ਬੁਰੇ ਦਿਨਾਂ ਦੀ ਸਹੀ ਸਾਥੀ ਬੱਚਤ

Tuesday, Aug 26, 2025 - 07:15 PM (IST)

ਬੁਰੇ ਦਿਨਾਂ ਦੀ ਸਹੀ ਸਾਥੀ ਬੱਚਤ

ਕੀ ਤੁਹਾਨੂੰ ਗੋਲਕਾਂ ਯਾਦ ਹਨ? ਉਂਝ ਤਾਂ ਅਜੇ ਵੀ ਦੀਵਾਲੀ ਜਾਂ ਨਵਰਾਤਰਿਆਂ ਦੌਰਾਨ ਮਿੱਟੀ ਦੇ ਹੋਰ ਸਾਮਾਨ ਦੇ ਨਾਲ ਇਹ ਵੀ ਵਿਕਦੀਆਂ ਦਿਖਾਈਆਂ ਦਿੰਦੀਆਂ ਹਨ ਪਰ ਬੱਚਿਆਂ ਦੀ ਇਨ੍ਹਾਂ ’ਚ ਖਾਸ ਰੁਚੀ ਨਹੀਂ ਰਹੀ। ਇਕ ਸਮੇਂ ਜਦੋਂ ਘਰਾਂ ’ਚ ਪੈਸੇ ਜ਼ਿਆਦਾ ਨਹੀਂ ਹੁੰਦੇ ਸਨ ਤਾਂ ਇਹ ਸ਼ਾਇਦ ਹਰ ਘਰ ਦੀ ਸ਼ੋਭਾ ਵਧਾਉਂਦੀਆਂ ਸਨ। ਸਮੇਂ-ਸਮੇਂ ’ਤੇ ਇਨ੍ਹਾਂ ’ਚ ਇਕ, ਦੋ, ਤਿੰਨ, ਪੰਜ, ਦਸ ਦੇ ਸਿੱਕੇ, ਚਵੱਨੀਆਂ ਅਤੇ ਅਠੱਨੀਆਂ ਪਾਈਆਂ ਜਾਂਦੀਆਂ ਸਨ। ਜਿਸ ਦੀ ਗੋਲਕ ਭਰੀ ਹੁੰਦੀ ਸੀ ਉਹ ਤਾਂ ਆਪਣੇ ਆਪ ਨੂੰ ਕਿਸੇ ਰਾਜੇ ਤੋਂ ਘੱਟ ਨਹੀਂ ਸਮਝਦਾ ਸੀ। ਫਿਰ ਦੀਵਾਲੀ ਦੇ ਮੌਕੇ ’ਤੇ ਨਵੀਆਂ ਗੋਲਕਾਂ ਲਿਆਂਦੀਆਂ ਜਾਂਦੀਆਂ ਸਨ ਅਤੇ ਪੁਰਾਣੀਆਂ ਗੋਲਕਾਂ ਤੋੜੀਆਂ ਜਾਂਦੀਆਂ ਹਨ। ਤੋੜਨ ’ਤੇ ਛਣਕਦੇ ਹੋਏ ਸਿੱਕੇ ਚਾਰੋ-ਪਾਸੇ ਖਿੱਲਰ ਜਾਂਦੇ ਸਨ। ਸਿੱਕਿਆਂ ’ਚ ਜਿੰਨੀ ਚਮਕ ਹੁੰਦੀ, ਵੇਖਣ ਵਾਲਿਆਂ ਦੀ ਅੱਖਾਂ ’ਚ ਸ਼ਾਇਦ ਉਸ ਤੋਂ ਵੀ ਵੱਧ ਚਮਕ ਹੁੰਦੀ ਸੀ। ਖੁਸ਼ੀ ਚਾਰੋਂ ਪਾਸੇ ਫੁੱਟ ਪੈਂਦੀ ਸੀ। ਫਿਰ ਆਪਣੀਆਂ-ਆਪਣੀਆਂ ਗੋਲਕਾਂ ਦਾ ਹਿਸਾਬ ਲਗਾਇਆ ਜਾਂਦਾ ਸੀ, ਕਿਸ ’ਚੋਂ ਕਿੰਨੇ ਪੈਸੇ ਨਿਕਲੇ। ਇਨ੍ਹਾਂ ’ਚੋਂ ਕਿੰਨੇ ਪੈਸੇ ਨਿਕਲਣਗੇ, ਉਨ੍ਹਾਂ ਨਾਲ ਕੀ ਖਰੀਦਿਆ ਜਾਵੇਗਾ, ਇਹ ਪਹਿਲਾਂ ਹੀ ਤੈਅ ਕਰ ਲਿਆ ਜਾਂਦਾ ਸੀ।

ਬੈਂਕ ਵੀ ਪਿੱਗੀ ਬੈਂਕਿੰਗ ਕਰਦੇ ਸਨ। ਬੈਂਕ ਦੀ ਇਕ ਗੋਲਕ ਬੱਚਿਆਂ ਨੂੰ ਦਿੱਤੀ ਜਾਂਦੀ, ਬੱਚੇ ਉਸ ’ਚ ਪੈਸੇ ਜਮ੍ਹਾ ਕਰਦੇ, ਸਮੇਂ-ਸਮੇਂ ’ਤੇ ਬੈਂਕ ਦੇ ਅਧਿਕਾਰੀ ਆ ਕੇ ਇਨ੍ਹਾਂ ਗੋਲਕਾਂ ਦੇ ਪੈਸੇ ਕੱਢਦੇ ਸਨ, ਉਨ੍ਹਾਂ ਨੂੰ ਗਿਣਿਆ ਜਾਂਦਾ ਸੀ ਅਤੇ ਬੱਚਿਆਂ ਦੇ ਅਕਾਊਂਟ ’ਚ ਜਮ੍ਹਾ ਕਰ ਦਿੱਤਾ ਜਾਂਦਾ ਸੀ। ਇਹ ਵੀ ਘਰ ਦੀਆਂ ਗੋਲਕਾਂ ਵਾਂਗ ਬੱਚਿਆਂ ਨੂੰ ਬੱਚਤ ਸਿੱਖਾਉਣ ਦਾ ਤਰੀਕਾ ਸੀ।

ਪਰ ਹੌਲੀ-ਹੌਲੀ ਸਮਾਂ ਬਦਲਿਆਂ, ਜਿੰਨੀ ਮਹਿੰਗਾਈ ਵਧਦੀ ਗਈ, ਉਸੇ ਹਿਸਾਬ ਨਾਲ ਸਿੱਕੇ ਚੱਲਣ ਤੋਂ ਗਾਇਬ ਹੁੰਦੇ ਗਏ। ਅੱਜ ਦੀ ਪੀੜ੍ਹੀ ਦੇ ਬੱਚਿਆਂ ਨੂੰ ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਕਦੇ ਇਕ, ਤਿੰਨ, ਪੰਜ ਪੈਸੇ ਦੇ ਸਿੱਕੇ ਵੀ ਚੱਲਦੇ ਸਨ। ਹੁਣ ਤਾਂ 10, 20 ਪੈਸੇ ਦੇ ਸਿੱਕੇ ਵੀ ਨਹੀਂ ਦਿਖਾਈ ਦਿੰਦੇ।

ਕੁਝ ਸਾਲ ਪਹਿਲਾਂ ਚਵੱਨੀ ਨੂੰ ਜਦੋਂ ਬੰਦ ਕੀਤਾ ਗਿਆ ਤਾਂ ਬਹੁਤ ਸਾਰੀਆਂ ਅਖਬਾਰਾਂ ਨੇ ਇਸ ’ਤੇ ਸੰਪਾਦਕੀ ਵੀ ਲਿਖੇ ਸਨ। ਚਵੱਨੀ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਕਦੇ ਸਵਾ ਰੁਪਏ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਸੀ। ਸਵਾ ਰੁਪਏ ਦਾ ਮਤਲਬ ਇਕ ਰੁਪਇਆ ਅਤੇ ਚਾਰ ਆਨੇ, ਚਵੱਨੀ ਨੂੰ ਲੈ ਕੇ ਬਹੁਤ ਸਾਰੇ ਗਾਣੇ ਵੀ ਬੜੇ ਲੋਕਪ੍ਰਿਯ ਸਨ। ਇਕ ਗਾਣੇ ਦੀ ਸੱਤਰ ਸੀ ‘ਚਾਰ ਆਨੇ ਕੀ ਪਾਵ ਜਲੇਬੀ ਬੈਠਕ ਪਰ ਖਾਉਂਗੀ’।

ਪਰ ਹੁਣ ਨਾ ਤਾਂ ਸਵਾ ਰੁਪਏ ਦਾ ਪ੍ਰਸ਼ਾਦ ਚੜ੍ਹਦਾ ਹੈ ਕਿਉਂਕਿ ਸਵਾ ਰੁਪਏ ’ਚ ਇਕ ਪੇੜਾ ਵੀ ਨਹੀਂ ਆ ਸਕਦਾ ਅਤੇ ਆਵੇਗਾ ਵੀ ਕਿਵੇਂ।

ਚਵੱਨੀ ਤਾਂ ਹੈ ਨਹੀਂ ਇਨ੍ਹੀਂ ਦਿਨੀਂ ਤਾਂ ਅਠੱਨੀ ਦਾ ਵੀ ਇਹੀ ਹਾਲ ਹੈ। ਜੇਕਰ ਕਿਸੇ ਦੁਕਾਨਦਾਰ ਨੂੰ ਇਕ ਰੁਪਏ ਦੇ ਬਦਲੇ 2 ਅਠੱਨੀਆਂ ਦਿੱਤੀਆਂ ਜਾਣ, ਤਾਂ ਉਹ ਲੈਣ ਦੇ ਲਈ ਤਿਆਰ ਨਹੀਂ ਹੁੰਦਾ। ਇਕ ਰੁਪਏ ਦਾ ਸਿੱਕਾ ਵੀ ਬਸ ਗਾਇਬ ਹੋਣ ਵਾਲਾ ਹੈ। ਜਿਸ ਹਿਸਾਬ ਨਾਲ ਮਹਿੰਗਾਈ ਵਧਦੀ ਹੈ, ਉਸੇ ਹਿਸਾਬ ਨਾਲ ਛੋਟੀ ਮੁਦਰਾ ਦੀ ਇਕ ਉਪਯੋਗਤਾ ਖਤਮ ਹੁੰਦੀ ਜਾਂਦੀ ਹੈ ਅਤੇ ਉਹ ਬਾਜ਼ਾਰ ਤੋਂ ਗਾਇਬ ਹੋ ਜਾਂਦੀ ਹੈ। ਹੁਣ ਤਾਂ ਦੋ ਅਤੇ ਪੰਜ ਰੁਪਏ ਦੇ ਨੋਟ ਵੀ ਬਹੁਤ ਘੱਟ ਦਿਖਾਈ ਦਿੰਦੇ ਹਨ।

ਇਨ੍ਹੀਂ ਦਿਨੀਂ ਜਦੋਂ ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਨਾਲ ਕੰਬ ਰਹੀ ਹੈ। ਹਰ ਤਰ੍ਹਾਂ ਦਾ ਕੰਮ ਖ਼ਤਰੇ ਵਿਚ ਹੈ, ਦੁਨੀਆ ਭਰ ਦੇ ਆਰਥਿਕ ਮਾਹਿਰ ਕਹਿ ਰਹੇ ਹਨ ਕਿ ਖਰਚ ਕਰਨ ਨਾਲੋਂ ਜ਼ਿਆਦਾ ਬੱਚਤ ਕਰੋ। ਇਹ ਬੱਚਤ ਜਾਂ ਤੁਹਾਡੇ ਕੋਲ ਮੌਜੂਦ ਪੈਸਾ ਹੈ ਜੋ ਕਿਸੇ ਵੀ ਸਥਿਤੀ ਵਿਚ ਮਦਦ ਕਰੇਗਾ। ਹਾਲਾਂਕਿ, ਇਹ ਨਹੀਂ ਦੇਖਿਆ ਗਿਆ ਕਿ ਲੋਕ ਇਨ੍ਹਾਂ ਸੁਝਾਵਾਂ ’ਤੇ ਅਮਲ ਕਰ ਰਹੇ ਹਨ। ਇਹ ਅਜੇ ਦੇਖਣ ’ਚ ਘੱਟ ਆ ਰਿਹਾ ਹੈ।

ਹਾਲ ਹੀ ਵਿਚ ਮੈਂ ਗੁਜਰਾਤ ਬਾਰੇ ਇਕ ਖ਼ਬਰ ਪੜ੍ਹ ਰਹੀ ਸੀ ਕਿ ਉੱਥੇ ਇਕ ਵਿਅਕਤੀ ਨੇ ਆਪਣੇ ਯਤਨਾਂ ਨਾਲ ਪਿਗੀ ਬੈਂਕ ਦੀ ਵਾਪਸੀ ਲਈ ਇਕ ਅੰਦੋਲਨ ਸ਼ੁਰੂ ਕੀਤਾ ਹੈ। ਬੱਚੇ ਇਸ ਵਿਚ ਸ਼ਾਮਲ ਹੋ ਰਹੇ ਹਨ। ਮਾਪੇ ਵੀ ਇਸ ਵਿਚ ਉਸ ਦੀ ਮਦਦ ਕਰ ਰਹੇ ਹਨ। ਬੱਚੇ ਬੱਚਤ ਅਤੇ ਪੈਸੇ ਦੀ ਮਹੱਤਤਾ ਨੂੰ ਸਮਝ ਰਹੇ ਹਨ।

ਜੇਕਰ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਇਸ ਦੁਨੀਆ ਵਿਚ ਕੋਈ ਵੀ ਤੁਹਾਡਾ ਨਹੀਂ ਹੈ, ਇਹ ਕਹਾਵਤ ਹਰ ਘਰ ਵਿਚ ਕਹੀ ਜਾਂਦੀ ਹੈ। ਪਰ ਜਦੋਂ ਤੋਂ ਵਿਸ਼ਵੀਕਰਨ ਦਾ ਯੁੱਗ ਸ਼ੁਰੂ ਹੋਇਆ ਹੈ, ਬੱਚਤ ਕਰਨਾ ਇਕ ਪੁਰਾਣੀ ਗੱਲ ਮੰਨੀ ਜਾਂਦੀ ਹੈ। ਕਈ ਸਾਲ ਪਹਿਲਾਂ, ਇਕ ਛੋਟੀ ਕੁੜੀ ਇਸ ਲੇਖਕ ਦੇ ਦਫ਼ਤਰ ਵਿਚ ਕੰਮ ਕਰਨ ਆਉਂਦੀ ਸੀ। ਉਹ ਅਕਸਰ ਸ਼ਿਕਾਇਤ ਕਰਦੀ ਸੀ ਕਿ ਮਹੀਨੇ ਦੇ ਅੰਤ ਵਿਚ ਉਸਦੇ ਕੋਲ ਕੋਈ ਪੈਸਾ ਨਹੀਂ ਬਚਦਾ ਸੀ। ਕਾਰਨ ਇਹ ਸੀ ਕਿ ਜਿਵੇਂ ਹੀ ਉਸਨੂੰ ਤਨਖਾਹ ਮਿਲਦੀ ਸੀ, ਉਹ ਮਹੀਨੇ ਦੇ ਦੋ ਵੀਕਐਂਡ ’ਤੇ ਯਾਤਰਾ ’ਤੇ ਜਾਂਦੀ ਸੀ। ਉਹ ਵੱਡੇ ਹੋਟਲਾਂ ਵਿਚ ਖਾਂਦੀ ਸੀ। ਉਹ ਆਮ ਤੌਰ ’ਤੇ ਘਰ ਵਿਚ ਖਾਣਾ ਨਹੀਂ ਬਣਾਉਂਦੀ ਸੀ। ਇਕ ਵਾਰ ਉਸ ਨੇ ਮੈਨੂੰ ਦੱਸਿਆ ਕਿ ਉਹ ਹਰ ਮਹੀਨੇ ਦੋ ਸੌ ਰੁਪਏ ਦੇ ਪੰਜ ਡਸਟਰ ਖਰੀਦਦੀ ਹੈ। ਤਾਂ ਕੀ ਉਹ ਇੰਨੀ ਜਲਦੀ ਫਟ ਜਾਂਦੇ ਹਨ? ਜਦੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਫਟਦੇ ਨਹੀਂ ਹਨ। ਉਹ ਗੰਦੇ ਹੋ ਜਾਂਦੇ ਹਨ, ਇਸ ਲਈ ਮੈਂ ਉਨ੍ਹਾਂ ਨੂੰ ਸੁੱਟ ਦਿੰਦੀ ਹਾਂ। ਅੱਛਾ, ਜੇ ਉਹ ਗੰਦੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਧੋ ਲਿਆ ਕਰੋ।

ਉਸ ਨੇ ਹੱਸਦੇ ਹੋਏ ਕਿਹਾ, ਮੈਡਮ, ਤੁਸੀਂ ਮੇਰੀ ਦਾਦੀ ਵਾਂਗ ਕੁਝ ਕਿਹਾ ਹੈ। ਉਹ ਇਹ ਵੀ ਕਹਿੰਦੀ ਹੈ ਕਿ ਚੀਜ਼ਾਂ ਨੂੰ ਉਦੋਂ ਤੱਕ ਨਾ ਸੁੱਟੋ ਜਦੋਂ ਤੱਕ ਉਹ ਖਰਾਬ ਨਾ ਹੋ ਜਾਣ। ਇਸ ਵਿਚ ਦਾਦੀ ਵਰਗੀ ਕੀ ਗੱਲ ਹੈ? ਜੇਕਰ ਹੈ ਵੀ ਤਾਂ ਕੰਮ ਦੀ ਹੈ। ਜਿਵੇਂ ਤੁਸੀਂ ਆਪਣੇ ਕੱਪੜੇ ਗੰਦੇ ਹੋਣ ’ਤੇ ਧੋਂਦੇ ਹੋ, ਉਸੇ ਤਰ੍ਹਾਂ ਤੁਹਾਨੂੰ ਡਸਟਰ ਨੂੰ ਵੀ ਧੋਣਾ ਚਾਹੀਦਾ ਹੈ। ਇਹ ਸੰਭਵ ਹੈ ਕਿ ਇਹ ਇਕ ਸਾਲ ਤੱਕ ਚੱਲੇ। ਇਹ ਗੱਲ ਆਈ ਗਈ ਹੋ ਗਈ।

ਇਕ ਦਿਨ ਉਸ ਨੇ ਆ ਕੇ ਮੈਨੂੰ ਕਿਹਾ, ਮੈਡਮ, ਮੈਂ ਬਹੁਤ ਸਮੇਂ ਤੋਂ ਡਸਟਰ ਨਹੀਂ ਖਰੀਦਿਆ। ਪੁਰਾਣੇ ਕੰਮ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਉਦੋਂ ਧੋ ਦਿੰਦੀ ਹਾਂ ਜਦੋਂ ਉਹ ਗੰਦੇ ਹੋ ਜਾਂਦੇ ਹਨ। ਤੁਸੀਂ ਤਾਂ ਹਰ ਮਹੀਨੇ ਮੇਰੇ ਦੋ ਸੌ ਰੁਪਏ ਬਚਾ ਦਿੱਤੇ ਹਨ। ਬੱਚਤ ਰੀਸਾਈਕਲਿੰਗ ਨੂੰ ਵੀ ਉਤਸ਼ਾਹਿਤ ਕਰਦੀ ਹੈ ਅਤੇ ਵਾਤਾਵਰਣ ਨੂੰ ਬਚਾਉਣ ਲਈ ਕੂੜੇ ਦੇ ਢੇਰ ਨੂੰ ਵੀ ਘਟਾਉਂਦੀ ਹੈ।

ਸ਼ਮਾ ਸ਼ਰਮਾ


author

Rakesh

Content Editor

Related News