ਦਾਦੇ ਦੀ ਵਿਰਾਸਤ ਪੋਤੇ ਤੱਕ, “ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ”
Tuesday, Apr 21, 2026 - 05:12 PM (IST)
ਕੌਮਾਂ ਅਤੇ ਸਮਾਜਾਂ ਦੀ ਅਸਲ ਤਾਕਤ ਸਿਰਫ਼ ਧਨ-ਦੌਲਤ ਜਾਂ ਅਹੁਦਿਆਂ ਵਿਚ ਨਹੀਂ ਹੁੰਦੀ; ਉਹ ਵਿਰਾਸਤ ਵਿਚ ਹੁੰਦੀ ਹੈ। ਉਹ ਵਿਰਾਸਤ ਜੋ ਪੀੜ੍ਹੀ ਦਰ ਪੀੜ੍ਹੀ ਸੰਸਕਾਰਾਂ, ਸੇਵਾ ਅਤੇ ਕੁਰਬਾਨੀਆਂ ਦੇ ਰੂਪ ਵਿਚ ਅੱਗੇ ਵਧਦੀ ਰਹਿੰਦੀ ਹੈ। ਜਦੋਂ ਅਸੀਂ ਇਤਿਹਾਸ ਦੇ ਸਫ਼ਿਆਂ ਨੂੰ ਪੜ੍ਹਦੇ ਹਾਂ ਤਾਂ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਬਜ਼ੁਰਗਾਂ ਦੀ ਬੀਜੀ ਫ਼ਸਲ ਅਗਲੀ ਪੀੜ੍ਹੀ ਵੱਢਦੀ ਹੈ।
17 ਅਪ੍ਰੈਲ, 2026 ਨੂੰ ਸਵੇਰ ਦਾ ਸਮਾਂ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਵੱਲੋਂ ਟਰੁੱਥ ਸੋਸ਼ਲ ’ਤੇ ਪੋਸਟ ਪਾਈ ਗਈ :
‘‘ਤਰਨਜੀਤ ਸੰਧੂ ਨੂੰ ਦਿੱਲੀ ਦੇ ਨਵੇਂ ਲੈਫ਼ਟੀਨੈਂਟ ਗਵਰਨਰ ਬਣਨ ’ਤੇ ਵਧਾਈ! ਇਕ ਤਜਰਬੇਕਾਰ ਡਿਪਲੋਮੈਟ ਅਤੇ ਅਮਰੀਕਾ ਵਿਚ ਸਾਬਕਾ ਰਾਜਦੂਤ ਵਜੋਂ, ਉਨ੍ਹਾਂ ਨੇ ਹਮੇਸ਼ਾ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਡੂੰਘੀ ਵਚਨਬੱਧਤਾ ਦਿਖਾਈ ਹੈ। ਦਿੱਲੀ ਦੀ ਤਰੱਕੀ ਨੂੰ ਅੱਗੇ ਵਧਾਉਣ ਅਤੇ ਗਲੋਬਲ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਉਨ੍ਹਾਂ ਨੂੰ ਕਾਮਯਾਬੀ ਦੀ ਕਾਮਨਾ!”
ਲੱਗਭਗ ਤਿੰਨ–ਚਾਰ ਸਾਲ ਪਹਿਲਾਂ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਉਸ ਵੀਡੀਓ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵ੍ਹਾਈਟ ਹਾਊਸ ਵਿਚ ਇਕ ਭਾਰਤੀ ਡੈਲੀਗੇਸ਼ਨ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਸਨ।
ਉਹ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਹੱਥ ਮਿਲਾਉਂਦੇ ਹਨ, ਫਿਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲਬਾਤ ਕਰਦੇ ਹਨ। ਇਸ ਤੋਂ ਬਾਅਦ ਉਹ ਉਥੇ ਖੜ੍ਹੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵੱਲ ਵਧਦੇ ਹਨ।
ਰਾਜਦੂਤ ਨਾਲ ਹੱਥ ਮਿਲਾਉਂਦੇ ਹੋਏ ਰਾਸ਼ਟਰਪਤੀ ਮੁਸਕਰਾਉਂਦੇ ਹੋਏ ਕਹਿੰਦੇ ਹਨ
ਅੰਬੈਸਡਰ , ਹਾਓ ਆਰ ਯੂ ?
ਫਿਰ ਉਹ ਉਨ੍ਹਾਂ ਦੀ ਸ਼ਖਸੀਅਤ ਦੀ ਤਾਰੀਫ਼ ਕਰਦੇ ਹੋਏ ਕਹਿੰਦੇ ਹਨ—
ਹੀ ਲੁੱਕਸ ਸੋ ਡਿਸਟਿੰਗੁਇਸ਼ਡ…
‘‘ਦਿਸ ਇਜ਼ ਹਾਓ ਅੰਬੈਸਡਰਜ਼ ਸ਼ੁਡ ਲੁਕ ਲਾਈਕ’’
ਇਹ ਸਿਰਫ਼ ਇਕ ਸ਼ਖ਼ਸ ਦੀ ਤਾਰੀਫ਼ ਨਹੀਂ ਸੀ। ਇਹ ਦਰਅਸਲ ਉਸ ਸਿੱਖ ਪਛਾਣ ਲਈ ਵੀ ਇਕ ਮਾਣਯੋਗ ਪਲ ਸੀ ਜੋ ਦਸਤਾਰ ਦੇ ਰੂਪ ਵਿਚ ਦੁਨੀਆ ਅੱਗੇ ਆਪਣੀ ਵਿਲੱਖਣਤਾ ਦਰਸਾਉਂਦੀ ਹੈ। ਉਸ ਵੇਲੇ ਭਾਰਤੀ ਰਾਜਦੂਤ ਨੇ ਹਲਕੇ ਨੀਲੇ ਰੰਗ ਦੀ ਦਸਤਾਰ ਅਤੇ ਕਾਲੇ ਰੰਗ ਦਾ ਬੰਦ ਗਲਾ ਸੂਟ ਪਹਿਨਿਆ ਹੋਇਆ ਸੀ।
ਇਕ ਸਿੱਖ ਹੋਣ ਦੇ ਨਾਤੇ, ਜਿਵੇਂ ਦੁਨੀਆ ਭਰ ਦੇ ਸਿੱਖਾਂ ਨੇ ਇਹ ਦ੍ਰਿਸ਼ ਦੇਖ ਕੇ ਮਾਣ ਮਹਿਸੂਸ ਕੀਤਾ ਹੋਵੇਗਾ, ਉਸੇ ਤਰ੍ਹਾਂ ਇਹ ਸ਼ਬਦ ਸੁਣ ਕੇ ਮੇਰੇ ਦਿਲ ਵਿਚ ਵੀ ਮਾਣ ਦੀ ਲਹਿਰ ਦੌੜ ਗਈ।
ਕੁਝ ਦਿਨ ਪਹਿਲਾਂ ਉਹੀ ਭਾਰਤੀ ਰਾਜਦੂਤ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕਦੇ ਨਜ਼ਰ ਆਏ। ਗੂੜ੍ਹੇ ਨੀਲੇ ਰੰਗ ਦੀ ਦਸਤਾਰ ਅਤੇ ਸਲੇਟੀ ਰੰਗ ਦੇ ਬੰਦ ਗਲੇ ਦੇ ਸੂਟ ਵਿਚ ਇਹ ਸਨ ਤਰਨਜੀਤ ਸਿੰਘ ਸੰਧੂ। ਇਕ ਤਜਰਬੇਕਾਰ ਡਿਪਲੋਮੈਟ, ਜਿਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤ ਦੀ ਵਿਦੇਸ਼ ਸੇਵਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਰ ਇੱਥੇ ਇਕ ਹੋਰ ਦਿਲਚਸਪ ਅਤੇ ਵਿਲੱਖਣ ਕਹਾਣੀ ਛੁਪੀ ਹੋਈ ਹੈ—ਇਹ ਸਿਰਫ਼ ਇਕ ਵਿਅਕਤੀ ਦੀ ਕਾਮਯਾਬੀ ਦੀ ਕਹਾਣੀ ਨਹੀਂ, ਸਗੋਂ ਵਿਰਾਸਤ ਦੀ ਕਹਾਣੀ ਹੈ।
ਜਦੋਂ ਅਸੀਂ ਸੈਂਟਰਲ ਦਿੱਲੀ ਜਾਂ ਅਕਸਰ ਲੁਟੀਅਨਜ਼ ਦਿੱਲੀ ਦੀਆਂ ਸੜਕਾਂ ’ਤੇ ਲੰਘਦੇ ਹਾਂ ਤਾਂ ਇਕ ਸੜਕ ਮਹਾਨ ਸਿੱਖ ਆਗੂ ਬਾਬਾ ਖੜਕ ਸਿੰਘ ਦੇ ਨਾਂ ’ਤੇ ਹੈ ਅਤੇ ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਕੰਪਲੈਕਸ ਵਿਚ ਦਾਖਲ ਹੁੰਦੇ ਹਾਂ ਤਾਂ ਉੱਥੇ ਇਕ ਮਹੱਤਵਪੂਰਨ ਹਾਲ ਹੈ—ਤੇਜਾ ਸਿੰਘ ਸਮੁੰਦਰੀ ਹਾਲ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਹਿਮ ਮੀਟਿੰਗਾਂ ਹੁੰਦੀਆਂ ਹਨ। ਅਕਸਰ ਅਸੀਂ ਖ਼ਬਰਾਂ ਵਿਚ ਸੁਣਦੇ ਜਾਂ ਪੜ੍ਹਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਸਾਲਾਨਾ ਮੀਟਿੰਗਾਂ ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਆਯੋਜਨ ਕਰਦੀ ਹੈ।
ਇੱਥੇ ਇਹ ਜਾਣਨ ਦੀ ਲੋੜ ਹੈ ਕਿ ਇਸ ਹਾਲ ਦੇ ਨਾਂ ਨਾਲ ਜੁੜੇ ਮਹਾਨ ਆਗੂ ਸ. ਤੇਜਾ ਸਿੰਘ ਸਮੁੰਦਰੀ ਦਰਅਸਲ ਤਰਨਜੀਤ ਸਿੰਘ ਸੰਧੂ ਦੇ ਦਾਦਾ ਜੀ ਸਨ।
ਸ. ਤੇਜਾ ਸਿੰਘ ਸਮੁੰਦਰੀ ਸਿੱਖ ਧਾਰਮਿਕ ਅਤੇ ਸਮਾਜਿਕ ਸੁਧਾਰਾਂ ਦੇ ਮਹਾਨ ਯੋਧੇ ਸਨ। ਉਹ ਗੁਰਦੁਆਰਾ ਸੁਧਾਰ ਅੰਦੋਲਨ ਦੇ ਮੋਹਰੀ ਆਗੂਆਂ ਵਿਚੋਂ ਇਕ ਰਹੇ ਅਤੇ 1920 ਵਿਚ ਬਣੀ ਐੱਸ. ਜੀ. ਪੀ. ਸੀ. ਦੇ ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਸਨ।
ਉਨ੍ਹਾਂ ਦੀ ਜ਼ਿੰਦਗੀ ਸੇਵਾ, ਸੰਘਰਸ਼ ਅਤੇ ਕੁਰਬਾਨੀ ਦੀ ਮਿਸਾਲ ਸੀ। ਉਨ੍ਹਾਂ ਨੇ ਬ੍ਰਿਟਿਸ਼ ਇੰਡੀਅਨ ਫੌਜ ਵਿਚ ਸੇਵਾ ਨਿਭਾਈ ਪਰ ਬਾਅਦ ਵਿਚ ਆਪਣੀ ਜ਼ਿੰਦਗੀ ਕੌਮ ਅਤੇ ਧਾਰਮਿਕ ਸੁਧਾਰਾਂ ਲਈ ਸਮਰਪਿਤ ਕਰ ਦਿੱਤੀ।
ਅਕਾਲੀ ਅੰਦੋਲਨ ਦੌਰਾਨ, ਚਾਬੀਆਂ ਦਾ ਮੋਰਚਾ (ਨਵੰਬਰ 1921 ਤੋਂ ਜਨਵਰੀ 1922) ਵਿਚ ਹਿੱਸਾ ਲੈਣ ਕਾਰਨ ਬ੍ਰਿਟਿਸ਼ ਸਰਕਾਰ ਨੇ ਤੇਜਾ ਸਿੰਘ ਸਮੁੰਦਰੀ ਨੂੰ ਗ੍ਰਿਫ਼ਤਾਰ ਕਰ ਲਿਆ। 13 ਅਕਤੂਬਰ, 1923 ਨੂੰ ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਐੱਸ. ਜੀ .ਪੀ. ਸੀ. – ਅਕਾਲੀ ਮੁਹਿੰਮ ਵਿਚ ਸ਼ਾਮਲ ਸਨ, ਜਿਸਦਾ ਮਕਸਦ ਨਾਭਾ ਰਾਜ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਮੁੜ ਤਖ਼ਤ ’ਤੇ ਬਹਾਲ ਕਰਵਾਉਣਾ ਸੀ।
ਬ੍ਰਿਟਿਸ਼ ਸਰਕਾਰ ਨੇ ਐੱਸ. ਜੀ .ਪੀ. ਸੀ. ਅਤੇ ਅਕਾਲੀ ਦਲ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਅਤੇ ਤੇਜਾ ਸਿੰਘ ਸਮੁੰਦਰੀ ਸਮੇਤ ਹੋਰ ਆਗੂਆਂ ਨੂੰ “ਸਾਮਰਾਜ ਦੇ ਖ਼ਿਲਾਫ਼ ਜੰਗ ਛੇੜਣ” ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਮੁਕੱਦਮੇ ਲਈ ਲਾਹੌਰ ਕਿਲੇ ਵਿਚ ਰੱਖਿਆ ਗਿਆ।
ਦੁਖਦਾਈ ਘਟਨਾ 17 ਜੁਲਾਈ, 1926 ਨੂੰ ਹੋਈ, ਜਦੋਂ ਕੈਦ ਦੌਰਾਨ ਤੇਜਾ ਸਿੰਘ ਸਮੁੰਦਰੀ ਦਾ ਦਿਹਾਂਤ ਹੋ ਗਿਆ। ਉਹ ਲੱਗਭਗ ਚਾਲੀ ਸਾਲ ਦੀ ਉਮਰ ਵਿਚ ਹੀ ਕੌਮ ਲਈ ਸੰਘਰਸ਼ ਕਰਦੇ ਹੋਏ ਸਦਾ ਲਈ ਇਤਿਹਾਸ ਦਾ ਹਿੱਸਾ ਬਣ ਗਏ।
ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪੁੱਤਰ ਬਿਸ਼ਨ ਸਿੰਘ ਤੱਕ ਪਹੁੰਚੀ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਉਪ-ਕੁਲਪਤੀ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ। ਸਿੱਖਿਆ ਅਤੇ ਗਿਆਨ ਦੀ ਇਹ ਲੋਅ ਅਗਲੀ ਪੀੜ੍ਹੀ ਤੱਕ ਜਗਦੀ ਰਹੀ।
ਅੱਜ ਇਹੀ ਵਿਰਾਸਤ ਤਰਨਜੀਤ ਸਿੰਘ ਸੰਧੂ ਦੇ ਰੂਪ ਵਿਚ ਇਕ ਨਵੇਂ ਅਧਿਆਇ ਨੂੰ ਜਨਮ ਦਿੰਦੀ ਹੈ।
ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਸੰਧੂ ਨੇ ਐਕਸ (ਟਵਿੱਟਰ) ’ਤੇ ਆਪਣੇ ਸੰਦੇਸ਼ ਵਿਚ ਲਿਖਿਆ :
“ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਦੇਸ਼ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਣ ’ਤੇ ਮੈਂ ਆਪਣੇ ਆਪ ਨੂੰ ਨਿਮਰ ਮਹਿਸੂਸ ਕਰਦਾ ਹਾਂ।
ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦੇ ਚਰਨਾਂ ’ਚ ਅਰਦਾਸ ਕੀਤੀ। ਆਪਣੇ ਦਾਦਾ ਜੀ ਸ. ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕੀਤਾ ਅਤੇ ਰਕਾਬ ਗੰਜ ਮੋਰਚੇ ਦੀ ਕਾਮਯਾਬੀ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਨਮਨ ਕੀਤਾ ।”
ਇਹ ਪਲ ਸਿਰਫ਼ ਇਕ ਅਹੁਦੇ ਦੀ ਪ੍ਰਾਪਤੀ ਨਹੀਂ ਸੀ; ਇਹ ਪੀੜ੍ਹੀਆਂ ਦੀ ਵਿਰਾਸਤ ਨੂੰ ਨਮਨ ਕਰਨ ਦਾ ਪਲ ਸੀ।
ਕਿਸੇ ਲੇਖਕ ਨੇ ਬਿਲਕੁਲ ਠੀਕ ਲਿਖਿਆ ਹੈ :
“ਸਭ ਤੋਂ ਵੱਡੀ ਵਿਰਾਸਤ ਜੋ ਕੋਈ ਮਨੁੱਖ ਆਪਣੇ ਬੱਚਿਆਂ ਅਤੇ ਪੋਤਿਆਂ-ਪੋਤੀਆਂ ਲਈ ਛੱਡ ਸਕਦਾ ਹੈ, ਉਹ ਪੈਸਾ ਜਾਂ ਜ਼ਿੰਦਗੀ ਵਿਚ ਇਕੱਠੀਆਂ ਕੀਤੀਆਂ ਹੋਰ ਭੌਤਿਕ ਚੀਜ਼ਾਂ ਨਹੀਂ ਹੁੰਦੀਆਂ, ਸਗੋਂ ਚੰਗੇ ਚਰਿੱਤਰ ਅਤੇ ਵਿਸ਼ਵਾਸ ਦੀ ਵਿਰਾਸਤ ਹੁੰਦੀ ਹੈ।”
ਸਮੁੰਦਰੀ ਪਰਿਵਾਰ ਦੀ ਕਹਾਣੀ ਇਸ ਗੱਲ ਨੂੰ ਸੱਚ ਸਾਬਤ ਕਰਦੀ ਹੈ।
ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਹੁਦੇ ਬਦਲਦੇ ਰਹਿੰਦੇ ਹਨ, ਸਮਾਂ ਵੀ ਬਦਲਦਾ ਰਹਿੰਦਾ ਹੈ ਪਰ ਸੰਸਕਾਰ ਅਤੇ ਸੇਵਾ ਦੀ ਵਿਰਾਸਤ ਕਦੇ ਨਹੀਂ ਮਰਦੀ।
ਅਤੇ ਸ਼ਾਇਦ ਇਸੇ ਲਈ ਅੱਜ ਵੀ ਪੰਜਾਬੀ ਦੀ ਕਹਾਵਤ ਸੱਚ ਲੱਗਦੀ ਹੈ—
“ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ।”
ਇਸ ਕਹਾਵਤ ਦਾ ਹਾਂਪੱਖੀ ਅਰਥ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਹਰ ਪੀੜ੍ਹੀ ਨੂੰ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ। ਵੱਡੇ ਬਜ਼ੁਰਗ ਆਪਣੇ ਤਜਰਬੇ ਨਾਲ ਪਰਿਵਾਰ ਅਤੇ ਸਮਾਜ ਨੂੰ ਸਹੀ ਦਿਸ਼ਾ ਦਿੰਦੇ ਹਨ, ਜਦਕਿ ਨਵੀਂ ਪੀੜ੍ਹੀ ਨਵੇਂ ਵਿਚਾਰ ਅਤੇ ਉਤਸ਼ਾਹ ਨਾਲ ਤਰੱਕੀ ਲਿਆਉਂਦੀ ਹੈ। ਇਹ ਕਹਾਵਤ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਵੱਡਿਆਂ ਦਾ ਤਜਰਬਾ ਅਤੇ ਛੋਟਿਆਂ ਦੀ ਸੋਚ ਇਕੱਠੀ ਹੋਵੇ, ਤਾਂ ਸਮਾਜ ਹੋਰ ਮਜ਼ਬੂਤ ਬਣਦਾ ਹੈ। ਇਸ ਤਰ੍ਹਾਂ ਹਰ ਪੀੜ੍ਹੀ ਦੀ ਆਪਣੀ ਮਹੱਤਤਾ ਹੁੰਦੀ ਹੈ ਅਤੇ ਸਭ ਮਿਲ ਕੇ ਅੱਗੇ ਵਧਦੇ ਹਨ।
–ਹਰਜੋਤ ਸਿੰਘ ਸਿੱਧੂ
