ਪ੍ਰਿਅੰਕਾ ਗਾਂਧੀ ਦਾ ਬੈਗ ਮੁਸਲਿਮ ਤੁਸ਼ਟੀਕਰਨ ਦਾ ਪ੍ਰਤੀਕ ਕਿਵੇਂ?
Sunday, Dec 22, 2024 - 05:23 PM (IST)
ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ 16 ਦਸੰਬਰ ਨੂੰ ਜਦੋਂ ਸੰਸਦ ’ਚ ਆਈ ਤਾਂ ਉਨ੍ਹਾਂ ਨੇ ਮੋਢੇ ’ਤੇ ਬੈਗ ਲਟਕਾਇਆ ਹੋਇਆ ਸੀ। ਇਸ ਬੈਗ ’ਤੇ ਫਿਲਸਤੀਨ ਲਿਖਿਆ ਹੋਇਆ ਸੀ। ਇਸ ਬੈਗ ’ਤੇ ਕਈ ਤਰ੍ਹਾਂ ਦੇ ਫਿਲਸਤੀਨ ਦੇ ਪ੍ਰਤੀਕ ਵੀ ਬਣੇ ਹੋਏ ਸਨ। ਭਾਜਪਾ ਨੇ ਇਸ ਬੈਗ ਨੂੰ ਲੈ ਕੇ ਪ੍ਰਿਅੰਕਾ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ ਪਰ 17 ਦਸੰਬਰ ਨੂੰ ਪ੍ਰਿਅੰਕਾ ਗਾਂਧੀ ਨੇ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਈਸਾਈਆਂ ’ਤੇ ਹੋ ਰਹੇ ਹਮਲਿਆਂ ਵਿਰੁੱਧ ਵੀ ਆਵਾਜ਼ ਉਠਾਈ।
ਪ੍ਰਿਅੰਕਾ ਗਾਂਧੀ 17 ਦਸੰਬਰ ਨੂੰ ਵੀ ਇਕ ਬੈਗ ਲੈ ਕੇ ਸੰਸਦ ਪਹੁੰਚੀ। ਇਸ ਬੈਗ ’ਤੇ ਲਿਖਿਆ ਸੀ-‘ਬੰਗਲਾਦੇਸ਼ ਦੇ ਹਿੰਦੂਆਂ ਅਤੇ ਈਸਾਈਆਂ ਦੇ ਨਾਲ ਖੜ੍ਹੇ ਹੋਵੋ।’ 16 ਦਸੰਬਰ ਨੂੰ ਸੰਸਦ ’ਚ ਫਿਲਸਤੀਨ ਲਿਖੇ ਬੈਗ ਨੂੰ ਲੈ ਕੇ ਪੁੱਜੀ ਪ੍ਰਿਅੰਕਾ ਗਾਂਧੀ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਮਲਾ ਬੋਲਿਆ। ਭਾਜਪਾ ਦੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਨਹਿਰੂ ਜੀ ਦੇ ਸਮੇਂ ਤੋਂ ਲੈ ਕੇ ਪ੍ਰਿਅੰਕਾ ਵਾਡਰਾ ਤੱਕ, ਜਦੋਂ ਤੋਂ ਗਾਂਧੀ ਪਰਿਵਾਰ ਦੇ ਮੈਂਬਰ ਰਾਜਨੀਤੀ ਕਰਦੇ ਆਏ ਹਨ, ਉਹ ਆਪਣੇ ਮੋਢਿਆਂ ’ਤੇ ਤੁਸ਼ਟੀਕਰਨ ਦਾ ਝੋਲਾ ਹੀ ਚੁੱਕਦੇ ਰਹੇ ਹਨ। ਪ੍ਰਿਅੰਕਾ ਗਾਂਧੀ ਦੇ ਬੈਗ ’ਤੇ ਭਾਜਪਾ ਦੇ ਬੁਲਾਰੇ ਅਮਿਤ ਮਾਲਵੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਨਵੀਂ ਮੁਸਲਿਮ ਲੀਗ ਹੈ।
ਪ੍ਰਿਅੰਕਾ ਗਾਂਧੀ ਨੇ ਇਸ ਮੁੱਦੇ ’ਤੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਆਪਣੇ ਵਿਚਾਰ ਪ੍ਰਗਟ ਕਰ ਚੁੱਕੀ ਹਾਂ। ਕੌਣ ਤੈਅ ਕਰੇਗਾ ਕਿ ਮੈਂ ਹੁਣ ਕਿਹੜੇ ਕੱਪੜੇ ਪਾਉਣੇ ਹਨ? ਔਰਤ ਨੂੰ ਕੀ ਪਹਿਨਣਾ ਚਾਹੀਦਾ ਹੈ, ਇਹ ਫੈਸਲਾ ਕਰਨਾ ਪਿਤਰੀਸੱਤਾ ਹੈ। 16 ਦਸੰਬਰ ਨੂੰ ਜਦੋਂ ਭਾਜਪਾ ਨੇ ਫਿਲਸਤੀਨ ਲਿਖਿਆ ਬੈਗ ਲੈ ਕੇ ਜਾਣ ’ਤੇ ਪ੍ਰਿਅੰਕਾ ਗਾਂਧੀ ਦੀ ਆਲੋਚਨਾ ਕੀਤੀ ਤਾਂ 17 ਦਸੰਬਰ ਨੂੰ ਪ੍ਰਿਅੰਕਾ ਗਾਂਧੀ ਨੇ ਬੰਗਲਾਦੇਸ਼ ਦੇ ਮੁੱਦੇ ’ਤੇ ਨਵਾਂ ਬੈਗ ਚੁੱਕ ਕੇ ਸਵਾਲ ਉਠਾਇਆ ਕਿ ਭਾਜਪਾ ਕਾਂਗਰਸ ’ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਾਉਂਦੀ ਹੈ ਪਰ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਈਸਾਈਆਂ ’ਤੇ ਅੱਤਿਆਚਾਰ ਹੋ ਰਹੇ ਹਨ ਪਰ ਭਾਜਪਾ ਕੀ ਕਰ ਰਹੀ ਹੈ?
ਦਰਅਸਲ ਭਾਜਪਾ ਕਾਂਗਰਸ ’ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਾਉਂਦੀ ਹੈ। ਇਹ ਦੋਸ਼ ਭਾਜਪਾ ’ਤੇ ਵੀ ਲਾਇਆ ਜਾ ਸਕਦਾ ਹੈ। ਭਾਜਪਾ ਹਮੇਸ਼ਾ ਹਿੰਦੂ ਅਧਿਕਾਰਾਂ ਦੀ ਗੱਲ ਕਰਦੀ ਹੈ। ਤਾਂ ਕੀ ਉਹ ਹਿੰਦੂ ਤੁਸ਼ਟੀਕਰਨ ਦਾ ਕਾਰਡ ਖੇਡ ਰਹੀ ਹੈ? ਸਵਾਲ ਇਹ ਵੀ ਉਠਾਇਆ ਜਾ ਸਕਦਾ ਹੈ ਕਿ ਭਾਜਪਾ ਘੱਟਗਿਣਤੀਆਂ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਕਰਦੀ? ਕੀ ਮੁਸਲਿਮ ਅਧਿਕਾਰਾਂ ਦੀ ਗੱਲ ਕਰਨਾ ਮੁਸਲਿਮ ਤੁਸ਼ਟੀਕਰਨ ਹੈ?
ਭਾਰਤ ਸਿਰਫ਼ ਹਿੰਦੂਆਂ ਦਾ ਨਹੀਂ ਹੈ। ਭਾਰਤ ਓਨਾ ਹੀ ਮੁਸਲਮਾਨਾਂ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਦਾ ਹੈ ਜਿੰਨਾ ਇਹ ਹਿੰਦੂਆਂ ਦਾ ਹੈ। ਕੁਝ ਸਮਾਂ ਪਹਿਲਾਂ ਭਾਜਪਾ ਨੇ ਇਹ ਭੁਲੇਖਾ ਫੈਲਾਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੀ ਜਾਇਦਾਦ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਦੋਂ ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ।
ਦਰਅਸਲ ਮਨਮੋਹਨ ਸਿੰਘ ਦੇ ਇਸ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਹ 18 ਸਾਲ ਪਹਿਲਾਂ ਦਾ ਬਿਆਨ ਹੈ। 9 ਦਸੰਬਰ, 2006 ਨੂੰ ਮਨਮੋਹਨ ਸਿੰਘ ਨੇ ਇਕ ਸੈਮੀਨਾਰ ਵਿਚ ਕਿਹਾ, “ਮੈਂ ਮੰਨਦਾ ਹਾਂ ਕਿ ਸਾਡੀਆਂ ਸਮੂਹਿਕ ਤਰਜੀਹਾਂ ਸਪੱਸ਼ਟ ਹਨ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਸਕੀਮਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਨਵੀਆਂ ਯੋਜਨਾਵਾਂ ਲਿਆ ਕੇ ਸਾਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਘੱਟਗਿਣਤੀਆਂ ਅਤੇ ਖਾਸ ਕਰਕੇ ਮੁਸਲਮਾਨਾਂ ਦਾ ਵਿਕਾਸ ਹੋਵੇ ਅਤੇ ਉਨ੍ਹਾਂ ਨੂੰ ਵਿਕਾਸ ਦਾ ਲਾਭ ਮਿਲੇ। ਉਨ੍ਹਾਂ ਸਾਰਿਆਂ ਦਾ ਸਰੋਤਾਂ ’ਤੇ ਪਹਿਲਾ ਹੱਕ ਹੈ।’’
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇਸ ਬਿਆਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਉਨ੍ਹਾਂ ਕਿਹਾ ਹੋਵੇ ਕਿ ਦੇਸ਼ ਦੇ ਵਸੀਲਿਆਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ, ਜਦੋਂ ਕਿ ਮਨਮੋਹਨ ਸਿੰਘ ਦੀ ਸਪੱਸ਼ਟ ਭਾਵਨਾ ਇਹ ਸੀ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਸਾਰੀਆਂ ਘੱਟਗਿਣਤੀਆਂ, ਖਾਸ ਕਰਕੇ ਮੁਸਲਮਾਨ, ਬਹੁਗਿਣਤੀ ਦੇ ਸਾਹਮਣੇ ਕਿਸੇ ਨਾ ਕਿਸੇ ਰੂਪ ਵਿਚ ਪੱਛੜੇ ਹੋਏ ਹਨ। ਭਾਵੇਂ ਉਹ ਗਿਣਤੀ ਦੇ ਆਧਾਰ ’ਤੇ ਪੱਛੜੇ ਹੋਏ ਹਨ ਜਾਂ ਸਾਧਨਾਂ ਦੇ ਆਧਾਰ ’ਤੇ।
ਇਸ ਲਈ ਉਨ੍ਹਾਂ ਦੀ ਤਰੱਕੀ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਾਧਨਾਂ ਦੀ ਵਰਤੋਂ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਜੋ ਮੁਸਲਮਾਨ ਪਾਕਿਸਤਾਨ ਜਾਣਾ ਚਾਹੁੰਦੇ ਸਨ, ਉਹ ਪਾਕਿਸਤਾਨ ਚਲੇ ਗਏ ਪਰ ਬਾਕੀ ਮੁਸਲਮਾਨ ਭਾਰਤ ਵਿਚ ਹੀ ਰਹੇ। ਭਾਰਤ ਵਿਚ ਰਹਿ ਗਏ ਮੁਸਲਮਾਨਾਂ ਨੂੰ ਭਾਰਤ ਦੀ ਧਰਤੀ ਨਾਲ ਪਿਆਰ ਸੀ। ਉਨ੍ਹਾਂ ਨੇ ਭਾਰਤ ਨੂੰ ਆਪਣਾ ਦੇਸ਼ ਮੰਨਿਆ ਤਦ ਹੀ ਉਹ ਭਾਰਤ ਵਿਚ ਰਹਿ ਗਏ। ਭਾਰਤ ਵਿਚ ਹਿੰਦੂ ਵੱਡੀ ਗਿਣਤੀ ਵਿਚ ਹਨ। ਇਸ ਲਈ ਵੀ ਹਿੰਦੂਆਂ ਨੂੰ ਮੁਸਲਮਾਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ।
ਸ਼ਾਇਦ ਕੁਝ ਇਹੋ ਜਿਹੀ ਭਾਵਨਾ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਘੱਟਗਿਣਤੀਆਂ ਅਤੇ ਖਾਸ ਕਰ ਕੇ ਮੁਸਲਮਾਨਾਂ ਦਾ ਪਹਿਲਾ ਹੱਕ ਹੈ। ਇਹ ਮੁਸਲਮਾਨ ਤੁਸ਼ਟੀਕਰਨ ਕਿਵੇਂ ਹੋਇਆ? ਕਾਂਗਰਸ ਵਿਚ ਹਜ਼ਾਰਾਂ ਕਮੀਆਂ ਹਨ ਪਰ ਕੀ ਕਾਂਗਰਸ ਨੇ ਆਪਣੇ ਰਾਜ ਦੌਰਾਨ ਹਿੰਦੂਆਂ ਨੂੰ ਮੰਦਰਾਂ ਵਿਚ ਜਾਣ ਤੋਂ ਰੋਕਿਆ ਹੈ? ਕੀ ਹਿੰਦੂਆਂ ’ਤੇ ਤਸ਼ੱਦਦ ਹੋਇਆ ਹੈ? ਕੀ ਕਾਂਗਰਸ ਨੇ ਹਿੰਦੂਆਂ ਦੇ ਅਧਿਕਾਰਾਂ ’ਤੇ ਪਾਬੰਦੀਆਂ ਲਾਈਆਂ ਹਨ? ਫਿਰ ਘੱਟਗਿਣਤੀਆਂ ਦੇ ਹੱਕਾਂ ਦੀ ਗੱਲ ਕਰਨਾ ਮੁਸਲਿਮ ਤੁਸ਼ਟੀਕਰਨ ਕਿਵੇਂ ਹੋ ਗਿਆ?
ਅੱਜ ਭਾਜਪਾ ਦੀਆਂ ਬਹੁਤ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਮੁਸਲਮਾਨ ਲੈ ਰਹੇ ਹਨ, ਇਸ ਲਈ ਭਾਜਪਾ ’ਤੇ ਇਹ ਦੋਸ਼ ਲਾਇਆ ਜਾ ਸਕਦਾ ਹੈ ਕਿ ਉਹ ਮੁਸਲਮਾਨਾਂ ਨੂੰ ਸਹੂਲਤਾਂ ਦੇ ਕੇ ਮੁਸਲਮਾਨਾਂ ਦਾ ਤੁਸ਼ਟੀਕਰਨ ਕਰਨਾ ਚਾਹੁੰਦੀ ਹੈ। ਇਹ ਸੰਭਵ ਹੈ ਕਿ ਜਿਵੇਂ ਕੁਝ ਹਿੰਦੂ ਕੱਟੜ ਹਨ, ਕੁਝ ਮੁਸਲਮਾਨ ਵੀ ਕੱਟੜ ਹਨ, ਪਰ ਜ਼ਿਆਦਾਤਰ ਮੁਸਲਮਾਨ ਆਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਦੇ ਹਿੱਤਾਂ ਦੀ ਗੱਲ ਕਰਨਾ ਤੁਸ਼ਟੀਕਰਨ ਨਹੀਂ ਹੋ ਸਕਦਾ।
ਰੋਹਿਤ ਕੌਸ਼ਿਕ