‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!

Thursday, Aug 06, 2026 - 03:16 AM (IST)

‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!

ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਵੱਡੀ ਪੱਧਰ ’ਤੇ ਕੁਝ ਹੋਟਲਾਂ, ਸਪਾ ਸੈਂਟਰਾਂ ਅਤੇ ਘਰਾਂ ਤੱਕ ’ਚ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਧੰਦਾ ਚਲਾਉਣ ’ਚ ਔਰਤਾਂ ਵੀ ਹੁਣ ਸ਼ਾਮਲ ਪਾਈਆਂ ਜਾ ਰਹੀਆਂ ਹਨ। ਇਸ ਦੀਆਂ ਪਿਛਲੇ ਲੱਗਭਗ ਸਾਢੇ ਤਿੰਨ ਮਹੀਨਿਆਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 21 ਅਪ੍ਰੈਲ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਪੁਲਸ ਨੇ ਕਈ ਸਪਾ ਸੈਂਟਰਾਂ ਅਤੇ ਇਕ ਮਕਾਨ ’ਤੇ ਛਾਪੇਮਾਰੀ ਕਰ ਕੇ 6 ਔਰਤਾਂ ਨੂੰ ਉੱਥੋਂ ਮੁਕਤ ਕਰਵਾਉਣ ਤੋਂ ਇਲਾਵਾ ਇਹ ਧੰਦਾ ਚਲਾਉਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

* 28 ਅਪ੍ਰੈਲ ਨੂੰ ‘ਜ਼ੀਰਕਪੁਰ’ (ਪੰਜਾਬ) ’ਚ ਪੁਲਸ ਨੇ ਇਕ ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀਆਂ ਰਹਿਣ ਵਾਲੀਆਂ 3 ਮੁਟਿਆਰਾਂ ਨੂੰ ਮੁਕਤ ਕਰਵਾਉਣ ਦੇ ਨਾਲ ਹੀ ਇਸ ਧੰਦੇ ਦੇ 4 ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ।

* 30 ਜੂਨ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਇਕ ਕਿਰਾਏ ਦੇ ਮਕਾਨ ਦੇ ਅੰਦਰ ਚਲਾਏ ਜਾ ਰਹੇ ਦੇਹ ਵਪਾਰ ਦੇ ਠਿਕਾਣੇ ਦਾ ਪਤਾ ਲਗਾ ਕੇ ਉੱਥੋਂ 6 ਮਹੀਨੇ ਦੀ ਗਰਭਵਤੀ ਇਕ ਵਿਦੇਸ਼ੀ ਔਰਤ ਨੂੰ ਮੁਕਤ ਕਰਵਾਉਣ ਤੋਂ ਇਲਾਵਾ ਦਲਾਲ ‘ਅੰਕਿਤ ਗੁਪਤਾ’ ਨੂੰ ਗ੍ਰਿਫ਼ਤਾਰ ਕੀਤਾ।

* 1 ਜੁਲਾਈ ਨੂੰ ‘ਨਵੀਂ ਦਿੱਲੀ’ ਵਿਚ ‘ਪਹਾੜਗੰਜ’ ਪੁਲਸ ਨੇ ਇਕ ਸਪਾ ਸੈਂਟਰ ’ਚ ਛਾਪਾ ਮਾਰ ਕੇ ਉੱਥੇ ਦੇਹ ਵਪਾਰ ਲਈ ਠਹਿਰਾਈਆਂ ਹੋਈਆਂ 4 ਔਰਤਾਂ ਨੂੰ ਮੁਕਤ ਕਰਵਾਉਣ ਤੋਂ ਇਲਾਵਾ ਸਪਾ ਸੈਂਟਰ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ।

* 8 ਜੁਲਾਈ ਨੂੰ ‘ਦਰਭੰਗਾ’ (ਬਿਹਾਰ) ਪੁਲਸ ਨੇ ਇਕ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਸਪਾ ਸੈਂਟਰ ਦੇ ਮੈਨੇਜਰ ਦੀ ਪਤਨੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

* 14 ਜੁਲਾਈ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਇਕ ਹੋਟਲ ’ਚ ਛਾਪਾ ਮਾਰਿਆ ਅਤੇ ਉੱਥੇ 4 ਮੁਟਿਆਰਾਂ ਨੂੰ ਇਤਰਾਜ਼ਯੋਗ ਹਾਲਤ ’ਚ ਫੜ ਕੇ ਉਨ੍ਹਾਂ ਨੂੰ ਮੁਕਤ ਕਰਵਾਉਣ ਤੋਂ ਇਲਾਵਾ ਅਨੇਕ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਉੱਥੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ।

* 20 ਜੁਲਾਈ ਨੂੰ ‘ਟੋਹਾਨਾ’ (ਹਰਿਆਣਾ) ਦੀ ਪੁਲਸ ਨੇ ਇਕ ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਉੱਥੋਂ ਇਕ ਔਰਤ ਨੂੰ ਮੁਕਤ ਕਰਵਾਇਆ ਅਤੇ ਉਸ ਦੇ ਨਾਲ ਇਤਰਾਜ਼ਯੋਗ ਹਾਲਤ ’ਚ ਫੜੇ ਗਏ ਨੌਜਵਾਨ ਅਤੇ ਹੋਟਲ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ।

* 24 ਜੁਲਾਈ ਨੂੰ ‘ਖੰਨਾ’ (ਪੰਜਾਬ) ’ਚ ਪੁਲਸ ਨੇ ਵੱਖ-ਵੱਖ ਸਪਾ ਸੈਂਟਰਾਂ ’ਤੇ ਛਾਪਾ ਮਾਰ ਕੇ ਉੱਥੋਂ 6 ਵਿਦੇਸ਼ੀ ਮੁਟਿਆਰਾਂ ਨੂੰ ਮੁਕਤ ਕਰਵਾਇਆ।

* 28 ਜੁਲਾਈ ਨੂੰ ‘ਮੀਰਾ ਰੋਡ’ (ਮਹਾਰਾਸ਼ਟਰ) ’ਚ ਪੁਲਸ ਨੇ ਇਕ ਸਪਾ ਸੈਂਟਰ ’ਤੇ ਛਾਪੇਮਾਰੀ ਕਰ ਕੇ ਉੱਥੇ ਦੇਹ ਵਪਾਰ ਕਰਵਾਉਣ ਲਈ ਲਿਆਂਦੀਆਂ ਗਈਆਂ 5 ਔਰਤਾਂ ਨੂੰ ਮੁਕਤ ਕਰਵਾਇਆ ਅਤੇ ਸਪਾ ਸੈਂਟਰ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ।

* 29 ਜੁਲਾਈ ਨੂੰ ‘ਫਰੀਦਾਬਾਦ’ (ਹਰਿਆਣਾ) ’ਚ ਮਸਾਜ ਪਾਰਲਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਸ ਨੇ ਛਾਪਾ ਮਾਰ ਕੇ ਇਤਰਾਜ਼ਯੋਗ ਹਾਲਤ ’ਚ ਕਈ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਫੜਿਆ।

* 30 ਜੁਲਾਈ ਨੂੰ ‘ਰਾਏਗੜ੍ਹ’ (ਛੱਤੀਸਗੜ੍ਹ) ’ਚ ਪੁਲਸ ਨੇ 2 ਮਕਾਨਾਂ ’ਤੇ ਛਾਪੇਮਾਰੀ ਕਰ ਕੇ ਉੱਥੇ ਦੇਹ ਵਪਾਰ ਲਈ ਰੱਖੀਆਂ ਗਈਆਂ 2 ਨਾਬਾਲਗਾਂ ਨੂੰ ਰੈਸਕਿਊ ਕਰਨ ਤੋਂ ਇਲਾਵਾ 2 ਮਹਿਲਾ ਦਲਾਲਾਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

* 1 ਅਗਸਤ ਨੂੰ ‘ਜਲੰਧਰ’ (ਪੰਜਾਬ) ’ਚ ਪੁਲਸ ਨੇ ਇਕ ਸਪਾ ਸੈਂਟਰ ’ਤੇ ਛਾਪਾ ਮਾਰ ਕੇ ਉੱਥੋਂ 3 ਔਰਤਾਂ ਅਤੇ 1 ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ।

* ਅਤੇ ਹੁਣ 3 ਅਗਸਤ ਨੂੰ ‘ਕੋਡਰਮਾ’ (ਝਾਰਖੰਡ) ਪੁਲਸ ਟੀਮ ਨੇ ‘ਬਾਬਾ ਹੋਟਲ’ ਵਿਚ ਛਾਪੇਮਾਰੀ ਕਰ ਕੇ ਮੌਕੇ ਤੋਂ 3 ਔਰਤਾਂ ਨੂੰ ਮੁਕਤ ਕਰਵਾਉਣ ਤੋਂ ਇਲਾਵਾ ਹੋਟਲ ਦੇ ਮੈਨੇਜਰ, ਇਕ ਦਲਾਲ ਅਤੇ 3 ਗਾਹਕਾਂ ਸਮੇਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉੱਥੋਂ ਇਤਰਾਜ਼ਯੋਗ ਸਮੱਗਰੀ, ਸ਼ਰਾਬ ਦੀਆਂ ਬੋਤਲਾਂ, ਸਿਗਰਟ ਅਤੇ ਤਾਕਤ ਵਧਾਊ ਗੋਲੀਆਂ ਤੋਂ ਇਲਾਵਾ ਇਕ ਇਲੈਕਟ੍ਰਿਕ ਸਕੂਟੀ ਅਤੇ 2 ਕਾਰਾਂ ਵੀ ਜ਼ਬਤ ਕੀਤੀਆਂ ਹਨ।

ਉਕਤ ਘਟਨਾਵਾਂ ਨੂੰ ਦੇਖਦਿਆਂ ਜਿੱਥੇ ਇਸ ਧੰਦੇ ’ਚ ਸ਼ਾਮਲ ਲੋਕਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਜ਼ਰੂਰਤ ਹੈ, ਉੱਥੇ ਹੀ ਇਸ ਨੂੰ ਅਪਣਾਉਣ ਵਾਲੀਆਂ ਮੁਟਿਆਰਾਂ ਨੂੰ ਇਸ ਚਿੱਕੜ ’ਚੋਂ ਕੱਢ ਕੇ ਅਤੇ ਇਸ ਧੰਦੇ ’ਚ ਆਉਣ ਦੇ ਪਿੱਛੇ ਉਨ੍ਹਾਂ ਦੀਆਂ ਮਜਬੂਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮੁੜ-ਵਸੇਬੇ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਵੀ ਓਨੀ ਹੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News