ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?

Monday, Aug 17, 2026 - 05:52 PM (IST)

ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?

ਹਜ਼ਾਰਾਂ ਨੌਜਵਾਨ ਭਾਰਤੀਆਂ ਨੂੰ ਆਪਣੇ ਹੱਕ ਲਈ ਇਨਸਾਫ਼ ਮੰਗਦਿਆਂ ਸੜਕਾਂ ’ਤੇ ਉਤਰਦਿਆਂ ਦੇਖਣ ’ਚ ਇਕ ਡੂੰਘਾ ਭਾਵਨਾਤਮਕ ਪੱਖ ਹੁੰਦਾ ਹੈ। ਜੈੱਨ-ਜ਼ੀ ਲਈ ਕੋਈ ਵੀ ਇਮਤਿਹਾਨ ਸਿਰਫ਼ ਇਕ ਇਮਤਿਹਾਨ ਨਹੀਂ ਹੁੰਦਾ। ਇਹ ਸਾਲਾਂ ਦੀ ਤਿਆਰੀ, ਮਾਪਿਆਂ ਦੇ ਤਿਆਗ, ਵਿੱਤੀ ਨਿਵੇਸ਼ ਅਤੇ ਇਕ ਬਿਹਤਰ ਜੀਵਨ ਬਣਾਉਣ ਦੇ ਸੁਪਨੇ ਦਾ ਪ੍ਰਤੀਕ ਹੁੰਦਾ ਹੈ। ਇਹੀ ਕਾਰਨ ਹੈ ਕਿ ਨੀਟ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਲੈ ਕੇ ਪੈਦਾ ਹੋਏ ਰੋਹ ਨੂੰ ਸਿਰਫ਼ ਇਕ ਰਾਜਨੀਤਿਕ ਅੰਦੋਲਨ ਦੱਸ ਕੇ ਖਾਰਿਜ ਨਹੀਂ ਕੀਤਾ ਜਾ ਸਕਦਾ।

ਜਦੋਂ ਉਹ ਵਿਸ਼ਵਾਸ ਡਗਮਗਾਉਂਦਾ ਹੈ, ਤਾਂ ਨੌਜਵਾਨਾਂ ਨੂੰ ਵਿਰੋਧ ਕਰਨ ਦਾ ਪੂਰਾ ਅਧਿਕਾਰ ਹੈ। ਜੰਤਰ-ਮੰਤਰ ਉਸ ਰੋਹ ਨੂੰ ਪ੍ਰਗਟ ਕਰਨ ਦਾ ਸੁਭਾਵਿਕ ਸਥਾਨ ਬਣ ਗਿਆ ਪਰ ਇਸੇ ਦੌਰਾਨ ਇਕ ਹੋਰ ਸਵਾਲ ਸਾਹਮਣੇ ਆਇਆ ਕਿ ਵਿਰੋਧੀ ਧਿਰ ਨੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋ ਕੇ ਇਸ ਦਾ ਸਰੂਪ ਬਦਲ ਦਿੱਤਾ? ਜਵਾਬ ਅਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਜੈੱਨ-ਜ਼ੀ ਵਿਰੋਧ ਪ੍ਰਦਰਸ਼ਨ ਲਾਜ਼ਮੀ ਤੌਰ ’ਤੇ ਉਦੋਂ ਹੋਰ ਜ਼ਿਆਦਾ ਰਾਜਨੀਤਿਕ ਹੋ ਗਿਆ, ਜਦੋਂ ਵਿਰੋਧੀ ਨੇਤਾ ਅਤੇ ਰਾਜਨੀਤਿਕ ਵਰਕਰ ਅੰਦੋਲਨ ’ਚ ਸ਼ਾਮਲ ਹੋਏ। ਉਨ੍ਹਾਂ ਦੀ ਮੌਜੂਦਗੀ ਨੇ ਪ੍ਰਦਰਸ਼ਨਕਾਰੀਆਂ ਨੂੰ ਵਧੇਰੇ ਦ੍ਰਿਸ਼ਟੀਗਤ ਅਤੇ ਰਾਜਨੀਤਿਕ ਪ੍ਰਭਾਵ ਭਾਵੇਂ ਦਿੱਤਾ ਹੋਵੇ, ਪਰ ਇਸ ਨੇ ਇਕ ਅਸਹਿਜ ਸਵਾਲ ਵੀ ਖੜ੍ਹਾ ਕਰ ਦਿੱਤਾ ਕਿ ਨੌਜਵਾਨ ਪ੍ਰਦਰਸ਼ਨਕਾਰੀ ਖ਼ੁਦ ਇਹੀ ਚਾਹੁੰਦੇ ਸਨ? ਜਾਂ ਉਹ ਸਿਰਫ਼ ਇਹ ਚਾਹੁੰਦੇ ਸਨ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣੇ? ਇਹ ਫ਼ਰਕ ਮਹੱਤਵਪੂਰਨ ਹੈ।

ਇਕ ਵਾਰ ਜਦੋਂ ਰਾਜਨੀਤਿਕ ਨੇਤਾ ਅਜਿਹੇ ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਹੋ ਜਾਂਦੇ ਹਨ, ਤਾਂ ਸੁਨੇਹਾ ਬਦਲ ਸਕਦਾ ਹੈ। ਟੈਲੀਵਿਜ਼ਨ ਕੈਮਰੇ ਹੁਣ ਸਿਰਫ਼ ਵਿਦਿਆਰਥੀਆਂ ’ਤੇ ਕੇਂਦ੍ਰਿਤ ਨਹੀਂ ਰਹਿੰਦੇ। ਰਾਜਨੀਤਿਕ ਭਾਸ਼ਣ ਭਾਰੂ ਹੋਣ ਲੱਗਦੇ ਹਨ। ਨਾਅਰੇ ਵਧੇਰੇ ਤਿੱਖੇ ਹੋ ਜਾਂਦੇ ਹਨ। ਸਰਕਾਰ ਬਚਾਅ ਵਾਲੀ ਮੁਦਰਾ ’ਚ ਆ ਜਾਂਦੀ ਹੈ। ਵਿਰੋਧੀ ਧਿਰ ਨੂੰ ਇਕ ਮੌਕਾ ਦਿਖਾਈ ਦਿੰਦਾ ਹੈ। ਅਸਲ ਮੁੱਦਾ ਵਿਆਪਕ ਰਾਜਨੀਤਿਕ ਲੜਾਈ ’ਚ ਦੱਬਣ ਦੇ ਜੋਖਮ ’ਚ ਪੈ ਜਾਂਦਾ ਹੈ ਅਤੇ ਇੱਥੇ ਹੀ ਵਿਰੋਧੀ ਧਿਰ ਨੂੰ ਆਪਣੇ ਆਪ ਤੋਂ ਇਕ ਬੇਹੱਦ ਗੰਭੀਰ ਸਵਾਲ ਪੁੱਛਣ ਦੀ ਲੋੜ ਹੈ—ਕੀ ਜਨਤਕ ਵਿਰੋਧ ਪ੍ਰਦਰਸ਼ਨਾਂ ਦੇ ਮਾਮਲੇ ’ਚ ਉਸ ਨੇ ਆਪਣੀ ਜ਼ਿੰਮੇਵਾਰੀ ਦੀ ਭਾਵਨਾ ਗੁਆ ਦਿੱਤੀ ਹੈ?

ਵਿਰੋਧੀ ਪਾਰਟੀਆਂ ਨੂੰ ਵਿਰੋਧ ਕਰਨ ਦਾ ਪੂਰਾ ਸੰਵਿਧਾਨਕ ਅਧਿਕਾਰ ਹੈ ਪਰ ਪ੍ਰਦਰਸ਼ਨਕਾਰੀਆਂ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ’ਤੇ ਕਬਜ਼ਾ ਕਰਨ ’ਚ ਫਰਕ ਹੁੰਦਾ ਹੈ। ਸ਼ਾਂਤਮਈ ਮਾਰਚ ਕੱਢਣ ਅਤੇ ਸੁਰੱਖਿਆ ਬਲਾਂ ਨਾਲ ਜਾਣਬੁੱਝ ਕੇ ਟਕਰਾਅ ਦੀ ਸਥਿਤੀ ਪੈਦਾ ਕਰਨ ’ਚ ਵੀ ਫਰਕ ਹੁੰਦਾ ਹੈ। ਇਕ ਜ਼ਿੰਮੇਵਾਰ ਵਿਰੋਧੀ ਧਿਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸੀਮਾ ਰੇਖਾ ਕਿੱਥੇ ਹੈ।

ਇੱਥੇ ਹੀ ਰਾਜਨੀਤਿਕ ਲੀਡਰਸ਼ਿਪ ਮਹੱਤਵਪੂਰਨ ਹੋ ਜਾਂਦੀ ਹੈ। ਇਕ ਵਿਰੋਧੀ ਨੇਤਾ ਦਾ ਕੰਮ ਸਿਰਫ਼ ਵਿਰੋਧ ਨੂੰ ਹੋਰ ਮੁਖਰ ਬਣਾਉਣਾ ਨਹੀਂ ਹੈ। ਇਸ ਦਾ ਕੰਮ ਇਸ ਨੂੰ ਵਧੇਰੇ ਜ਼ਿੰਮੇਵਾਰ ਬਣਾਉਣਾ ਹੈ। ਜੇਕਰ ਵਿਦਿਆਰਥੀ ਪਹਿਲਾਂ ਹੀ ਭਾਵੁਕ, ਰੋਹ ’ਚ ਅਤੇ ਨਿਰਾਸ਼ ਹਨ, ਤਾਂ ਰਾਜਨੇਤਾਵਾਂ ਨੂੰ ਉਨ੍ਹਾਂ ਨੂੰ ਭੜਕਾਉਣ ਦੀ ਬਜਾਏ ਸ਼ਾਂਤ ਕਰਨਾ ਚਾਹੀਦਾ ਹੈ। ਜੇਕਰ ਨੌਜਵਾਨ ਪ੍ਰਦਰਸ਼ਨਕਾਰੀ ਕਿਸੇ ਪਾਬੰਦੀਸ਼ੁਦਾ ਖੇਤਰ ਵੱਲ ਵਧ ਰਹੇ ਹਨ, ਤਾਂ ਜ਼ਿੰਮੇਵਾਰ ਰਾਜਨੀਤਿਕ ਲੀਡਰਸ਼ਿਪ ਨੂੰ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ—ਅਸੀਂ ਆਪਣੀ ਗੱਲ ਰੱਖ ਦਿੱਤੀ ਹੈ। ਸਾਨੂੰ ਸੁਣ ਲਿਆ ਗਿਆ ਹੈ। ਆਓ ਅਸੀਂ ਸੀਮਾ ਨਾ ਲੰਘੀਏ। ਇਸ ਦੇ ਉਲਟ, ਜੇਕਰ ਰਾਜਨੇਤਾ ਇਹ ਜਾਣਦੇ ਹੋਏ ਵੀ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ ਕਿ ਪੁਲਸ ਨੂੰ ਦਖ਼ਲ ਦੇਣਾ ਹੀ ਪਵੇਗਾ, ਤਾਂ ਨਤੀਜਾ ਟਕਰਾਅ ਲਗਭਗ ਲਾਜ਼ਮੀ ਹੋ ਜਾਂਦਾ ਹੈ।

ਅਤੇ ਉਦੋਂ ਪੂਰੇ ਵਿਰੋਧ ਪ੍ਰਦਰਸ਼ਨ ਦਾ ਸਰੂਪ ਹੀ ਬਦਲ ਜਾਂਦਾ ਹੈ। ਜਿਹੜਾ ਅੰਦੋਲਨ ਪ੍ਰੀਖਿਆ ਸੁਧਾਰ ਲਈ ਸ਼ੁਰੂ ਹੋਇਆ ਸੀ, ਉਹ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਦਾ ਟਕਰਾਅ ਬਣ ਜਾਂਦਾ ਹੈ। ਵਿਦਿਆਰਥੀ ਪਿਛੋਕੜ ਬਣ ਜਾਂਦੇ ਹਨ। ਰਾਜਨੇਤਾ ਸੁਰਖੀਆਂ ਬਣ ਜਾਂਦੇ ਹਨ। ਜੈੱਨ-ਜ਼ੀ ਯਕੀਨੀ ਤੌਰ ’ਤੇ ਇਹ ਨਹੀਂ ਚਾਹੁੰਦਾ ਹੋਵੇਗਾ। ਜੈੱਨ-ਜ਼ੀ ਇਕ ਅਜਿਹੀ ਪੀੜ੍ਹੀ ਹੈ ਜੋ ਵੱਖਰੇ ਤਰੀਕੇ ਨਾਲ ਗੱਲਬਾਤ ਕਰਦੀ ਹੈ। ਇਹ ਰਵਾਇਤੀ ਰਾਜਨੀਤਿਕ ਢਾਂਚਿਆਂ ਪ੍ਰਤੀ ਘੱਟ ਸਬਰ ਰੱਖਦੀ ਹੈ। ਇਹ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ ਵਧੇਰੇ ਸ਼ੱਕੀ ਹੈ।

ਇਹੀ ਕਾਰਨ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਉਹ ਸੋਚ ਸਕਦੇ ਹਨ ਕਿ ਕਿਸੇ ਨੌਜਵਾਨ ਅੰਦੋਲਨ ’ਚ ਸ਼ਾਮਲ ਹੋ ਕੇ ਉਹ ਨੌਜਵਾਨਾਂ ਦੀ ਮਦਦ ਕਰ ਰਹੇ ਹਨ ਪਰ ਨੌਜਵਾਨ ਇਸ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਸਕਦੇ ਹਨ। ਉਹ ਪੁੱਛ ਸਕਦੇ ਹਨ—‘ਤੁਸੀਂ ਸਾਡੇ ਮੁੱਦੇ ਨੂੰ ਆਪਣਾ ਰਾਜਨੀਤਿਕ ਹਥਿਆਰ ਕਿਉਂ ਬਣਾ ਰਹੇ ਹੋ?’ ਇਹ ਭਾਰਤੀ ਰਾਜਨੀਤੀ ਲਈ ਇਕ ਮਹੱਤਵਪੂਰਨ ਪਲ ਹੈ ਕਿਉਂਕਿ ਜੈੱਨ-ਜ਼ੀ ਸੰਭਾਵਿਤ ਤੌਰ ’ਤੇ ਕਿਸੇ ਦੇ ਰਾਜਨੀਤਿਕ ਖੇਮੇ ਨਾਲ ਜੁੜਨਾ ਨਹੀਂ ਚਾਹੁੰਦਾ। ਉਸ ਨੂੰ ਨਤੀਜੇ ਚਾਹੀਦੇ ਹਨ। ਉਹ ਚਾਹੁੰਦਾ ਹੈ ਕਿ ਰਾਜਨੇਤਾ ਸਵਾਲਾਂ ਦੇ ਜਵਾਬ ਦੇਣ ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ।

ਰਾਜਨੀਤਿਕ ਪਾਰਟੀਆਂ ਤੋਂ ਆਜ਼ਾਦ ਇਕ ਸ਼ਾਂਤਮਈ ਯੂਥ ਅੰਦੋਲਨ ’ਚ ਅਪਾਰ ਤਾਕਤ ਹੁੰਦੀ ਹੈ। ਜਿਸ ਪਲ ਇਹ ਰਾਜਨੇਤਾਵਾਂ ਵਲੋਂ ਕੰਟਰੋਲ ਹੁੰਦਾ ਦਿਖਾਈ ਦੇਣ ਲੱਗਦਾ ਹੈ, ਸਰਕਾਰ ਇਸ ਨੂੰ ਵਿਰੋਧੀ ਧਿਰ ਵਲੋਂ ਪ੍ਰਾਯੋਜਿਤ ਅੰਦੋਲਨ ਦੱਸ ਕੇ ਖਾਰਿਜ ਕਰ ਸਕਦੀ ਹੈ। ਇਹ ਉਨ੍ਹਾਂ ਵਿਦਿਆਰਥੀਆਂ ਨਾਲ ਘੋਰ ਅਨਿਆਂ ਹੋਵੇਗਾ, ਜਿਨ੍ਹਾਂ ਨੇ ਇਸ ਨੂੰ ਸ਼ੁਰੂ ਕੀਤਾ ਸੀ। ਇਹ ਇਕ ਹੋਰ ਖ਼ਤਰੇ ਨੂੰ ਵੀ ਜਨਮ ਦਿੰਦਾ ਹੈ। ਜੇਕਰ ਹਰ ਵੱਡਾ ਵਿਰੋਧ ਪ੍ਰਦਰਸ਼ਨ ਵਿਰੋਧੀ ਨੇਤਾਵਾਂ ਦੇ ਸ਼ਾਮਲ ਹੋਣ, ਭੜਕਾਊ ਭਾਸ਼ਣ ਦਿੱਤੇ ਜਾਣ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਭਾਰੀ ਸੁਰੱਖਿਆ ਵਾਲੇ ਸਰਕਾਰੀ ਭਵਨਾਂ ਵੱਲ ਵਧਣ ਨਾਲ ਖ਼ਤਮ ਹੁੰਦਾ ਹੈ, ਤਾਂ ਜਨਤਾ ਹੌਲੀ-ਹੌਲੀ ਟਕਰਾਅ ਦੀ ਆਦੀ ਹੋ ਸਕਦੀ ਹੈ। ਉਦੋਂ ਵਿਰੋਧ ਪ੍ਰਦਰਸ਼ਨ ਤਮਾਸ਼ਾ ਬਣ ਜਾਂਦਾ ਹੈ।

ਸੰਭਾਵਿਤ ਤੌਰ ’ਤੇ ਸਭ ਤੋਂ ਸ਼ਕਤੀਸ਼ਾਲੀ ਸੁਨੇਹਾ ਜੋ ਨੌਜਵਾਨ ਪ੍ਰਦਰਸ਼ਨਕਾਰੀ ਹਰ ਰਾਜਨੀਤਿਕ ਪਾਰਟੀ ਨੂੰ ਦੇ ਸਕਦੇ ਹਨ, ਉਹ ਇਹ ਹੈ : ‘ ਸਾਡੇ ਨਾਲ ਖੜ੍ਹੇ ਹੋਵੋ ਪਰ ਸਾਡੇ ਉੱਪਰੋਂ ਨਾ ਬੋਲੋ।’ ਇਹ ਇਕ ਨਵੇਂ ਪ੍ਰਕਾਰ ਦੀ ਰਾਜਨੀਤੀ ਹੋਵੇਗੀ। ਅਜਿਹੀ ਰਾਜਨੀਤੀ, ਜਿੱਥੇ ਨੌਜਵਾਨ ਨਾਗਰਿਕਾਂ ਨੂੰ ਆਪਣੀ ਆਵਾਜ਼ ਸੁਣਾਉਣ ਲਈ ਕਿਸੇ ਪਾਰਟੀ ਦੇ ਝੰਡੇ ਦੀ ਲੋੜ ਨਾ ਪਵੇ। ਅਜਿਹੀ ਰਾਜਨੀਤੀ, ਜਿੱਥੇ ਵਿਰੋਧੀ ਧਿਰ ਨੂੰ ਹਰ ਸ਼ਿਕਾਇਤ ਨੂੰ ਟਕਰਾਅ ’ਚ ਬਦਲਣ ਦੀ ਲੋੜ ਨਾ ਹੋਵੇ। ਅਜਿਹੀ ਰਾਜਨੀਤੀ, ਜਿੱਥੇ ਸਰਕਾਰ ਹਰ ਵਿਰੋਧ ਪ੍ਰਦਰਸ਼ਨ ਨੂੰ ਦੁਸ਼ਮਣੀ ਭਰੀ ਕਾਰਵਾਈ ਨਾ ਸਮਝੇ ਅਤੇ ਅਜਿਹੀ ਰਾਜਨੀਤੀ, ਜਿੱਥੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਇਕ ਲੋਕਤੰਤਰੀ ਅਧਿਕਾਰ ਬਣਿਆ ਰਹੇ, ਇਸ ਦੀ ਬਜਾਏ ਕਿ ਉਹ ਇਹ ਦੇਖਣ ਦੀ ਦੌੜ ਬਣ ਜਾਵੇ ਕਿ ਕੌਣ ਸਭ ਤੋਂ ਵੱਡਾ ਤਮਾਸ਼ਾ ਖੜ੍ਹਾ ਕਰ ਸਕਦਾ ਹੈ।

—ਦੇਵੀ ਚੇਰੀਅਨ


author

Harpreet SIngh

Content Editor

Related News