗੇ ਮਰੀਜ਼ਾਂ ਦਾ ਇਲਾਜ
Friday, Mar 14, 2025 - 02:45 AM (IST)

ਡਾਕਟਰੀ ਨੂੰ ਸਭ ਤੋਂ ਆਦਰਸ਼ ਪੇਸ਼ਾ ਮੰਨਿਆ ਜਾਂਦਾ ਹੈ ਜੋ ਮੌਤ ਦੇ ਮੂੰਹ ’ਚ ਪੁੱਜੇ ਹੋਏ ਲੋਕਾਂ ਨੂੰ ਜੀਵਨ ਦਾਨ ਦਿੰਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਵਲੋਂ ਡਾਕਟਰਾਂ ’ਤੇ ਹਮਲੇ ਕਰ ਕੇ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਈ ਜਾ ਰਹੀ ਹੈ, ਜਿਸ ਦੀਆਂ ਸਿਰਫ 2 ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 13 ਜਨਵਰੀ ਨੂੰ ‘ਮਧੇਪੁਰਾ’ (ਬਿਹਾਰ) ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਵਲੋਂ ਬਿਹਤਰ ਇਲਾਜ ਲਈ ਇਕ ਮਰੀਜ਼ ਨੂੰ ਦੂਜੇ ਹਸਪਤਾਲ ’ਚ ਲਿਜਾਣ ਦੀ ਸਲਾਹ ਦੇਣ ’ਤੇ ਮਰੀਜ਼ ਦੇ 12 ਰਿਸ਼ਤੇਦਾਰਾਂ ਨੇ ਇਕ ਡਾਕਟਰ ਨੂੰ ਬੁਰੀ ਤਰ੍ਹਾਂ ਕੁੱਟਿਆ।
* 22 ਜਨਵਰੀ ਨੂੰ ‘ਚਿਕਮੰਗਲੂਰ’ (ਕਰਨਾਟਕ) ਦੇ ‘ਕਲਾਸਾ ਤਾਲੁਕਾ’ ’ਚ ਕਮਿਊਨਿਟੀ ਸਿਹਤ ਕੇਂਦਰ ’ਚ ਇਕ ਡਾਕਟਰ ’ਤੇ ਤਿੰਨ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਇਕ ਮਰੀਜ਼ ਨੂੰ ਦੇਖ ਰਿਹਾ ਸੀ। ਹਮਲਾਵਰਾਂ ਨੇ ਡਾਕਟਰ ਦੀ ਕਮੀਜ਼ ਪਾੜ ਦਿੱਤੀ ਅਤੇ ਬਚਾਅ ਕਰਨ ਆਈ ਇਕ ਨਰਸ ਨੂੰ ਵੀ ਕੁੱਟ ਦਿੱਤਾ।
* 4 ਫਰਵਰੀ ਨੂੰ ‘ਅਹਿਮਦਾਬਾਦ’ (ਗੁਜਰਾਤ) ਦੇ ‘ਲੋਖੰਡਵਾਲਾ ਹਸਪਤਾਲ’ ’ਚ ਜਦੋਂ ਸਰਜਨ ਨਾ ਹੋਣ ਕਾਰਨ ਹਸਪਤਾਲ ਦੇ ਮੈਡੀਕਲ ਅਫਸਰ ‘ਡਾ. ਸਫਵਾਨ ਬਾਦੀ’ ਨੇ ਕੁਝ ਲੋਕਾਂ ਨੂੰ ਆਪਣੀ ਮਰੀਜ਼ ਕਿਸੇ ਹੋਰ ਹਸਪਤਾਲ ’ਚ ਲੈ ਜਾਣ ਦੀ ਸਲਾਹ ਦਿੱਤੀ ਤਾਂ ਮਰੀਜ਼ ਦੇ ਇਕ ਭੜਕੇ ਰਿਸ਼ਤੇਦਾਰ ਨੇ ਉਨ੍ਹਾਂ ’ਤੇ ਛੁਰੇ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
* 10 ਮਾਰਚ ਨੂੰ ਭੋਪਾਲ ਦੇ ‘ਹਮੀਦੀਆ ਹਸਪਤਾਲ’ ’ਚ ਇਕ ਮਰੀਜ਼ ਦੀ ਮੌਤ ਨੂੰ ਲੈ ਕੇ ਹੋਏ ਝਗੜੇ ਦੌਰਾਨ ਹਥਿਆਰਾਂ ਨਾਲ ਲੈਸ ਉਸ ਦੇ ਗੱੁਸੇ ’ਚ ਆਏ ਰਿਸ਼ਤੇਦਾਰਾਂ ਨੇ ਉੱਥੇ ਮੌਜੂਦ 10 ਡਾਕਟਰਾਂ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਇਕ ਡਾਕਟਰ ਦਾ ਸਿਰ ਫਟ ਗਿਆ। ਪਰਿਵਾਰ ਮ੍ਰਿਤਕਾ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦਾ ਸੀ।
ਜੇਕਰ ਡਾਕਟਰਾਂ ਨਾਲ ਅਜਿਹਾ ਵਿਵਹਾਰ ਕੀਤਾ ਜਾਵੇਗਾ ਤਾਂ ਉਹ ਡਰ ’ਚ ਰਹਿੰਦਿਆਂ ਮਰੀਜ਼ਾਂ ਦਾ ਇਲਾਜ ਕਿਵੇਂ ਕਰ ਸਕਣਗੇ? ਇਸ ਲਈ ਜਿੱਥੇ ਹਸਪਤਾਲਾਂ ’ਚ ਸਖਤ ਸੁਰੱਖਿਆ ਪ੍ਰਬੰਧ ਕਰਨ ਦੀ ਲੋੜ ਹੈ, ਉੱਥੇ ਹੀ ਅਜਿਹੇ ਅਪਰਾਧਾਂ ’ਚ ਸ਼ਾਮਲ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਵੀ ਜ਼ਰੂਰੀ ਹੈ।
–ਵਿਜੇ ਕੁਮਾਰ