ਪੁਸਤਕ ਮੇਲੇ ’ਚ ਜਾਓ, ਬੱਚਿਆਂ ਲਈ ਹਿੰਦੀ ਕਿਤਾਬਾਂ ਲਿਆਓ

Wednesday, Jan 14, 2026 - 04:31 PM (IST)

ਪੁਸਤਕ ਮੇਲੇ ’ਚ ਜਾਓ, ਬੱਚਿਆਂ ਲਈ ਹਿੰਦੀ ਕਿਤਾਬਾਂ ਲਿਆਓ

ਜੇਕਰ ਤੁਹਾਨੂੰ ਹਿੰਦੀ ਨਾਲ ਪ੍ਰੇਮ ਹੈ ਤਾਂ ਕੁਝ ਅਜਿਹਾ ਕਰੋ, ਜਿਸ ਨਾਲ ਬੱਚਿਆਂ ਨੂੰ ਹਿੰਦੀ ਭਾਸ਼ਾ ਦਾ ਚਸਕਾ ਪੈ ਜਾਵੇ। ਉਨ੍ਹਾਂ ਨੂੰ ਹਿੰਦੀ ਬੋਲਣ ਹੀ ਨਹੀਂ, ਪੜ੍ਹਨ ਅਤੇ ਲਿਖਣ ’ਚ ਰਸ ਆਉਣਾ ਸ਼ੁਰੂ ਹੋ ਜਾਵੇ। ਉਨ੍ਹਾਂ ਲਈ ਹਿੰਦੀ ਸਿਰਫ ਗੱਪਾਂ ਮਾਰਨ ਲਈ ਹੀ ਨਹੀਂ ਅਤੇ ਸਗੋਂ ਆਪਣੇ ਆਪ ਨੂੰ ਅਤੇ ਦੇਸ਼ ਦੁਨੀਆ ਨੂੰ ਸਮਝਣ-ਸਮਝਾਉਣ ਦੀ ਭਾਸ਼ਾ ਬਣ ਜਾਵੇ। ਉਨ੍ਹਾਂ ਨੂੰ ਹਿੰਦੀ ਬੋਲਣ ’ਚ ਝਿਜਕ ਨਾ ਆਵੇ, ਬਿਨਾਂ ਕਾਰਨ ਟੁੱਟੀ-ਫੁੱਟੀ ਅੰਗਰੇਜ਼ੀ ਨਾਲ ਬੋਲਣ।

ਇਹ ਉਦੋਂ ਹੋਵੇਗਾ ਜਦੋਂ ਹਿੰਦੀ ’ਚ ਬੱਚਿਆਂ ਲਈ ਚੰਗਾ ਸਾਹਿਤ ਮੁਹੱਈਆ ਹੋਵੇ ਅਤੇ ਉਹ ਉਦੋਂ ਹੋਵੇਗਾ, ਜਦੋਂ ਹਿੰਦੀ ਦੇ ਵਧੀਆ ਲੇਖਕ ਬੱਚਿਆਂ ਲਈ ਲਿਖਣ ਜਾਂ ਫਿਰ ਬੱਚਿਆਂ ਲਈ ਚੰਗਾ ਲਿਖਣ ਵਾਲੇ ਵੱਕਾਰੀ ਲੇਖਕ ਵਜੋਂ ਮਾਨਤਾ ਹਾਸਲ ਕਰਨ। ਹਿੰਦੀ ’ਚ ਇਨ੍ਹਾਂ ਦੋਵਾਂ ਦੀ ਘਾਟ ਰਹੀ ਹੈ। ਅੰਗਰੇਜ਼ੀ ’ਚ ਬਾਲ ਸਾਹਿਤ ਦੀ ਮਹਿਮਾ ਹੈ। ਹੈਰੀ ਪਾਟਰ ਲਿਖਣ ਵਾਲੀ ਜੇ. ਕੇ. ਰਾਊਲਿੰਗਸ ਜਾਂ ਫਿਰ ਗ੍ਰਫਲੋ ਦੀ ਰਚਾਇਤਾ ਜੂਲੀਆ ਡੋਨਾਲਡਸਨ ਦੁਨੀਆ ਭਰ ’ਚ ਸ਼ੋਹਰਤ ਹਾਸਲ ਕਰਦੀਆਂ ਹਨ। ਬੰਗਲਾ, ਮਰਾਠੀ ਅਤੇ ਮਲਿਆਲਮ ’ਚ ਵੀ ਬਾਲ ਲੇਖਣੀ ਦੀ ਰਵਾਇਤ ਰਹੀ ਹੈ ਪਰ ਹਿੰਦੀ ਦਾ ਬਾਲ ਸਾਹਿਤ ਦੇ ਲੇਖਕ ਨੂੰ ਤਾਂ ਉਸ ਦੀ ਗਲੀ ’ਚ ਵੀ ਕੋਈ ਨਹੀਂ ਪੁੱਛਦਾ। ਸਾਹਿਤਕਾਰਾਂ ਦੀ ਦੁਨੀਆ ’ਚ ਵੀ ਛੋਟੇ ਬੱਚਿਆਂ ਲਈ ਲੇਖਣ ਨੂੰ ਛੋਟੀ ਲੇਖਣੀ ਸਮਝਿਆ ਜਾਂਦਾ ਹੈ।

ਨਤੀਜੇ ਵਜੋਂ ਹਿੰਦੀ ਦੇ ਬਾਲ ਸਾਹਿਤ ’ਚ ਕਈ ਦਹਾਕਿਆਂ ਤੱਕ ਠਹਿਰਾਅ ਰਿਹਾ। ਉਧਰ ਚੰਦਾ ਮਾਮਾ, ਨੰਦਨ ਅਤੇ ਚੰਪਕ, ਚਾਚਾ ਚੌਧਰੀ, ਬੇਤਾਲ ਅਤੇ ਅਮਰ ਚਿੱਤਰ ਕਥਾ ਜਾਂ ਅਕਬਰ-ਬੀਰਬਲ, ਪੰਚਤੰਤਰ ਅਤੇ ਪੁਰਾਤਨ ਕਥਾਵਾਂ ’ਤੇ ਆਧਾਰਿਤ ਸਪਾਟ ਕਿਤਾਬਾਂ। ਆਧੁਨਿਕਤਾ ਦਾ ਮਤਲਬ ਸਮਝਿਆ ਜਾਂਦਾ ਹੈ ਅੰਗਰੇਜ਼ੀ। ਇਸ ਲਈ ਬੱਚਿਆਂ ਨੂੰ ਅੰਗਰੇਜ਼ੀ ਤੋਂ ਅਨੁਵਾਦਿਤ ਅਜਿਹੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਸੰਦਰਭ, ਕਥਾਨਕ ਅਤੇ ਪਾਤਰਾਂ ਦਾ ਭਾਰਤੀ ਬੱਚਿਆਂ ਨਾਲ ਕੋਈ ਸੰਬੰਧ ਨਹੀਂ। ਆਪਣੇ ਖੁਦ ਤੋਂ ਵੱਖਰੇਪਣ ਨਾਲ ਸ਼ੁਰੂ ਹੁੰਦਾ ਹੈ ਇਕ ਔਸਤ ਹਿੰਦੋਸਤਾਨੀ ਦਾ ਹੀਣਤਾ ਬੋਧ, ਜੋ ਅਕਸਰ ਪਿਛਾਂਹਖਿੱਚੂ ਅਤੇ ਹਮਲਾਵਰ ਸਰੂਪ ਧਾਰਨ ਕਰਦਾ ਹੈ।

ਪਰ ਚੰਗੀ ਖਬਰ ਇਹ ਹੈ ਕਿ ਹਾਲਾਤ ਬਦਲ ਰਹੇ ਹਨ। ਪਿਛਲੇ 10-15 ਸਾਲਾਂ ’ਚ ਭਾਰਤ ਦੇ ਬਾਲ ਸਾਹਿਤ ਦਾ ਕਾਇਆਕਲਪ ਹੋ ਗਿਆ ਹੈ। ਸ਼ੁਰੂਆਤ ਅੰਗਰੇਜ਼ੀ ਤੋਂ ਹੋਈ, ਜਿੱਥੇ ਸੁਨਹਿਰੀ ਵਾਲਾਂ ਅਤੇ ਨੀਲੀਆਂ ਅੱਖਾਂ ਵਾਲੇ ਗੋਰੇ ਬੱਚਿਆਂ ਦੀ ਬਜਾਏ ਸਾਡੇ ਸਾਂਵਲੇ ਬੱਚਿਆਂ ਦੀ ਖੱਟੀ-ਮਿੱਠੀ ਜ਼ਿੰਦਗੀ ’ਤੇ ਕਹਾਣੀਆਂ ਲਿਖਣ ਦੀ ਸ਼ੁਰੂਆਤ ਹੋਈ। ਇਕ ਜ਼ਮਾਨੇ ’ਚ ਭਾਰਤ ਸਰਕਾਰ ਦੇ ਨੈਸ਼ਨਲ ਬੁੱਕ ਟਰੱਸਟ ਅਤੇ ਚਿਲਡਰਨ ਬੁੱਕ ਟਰੱਸਟ ਨੇ ਵੀ ਇਹ ਸ਼ੁਰੂਆਤ ਕੀਤੀ ਸੀ ਪਰ ਫਿਰ ਉਹ ਸਰਕਾਰੀ ਤੰਤਰ ’ਚ ਕਿਤੇ ਦੱਬ ਗਈਆਂ।

ਪਿਛਲੇ ਕੁਝ ਸਾਲਾਂ ਤੋਂ ਕੁਝ ਸੰਸਥਾਨਾਂ ਦੇ ਯਤਨ ਨਾਲ ਹਿੰਦੀ ’ਚ ਬਦਲਾਅ ਦੀ ਲਹਿਰ ਸ਼ੁਰੂ ਹੋਈ ਹੈ। ਦਿੱਲੀ ’ਚ ਚੱਲ ਰਹੇ ਵਿਸ਼ਵ ਪੁਸਤਕ ਮੇਲੇ ’ਚ ਤੁਸੀਂ ਹਿੰਦੀ ਦੇ ਨਵੇਂ ਬਾਲ ਸਾਹਿਤ ਦੀ ਝਲਕ ਦੇਖ ਸਕਦੇ ਹੋ। ਉਂਝ ਤਾਂ ਮੇਲੇ ਦੇ 6 ਨੰਬਰ ਹਾਲ ’ਚ ਪੇਸ਼ ਬਾਲ ਸਾਹਿਤ ’ਚ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਅਨੁਵਾਦਤ ਸਾਹਿਤ ਦਾ ਬੋਲਬਾਲਾ ਹੈ, ਪਰ ਜੇਕਰ ਤੁਸੀਂ ਉਸ ਚਮਕ-ਧਮਕ ’ਚ ‘ਇਕਤਾਰਾ’ ਅਤੇ ‘ਏਕਲਵਿਆ’ ਦੀ ਸਾਦੀ ਸਟਾਲ ਨੂੰ ਲੱਭ ਸਕੋ ਤਾਂ ਤੁਹਾਨੂੰ ਹਿੰਦੀ ਦੇ ਬਾਲ ਸਾਹਿਤ ਦੀਆਂ ਨਵੀਆਂ ਚਮਕਾਂ ਦਿਖਾਈ ਦੇਣਗੀਆਂ। ਇਕਤਾਰਾ ਦੇ ਜੁਗਨੂੰ ਪ੍ਰਕਾਸ਼ਨ ਨੇ ਬਿਨਾਂ ਸ਼ੱਕ ਹਿੰਦੀ ਦੇ ਬਾਲ ਸਾਹਿਤ ਦੇ ਹਨੇਰੇ ’ਚ ਜੁਗਨੂੰ ਵਾਂਗ ਰੌਸ਼ਨੀ ਫੈਲਾਈ ਹੈ। ਇਸ ਇਕ ਸਟਾਲ ਤੋਂ ਤੁਸੀਂ ਬੱਚਿਆਂ ਲਈ ਇਕ ਸ਼ਾਨਦਾਰ ਲਾਇਬ੍ਰੇਰੀ ਬਣਾ ਸਕਦੇ ਹੋ-ਨੰਨ੍ਹੇ ਬੱਚਿਆਂ ਲਈ ਸ਼ਬਦ-ਰਹਿਤ ਚਿੱਤਰ ਪੁਸਤਕਾਂ, ਕਈ ਕਿਸਮ ਅਤੇ ਆਕਾਰ ਦੀਆਂ ਕਹਾਣੀਆਂ ਅਤੇ ਕਵਿਤਾ ਦੀਆਂ ਪੁਸਤਕਾਂ, ਪੋਸਟਰ, ਕੈਲੰਡਰ, ਕਵਿਤਾ ਕਾਰਡ, ਅੱਲ੍ਹੜ ਵਰੇਸ ਲਈ ਨਾਵਲ ਅਤੇ ਹੋਰ ਵੀ ਬਹੁਤ ਕੁਝ। ਉਨ੍ਹਾਂ ਦੀਆਂ ਦੋਨੋਂ ਬਾਲ ਪੱਤ੍ਰਿਕਾਵਾਂ-ਬੱਚਿਆਂ ਲਈ ‘ਪਲੂਟੋ’ ਅਤੇ ਅੱਲ੍ਹੜਾਂ ਲਈ ‘ਸਾਈਕਲ’ ਪੜ੍ਹ ਕੇ ਤੁਸੀਂ ਖੁਦ ਵੀ ਆਨੰਦ ਮਾਣ ਸਕਦੇ ਹੋ।

ਇਸੇ ਤਰ੍ਹਾਂ ਏਕਲਵਿਆ ਦੀ ਸਟਾਲ ’ਤੇ ਤੁਹਾਨੂੰ ਹਿੰਦੀ ਦੇ ਬਾਲ ਸਾਹਿਤ ਦਾ ‘ਪਿਟਾਰਾ’ ਮਿਲੇਗਾ। ਪਿੰਡਾਂ ਵਾਲੇ ਬੱਚਿਆਂ ਲਈ ਵਿਗਿਆਨ ਸਿੱਖਿਆ ਤੋਂ ਸ਼ੁਰੂ ਹੋਈ ਇਹ ਸੰਸਥਾ ਬੱਚਿਆਂ ਲਈ ਕਥਾ ਸਾਹਿਤ ਵੀ ਪ੍ਰਕਾਸ਼ਿਤ ਕਰ ਰਹੀ ਹੈ, ਨਵੇਂ ਪ੍ਰਯੋਗ ਕਰ ਰਹੀ ਹੈ, ਦੇਸ਼ ਦੀ ਹਰ ਨੁੱਕਰ ਅਤੇ ਭਾਈਚਾਰੇ ਦੇ ਬੱਚਿਆਂ ਦੇ ਅਨੁਭਵ ਨੂੰ ਸਮੇਟ ਰਹੀ ਹੈ। ਉਨ੍ਹਾਂ ਦੇ ਸਟਾਲ ’ਤੇ ਤੁਹਾਨੂੰ ਸਿੱਖਿਆ ਸਮੱਗਰੀ, ਸਿੱਖਿਆ ਸਾਹਿਤ ਅਤੇ ਹਿੰਦੀ ਦੀਆਂ ਕਈ ਕਿਤਾਬਾਂ ਦਾ ਕਈ ਭਾਰਤੀ ਭਾਸ਼ਾਵਾਂ ’ਚ ਅਨੁਵਾਦ ਵੀ ਮਿਲੇਗਾ। ਗਿਆਨ-ਵਧਾਊ ਸਮੱਗਰੀ ਅਤੇ ਮਨੋਰੰਜਨ ਨਾਲ ਭਰਪੂਰ ਉਨ੍ਹਾਂ ਦੀ ਬਾਲ ਵਿਗਿਆਨ ਪੱਤ੍ਰਿਕਾ ‘ਚਕਮਕ’ ਕਿਸੇ ਵੀ ਸਕੂਲ ਲਈ ਲਾਜ਼ਮੀ ਹੋਣੀ ਚਾਹੀਦੀ ਹੈ।

‘ਮੁਸਕਾਨ’ ਦਾ ਆਪਣਾ ਸਟਾਲ ਨਹੀਂ ਹੈ, ਪਰ ਹਾਈਸ਼ੇ ’ਤੇ ਬੈਠੇ ਕੂੜਾ ਫਰੋਲ ਰਹੇ ਬੱਚਿਆਂ ਦੀ ਆਪ-ਬੀਤੀ ਤੁਹਾਨੂੰ ਉਨ੍ਹਾਂ ਦੀਆਂ ਕਿਤਾਬਾਂ ’ਚ ਦਿਸੇਗੀ।

ਪ੍ਰਥਮ ਬੁੱਕਸ ’ਚ ਵੀ ਤੁਹਾਨੂੰ ਭਾਰਤੀ ਸੰਦਰਭ ’ਚ ਵਸੀਆਂ ਹਿੰਦੀ ਦੀਆਂ ਸੁੰਦਰ ਅਤੇ ਸਜੀਆਂ ਕਿਤਾਬਾਂ ਮਿਲਣਗੀਆਂ। ਹਾਲਾਂਕਿ ਉਨ੍ਹਾਂ ’ਚੋਂ ਵਧੇਰੇ ਅਨੁਵਾਦਿਤ ਹਨ ਪਰ ਅਨੁਵਾਦ ਚੰਗਾ ਹੋਣ ਕਾਰਨ ਰੜਕਦਾ ਨਹੀਂ। ਜੇਕਰ ਤੁਸੀਂ ਨੈਸ਼ਨਲ ਬੁੱਕ ਟਰੱਸਟ ਅਤੇ ਚਿਲਡਰਨ ਬੁੱਕ ਟਰੱਸਟ ’ਚ ਉਨ੍ਹਾਂ ਦੀਆਂ ਪੁਰਾਣੀਆਂ ਕਿਤਾਬਾਂ ਲੱਭੋਗੇ ਤਾਂ ਤੁਹਾਨੂੰ ਕੁਝ ਕੰਮ ਦੀਆਂ ਕਿਤਾਬਾਂ ਮਿਲ ਸਕਦੀਆਂ ਹਨ। ਵਰਣਨਯੋਗ ਹੈ ਕਿ ਉਪਰੋਕਤ ਸਾਰੀਆਂ ਸੰਸਥਾਵਾਂ ਗੈਰ-ਕਾਰੋਬਾਰੀ ਹਨ। ਹਿੰਦੀ ਦੇ ਵੱਡੇ ਕਾਰੋਬਾਰੀ ਪ੍ਰਕਾਸ਼ਕਾਂ ਨੂੰ ਅਜੇ ਤੱਕ ਬਾਲ ਸਾਹਿਤ ’ਚ ਦਿਲਚਸਪੀ ਨਹੀਂ ਪੈਦਾ ਹੋਈ।

ਚੰਗੀ ਖਬਰ ਇਹ ਵੀ ਹੈ ਕਿ ਇੱਧਰ ਹਿੰਦੀ ਦੇ ਮਸ਼ਹੂਰ ਲੇਖਕਾਂ ਨੇ ਵੀ ਬੱਚਿਆਂ ਲਈ ਲਿਖਿਆ ਹੈ। ਗੀਤਕਾਰ ਅਤੇ ਸ਼ਾਇਰ ਗੁਲਜ਼ਾਰ ਤਾਂ ਪਿਛਲੇ ਕਈ ਦਹਾਕਿਆਂ ਤੋਂ ਬੱਚਿਆਂ ਲਈ ਲਿਖ ਰਹੇ ਹਨ। ਜੁਗਨੂੰ ਪ੍ਰਕਾਸ਼ਨ ਉਨ੍ਹਾਂ ਦੀਆਂ 14 ਨਵੀਆਂ ਕਹਾਣੀਆਂ ਦਾ ਇਕ ਨਵਾਂ ਸੈੱਟ ਲੈ ਕੇ ਆਇਆ ਹੈ, ਜਿਸ ’ਚ ਏਲੇਨ ਸ਼ਾਹ ਦੇ ਚਿੱਤਰਾਂ ਨੇ ਜਾਨ ਪਾ ਦਿੱਤੀ ਹੈ। ਹਰ ਕਿਤਾਬ ਦਾ ਆਪਣਾ ਵੱਖਰਾ ਅੰਦਾਜ਼ ਹੈ ਅਤੇ ਵੱਖਰਾ ਪਾਠਕ ਵਰਗ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹਿੰਦੀ ਦੇ ਪ੍ਰਸਿੱਧ ਲੇਖਕ ਵਿਨੋਦ ਕੁਮਾਰ ਸ਼ੁਕਲ, ਜਿਨ੍ਹਾਂ ਦਾ ਹਾਲ ਹੀ ’ਚ ਦਿਹਾਂਤ ਹੋਇਆ, ਉਨ੍ਹਾਂ ਨੇ ਆਪਣੇ ਆਖਰੀ ਸਾਲਾਂ ’ਚ ਬੱਚਿਆਂ ਲਈ ਕਵਿਤਾਵਾਂ, ਕਹਾਣੀਆਂ ਅਤੇ ਨਾਵਲ ਲਿਖੇ। ਇਨ੍ਹੀਂ ਦਿਨੀਂ ਹਿੰਦੀ ਦੇ ਸਥਾਪਿਤ ਲੇਖਕ ਅਤੇ ਸਾਹਿਤਕਾਰ ਅਰੁਣ ਪ੍ਰਕਾਸ਼, ਪ੍ਰਿਯੰਵਦ, ਰਾਜੇਸ਼ ਜੋਸ਼ੀ, ਅਸਗਰ ਵਜਾਹਤ, ਪ੍ਰਯਾਗ ਸ਼ੁਕਲ, ਕ੍ਰਿਸ਼ਨ ਕੁਮਾਰ, ਉਦਯਨ ਵਾਜਪੇਈ ਅਤੇ ਲਾਲਟੂ ਵੀ ਬੱਚਿਆਂ ਲਈ ਲਿਖ ਰਹੇ ਹਨ।

ਨਾਲ ਹੀ ਬੱਚਿਆਂ ਲਈ ਲਿਖਣ ਵਾਲੇ ਕਈ ਲੇਖਕ ਵੀ ਹੌਲੀ-ਹੌਲੀ ਦੁਨੀਆ ਦੀ ਨਜ਼ਰ ’ਚ ਆਉਣ ਲੱਗੇ ਹਨ, ਇਨ੍ਹਾਂ ’ਚ ਪਿਆਰੇ ਲੇਖਕ ਹਨ ਸੁਸ਼ੀਲ ਸ਼ੁਕਲ, ਜਿਨ੍ਹਾਂ ਦੀਆਂ ਸਿੱਧੀਆਂ-ਸੌਖੀਆਂ ਕਵਿਤਾਵਾਂ ਹੱਸਣ ਦੇ ਨਾਲ ਦਿਮਾਗ ਦੀ ਖਿੜਕੀ ਵੀ ਖੋਲ੍ਹ ਦਿੰਦੀਆਂ ਹਨ। ਬਾਲ ਲੇਖਣ ਦੇ ਸਿਤਾਰਿਆਂ ’ਚ ਸ਼ਸੀ ਸਬਲੋਕ, ਪ੍ਰਭਾਤ, ਚੰਦਨ ਯਾਦਵ ਅਤੇ ਵਰੁਣ ਗਰੋਵਰ ਦੇ ਨਾਂ ਜੋੜੇ ਜਾ ਸਕਦੇ ਹਨ। ਬੱਚਿਆਂ ਦੀਆਂ ਕਿਤਾਬਾਂ ਦੀ ਜਾਨ ਹਨ ਚਿਤਰਾਂਕਨ।

ਹੁਣ ਤਾਪੋਸ਼ੀ ਗੋਸ਼ਾਲ, ਪ੍ਰਸ਼ਾਂਤ ਸੋਨੀ, ਰਾਜੀਵ ਆਈਪੇ ਵਰਗੇ ਕਲਾਕਾਰਾਂ ਦੀ ਇਕ ਜਮਾਤ ਉੱਭਰ ਰਹੀ ਹੈ, ਜੋ ਬੱਚਿਆਂ ਦੀਆਂ ਕਿਤਾਬਾਂ ਨੂੰ ਆਕਰਸ਼ਕ ਬਣਾ ਰਹੀ ਹੈ।

ਤੁਸੀਂ ਵੀ ਇਸ ਮੇਲੇ ’ਚ ਜਾਓ ਅਤੇ ਬੱਚਿਆਂ ਨੂੰ ਬਰਥਡੇ ਗਿਫਟ ’ਚ ਹਿੰਦੀ ਕਿਤਾਬਾਂ ਦੇਣੀਆਂ ਸ਼ੁਰੂ ਕਰੋ। ਇਕ ਸਰਕਾਰੀ ਦਿਵਸ ’ਤੇ ਉਸ ਦੀ ਪੂਜਾ ਕਰਨ ਨਾਲ ਹਿੰਦੀ ਦਾ ਉਭਾਰ ਹੋਣ ਵਾਲਾ ਨਹੀਂ ਹੈ। ਜੇਕਰ ਤੁਸੀਂ ਮਨੋਂ ਭਾਸ਼ਾ ਦੀ ਖੁਸ਼ਹਾਲੀ ਚਾਹੁੰਦੇ ਹੋ ਤਾਂ ਹਿੰਦੀ ਦੇ ਰਾਸ਼ਟਰ ਭਾਸ਼ਾ ਹੋਣ ਦੇ ਝੂਠੇ ਦਾਅਵੇ ਤੋਂ ਬਾਝ ਆਵੋ। ਰਾਜ ਭਾਸ਼ਾ ਦੀ ਹੈਸੀਅਤ ਨਾਲ ਬਾਕੀ ਭਾਰਤੀ ਭਾਸ਼ਾਵਾਂ ’ਤੇ ਧੌਂਸ ਨਾ ਜਮਾਓ। ਹਿੰਦੀ-ਉਰਦੂ ਦੇ ਝੂਠੇ ਝਗੜੇ ਬੰਦ ਕਰੋ। ਬੱਚਿਆਂ ਨੂੰ ਮਾਤਭਾਸ਼ਾ ਦੇ ਉਪਦੇਸ਼ ਨਾ ਦਿਓ। ਬਸ ਹਿੰਦੀ ਦੀ ਵਰਤੋਂ ਕਰਨੀ ਸ਼ੁਰੂ ਕਰੋ।

ਯੋਗੇਂਦਰ ਯਾਦਵ


author

Rakesh

Content Editor

Related News