ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਹੱਲ...!

Sunday, May 31, 2026 - 05:35 PM (IST)

ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਹੱਲ...!

ਤੇਲ ਦੀਆਂ ਕੀਮਤਾਂ ਅੱਜਕੱਲ ਇੰਨੀ ਵਾਰ ਵਧ ਰਹੀਆਂ ਹਨ ਕਿ ਮੈਂ ਹੁਣ ਪੈਟਰੋਲ ਪੰਪ ਦੇ ਡਿਸਪਲੇਅ ਵੱਲ ਨਹੀਂ ਦੇਖਦਾ। ਮੈਂ ਆਪਣਾ ਚਿਹਰਾ ਸਤਿਕਾਰ ਸਹਿਤ ਦੂਜੇ ਪਾਸੇ ਘੁਮਾ ਲੈਂਦਾ ਹਾਂ, ਬਿਲਕੁਲ ਉਸੇ ਤਰ੍ਹਾਂ, ਜਿਵੇਂ ਮੱਧਵਰਗੀ ਭਾਰਤੀ ਹਸਪਤਾਲ ਦੇ ਬਿੱਲਾਂ, ਸਕੂਲ ਦੀ ਫੀਸ ਜਾਂ ਵਿਆਹ ਦੇ ਕੈਟਰਰਜ਼ ਤੋਂ ਨਜ਼ਰਾਂ ਚੁਰਾਉਂਦੇ ਹਨ।

ਅਗਲੀ ਸਵੇਰ ਮੇਰਾ ਡਰਾਈਵਰ ਅਸਾਧਾਰਨ ਤੌਰ ’ਤੇ ਖ਼ੁਸ਼ ਨਜ਼ਰ ਆ ਰਿਹਾ ਸੀ। ਇਹ ਆਪਣੇ ਆਪ ’ਚ ਚਿੰਤਾਜਨਕ ਸੀ। ਤੇਲ ਦੀਆਂ ਕੀਮਤਾਂ ਦੇ ਵਾਧੇ ਦੌਰਾਨ ਇਕ ਖ਼ੁਸ਼ ਡਰਾਈਵਰ ਦਾ ਆਮ ਤੌਰ ’ਤੇ ਮਤਲਬ ਹੁੰਦਾ ਹੈ ਕਿ ਜਾਂ ਤਾਂ ਉਸ ਨੂੰ ਕੋਈ ਅਮੀਰ ਮਾਲਕ ਮਿਲ ਗਿਆ ਹੈ ਜਾਂ ਉਸ ਨੇ 3 ਨਿਊਜ਼ ਚੈਨਲ ਅਤੇ 2 ਵਟਸਐਪ ਵੀਡੀਓ ਦੇਖਣ ਤੋਂ ਬਾਅਦ ਇਕ ਖ਼ਤਰਨਾਕ ਆਰਥਿਕ ਸਿਧਾਂਤ ਵਿਕਸਿਤ ਕਰ ਲਿਆ ਹੈ।

‘‘ਸਰ,’’ ਉਸ ਨੇ ਸ਼ਾਨਦਾਰ ਤਰੀਕੇ ਨਾਲ ਐਲਾਨ ਕੀਤਾ, ‘‘ਮੈਂ ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਮਾਤ ਦੇਣ ਦਾ ਪੱਕਾ ਹੱਲ ਲੱਭ ਲਿਆ ਹੈ!’’

ਹੁਣ ਜਦੋਂ ਵੀ ਭਾਰਤ ’ਚ ਕੋਈ ਕਹਿੰਦਾ ਹੈ ਕਿ ਉਸ ਨੇ ‘ਪੱਕਾ ਹੱਲ’ ਲੱਭ ਲਿਆ ਹੈ, ਤਾਂ ਉਸ ’ਚ ਆਮ ਤੌਰ ’ਤੇ ਯੋਗਾ, ਹਲਦੀ, ਸਾਹ ਲੈਣ ਦੀਆਂ ਕਸਰਤਾਂ, ਸ਼ਾਕਾਹਾਰੀ ਉਤਪਾਦ ਜਾਂ ਵਿੱਤੀ ਆਫ਼ਤ ਤੋਂ ਬਚਣ ਲਈ ਅੱਧੀ ਰਾਤ ਤੋਂ ਪਹਿਲਾਂ 11 ਲੋਕਾਂ ਨੂੰ ਇਕ ਮੈਸੇਜ ਫਾਰਵਰਡ ਕਰਨਾ ਸ਼ਾਮਲ ਹੁੰਦਾ ਹੈ। ਇਸ ਲਈ ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕਰ ਲਿਆ।

‘‘ਤੁਹਾਡਾ ਹੱਲ ਕੀ ਹੈ?’’ ਮੈਂ ਸਾਵਧਾਨੀ ਨਾਲ ਪੁੱਛਿਆ।

‘‘ਸਿੱਧਾ ਜਿਹਾ ਹੈ, ਸਰ,’’ ਉਸ ਨੇ ਕਿਹਾ। ‘‘ਤੁਸੀਂ ਅੱਜ ਆਪਣੀਆਂ ਬਾਹਰ ਦੀਆਂ ਸਾਰੀਆਂ ਅਪੁਆਇੰਟਮੈਂਟਾਂ ਪੂਰੀਆਂ ਕਰ ਲਓ। ਕੱਲ ਤੋਂ, ਜਦੋਂ ਤੱਕ ਜੰਗ ਖ਼ਤਮ ਨਹੀਂ ਹੋ ਜਾਂਦੀ ਅਤੇ ਹੋਰਮੁਜ਼ (ਸਟ੍ਰੇਟ ਆਫ਼ ਹੋਰਮੁਜ਼) ਠੀਕ ਤਰ੍ਹਾਂ ਖੁੱਲ੍ਹ ਨਹੀਂ ਜਾਂਦਾ, ਮੈਂ ਤਨਖ਼ਾਹ ਸਹਿਤ ਛੁੱਟੀ ’ਤੇ ਰਹਾਂਗਾ!’’

‘‘ਤਨਖ਼ਾਹ ਸਹਿਤ ਛੁੱਟੀ?’’ ਮੈਂ ਚੀਕਿਆ।

‘‘ਹਾਂ ਸਰ,’’ ਉਸ ਨੇ ਹਮਦਰਦੀ ਨਾਲ ਸਿਰ ਹਿਲਾਇਆ, ‘‘ਤਾਂ ਜੋ ਤੁਸੀਂ ਪੈਟਰੋਲ ਬਚਾ ਸਕੋ।’’

ਮੈਂ ਆਪਣੀ ਕੌਫ਼ੀ ਸੋਫ਼ੇ ’ਤੇ ਡੁੱਲ੍ਹਣੋਂ ਮਸਾਂ ਬਚਾਈ।

ਸਭ ਤੋਂ ਪਹਿਲੀ ਗੱਲ, ਮੈਂ ਇਹ ਦੇਖ ਕੇ ਹੈਰਾਨ ਸੀ ਕਿ ਮੇਰੇ ਡਰਾਈਵਰ ਨੂੰ ਹੋਰਮੁਜ਼ ਜਲਡਮਰੂਮੱਧ ਬਾਰੇ ਪਤਾ ਸੀ। ਬਹੁਤੇ ਭਾਰਤੀਆਂ ਨੇ ਹੋਰਮੁਜ਼ ਦੀ ਖੋਜ ਸਿਰਫ਼ ਇਸ ਲਈ ਕੀਤੀ, ਕਿਉਂਕਿ ਟੈਲੀਵਿਜ਼ਨ ਐਂਕਰਾਂ ਨੇ ਅਚਾਨਕ ਚਮਕਦਾਰ ਨਕਸ਼ਿਆਂ ਦੇ ਸਾਹਮਣੇ ਖੜ੍ਹੇ ਹੋ ਕੇ ਹਰ 7 ਮਿੰਟ ’ਚ ਇਸ ਸ਼ਬਦ ਨੂੰ ਚੀਕਣਾ ਸ਼ੁਰੂ ਕਰ ਦਿੱਤਾ ਸੀ, ਜੋ ਨਕਸ਼ੇ ਵੀਡੀਓ ਗੇਮ ਵਰਗੇ ਦਿਖਾਈ ਦਿੰਦੇ ਸਨ।

ਪਰ ਮੇਰਾ ਡਰਾਈਵਰ ਕਿਸੇ ਸੇਵਾਮੁਕਤ (ਰਿਟਾਇਰਡ) ਵਿਦੇਸ਼ ਮੰਤਰੀ ਵਾਂਗ ਬੋਲ ਰਿਹਾ ਸੀ।

‘‘ਸਰ,’’ ਉਸ ਨੇ ਗੰਭੀਰਤਾ ਨਾਲ ਗੱਲ ਜਾਰੀ ਰੱਖੀ, ‘‘ਇਹ ਗਲੋਬਲ ਅਰਥ ਸ਼ਾਸਤਰ ਹੈ। ਕੱਚਾ ਤੇਲ ਉੱਪਰ ਜਾਂਦਾ ਹੈ, ਪੈਟਰੋਲ ਉੱਪਰ ਜਾਂਦਾ ਹੈ, ਸਬਜ਼ੀਆਂ ਉੱਪਰ ਜਾਂਦੀਆਂ ਹਨ, ਟੈਕਸੀ ਦਾ ਕਿਰਾਇਆ ਉੱਪਰ ਜਾਂਦਾ ਹੈ, ਬਲੱਡ ਪ੍ਰੈਸ਼ਰ ਉੱਪਰ ਜਾਂਦਾ ਹੈ। ਸਿਰਫ਼ ਤਨਖ਼ਾਹ ਹੀ ਸਾਦਗੀ ਅਤੇ ਨਿਮਰਤਾ ਪ੍ਰਤੀ ਵਚਨਬੱਧ ਰਹਿੰਦੀ ਹੈ ।’’

ਮੈਂ ਦੁੱਖ ਨਾਲ ਸਿਰ ਹਿਲਾਇਆ। ਉਹ ਬੰਦਾ ਸੰਸਦ ਨਾਲੋਂ ਵੀ ਜ਼ਿਆਦਾ ਬੁੱਧੀਮਾਨ ਲੱਗ ਰਿਹਾ ਸੀ।

ਫਿਰ ਉਹ ਨੇੜੇ ਝੁਕਿਆ ਅਤੇ ਆਪਣੀ ਆਵਾਜ਼ ਹੌਲੀ ਕਰ ਲਈ।

‘‘ਸਰ, ਕੱਲ ਪੈਟਰੋਲ ਪੰਪ ’ਤੇ ਇਕ ਵਿਅਕਤੀ ਈ. ਐੱਮ. ਆਈ. ’ਤੇ ਤੇਲ ਮੰਗ ਰਿਹਾ ਸੀ।’’

ਮੈਂ ਉਸ ਵੱਲ ਘੂਰ ਕੇ ਦੇਖਿਆ।

‘‘ਉਸ ਨੇ ਕਿਹਾ ਕਿ ਫੁੱਲ ਟੈਂਕ ਕਰਵਾਉਣਾ ਭਾਵਨਾਤਮਕ ਤੌਰ ’ਤੇ ਅਸੰਭਵ ਸੀ।’’

ਮੇਰੇ ਡਰਾਈਵਰ ਨੇ ਗੰਭੀਰਤਾ ਨਾਲ ਆਪਣਾ ਸਿਰ ਹਿਲਾਇਆ।

‘‘ਇਕ ਦੂਜਾ ਬੰਦਾ ਤਾਂ ਪੰਪ ਅਟੈਂਡੈਂਟ ਨੂੰ ਸਿਰਫ਼ ਕਾਰ ਦੇ ਕੋਲ ਪੈਟਰੋਲ ਦੀ ਖ਼ੁਸ਼ਬੂ ਛਿੜਕਣ ਲਈ ਕਹਿ ਰਿਹਾ ਸੀ, ਤਾਂ ਜੋ ਉਹ ਚੰਗੇ ਦਿਨਾਂ ਨੂੰ ਯਾਦ ਕਰ ਸਕੇ।’’

ਸੱਚ ਕਹਾਂ ਤਾਂ, ਮੈਨੂੰ ਸ਼ੱਕ ਹੋਣ ਲੱਗ ਪਿਆ ਸੀ ਕਿ ਦੇਸ਼ ਮਾਨਸਿਕ ਤੌਰ ’ਤੇ ਟੁੱਟ ਰਿਹਾ ਹੈ।

‘‘ਪਰ ਕੀ ਹੋਵੇਗਾ,’’ ਮੈਂ ਸਾਵਧਾਨੀ ਨਾਲ ਪੁੱਛਿਆ, ‘‘ਜੇਕਰ ਜੰਗ ਖ਼ਤਮ ਹੋ ਜਾਵੇ ਅਤੇ ਸਾਡੀਆਂ ਮਹਾਨ ਤੇਲ ਕੰਪਨੀਆਂ ਫਿਰ ਵੀ ਕੀਮਤਾਂ ਘੱਟ ਨਾ ਕਰਨ?’’

‘‘ਤਾਂ ਅਸੀਂ ਦੋਵੇਂ ਵਰਕ ਫਰਾਮ ਹੋਮ (ਘਰੋਂ ਕੰਮ) ਜਾਰੀ ਰੱਖਾਂਗੇ ਸਰ।’’ ਉਸ ਨੇ ਸ਼ਾਂਤੀ ਨਾਲ ਕਿਹਾ।

‘‘ਤੇ ਹੁਣ ‘ਯੂ. ਪੀ. ਆਈ.’ ਦੇ ਹੁੰਦਿਆਂ,’’ ਉਸ ਨੇ ਮਾਣ ਨਾਲ ਕਿਹਾ, ‘‘ਮੈਨੂੰ ਤਨਖ਼ਾਹ ਲਈ ਤੁਹਾਨੂੰ ਮਿਲਣ ਦੀ ਵੀ ਲੋੜ ਨਹੀਂ ਹੈ। ਪੈਟਰੋਲ ਬਰਬਾਦ ਕਰਨ ਦੀ ਕੋਈ ਲੋੜ ਨਹੀਂ। ਸਿਰਫ਼ ਕਿਊ.ਆਰ. ਕੋਡ ਦੀ ਲੋੜ ਹੈ।’’

ਫਿਰ ਉਸ ਨੇ ਖਿੜਕੀ ਤੋਂ ਬਾਹਰ ਦੇਖਿਆ ਅਤੇ ਹੋਕਾ ਭਰਿਆ, ‘‘ਸਰ,’’ ਉਸ ਨੇ ਹੌਲੀ ਜਿਹੇ ਕਿਹਾ, ‘‘ਪਰ ਮੈਂ ਕਦੇ-ਕਦਾਈਂ ਤੁਹਾਨੂੰ ਮਿਲਣ ਆਵਾਂਗਾ ਅਤੇ ਅਸੀਂ ਦੋਵੇਂ ਕਾਰ ਦੇ ਅੰਦਰ ਇਕੱਠੇ ਬੈਠਾਂਗੇ, ਬਿਲਕੁਲ ਉਵੇਂ ਹੀ, ਜਿਵੇਂ ਮੈਂ ਤੁਹਾਨੂੰ ਕਿਤੇ ਲੈ ਕੇ ਜਾ ਰਿਹਾ ਹਾਂ। ਅਸੀਂ ਪੰਜ ਮਿੰਟ ਲਈ ਏ. ਸੀ. ਚਲਾਵਾਂਗੇ ਅਤੇ ਉਨ੍ਹਾਂ ਪੁਰਾਣੇ ਚੰਗੇ ਦਿਨਾਂ ਬਾਰੇ ਗੱਲ ਕਰਾਂਗੇ, ਜਦੋਂ ਅਸੀਂ ਗੱਡੀ ਚਲਾਉਣ ਦਾ ਖ਼ਰਚਾ ਚੁੱਕ ਸਕਦੇ ਸੀ...!’’

-ਰਾਬਰਟ ਕਲੀਮੈਂਟਸ


author

Harpreet SIngh

Content Editor

Related News