ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ

Tuesday, May 26, 2026 - 05:28 PM (IST)

ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ

ਦੱਖਣ ਭਾਰਤੀ ਸਿਆਸੀ ਦ੍ਰਿਸ਼ ’ਚ, ਫ਼ਿਲਮਾਂ ਅਕਸਰ ਰਾਜਨੀਤੀ ਨਾਲ ਜੁੜੀਆਂ ਰਹੀਆਂ ਹਨ। ਕੁਝ ਹੀ ਸ਼ਖਸੀਅਤਾਂ ਇਸ ਜੁੜਾਵ ਨੂੰ 2 ਫ਼ਿਲਮੀ ਸੁਪਰਸਟਾਰਾਂ ਵਿਜੇ ਅਤੇ ਐੱਨ. ਟੀ. ਰਾਮਾਰਾਓ (ਐੱਨ. ਟੀ. ਆਰ.) ਤੋਂ ਬਿਹਤਰ ਤਰੀਕੇ ਨਾਲ ਦਰਸਾਉਂਦੀਆਂ ਹਨ। ਉਨ੍ਹਾਂ ਦੋਵਾਂ ’ਚ ਇਕ ਸਾਂਝੀ ਕੜੀ ਹੈ-ਉਹ ਆਪਣੀ ਪਾਰਟੀ ਸ਼ੁਰੂ ਕਰਨ ਦੇ ਕੁਝ ਹੀ ਸਮੇਂ ਬਾਅਦ ਮੁੱਖ ਮੰਤਰੀ ਬਣ ਗਏ।

ਦੋਵਾਂ ਮੰਚੀ ਕਲਾਕਾਰਾਂ ਨੇ ਆਪਣੀ ਆਨ-ਸਕ੍ਰੀਨ ਪ੍ਰਸਿੱਧੀ ਦਾ ਲਾਭ ਉਠਾ ਕੇ ਆਪਣੇ ਵਿਸ਼ਾਲ ਪ੍ਰਸ਼ੰਸਕ ਕਲੱਬਾਂ ਨੂੰ ਸਿਆਸੀ ਕਾਰਕੁੰਨਾਂ ’ਚ ਬਦਲ ਕੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ’ਚ ਆਪਣੇ ਸੰਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਬਣਨ ਦਾ ਕੰਮ ਕੀਤਾ। ਵੱਖ-ਵੱਖ ਯੁੱਗਾਂ ਅਤੇ ਸੰਦਰਭਾਂ ’ਚ ਕੰਮ ਕਰਨ ਦੇ ਬਾਵਜੂਦ, ਸ਼ਾਸਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਭਾਰਤ ’ਚ ਰਾਜਨੀਤੀ ਅਤੇ ਸਿਨੇਮਾ ਦੀ ਬਦਲਦੀ ਗਤੀਸ਼ੀਲਤਾ ਬਾਰੇ ਦਿਲਚਸਪ ਅੰਤਰ-ਦ੍ਰਿਸ਼ਟੀ ਪ੍ਰਗਟ ਕਰਦੇ ਹਨ।

ਤਾਮਿਲਨਾਡੂ ’ਚ ਦ੍ਰਵਿੜ ਮੁਨੇਤਰ ਕੜਗਮ (ਦ੍ਰਮੁਕ) ਤੋਂ ਸੀ. ਐੱਨ. ਅੰਨਾਦੁਰਈ ਅਤੇ ਐੱਮ. ਕਰੁਣਾਨਿਧੀ ਵਰਗੇ ਵਰਣਨਯੋਗ ਨਾਂ, ਨਾਲ ਹੀ ਐੱਮ. ਜੀ. ਰਾਮਚੰਦਰਨ (ਐੱਮ. ਜੀ. ਆਰ.) ਅਤੇ ਜੇ. ਜੈਲਲਿਤਾ (ਅੰਨਾਦ੍ਰਮੁਕ) ਵਰਗੇ ਸਿਤਾਰੇ ਰਹੇ ਹਨ। ਐੱਮ. ਜੀ. ਆਰ., ਜਿਨ੍ਹਾਂ ਨੇ ਅੰਦਰੂਨੀ ਕਲੇਸ਼ ਕਾਰਨ ਦ੍ਰਮੁਕ ਛੱਡ ਦਿੱਤੀ ਸੀ, ਨੇ ਆਪਣੀ ਪਾਰਟੀ, ਅੰਨਾਦ੍ਰਮੁਕ ਦੀ ਸਥਾਪਨਾ ਕੀਤੀ ਅਤੇ 1977 ਤੋਂ 1987 ਤੱਕ ਮੁੱਖ ਮੰਤਰੀ ਵਜੋਂ ਕਾਰਜ ਕੀਤਾ। ਉਨ੍ਹਾਂ ਨੇ ਸਿਆਸੀ ਦ੍ਰਿਸ਼ ’ਤੇ ਇਕ ਸਥਾਈ ਅਤੇ ਪ੍ਰੇਰਨਾਦਾਇਕ ਪ੍ਰਭਾਵ ਛੱਡਿਆ, ਜੋ ਖੇਤਰੀ ਲੀਡਰਸ਼ਿਪ ਨੂੰ ਆਕਾਰ ਦੇਣ ’ਚ ਸਿਨੇਮਾ ਦੀ ਤਾਕਤ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਦਾ ਕਾਰਜਕਾਲ ਜ਼ਮੀਨੀ ਪੱਧਰ ਦੀਆਂ ਭਲਾਈ ਪਹਿਲਕਦਮੀਆਂ, ਜਿਵੇਂ ‘ਦੋ ਰੁਪਏ ਕਿਲੋ ਚੌਲ’ ਪ੍ਰੋਗਰਾਮ ਅਤੇ ਸਕੂਲੀ ਬੱਚਿਆਂ ਲਈ ਦੁਪਹਿਰ ਦੇ ਖਾਣੇ (ਮਿਡ-ਡੇ-ਮੀਲ) ਦੁਆਰਾ ਚਿੰਨ੍ਹਿਤ ਸੀ, ਜਿਸ ਨੇ ਆਮ ਲੋਕਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਵਿਸ਼ਵਾਸ ਅਤੇ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।

ਤਾਮਿਲ ਸੁਪਰਸਟਾਰ ਹੋਣ ਦੇ ਨਾਤੇ ਐੱਮ. ਜੀ. ਆਰ. ਨਾਲ ਤੁਲਨਾ ਲਾਜ਼ਮੀ ਹੋ ਗਈ ਹੈ। ਪਰ ਬਾਰੀਕੀ ਨਾਲ ਦੇਖਣ ’ਤੇ ਪਤਾ ਲੱਗਦਾ ਹੈ ਕਿ ਵਧੇਰੇ ਢੁਕਵਾਂ ਸਮਾਨਾਂਤਰ ਸ਼ਾਇਦ ਆਂਧਰਾ ਪ੍ਰਦੇਸ਼ ’ਚ ਸਰਹੱਦ ਦੇ ਦੂਜੇ ਪਾਸੇ ਤੋਂ ਆਏ ਇਕ ਹੋਰ ਸਿਨੇਮਾਈ ਨਾਇਕ ਤੋਂ ਹੈ, ਜੋ ਰਾਜਨੀਤੀਵਾਨ ਬਣ ਗਏ, ਭਾਵ ਨੰਦਮੁਰੀ ਤਾਰਕ ਰਾਮਾਰਾਓ (ਐੱਨ. ਟੀ. ਆਰ.)।

ਐੱਨ. ਟੀ. ਰਾਮਾਰਾਓ ਅਤੇ ਵਿਜੇ ਦੀਆਂ ਸਿਆਸੀ ਯਾਤਰਾਵਾਂ ਸਿਨੇਮਾ ਅਤੇ ਸਿਆਸੀ ਆਧੁਨਿਕੀਕਰਨ ਦੇ ਸ਼ਕਤੀਸ਼ਾਲੀ ਮਿਸ਼ਰਨ ਨੂੰ ਦਰਸਾਉਂਦੀਆਂ ਹਨ। ਰੀਲ ਤੋਂ ਅਸਲ ਰਾਜਨੀਤੀ ’ਚ ਉਨ੍ਹਾਂ ਦਾ ਤਬਦੀਲ ਹੋਣਾ ਲੋਕਾਂ ਨਾਲ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਜੁੜਾਵ ਨੂੰ ਦਿਖਾਉਂਦਾ ਹੈ-ਪ੍ਰਸਿੱਧੀ ਅਤੇ ਲੀਡਰਸ਼ਿਪ ਦੇ ਵਿਚਕਾਰ ਦੀ ਦੂਰੀ। ਉਨ੍ਹਾਂ ਨੇ ਭਾਰੀ ਭੀੜ ਨੂੰ ਆਕਰਸ਼ਿਤ ਕੀਤਾ, ਜੋ ਆਪਣੇ ਆਗੂਆਂ ਨੂੰ ਸੁਣਨ ਲਈ ਸਬਰ ਨਾਲ ਇੰਤਜ਼ਾਰ ਕਰਦੀ ਸੀ।

ਹਰੇਕ ਆਗੂ ਆਪਣੇ ਸੰਬੰਧਿਤ ਯੁੱਗ ਦੀਆਂ ਇੱਛਾਵਾਂ ਅਤੇ ਮੰਗਾਂ ਨੂੰ ਦਰਸਾਉਂਦਾ ਹੈ-ਐੱਨ. ਟੀ. ਆਰ., ਬੀਤੇ ਸਮੇਂ ਦੀਆਂ ਸਮਾਜਿਕ-ਆਰਥਿਕ ਚੁਣੌਤੀਆਂ ’ਚ ਰਚੇ-ਮਿਚੇ ਹੋਏ ਅਤੇ ਵਿਜੇ, ਮੌਜੂਦਾ ਦੇ ਤੇਜ਼ੀ ਨਾਲ ਬਦਲਦੇ ਪਰਿਵਰਤਨਾਂ ਦਾ ਸਾਹਮਣਾ ਕਰਦੇ ਹੋਏ। ਜਿਵੇਂ-ਜਿਵੇਂ ਉਹ ਸਿਆਸੀ ਦ੍ਰਿਸ਼ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦੇ ਹਨ, ਉਨ੍ਹਾਂ ਦੀਆਂ ਕਹਾਣੀਆਂ ਜਨਤਕ ਜੀਵਨ ’ਤੇ ਸਿਨੇਮਾ ਦੇ ਸਥਾਈ ਪ੍ਰਭਾਵ ਨੂੰ ਉਜਾਗਰ ਕਰਦੀਆਂ ਹਨ।

ਐੱਨ. ਟੀ. ਆਰ. ਤੇਲਗੂ ਅਤੇ ਤਾਮਿਲ ਸਿਨੇਮਾ ’ਚ ਇਕ ਸ਼ਕਤੀਸ਼ਾਲੀ ਆਗੂ ਸਨ, ਜੋ ਆਪਣੀਆਂ ਪੌਰਾਣਿਕ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ 1982 ’ਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੀ ਸਥਾਪਨਾ ਕੀਤੀ, ਜਿਸ ’ਚ ਤੇਲਗੂ ਮਾਣ ਅਤੇ ਭਲਾਈ ’ਤੇ ਜ਼ੋਰ ਦਿੱਤਾ ਗਿਆ, ਇਕ ਅਜਿਹਾ ਸੰਦੇਸ਼, ਜਿਸ ਨੇ ਤੇਲਗੂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦਾ ਸਰਲ ਚੋਣ ਮਨੋਰਥ ਪੱਤਰ ਭੋਜਨ, ਮਕਾਨ ਅਤੇ ਕੱਪੜਿਆਂ ’ਤੇ ਕੇਂਦਰਿਤ ਸੀ, ਜਿਸ ਨਾਲ 2 ਰੁਪਏ ਪ੍ਰਤੀ ਕਿਲੋਗ੍ਰਾਮ ਚੌਲ ਯੋਜਨਾ ਵਰਗੇ ਪ੍ਰਭਾਵਸ਼ਾਲੀ ਭਲਾਈ ਪ੍ਰੋਗਰਾਮ ਸ਼ੁਰੂ ਹੋਏ। ਹਾਲਾਂਕਿ 3 ਵਾਰ ਭਾਰੀ ਬਹੁਮਤ ਨਾਲ ਚੁਣੇ ਜਾਣ ਦੇ ਬਾਵਜੂਦ ਐੱਨ. ਟੀ. ਆਰ. ਦੀਆਂ ਸਰਕਾਰਾਂ ਕਦੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀਆਂ। ਉਹ ਇਕ ਕ੍ਰਿਸ਼ਮਾਈ ਆਗੂ ਸਨ ਜੋ ਗਰੀਬੀ ’ਚ ਜਿਊ ਰਹੇ ਲੋਕਾਂ ਦੇ ਸੰਘਰਸ਼ਾਂ ਨੂੰ ਸਮਝਦੇ ਸਨ।

ਇਸ ਦੇ ਉਲਟ, ਵਿਜੇ ਦੀ ਸਿਆਸੀ ਵਿਰਾਸਤ ਅਜੇ ਬਣ ਰਹੀ ਹੈ ਅਤੇ ਉਨ੍ਹਾਂ ਰਾਜਨੀਤੀ ਦੇ ਉਤਾਰ-ਚੜ੍ਹਾਅ ਵਾਲੇ ਦ੍ਰਿਸ਼ ਦਾ ਸਾਹਮਣਾ ਕਰਨਾ ਹੈ। ਐੱਨ. ਟੀ. ਆਰ. ਦਾ ਅਕਸ ਜ਼ਮੀਨੀ ਪੱਧਰ ਦੇ ਢਾਂਚੇ ਨਾਲ ਡੂੰਘਾਈ ਨਾਲ ਜੁੜੇ ਇਕ ਪਰਉਪਕਾਰੀ ਆਗੂ ਦਾ ਸੀ, ਜੋ ਪੇਂਡੂ ਭਾਈਚਾਰਿਆਂ ਨੂੰ ਸਿੱਧਾ ਲਾਭ ਦੇਣ ’ਤੇ ਜ਼ੋਰ ਦਿੰਦੇ ਸਨ। ਇਸ ਦੇ ਉਲਟ, ਵਿਜੇ ਖੁਦ ਨੂੰ ਇਕ ਅਗਾਂਹਵਧੂ ਸੁਧਾਰਕ ਵਜੋਂ ਸਥਾਪਤ ਕਰਦੇ ਹਨ, ਜੋ ਕਾਰਪੋਰੇਟ ਸ਼ੈਲੀ ਦੇ ਨਾਲ ਅੱਜ ਦੇ ਨੌਜਵਾਨਾਂ ਲਈ ਢੁਕਵੇਂ ਮੁੱਦਿਆਂ ਨੂੰ ਹੱਲ ਕਰਦੇ ਹਨ ਅਤੇ ਬਦਲਦੀਆਂ ਮੰਗਾਂ ਦੇ ਅਨੁਕੂਲ ਤੇਜ਼ੀ ਨਾਲ ਢਲ ਜਾਂਦੇ ਹਨ।

ਵਿਜੇ ਨੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦ੍ਰਵਿੜ ਦਬਦਬੇ ਦੇ ਅੰਤ ਨੂੰ ਚਿੰਨ੍ਹਿਤ ਕੀਤਾ। ਉਨ੍ਹਾਂ ਦਾ ਤੇਜ਼ੀ ਨਾਲ ਹੋਇਆ ਵਿਕਾਸ, ਆਪਣੀ ਪਾਰਟੀ ਬਣਾਉਣ ਦੇ 2 ਸਾਲ ਬਾਅਦ ਹੀ ਮਹੱਤਵਪੂਰਨ ਸਿਆਸੀ ਖਿੱਚ ਹਾਸਲ ਕਰਨਾ, ਦੱਖਣ ਭਾਰਤੀ ਰਾਜਨੀਤੀ ’ਚ ਨਵੇਂ ਲੀਡਰਸ਼ਿਪ ਦੇ ਮੌਕਿਆਂ ਬਾਰੇ ਆਸ ਜਗਾਉਂਦਾ ਹੈ। ਦੂਜੇ ਪਾਸੇ, ਐੱਨ. ਟੀ. ਆਰ. ਨੇ ਆਂਧਰਾ ਪ੍ਰਦੇਸ਼ ’ਚ ਕਾਂਗਰਸ ਦੇ ਰਾਜ ਨੂੰ ਖ਼ਤਮ ਕਰ ਦਿੱਤਾ ਸੀ।

ਮੁੱਖ ਮੰਤਰੀ ਵਜੋਂ ਵਿਜੇ ਦੀ ਸ਼ੁਰੂਆਤੀ ਸ਼ੈਲੀ ਸਪੱਸ਼ਟ ਤੌਰ ’ਤੇ ਕਾਰਪੋਰੇਟ ਸੀ, ਜੋ ਕਰਜ਼ੇ ਨਾਲ ਨਜਿੱਠਣ ਲਈ ਪਾਰਦਰਸ਼ਿਤਾ ਅਤੇ ਕੇਂਦਰੀਕ੍ਰਿਤ ਵਿੱਤੀ ਰਿਪੋਰਟਿੰਗ ਨੂੰ ਪਹਿਲ ਦੇ ਰਹੀ ਸੀ, ਜੋ ਇਕ ਆਧੁਨਿਕ ਅਰਥਵਿਵਸਥਾ ਦੇ ਪ੍ਰਬੰਧਨ ’ਤੇ ਉਨ੍ਹਾਂ ਦੇ ਧਿਆਨ ਨੂੰ ਦਰਸਾਉਂਦੀ ਹੈ।

ਵਿਜੇ ਦਾ ਦ੍ਰਿਸ਼ਟੀਕੋਣ ਐੱਨ. ਟੀ. ਆਰ. ਤੋਂ ਵੱਖਰਾ ਹੈ। ਜਿੱਥੇ ਐੱਨ. ਟੀ. ਆਰ. ਨੇ ਭ੍ਰਿਸ਼ਟਾਚਾਰ, ਸਮਾਜਿਕ ਭਲਾਈ ਅਤੇ ਪੇਂਡੂ ਸਸ਼ਕਤੀਕਰਨ ਖ਼ਿਲਾਫ਼ ਲੜਾਈ ’ਤੇ ਜ਼ੋਰ ਦਿੱਤਾ, ਉੱਥੇ ਹੀ ਵਿਜੇ ਸਮਕਾਲੀ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਹੱਲ ਕਰਨ ’ਤੇ ਕੇਂਦਰਿਤ ਹਨ। ਉਹ ਖੁਦ ਨੂੰ ਇਕ ਆਮ ਇਨਸਾਨ ਵਜੋਂ ਪੇਸ਼ ਕਰਦੇ ਹਨ, ਅਕਸਰ ਆਪਣੀਆਂ ਫ਼ਿਲਮਾਂ ’ਚ ਇਕ ਕਮਜ਼ੋਰ (ਅੰਡਰਡੌਗ) ਵਿਅਕਤੀ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਨੌਜਵਾਨ ਵੋਟਰਾਂ ਨਾਲ ਜੁੜਦੇ ਹਨ। ਉਨ੍ਹਾਂ ਦੀ ਸਿਆਸੀ ਰਣਨੀਤੀ ਪਾਰਦਰਸ਼ਿਤਾ ਅਤੇ ਆਧੁਨਿਕ ਆਰਥਿਕ ਨੀਤੀਆਂ ’ਤੇ ਜ਼ੋਰ ਦਿੰਦੀ ਹੈ। ਆਪਣੀਆਂ ਫ਼ਿਲਮਾਂ ’ਚ ਭ੍ਰਿਸ਼ਟਾਚਾਰ ਵਿਰੋਧੀ ਵਿਸ਼ਿਆਂ ਨਾਲ ਨਜਿੱਠ ਕੇ, ਵਿਜੇ ਆਪਣੀ ਸਿਆਸੀ ਪਛਾਣ ਨੂੰ ਮਜ਼ਬੂਤ ਕਰਦੇ ਹਨ ਅਤੇ ਆਪਣੇ ਨੌਜਵਾਨ ਪ੍ਰਸ਼ੰਸਕਾਂ ਦੇ ਆਧਾਰ ਵਿਚਾਲੇ ਵਫ਼ਾਦਾਰੀ ਵਿਕਸਿਤ ਕਰਦੇ ਹਨ।

ਐੱਨ. ਟੀ. ਆਰ. ਵਾਂਗ ਵਿਜੇ ਨੇ ਵੀ ਆਪਣੇ ਸਟਾਰਡਮ ਦੇ ਸਿਖਰ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਰਾਜਨੀਤੀ ਦੇ ਅਣਜਾਣ ਖੇਤਰ ’ਚ ਕਦਮ ਰੱਖਿਆ ਅਤੇ ਬਹੁਤ ਜਲਦੀ ਸਫ਼ਲ ਹੋ ਗਏ। ਵਿਜੇ ਦੀ ਸਿਆਸੀ ਯਾਤਰਾ ਅਜੇ ਵੀ ਆਪਣੇ ਸ਼ੁਰੂਆਤੀ ਦੌਰ ’ਚ ਹੈ, ਜਿਸ ਦਾ ਅਜੇ ਫ਼ੈਸਲਾ ਲੈਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਇਸੇ ਮਹੀਨੇ ਮੁੱਖ ਮੰਤਰੀ (ਸੀ. ਐੱਮ.) ਦਾ ਅਹੁਦਾ ਸੰਭਾਲਿਆ ਹੈ ਅਤੇ ਉਨ੍ਹਾਂ ਦਾ ਅਜੇ ਮੁਲਾਂਕਣ ਕਰਨਾ ਬਹੁਤ ਜਲਦੀ ਹੈ।

—ਕਲਿਆਣੀ ਸ਼ੰਕਰ


author

Harpreet SIngh

Content Editor

Related News